ਪੰਜਾਬ ਸਰਕਾਰ ਨੂੰ ‘ਬੰਧੂਆ ਮਜ਼ਦੂਰੀ’ ’ਤੇ ਲਿਖੀ ਚਿੱਠੀ ਬਾਰੇ ਗ੍ਰਹਿ ਮੰਤਰਾਲੇ ਨੇ ਇਹ ਸਫ਼ਾਈ ਦਿੱਤੀ- ਅਹਿਮ ਖ਼ਬਰਾਂ

ਅਮਿਤ ਸ਼ਾਹ

ਤਸਵੀਰ ਸਰੋਤ, Ani

ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਪੁੱਛਿਆ ਗਿਆ ਸੀ ਕਿ ਬਾਹਰੀ ਸੂਬਿਆਂ ਤੋਂ ਮਜ਼ਦੂਰਾਂ ਨੂੰ ਚੰਗੀ ਤਨਖਾਹ ਦਾ ਵਾਅਦਾ ਕਰਕੇ ਸੱਦਿਆਂ ਜਾਂਦਾ ਹੈ ਪਰ ਜਦੋਂ ਉਹ ਪੰਜਾਬ ਆਉਂਦੇ ਹਨ ਤਾਂ ਉਨ੍ਹਾਂ ਤੋਂ 'ਬੰਧੂਆ ਮਜ਼ਦੂਰੀ' ਕਰਵਾਈ ਜਾਂਦੀ ਹੈ।

ਇਸ ਚਿੱਠੀ ਨੂੰ ਮੀਡੀਆ ਅਤੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਨਾਲ ਜੋੜ ਕੇ ਦੇਖਿਆ ਗਿਆ।

ਹੁਣ ਗ੍ਰਹਿ ਮੰਤਰਾਲਾ ਨੇ ਇਸ ਬਾਰੇ ਸਪਸ਼ਟੀਕਰਨ ਦਿੰਤਾ ਹੈ। ਮੰਤਰਾਲਾ ਨੇ ਚਿੱਠੀ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪਿਛਲੇ ਦੋ ਸਾਲਾਂ ਤੋਂ ਜਾਰੀ ਸਮੱਸਿਆ ਦੇ ਬਾਰੇ ਦੱਸਿਆ ਹੈ।

ਇਹ ਵੀ ਪੜ੍ਹੋ:

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ।

ਚਿੱਠੀ ’ਚ ਲਿਖਿਆ ਗਿਆ ਹੈ ਕਿ ਬਾਰਡਰ ਸਕਿਊਰਿਟੀ ਫੋਰਸ ਵਲੋਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਬਾਹਰੀ ਸੂਬਿਆਂ ਤੋਂ ਮਜ਼ਦੂਰਾਂ ਨੂੰ ਚੰਗੀ ਤਨਖਾਹ ਦਾ ਵਾਅਦਾ ਕਰਕੇ ਸੱਦਿਆਂ ਜਾਂਦਾ ਹੈ। ਪਰ ਜਦੋਂ ਉਹ ਪੰਜਾਬ ਆਉਂਦੇ ਹਨ ਤਾਂ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਗ਼ੈਰ-ਮਨੁੱਖੀ ਵਤੀਰਾ ਕੀਤਾ ਜਾਂਦਾ ਹੈ।

ਵੀਡੀਓ ਕੈਪਸ਼ਨ,

ਅਮਿਤ ਸ਼ਾਹ

ਮੰਤਰਾਲਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ,"ਮੀਡੀਆ ਦੇ ਇੱਕ ਹਿੱਸੇ ਨੇ ਮੰਤਰਾਲਾ ਵੱਲੋਂ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ ਨੂੰ ਗ਼ਲਤ ਤਰੀਕੇ ਨਾਲ਼ ਪੇਸ਼ ਕੀਤਾ ਹੈ ਕਿ ਇਸ ਵਿੱਚ ਸੂਬੇ ਦੇ ਕਿਸਾਨਾਂ ਖ਼ਿਲਾਫ਼ ਗੰਭੀਰ ਇਲਜ਼ਾਮ ਲਾਏ ਗਏ ਹਨ।ਇਹ ਖ਼ਬਰਾਂ ਗੁਮਰਾਹਕੁੰਨ ਹਨ ਅਤੇ ਤਸਵੀਰ ਦੀ ਸੰਪਦਕੀ ਨਜ਼ਰੀਏ ਤੋਂ ਇੱਕ ਤੋੜੀ-ਮਰੋੜੀ ਰਾਇ ਪੇਸ਼ ਕਰਦੀਆਂ ਹਨ।"

ਮੰਤਰਾਲਾ ਨੇ ਕਿਹਾ ਹੈ,'ਪਹਿਲਾਂ ਤਾਂ ਇਸ ਮੰਤਰਾਲਾ ਵੱਲੋਂ ਸੂਬਿਆਂ ਜਾਂ ਕਿਸੇ ਸੂਬੇ ਨੂੰ ਜਾਰੀ ਚਿੱਠੀ ਦਾ ਕੋਈ ਮੰਤਵ ਕਿਹਾ ਹੀ ਨਹੀਂ ਜਾ ਸਕਦਾ ਕਿਉਂਕਿ ਇਹ ਅਮਨ ਕਾਨੂੰਨ ਨਾਲ਼ ਜੁੜੇ ਮਾਮਲਿਆਂ ਬਾਰੇ ਇੱਕ ਰੁਟੀਨ ਚਿੱਠੀ ਹੈ'।

ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਤਰਾਲਾ ਵੱਲੋਂ ਇਹ ਚਿੱਠੀ ਕੇਂਦਰ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਦੇ ਸਕੱਤਰ ਨੂੰ ਵੀ ਭੇਜੀ ਗਈ ਸੀ ਤਾਂ ਜੋ ਉਹ ਸਾਰੇ ਸੂਬਿਆਂ ਨਾਲ ਮਿਲ ਕੇ ਜਾਗਰੂਕਤਾ ਅਭਿਆਨ ਚਲਾਉਣ ਤਾਂ ਜੋ "ਬੇਸ਼ਰਮ ਅਸਰਾਂ ਦੇ ਹੱਥੋਂ ਪੀੜਤਾਂ ਦੇ ਧੋਖੇ ਨੂੰ ਰੋਕਿਆ ਜਾ ਸਕੇ।"

ਵੀਡੀਓ ਕੈਪਸ਼ਨ,

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲਿਖੀ ਚਿੱਠੀ ਤੋਂ ਕਿਉਂ ਖ਼ਫਾ ਹਨ ਪੰਜਾਬ ਦੇ ਲੀਡਰ?

ਮੰਤਰਾਲਾ ਨੇ ਕਿਹਾ ਹੈ ਕਿ ਇਸ ਚਿੱਠੀ ਬਾਰੇ ਕੁਝ ਖ਼ਬਰਾਂ ਵਿੱਚ ਇਸ ਨੂੰ ਬਿਲਕੁਲ ਅਸਬੰਧਤ ਤਰੀਕੇ ਨਾਲ "ਕਿਸਾਨਾਂ ਉੱਪਰ ਗੰਭੀਰ ਇਲਜ਼ਮ" ਲਾਉਣ ਨਾਲ ਜੋੜਿਆ ਹੈ। ਉਨ੍ਹਾਂ ਨੇ ਇਸ ਨੂੰ ਜਾਰੀ ਕਿਸਾਨ ਅੰਦੋਲਨ ਨਾਲ ਵੀ ਜੋੜਿਆ ਹੈ।

ਮੰਤਰਾਲਾ ਮੁਤਾਬਕ ਚਿੱਠੀ ਵਿੱਚ ਸਿਰਫ਼ ਅਤੇ ਸਿਰਫ਼ "ਮਨੁੱਖੀ ਤਸਕਰੀ ਦੇ ਸਿੰਡੀਕੇਟ" ਦਾ ਜ਼ਿਕਰ ਹੈ ਜੋ ਇਨ੍ਹਾਂ ਮਜ਼ਦੂਰਾਂ ਨੂੰ ਭਰਤੀ ਕਰਦੇ ਹਨ ਅਤੇ ਫਿਰ ਉਨ੍ਹਾਂ ਦਾ "ਸ਼ੋਸ਼ਣ ਕਰਦੇ ਹਨ, ਮਾੜੀ ਤਨਖ਼ਾਹ ਦਿੰਦੇ ਹਨ ਅਤੇ ਗ਼ੈਰ ਮਨੁੱਖੀ ਵਤੀਰਾ ਕਰਦੇ ਹਨ"। ਇਸ ਤੋਂ ਇਲਾਵਾ ਇਨ੍ਹਾਂ ਮਜ਼ਦੂਰਾਂ ਨੂੰ ਨਸ਼ੇ ਤੇ ਵੀ ਲਾਇਆ ਜਾਂਦਾ ਹੈ ਜਿਸ ਨਾਲ ਮਜ਼ਦੂਰਾਂ ਦੀ "ਸਰੀਰਕ ਅਤੇ ਮਾਨਸਿਕ ਸਿਹਤ" ਉੱਪਰ ਅਸਰ ਪੈਂਦਾ ਹੈ।

"ਇਸ ਗੰਭੀਰ ਸਮੱਸਿਆ ਦੀ ਬਹੁ-ਪੱਖਤਾ ਅਤੇ ਵਿਆਪਕਤਾ ਦੇ ਮੱਦੇ ਨਜ਼ਰ ਇਸ ਮੰਤਰਲਾ ਨੇ ਸੂਬਿਆਂ ਦੀਆਂ ਸਰਕਾਰਾਂ ਨੂੰ ਸਿਰਫ਼ ਇਸ ਦਿਸ਼ਾ ਵਿੱਚ ਢੁਕਵੇਂ ਕਦਮ ਚੁੱਕਣ ਲਈ ਕਿਹਾ ਸੀ।"

ਛੱਤੀਸਗੜ੍ਹ ਵਿੱਚ ਮਾਓਵਾਦੀਆਂ ਨਾਲ ਮੁਠਭੇੜ ਵਿੱਚ 5 ਜਵਾਨਾਂ ਦੀ ਮੌਤ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਫਾਈਲ ਫੋਟੋ

ਛੱਤੀਸਗੜ੍ਹ ਅਤੇ ਬੀਜਾਪੁਰ ਵਿੱਚ ਮਾਓਵਾਦੀਆਂ ਅਤੇ ਸੁਰੱਖਿਆ ਦਸਤਿਆਂ ਵਿੱਚ ਹੋਏ ਮੁਕਾਬਲੇ ਵਿੱਚ ਪੰਜ ਜਵਾਨਾਂ ਦੀ ਮੌਤ ਹੋਈ ਹੈ। ਹਾਲਾਂਕਿ ਪੁਲਿਸ ਨੇ ਇਹ ਗਿਣਤੀ ਵਧਣ ਤੋਂ ਇਨਕਾਰ ਨਹੀਂ ਕੀਤਾ ਹੈ।

ਖ਼ਬਰ ਹੈ ਕਿ ਇਸ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਸੁਰੱਖਿਆ ਬਲਾਂ ਦੇ ਜਵਾਨ ਫਟੱੜ ਵੀ ਹੋਏ ਹਨ।

ਪੁਲਿਸ ਦੇ ਇੱਕ ਅਫ਼ਸਰ ਨੇ ਬੀਬੀਸੀ ਦੇ ਸਹਿਯੋਗੀ ਆਲੋਕ ਪ੍ਰਕਾਸ਼ ਪੁਤੁਲ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਜਵਾਨ ਨਕਸਲੀਆਂ ਦੇ ਖ਼ਿਲਾਫ਼ ਇੱਕ ਅਪਰੇਸ਼ਨ ਤੋਂ ਬਾਅਦ ਵਾਪਸ ਆ ਰਹੇ ਸਨ। ਇਹ ਦਸਤਾ ਤਰੇਮ ਅਤੇ ਸਿਗੇਰ ਦੇ ਜੰਗਲਾਂ ਵਿੱਚੋਂ ਲੰਘ ਰਿਹਾ ਸੀ ਜਦੋਂ ਪਹਿਲਾਂ ਤੋਂ ਘਾਤ ਵਿੱਚ ਬੈਠੇ ਮਾਓਵਾਦੀਆਂ ਨੇ ਹਮਲਾ ਕਰ ਦਿੱਤਾ।

ਮਾਓਵਾਦੀਆਂ ਦੇ ਇਸ ਹਮਲੇ ਵਿੱਚ ਸੀਆਰਪੀਐੱਫ਼ ਦੇ ਇੱਕ,ਬਸਤਰ ਬਟਾਲੀਅਨ ਦੇ ਦੋ ਅਤੇ ਡੀਆਰਜੀ ਦੇ ਦੋ ਜਵਾਨ ਮੌਕੇ 'ਤੇ ਹੀ ਦਮ ਤੋੜ ਗਏ। ਪੁਲਿਸ ਨੇ ਕਈ ਮਾਓਵਾਦੀਆਂ ਦੇ ਵੀ ਮਾਰੇ ਜਾਣ ਦਾ ਦਾਅਵਾ ਕੀਤਾ ਹੈ।

ਦੂਜੇ ਪਾਸੇ ਇਸ ਮੁਠਭੇੜ ਤੋਂ ਬਾਅਦ ਰਾਜਧਾਨੀ ਰਾਏਪੁਰ ਵਿੱਚ ਪੁਲਿਸ ਦੀ ਇੱਕ ਹੰਗਾਮੀ ਬੈਠਕ ਸੱਦੀ ਗਈ ਹੈ। ਜਿਸ ਵਿੱਚ ਸੂਬੇ ਦੇ ਡੀਜੀਪੀ ਡੀਐੱਮ ਅਵਸਥੀ ਤੋਂ ਇਲਾਵਾ ਨਕਸਲ ਅਪਰੇਸ਼ਨ ਨਾਲ ਜੁੜੇ ਹੋਰ ਅਫ਼ਸਰ ਵੀ ਸ਼ਾਮਲ ਹੋਣਗੇ।

ਪਿਛਲੇ ਪੰਦਰਵਾੜੇ ਦੌਰਾਨ ਮਾਓਵਾਦੀਆਂ ਵੱਲੋਂ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਸੋਮਵਾਰ ਨੂੰ ਛੱਤੀਸਗੜ੍ਹ ਨਾਲ ਲਗਦੇ ਮਹਾਰਸ਼ਟਰ ਦੇ ਗੜ੍ਹਚਿਰੌਲੀ ਵਿੱਚ ਪੁਲਿਸ ਨੇ 5 ਮਾਓਵਾਦੀਆਂ ਨੂੰ ਇੱਕ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਸੀ।

ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਉਤਰਨ ਦੀ ਥਾਂ ਬਦਲਣੀ ਪਈ

ਤਸਵੀਰ ਸਰੋਤ, SAT SINGH/BBC

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਰੋਹਤਕ ਪਹੁੰਚਣਾ ਸੀ ਪਰ ਕਿਸਾਨ ਉਨ੍ਹਾਂ ਦੇ ਹੈਲੀਕਾਪਟਰ ਦੀ ਉਡੀਕ ਵਿੱਚ ਜਮ੍ਹਾਂ ਹੋ ਗਏ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਸੱਤ ਸਿੰਘ ਨੇ ਦੱਸਿਆ ਹੈ ਕਿ ਇਸ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਲਈ ਮਸਤਨਾਥ ਯੂਨੀਵਰਸਿਟੀ ਵਿੱਚ ਇੱਕ ਹੈਲੀ ਪੈਡ 'ਤੇ ਉਤਰਨਾ ਸੀ ਪਰ ਉੱਥੇ ਕਿਸਾਨ ਇਕੱਠੇ ਹੋ ਗਏ। ਇਸ ਤੋਂ ਬਾਅਦ ਮੁੱਖ ਮੰਤਰੀ ਉਸ ਪਾਸੇ ਗਏ ਹੀ ਨਾ ਅਤੇ ਰੋਹਤਕ ਦੀ ਪੁਲਿਸ ਲਾਈਨ ਵਾਲੀ ਹੈਲੀਪੈਡ 'ਤੇ ਉਤਰ ਗਏ।

ਮੁੱਖ ਮੰਤਰੀ ਰੋਹਤਕ ਭਾਜਪਾ ਦੇ ਮੈਂਬਰ ਪਾਰਲੀਮੈਂਟ ਅਰਵਿੰਦ ਸ਼ਰਮਾ ਦੇ ਪਿਤਾ ਦੀ ਰਸਮ ਪਗੜੀ ਵਿੱਚ ਸ਼ਾਮਲ ਹੋਣਾ ਸੀ।

ਮਸਤਾਨਾਥ ਯੂਨੀਵਰਿਸਟੀ ਕੋਲ ਹਾਲੇ ਵੀ ਸੈਂਕੜੇ ਕਿਸਾਨਾਂ ਦਾ ਇਕੱਠ ਹੈ ਅਤੇ ਵਿਰੋਧ ਪ੍ਰਦਰਸ਼ਨ ਜਾਰੀ ਸੀ।

ਸਥਿਤੀ ਨੂੰ ਦੇਖਦੇ ਹੋਏ ਰੋਹਤਕ ਵਿੱਚ ਭਾਰੀ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ ਅਤੇ ਪੁਲਿਸ ਦੀ ਤਾਇਨਾਤੀ ਹੈ।

ਇਮਰਾਨ ਖ਼ਾਨ ਕਿਸ ਗੱਲੋਂ ਹੈਰਾਨ ਹਨ?

ਤਸਵੀਰ ਸਰੋਤ, Imran Khan/Facebook

ਇੱਕ ਕੌਮਾਂਤਰੀ ਸੰਮੇਲਨ ਵਿੱਚ ਪਾਕਿਸਤਾਨ ਨੂੰ ਨਾਲ ਸੱਦੇ ਜਾਣ ਬਾਰੇ ਚਰਚਾ ਹੋ ਰਹੀ ਹੈ। ਉਸ ਤੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਹੈਰਾਨ ਹਨ।

ਸ਼ਨਿੱਚਰਵਾਰ ਨੂੰ ਕੁਝ ਟਵੀਟ ਕਰਕੇ ਪ੍ਰਧਾਨ ਮੰਤਰੀ ਨੇ ਆਪਣੀ ਰਾਇ ਜ਼ਾਹਰ ਕੀਤੀ।

ਉਨ੍ਹਾਂ ਕਿਹਾ, “ਪਾਕਿਸਤਾਨ ਨੂੰ ਕਲਾਈਮੇਟ ਚੇਂਡ ਕਾਨਫ਼ਰੰਸ ਵਿੱਚ ਨਾ ਸੱਦੇ ਜਾਣ ਤੋਂ ਜੋ ਚਰਚਾ ਹੋ ਰਹੀ ਹੈ ਉਸ ਤੋਂ ਮੈਂ ਹੈਰਾਨ ਹਾਂ। ਮੇਰੀ ਸਰਕਾਰ ਪੌਣ-ਪਾਣੀ ਤਬਦੀਲੀ ਨੂੰ ਘਟਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਪ੍ਰਤੀ ਵਚਨਬੱਧ ਹਾਂ ਅਤੇ ਕਲੀਨ-ਗਰੀਨ ਪਾਕਿਸਤਾਨ ਬਣਾਉਣਾ ਚਾਹੁੰਦੇ ਹਾਂ।"

31 ਮਾਰਚ ਨੇ ਇਹ ਖ਼ਬਰ ਆਈ ਸੀ ਕਿ ਅਮੀਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਵਿੱਚ ਹੋਣ ਵਾਲੇ ਕਲਾਈਮੇਟ ਚੇਂਜ ਕਾਨਫਰੰਸ ਵਿੱਚ ਪਾਕਿਸਤਾਨ ਨੂੰ ਸੱਦਾ ਨਹੀਂ ਭੇਜਿਆ ਹੈ। ਇਹ ਕਾਨਫ਼ਰੰਸ 22-23 ਅਪਰੈਲ ਨੂੰ ਹੋਣੀ ਹੈ।

ਵ੍ਹਾਈਟ ਹਾਊਸ ਦੇ ਬਿਆਨ ਮੁਤਾਬਕ ਇਸ ਕਾਨਫ਼ਰੰਸ ਲਈ ਭਾਰਤ ਅਤੇ ਬੰਗਲਾਦੇਸ਼ ਸਮੇਤ 40 ਮੁਲਕਾਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਬੰਗਲਾਦੇਸ਼ ਵਿੱਚ ਲਗ ਸਕਦਾ ਹੈ ਮੁੜ ਤੋਂ ਲੌਕਡਾਊਨ

ਤਸਵੀਰ ਸਰੋਤ, EPA

ਬੰਗਲਾਦੇਸ਼ ਵਿੱਚ ਕੋਰੋਨਾ ਦੀ ਵਧਦੀ ਲਾਗ ਨੂੰ ਦੇਖਦੇ ਹੋਏ ਸਰਕਾਰ ਨੇ ਦੇਸ਼ ਵਿੱਚ ਇੱਕ ਹਫ਼ਤੇ ਦਾ ਲੌਕਡਾਊਨ ਲਾਉਣ ਜਾ ਰਹੀ ਹੈ।

ਸਰਕਾਰ ਵਿੱਚ ਰਾਜ ਮੰਤਰੀ ਫ਼ਰਹਾਦ ਹੁਸੈਨ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਹਫ਼ਤੇ ਦਾ ਲੌਕਡਾਊਨ ਸੋਮਵਾਰ ਜਾਂ ਮੰਗਲਵਾਰ ਤੋਂ ਸ਼ੁਰੂ ਹੋ ਸਕਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਐਲਾਨ ਕਰਨ ਤੋਂ ਪਹਿਲਾਂ ਲੋਕਾਂ ਨੂੰ ਤਿਆਰੀ ਦਾ ਮੌਕਾ ਦਿੱਤਾ ਜਾਵੇਗਾ।

ਲੌਕਡਾਊਨ ਕਿੰਨਾ ਸਖ਼ਤ ਹੋਵੇਗਾ ਅਤੇ ਕਿਸ ਤਰ੍ਹਾਂ ਲਾਗੂ ਕੀਤਾ ਜਾਵੇਗਾ ਇਸ ਬਾਰੇ ਹਾਲੇ ਜਾਣਕਾਰੀ ਨਹੀਂ ਹੈ।

ਹਾਲਾਂਕਿ ਫ਼ਰਹਾਦ ਹੁਸੈਨ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਇਸ ਤੋਂ ਬਾਹਰ ਰੱਖਿਆ ਜਾਵੇਗਾ।

ਬੰਗਾਲਦੇਸ਼ ਵਿੱਚ ਕੋਰੋਨਾ ਦੀ ਲਾਗ ਦੀ ਦਰ 20% ਤੋਂ ਵੱਧ ਹੋ ਗਈ ਹੈ।

ਕੋਰੋਨਾ ਕਾਰਨ ਪਿਛਲੇ ਸਾਲ ਵੀ ਬੰਗਲਾਦੇਸ਼ ਵਿੱਚ ਅਪ੍ਰੈਲ 2020 ਤੋਂ ਸ਼ੁਰੂ ਕਰ ਕੇ ਤਿੰਨ ਮਹੀਨਿਆਂ ਤੱਕ ਲੌਕਡਾਊਨ ਲਾਇਆ ਗਿਆ ਸੀ। ਉਸ ਸਮੇਂ ਵੀ ਲੋਕਾਂ ਨੂੰ ਤਿਆਰੀ ਅਤੇ ਆਪੋ-ਆਪਣੇ ਟਿਕਾਣਿਆਂ ਤੇ ਪਹੁੰਚਣ ਦਾ ਸਮਾਂ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)