ਛੱਤੀਸਗੜ੍ਹ ਵਿੱਚ ਨਕਸਲ ਸਮੱਸਿਆ ਨੂੰ ਲੈ ਕੇ ਕੀ ਹੈ ਨੀਤੀ, ਕਿਉਂ ਨਹੀਂ ਰੁੱਕ ਰਹੀ ਹਿੰਸਾ

  • ਅਲੋਕ ਪ੍ਰਕਾਸ਼ ਪੁਤੁਲ
  • ਰਾਏਪੁਰ ਤੋਂ, ਬੀਬੀਸੀ ਲਈ
ਫਾਈਲ ਫੋਟੋ, ਛੱਤੀਸਗੜ੍ਹ

ਤਸਵੀਰ ਸਰੋਤ, AFP

ਬੀਜਾਪੁਰ ਵਿੱਚ ਮਾਓਵਾਦੀਆਂ ਦੇ ਨਾਲ ਝੜਪ ਵਿੱਚ ਸੁਰੱਖਿਆ ਬਲਾਂ ਦੇ 22 ਜਵਾਨਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਬੀਜਾਪੁਰ ਤੋਂ ਲੈ ਕੇ ਰਾਏਪੁਰ ਤੱਕ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਸਵਾਲ ਹਨ ਕਿ ਆਖ਼ਰ ਕਿਵੇਂ ਮਾਓਵਾਦੀਆਂ ਦੀ ਪੀਪਲਸ ਲਿਬਰੇਸ਼ਨ ਗੁਰੀਲਾ ਆਰਮੀ ਦੇ ਬਟਾਲੀਅਨ ਨੰਬਰ ਇੱਕ ਦੇ ਕਮਾਂਡਰ ਹਿੜਮਾ ਨੇ ਖ਼ੁਦ ਹੀ ਤਰਰੇਮ ਦੇ ਨੇੜਲੇ ਜੰਗਲਾਂ ਵਿੱਚ ਹੋਣ ਦੀ ਖ਼ਬਰ ਦਾ ਪ੍ਰਚਾਰ ਕੀਤਾ।

ਅਤੇ ਕਿਵੇਂ ਸੁਰੱਖਿਆ ਦਲਾਂ ਦੇ ਦੋ ਹਜ਼ਾਰ ਤੋਂ ਵੱਧ ਜਵਾਨ ਇਸ ਬਟਾਲੀਅਨ ਨੂੰ ਘੇਰਨ ਲਈ ਨਿਕਲ ਤੁਰੇ ਅਤੇ ਮਾਓਵਾਦੀਆਂ ਦੇ ਜਾਲ ਵਿੱਚ ਫ਼ਸਦੇ ਚਲੇ ਗਏ?

ਸਵਾਲ ਉੱਠ ਰਹੇ ਹਨ ਕਿ ਕੀ ਇਹ ਰਣਨੀਤੀ ਗ਼ਲਤੀ ਸੀ ਜਾਂ ਇਸ ਨੂੰ ਖ਼ੁਫ਼ੀਆ ਤੰਤਰ ਦੀ ਅਸਫ਼ਲਤਾ ਮੰਨਿਆ ਜਾਣਾ ਚਾਹੀਦਾ ਹੈ?

ਕੀ ਜਵਾਨਾਂ ਵਿੱਚ ਆਪਸੀ ਤਾਲਮੇਲ ਦੀ ਕਮੀ ਸੀ, ਜਿਸ ਕਾਰਨ ਅਤਿਆਧੁਨਿਕ ਹਥਿਆਰਾਂ ਨਾਲ ਲੈਸ ਦੋ ਹਜ਼ਾਰ ਜਵਾਨਾਂ, ਸੌ ਕੁ ਮਾਓਵਾਦੀਆਂ ਦਾ ਮੁਕਾਬਲਾ ਨਾ ਕਰ ਸਕੇ?

ਇਹ ਵੀ ਪੜ੍ਹੋ:

ਕੀ ਜਵਾਨਾਂ ਵਿੱਚ ਕਰਾਸ ਫ਼ਾਇਰਿੰਗ ਵੀ ਹੋਈ? ਕੀ ਸੱਚ ਵਿੱਚ ਮਾਓਵਾਦੀ ਤਿੰਨ-ਚਾਰ ਟਰੱਕਾਂ ਵਿੱਚ ਆਪਣੇ ਮਾਰੇ ਗਏ ਸਾਥੀਆਂ ਨੂੰ ਨਾਲ ਲੈ ਕੇ ਭੱਜੇ ਹਨ?

ਕੀ ਮਾਓਵਾਦੀਆਂ ਨੇ ਇਹ ਹਮਲਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਦੇ ਅਧਿਕਾਰਿਤ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਆਪਣੇ ਝੰਡੇ ਗੱਡ ਦਿੱਤੇ ਹਨ ਜਾਂ ਮਾਓਵਾਦੀਆਂ ਲਈ ਆਪਣੇ ਇਲਾਕੇ ਨੂੰ ਬਚਾ ਸਕਣਾ ਔਖਾ ਹੋ ਰਿਹਾ ਹੈ?

ਅਲੱਗ-ਅਲੱਗ ਪੱਧਰ 'ਤੇ ਇਨ੍ਹਾਂ ਸਾਰੇ ਸਵਾਲਾਂ ਦੇ ਵੱਖੋ-ਵੱਖਰੇ ਜਵਾਬ ਹਨ ਅਤੇ ਇਨ੍ਹਾਂ ਦਾ ਸੱਚ ਕੀ ਹੈ ਇਹ ਸਮਝ ਸਕਣਾ ਸੌਖਾ ਨਹੀਂ ਹੈ।

ਮਾਓਵਾਦੀਆਂ ਦਾ ਇਲਾਕਾ

ਛੱਤੀਸਗੜ੍ਹ ਦੇ ਬੀਜਾਪੁਰ ਅਤੇ ਸੁਕਮਾ, ਸੂਬੇ ਦੀ ਆਖ਼ਰੀ ਹੱਦ 'ਤੇ ਵਸੇ ਇਲਾਕੇ ਹਨ ਅਤੇ ਇਨ੍ਹਾਂ ਦੇ ਜ਼ਿਲ੍ਹਿਆਂ ਦੀ ਸਰਹੱਦ 'ਤੇ ਵਸਿਆ ਹੋਇਆ ਹੈ।

ਟੇਕਲਾਗੁੜਾ ਪਿੰਡ ਜਿੱਥੇ ਸ਼ਨਿੱਚਰਵਾਰ ਦੀ ਦੁਪਿਹਰ ਕਈ ਘੰਟਿਆਂ ਤੱਕ ਪੁਲਿਸ ਅਤੇ ਮਾਓਵਾਦੀਆਂ ਵਿਚਾਲੇ ਝੜਪ ਚਲਦੀ ਰਹੀ।

ਤਸਵੀਰ ਸਰੋਤ, Getty Images

ਅਸਲ ਵਿੱਚ ਮਾਓਵਾਦੀਆਂ ਦਾ ਗੜ੍ਹ ਕਹੇ ਜਾਣ ਵਾਲੇ ਇਸ ਇਲਾਕੇ ਵਿੱਚ ਮਾਓਵਾਦੀਆਂ ਦੀ ਬਟਾਲੀਅਨ ਨੰਬਰ ਇੱਕ ਦਾ ਦਬਦਬਾ ਹੈ।

ਇਸ ਬਟਾਲੀਅਨ ਦੇ ਕਮਾਂਡਰ ਮਾਡਵੀ ਹਿੜਮਾ ਬਾਰੇ ਜਿੰਨੇ ਕਿੱਸੇ ਹਨ, ਉਨ੍ਹਾਂ ਤੋਂ ਸਿਰਫ਼ ਐਨਾ ਹੀ ਅੰਦਾਜ਼ਾ ਲੱਗਦਾ ਹੈ ਕਿ ਹਿੜਮਾ 'ਤੇ ਹਮਲਾਵਰ ਰਣਨੀਤੀ ਇੱਕੋ ਚੀਜ਼ ਦੇ ਦੋ ਨਾਮ ਹਨ।

ਸ਼ਨਿੱਚਰਵਾਰ ਨੂੰ ਜੋ ਝੜਪ ਹੋਈ, ਉਹ ਹਿੜਮਾ ਦੇ ਪਿੰਡ ਪੁਵਰਤੀ ਦੇ ਨੇੜੇ ਹੀ ਹੈ। 90 ਦੇ ਦਹਾਕੇ ਵਿੱਚ ਮਾਓਵਾਦੀ ਸੰਗਠਨ ਨਾਲ ਜੁੜੇ ਮਾਡਵੀ ਹਿੜਮਾ ਉਰਫ਼ ਸੰਤੋਸ਼ ਉਰਫ਼ ਇੰਦਮੂਲ ਉਰਫ਼ ਪੋਡੀਆਮ ਭੀਮਾ ਉਰਫ਼ ਮਨੀਸ਼ ਦੇ ਬਾਰੇ ਕਿਹਾ ਜਾਂਦਾ ਹੈ ਕਿ 2010 ਵਿੱਚ ਤਾੜਮੇਟਲਾ ਵਿੱਚ 76 ਜਵਾਨਾਂ ਦੇ ਕਤਲ ਤੋਂ ਬਾਅਦ ਉਸ ਨੂੰ ਸੰਗਠਨ ਵਿੱਚ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਸੀ।

ਇਸ ਤੋਂ ਬਾਅਦ ਝੀਰਮ ਘਾਟੀ ਦਾ ਮਾਸਟਰ ਮਾਈਂਡ ਵੀ ਇਸੇ ਹਿੜਮਾ ਨੂੰ ਦੱਸਿਆ ਗਿਆ। ਹਿੜਮਾ ਸਿਰ 35 ਲੱਖ ਰੁਪਏ ਦਾ ਇਨਾਮ ਹੈ।

ਹਾਲਾਂਕਿ 2010 ਤੋਂ ਹੁਣ ਤੱਕ ਘੱਟ ਤੋਂ ਘੱਟ ਤਿੰਨ ਮੌਕਿਆਂ 'ਤੇ ਹਿੜਮਾ ਦੇ ਮਾਰੇ ਜਾਣ ਦੀ ਖ਼ਬਰ ਆਈ ਹੈ। ਪੁਲਿਸ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਹਿੜਮਾ ਹੁਣ ਵਿਅਕਤੀ ਨਹੀਂ ਹੈ, ਅਹੁਦੇ ਦੇ ਨਾਮ ਦੀ ਤਰ੍ਹਾਂ ਹੋ ਗਿਆ ਹੈ, ਜਿਸ ਤਰ੍ਹਾਂ ਮਾਓਵਾਦੀਆਂ ਦੇ ਸੰਗਠਨ ਵਿੱਚ ਅਕਸਰ ਹੁੰਦਾ ਹੈ।

ਖ਼ੈਰ ਪੁਲਿਸ ਨੂੰ ਜਦੋਂ ਪਤਾ ਲੱਗਿਆ ਕਿ ਹਿੜਮਾ ਅਤੇ ਉਸ ਦੀ ਪੂਰੀ ਟੀਮ ਇਸ ਇਲਾਕੇ ਵਿੱਚ ਮੌਜੂਦ ਹੈ ਤਾਂ ਉਸੂਰ, ਪਾਮੇਡ, ਤਰਰੇਮ, ਮਿਨਪਾ, ਨਰਸਾਪੁਰਮ ਕੈਂਪ ਵਿੱਚ ਐੱਸਟੀਐੱਫ, ਸੀਆਰਪੀਐੱਫ਼, ਡੀਆਰਜੀ ਅਤੇ ਕੋਬਰਾ ਬਟਾਲੀਅਨ ਦੇ ਤਕਰੀਬਨ ਦੋ ਹਜ਼ਾਰ ਜਵਾਨਾਂ ਨੂੰ ਇਸ ਆਪਰੇਸ਼ਨ ਹਿੜਮਾ 'ਤੇ ਲਗਾਇਆ ਗਿਆ।

ਸੁਰੱਖਿਆ ਬਲ ਦੇ ਜਵਾਨਾਂ ਨੇ ਹਿੜਮਾ ਅਤੇ ਉਸ ਦੇ ਸਾਥੀਆਂ ਦੀ ਭਾਲ ਵਿੱਚ ਗੁੰਡਮ, ਅਲੀਗੁਡਮ, ਟੇਕਲਾਗੁਡਮ ਦੇ ਇਲਾਕੇ ਵਿੱਚ ਦਸਤਕ ਦਿੱਤੀ। ਪਰ ਮਾਓਵਾਦੀਆਂ ਦਾ ਕਿਤੇ ਕੋਈ ਪਤਾ ਨਾ ਲੱਗ ਸਕਿਆ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਛੱਤੀਸਗੜ੍ਹ ਦੀ ਫਾਈਲ ਫੋਟੋ

ਇਸ ਝੜਪ ਵਿੱਚ ਸ਼ਾਮਲ ਇੱਕ ਜਵਾਨ ਨੇ ਬੀਬੀਸੀ ਨੂੰ ਦੱਸਿਆ, "ਪਹਿਲੀ ਵਾਰ ਫ਼ੋਰਸ ਮਾਓਵਾਦੀਆਂ ਦੇ ਗੜ੍ਹ ਅੰਦਰ ਵੜੀ ਸੀ। ਬੀਜਾਪੁਰ ਦੇ ਬਾਸਾਗੁੜਾ ਸੜਕ 'ਤੇ ਜਗਰਗੁੰਡਾ-ਤਰਰੇਮ ਦਾ ਰਾਹ ਸੂਬਾ ਬਣਨ ਤੋਂ ਪਹਿਲਾਂ ਤੋਂ ਹੀ ਬੰਦ ਹੈ। ਅਸੀਂ ਉਹੀ ਰਾਹ ਚੁਣਿਆ ਅਤੇ ਵਾਪਸੀ ਦੌਰਾਨ ਸਿਲਗੇਰ ਦੇ ਨੇੜੇ ਸਾਡੇ 'ਤੇ ਹਮਲਾ ਕੀਤਾ ਗਿਆ।"

ਕਿਵੇਂ ਹੋਇਆ ਹਮਲਾ

ਸ਼ੁਰੂਆਤੀ ਤੌਰ 'ਤੇ ਜੋ ਜਾਣਕਾਰੀ ਮਿਲ ਰਹੀ ਹੈ, ਉਸ ਮੁਤਾਬਕ ਇੱਕ ਦਿਨ ਪਹਿਲਾਂ ਤੋਂ ਹੀ ਮਾਓਵਾਦੀਆਂ ਨੇ ਨੇੜੇ ਤੇੜੇ ਦੇ ਜੰਗਲਾਂ ਵਿੱਚ ਆਪਣੀ ਤਾਇਨਾਤੀ ਤੈਅ ਕਰ ਲਈ ਸੀ ਅਤੇ ਪੂਰੇ ਜੰਗਲ ਨੂੰ ਖ਼ਾਲੀ ਕਰਵਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਆਪਰੇਸ਼ਨ ਤੋਂ ਵਾਪਸ ਪਰਤ ਰਹੀ ਆਖ਼ਰੀ ਟੀਮ ਨੂੰ ਨਿਸ਼ਾਨਾ ਬਣਾਇਆ ਗਿਆ।

ਹਾਲੇ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਸੁਰੱਖਿਆ ਕਰਮੀਆਂ ਦੀ ਟੁਕੜੀ ਜਦੋਂ ਟੇਕਲਾਗੁੜਾ ਪਿੰਡ ਤੋਂ ਕਰੀਬ ਸੌ ਮੀਟਰ ਦੂਰ ਸੀ, ਉਸ ਸਮੇਂ ਮਾਓਵਾਦੀਆਂ ਨੇ ਹਮਲਾ ਕੀਤਾ। ਦੁਪਿਹਰ 12 ਵਜੇ ਦੇ ਆਸਪਾਸ ਸ਼ੁਰੂ ਹੋਈ ਇਹ ਝੜਪ ਕਰੀਬ ਦੋ ਘੰਟਿਆਂ ਬਾਅਦ ਰੁਕ ਗਈ।

ਮਾਓਵਾਦੀਆਂ ਨੇ ਹਮਲਾ ਕੀਤਾ ਤਾਂ ਨੇੜੇ ਹੀ ਸੜਕ ਅਤੇ ਜੰਗਲ ਦੇ ਇਲਾਕੇ ਤੋਂ ਬਚਦੇ ਹੋਏ ਜਵਾਨਾਂ ਨੇ ਦਰਖ਼ਤਾਂ ਅਤੇ ਪਿੰਡ ਦੇ ਘਰਾਂ ਦੀ ਓੜ ਲਈ ਪਰ ਉੱਥੇ ਵੀ ਪਹਿਲਾਂ ਤੋਂ ਹੀ ਮੌਜੂਦ ਮਾਓਵਾਦੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪਿੰਡ ਦੇ ਅੰਦਰ 3.30 ਵਜੇ ਦੇ ਕਰੀਬ ਹਮਲਾ ਹੋਇਆ।

ਤਸਵੀਰ ਸਰੋਤ, Chhattisgarh DPR

ਤਸਵੀਰ ਕੈਪਸ਼ਨ,

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਇਸ ਘਟਨਾ ਨੂੰ ਖੁਫੀਆ ਤੰਤਰ ਦੀ ਨਾਕਾਮਯਾਬੀ ਨਹੀਂ ਮੰਨਿਆ ਹੈ।

ਜਵਾਨ ਫ਼ਿਰ ਵੀ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹੋਏ ਖੁੱਲ੍ਹੇ ਮੈਦਾਨ ਅਤੇ ਜੰਗਲ ਵੱਲ ਪਹੁੰਚੇ ਤਾਂ ਨਾਲ ਦੀ ਪਹਾੜੀ 'ਤੇ ਮੋਰਚਾ ਸੰਭਾਲੀ ਬੈਠੇ ਮਾਓਵਾਦੀਆਂ ਨੇ ਉੱਥੋਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

ਮਾਓਵਾਦੀਆਂ ਨੇ ਐੱਸਐੱਮਜੀ, ਯੂਬੀਜੀਐੱਲ, ਰਾਕੇਟ ਲਾਂਚਰ, ਮੋਰਟਾਰ ਵਰਗੇ ਹਥਿਆਰਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ।

ਐਤਵਾਰ ਨੂੰ ਜਦੋਂ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਲੈਣ ਲਈ ਸੁਰੱਖਿਆ ਬਲਾਂ ਦੀ ਟੀਮ ਪਹੁੰਚੀ ਤਾਂ ਉਹ ਮਾਓਵਾਦੀਆਂ ਦੀ ਇਸ ਰਣਨੀਤੀ ਨੂੰ ਦੇਖ ਕੇ ਹੈਰਾਨ ਸਨ।

ਉਨ੍ਹਾਂ ਦਾ ਕਹਿਣਾ ਸੀ ਕਿ ਮਾਓਵਾਦੀਆਂ ਨੇ ਵੀ (V) ਆਕਾਰ ਦਾ ਏਂਬੂਸ਼ ਲਗਾਇਆ ਸੀ, ਜਿਸ ਵਿੱਚੋਂ ਬਚ ਕੇ ਨਿਕਲਣਾ ਵੱਡੀ ਗੱਲ ਹੈ।

ਇੱਕ ਜਵਾਨ ਨੇ ਬੀਬੀਸੀ ਨੂੰ ਕਿਹਾ, "ਹਰ ਘਰ ਵਿੱਚ ਜਿੰਦਰਾ ਲਟਕ ਰਿਹਾ ਹੈ ਅਤੇ ਪਿੰਡ ਵਿੱਚ ਇੱਕ ਵੀ ਆਦਮੀ ਨਹੀਂ ਸੀ। ਪਿੰਡ ਦੀਆਂ ਗਲੀਆਂ ਵਿੱਚ ਜਵਾਨਾਂ ਦੀਆਂ ਲਾਸ਼ਾਂ ਪਈਆਂ ਸਨ, ਇੱਕ ਲਾਸ਼ ਤਾਂ ਇੱਕ ਘਰ ਦੇ ਦਰਵਾਜ਼ੇ 'ਤੇ ਮਿਲੀ।"

ਉਨ੍ਹਾਂ ਕਿਹਾ, "ਸਾਡੀ ਮਜਬੂਰੀ ਸੀ ਕਿ ਹਰ ਇੱਕ ਲਾਸ਼ ਨੂੰ ਪਹਿਲਾਂ ਸਾਨੂੰ ਰੱਸੀਆਂ ਨਾਲ ਖਿੱਚਕੇ ਦੇਖਣਾ ਪਿਆ ਕਿ ਕਿਤੇ ਲਾਸ਼ਾਂ ਹੇਠਾਂ ਮਾਓਵਾਦੀਆਂ ਨੇ ਕੋਈ ਧਮਾਕਾਖੇਜ਼ ਸਮੱਗਰੀ ਤਾਂ ਨਹੀਂ ਲਗਾ ਰੱਖੀ।"

ਸ਼ਨਿੱਚਰਵਾਰ ਦੀ ਦੁਪਿਹਰ ਨੂੰ ਹੋਈ ਝੜਪ ਤੋਂ ਬਾਅਦ ਅਗਲੇ ਦਿਨ ਸਵੇਰੇ ਸੁਰੱਖਿਆ ਬਲਾਂ ਦੇ ਪਹੁੰਚਣ ਤੋਂ ਪਹਿਲਾਂ ਤੱਕ ਮਾਓਵਾਦੀ ਮੌਕੇ 'ਤੇ ਮੋਜੂਦ ਸਨ ਅਤੇ ਇੱਕ-ਇੱਕ ਜਵਾਨ ਦੀ ਤਲਾਸ਼ੀ ਲੈ ਕੇ ਉਨ੍ਹਾਂ ਦੇ ਹਥਿਆਰ, ਮੋਬਾਈਲ ਫ਼ੋਨ, ਰਸਦ, ਜੁੱਤੀਆਂ, ਬੈਲਟ ਆਦਿ ਕੱਢਕੇ ਲਿਜਾ ਰਹੇ ਸਨ।

ਸਵੇਰੇ ਸੁਕਮਾ ਜ਼ਿਲ੍ਹਾ ਮੁੱਖ ਦਫ਼ਤਰ ਅਤੇ ਬੀਜਾਪਰੁ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਪੱਤਰਕਾਰਾਂ ਦੀ ਟੀਮ ਉੱਥੇ ਪਹੁੰਚੀ ਤਾਂ ਹਥਿਆਰਬੰਦ ਮਾਓਵਾਦੀਆਂ ਨੇ ਉਨ੍ਹਾਂ ਨਾਲ ਵੀ ਸਵਾਲ ਜਵਾਬ ਕੀਤੇ।

ਮਾਓਵਾਦੀਆਂ ਨੇ ਐਤਵਾਰ ਦੀ ਸਵੇਰ ਆਉਣ ਵਾਲੇ ਬਚਾਅ ਦਲ ਨੂੰ ਨਿਸ਼ਾਨਾ ਬਣਾਉਣ ਦੀ ਵੀ ਤਿਆਰੀ ਕੀਤੀ ਹੋਈ ਸੀ ਅਤੇ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਬਚਾਅ ਦਲ ਦਾ ਇੱਕ ਮੈਂਬਰ ਐਤਵਾਰ ਨੂੰ ਇੱਕ ਆਈਈਡੀ ਦੀ ਚਪੇਟ ਵਿੱਚ ਆ ਕੇ ਜ਼ਖ਼ਮੀ ਹੋ ਗਿਆ।

ਸਰਕਾਰ ਦੇ ਦਾਅਵਿਆਂ 'ਤੇ ਸਵਾਲ

ਪਰ ਸ਼ੱਕੀ ਮਾਓਵਾਦੀਆਂ ਨਾਲ ਝੜਪ ਵਿੱਚ ਸੁਰੱਖਿਆ ਕਰਮੀਆਂ ਦੇ 22 ਜਵਾਨਾਂ ਦੀ ਮੌਤ ਨੇ ਸਰਕਾਰ ਦੇ ਉਨ੍ਹਾਂ ਦਾਅਵਿਆਂ ਨੂੰ ਗ਼ਲਤ ਸਾਬਤ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਪਿਛਲੇ ਦੋ ਸਾਲਾਂ ਵਿੱਚ ਮਾਓਵਾਦੀ ਕਮਜ਼ੋਰ ਹੋਏ ਹਨ।

ਹਾਲਾਂਕਿ, ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਫ਼ਿਰ ਦੁਹਰਾਇਆ ਹੈ ਕਿ ਮਾਓਵਾਦੀ ਸੀਮਤ ਖੇਤਰ ਵਿੱਚ ਸਿਮਟਕੇ ਰਹਿ ਗਏ ਹਨ ਅਤੇ ਉਹ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ।

ਪਰ ਕੀ ਅਸਲ ਵਿੱਚ ਅਜਿਹਾ ਹੈ

ਪਿਛਲੇ ਮਹੀਨੇ ਭਰ ਵਿੱਚ ਹੋਈਆਂ ਬਸਤਰ ਦੀਆਂ ਇਨ੍ਹਾਂ ਵੱਖ-ਵੱਖ ਘਟਨਾਵਾਂ ਵੱਲ ਧਿਆਨ ਦਿਓ।

26 ਮਾਰਚ ਨੂੰ ਬੀਜਾਪੁਰ ਵਿੱਚ ਮਾਓਵਾਦੀਆਂ ਨੇ ਜ਼ਿਲ੍ਹਾ ਪੰਚਾਇਤ ਦੇ ਮੈਂਬਰ ਬੁੱਧਰਾਮ ਕਸ਼ਯਪ ਦਾ ਕਤਲ ਕਰ ਦਿੱਤਾ। 25 ਮਾਰਚ ਨੂੰ ਮਾਓਵਾਦੀਆਂ ਨੇ ਕੋਂਡਾਗਾਂਵ ਜ਼ਿਲ੍ਹੇ ਵਿੱਚ ਸੜਕ ਉਸਾਰੀ ਵਿੱਚ ਲੱਗੀਆਂ ਇੱਕ ਦਰਜਨ ਤੋਂ ਵੱਧ ਗੱਡੀਆਂ ਨੂੰ ਅੱਗ ਲਾ ਦਿੱਤੀ ਸੀ।

ਤਸਵੀਰ ਸਰੋਤ, ANI

23 ਮਾਰਚ ਨੂੰ ਨਾਰਾਇਣਪੁਰ ਜ਼ਿਲ੍ਹੇ ਵਿੱਚ ਮਾਓਵਾਦੀਆਂ ਨੇ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਇੱਕ ਬਸ ਨੂੰ ਧਮਾਕੇ ਵਿੱਚ ਉਡਾ ਦਿੱਤਾ, ਜਿਸ ਵਿੱਚ 5 ਜਵਾਨ ਮਾਰੇ ਗਏ।

ਇਸੇ ਤਰ੍ਹਾਂ 20 ਮਾਰਚ ਨੂੰ ਦਾਂਤੇਵਾੜਾ ਵਿੱਚ ਪੁਲਿਸ ਨੇ ਦੋ ਮਾਓਵਾਦੀਆਂ ਨੂੰ ਇੱਕ ਝੜਪ ਵਿੱਚ ਮਾਰਨ ਦਾ ਦਾਅਵਾ ਕੀਤਾ। 20 ਮਾਰਚ ਨੂੰ ਬੀਜਾਪੁਰ ਜ਼ਿਲ੍ਹੇ ਵਿੱਚ ਮਾਓਵਾਦੀਆਂ ਨੇ ਪੁਲਿਸ ਦੇ ਜਵਾਨ ਸੰਨੂ ਪੋਨੇਮ ਦਾ ਕਤਲ ਕਰ ਦਿੱਤਾ।

13 ਮਾਰਚ ਨੂੰ ਬੀਜਾਪੁਰ ਵਿੱਚ ਸੁਨੀਲ ਪਦੇਮ ਨਾਮ ਦੇ ਇੱਕ ਮਾਓਵਾਦੀ ਦੀ ਆਈਈਡੀ ਧਮਾਕੇ ਵਿੱਚ ਮੌਤ ਹੋ ਗਈ। 5 ਮਾਰਚ ਨੂੰ ਨਾਰਾਇਣਪੁਰ ਵਿੱਚ ਆਈਟੀਬੀਪੀ ਦੇ ਇੱਕ ਜਵਾਨ ਰਾਮਤੇਰ ਮੰਗੇਸ਼ ਦੀ ਆਈਈਡੀ ਧਮਾਕੇ ਵਿੱਚ ਮੌਤ ਹੋ ਗਈ।

4 ਮਾਰਚ ਨੂੰ ਸੀਏਐੱਫ਼ ਦੀ 22ਵੀਂ ਬਟਾਲੀਅਨ ਦੇ ਚੀਫ਼ ਕਾਂਸਟੇਬਲ ਲਕਸ਼ਮੀਕਾਂਤ ਦਵੀਵੇਦੀ ਦਾਂਤੇਵਾੜਾ ਦੇ ਫੁਰਨਾਰ ਵਿੱਚ ਸ਼ੱਕੀ ਮਾਓਵਾਦੀਆਂ ਵੱਲੋਂ ਲਗਾਏ ਗਏ ਆਈਈਡੀ ਧਮਾਕੇ ਵਿੱਚ ਮਾਰੇ ਗਏ।

ਸੂਬੇ ਦੇ ਸਾਬਕਾ ਗ੍ਰਹਿ ਸਕੱਤਰ ਬੀਕੇਐਸ ਰੇ ਕਹਿੰਦੇ ਹਨ, "ਮਾਓਵਾਦੀ ਇੱਕ ਤੋਂ ਬਾਅਦ ਇੱਕ ਘਟਨਾ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਨਹੀਂ ਲੱਗਦਾ ਕਿ ਉਹ ਕਿਤੋਂ ਵੀ ਕਮਜ਼ੋਰ ਹੋਏ ਹਨ। ਸਰਕਾਰ ਦੇ ਕੋਲ ਮਾਓਵਾਦੀਆਂ ਲਈ ਕੋਈ ਨੀਤੀ ਨਹੀਂ ਹੈ।"

ਤਸਵੀਰ ਸਰੋਤ, Ganesh Mishra BASTAR IMPACT

ਤਸਵੀਰ ਕੈਪਸ਼ਨ,

ਘਟਨਾ ਵਾਲੀ ਥਾਂ

ਉਹ ਅੱਗੇ ਕਹਿੰਦੇ ਹਨ, "ਸਰਕਾਰ ਦੀ ਨੀਤੀ ਇਹੀ ਹੈ ਕਿ ਹਰ ਵੱਡੀ ਘਟਨਾ ਤੋਂ ਬਾਅਦ ਬਿਆਨ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਜਾਵਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ। ਮੈਂ ਹੈਰਾਨ ਹਾਂ ਕਿ ਸਰਕਾਰ ਇਸ ਦਿਸ਼ਾ ਵਿੱਚ ਕੁਝ ਵੀ ਨਹੀਂ ਕਰ ਰਹੀ ਹੈ। ਕੋਈ ਨੀਤੀ ਹੋਵੇਗੀ ਤਾਂ ਹੀ ਤਾਂ ਉਸ 'ਤੇ ਕੰਮ ਹੋਵੇਗਾ।"

ਨਕਸਲ ਤੋਂ ਬਚਾਅ ਲਈ ਨਹੀਂ ਬਣੀ ਨੀਤੀ

ਅਸਲ ਵਿੱਚ 2018 ਵਿੱਚ ਜਦੋਂ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਸਨ, ਉਸ ਸਮੇਂ ਕਾਂਗਰਸ ਪਾਰਟੀ ਨੇ ਜੋ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਉਸ ਨੂੰ 2013 ਵਿੱਚ ਝੀਰਮ ਘਾਟੀ ਵਿੱਚ ਮਾਓਵਾਦੀ ਹਮਲੇ ਵਿੱਚ ਮਾਰੇ ਗਏ ਕਾਂਗਰਸ ਆਗੂਆਂ ਨੂੰ ਸਮਰਪਿਤ ਕੀਤਾ ਗਿਆ ਸੀ।

ਇਸ ਚੋਣ ਮੈਨੀਫੈਸਟੋ ਦੇ 22 ਨੰਬਰ ਅੰਕ ਵਿੱਚ ਦਰਜ ਹੈ, ''ਨਕਸਲ ਸਮੱਸਿਆ ਦੇ ਹੱਲ ਲਈ ਨੀਤੀ ਤਿਆਰ ਕੀਤੀ ਜਾਵੇਗੀ ਅਤੇ ਗੱਲਬਾਤ ਸ਼ੁਰੂ ਕਰਨ ਲਈ ਗੰਭੀਰਤਾ ਨਾਲ ਯਤਨ ਕੀਤੇ ਜਾਣਗੇ। ਹਰ ਇੱਕ ਨਕਸਲ ਪ੍ਰਭਾਵਿਤ ਪੰਚਾਇਤ ਨੂੰ ਭਾਈਚਾਰਕ ਵਿਕਾਸ ਕਾਰਜਾਂ ਲਈ ਇੱਕ ਕਰੋੜ ਰੁਪਏ ਦਿੱਤੇ ਜਾਣਗੇ, ਜਿਸ ਨਾਲ ਵਿਕਾਸ ਦੇ ਜ਼ਰੀਏ ਉਨ੍ਹਾਂ ਨੂੰ ਮੁੱਖਧਾਰਾ ਨਾਲ ਜੋੜਿਆ ਜਾ ਸਕੇ।''

ਕਾਂਗਰਸ ਪਾਰਟੀ ਨੂੰ ਸੂਬੇ ਵਿੱਚ ਭਾਰੀ ਬਹੁਮਤ ਮਿਲਿਆ ਅਤੇ 15 ਸਾਲਾਂ ਤੱਕ ਸੱਤਾ ਤੋਂ ਬਾਹਰ ਰਹਿਣ ਤੋਂ ਬਾਅਦ ਸੱਤਾ ਵਿੱਚ ਮੁੜ ਪਰਤੀ ਕਾਂਗਰਸ ਪਾਰਟੀ ਦੇ ਪ੍ਰਧਾਨ ਭੁਪੇਸ਼ ਬਘੇਲ ਨੇ 17 ਦਸੰਬਰ ਦੀ ਜਿਸ ਸ਼ਾਮ ਨੂੰ ਸਹੁੰ ਚੁੱਕੀ ਸੀ, ਉਸੇ ਰਾਤ ਇਸ ਚੋਣ ਮੈਨੀਫੈਸਟੋ ਦੀ ਇੱਕ ਕਾਪੀ ਸੂਬੇ ਦੇ ਮੁੱਖ ਸਕੱਤਰ ਨੂੰ ਸੌਂਪੀ।

ਸਹੁੰ ਚੁੱਕਣ ਵਾਲੇ ਦਿਨ ਹੀ ਕੈਬਨਿਟ ਦੀ ਪਹਿਲੀ ਬੈਠਕ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਬੈਠਕ ਵਿੱਚ ਲਏ ਗਏ ਤਿੰਨ ਫ਼ੈਸਲਿਆਂ ਵਿੱਚ ਇੱਕ ਫ਼ੈਸਲਾ ਸੀ-ਝੀਰਮ ਘਾਟੀ ਕਾਂਡ ਦੀ ਐੱਸਆਈਟੀ ਜਾਂਚ।

ਬਸਤਰ ਦੀ ਝੀਰਮ ਘਾਟੀ ਵਿੱਚ 25 ਮਈ, 2013 ਨੂੰ ਭਾਰਤ ਵਿੱਚ ਕਿਸੇ ਸਿਆਸੀ ਦਲ 'ਤੇ ਮਾਓਵਾਦੀਆਂ ਦੇ ਇਸ ਸਭ ਤੋਂ ਵੱਡੇ ਹਮਲੇ ਵਿੱਚ ਕਾਂਗਰਸ ਪਾਰਟੀ ਦੀ ਪਹਿਲੀ ਕਤਾਰ ਦੇ ਮੁੱਖ ਆਗੂਆਂ ਸਮੇਤ 29 ਲੋਕ ਮਾਰੇ ਗਏ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਹੁਣ ਜਦੋਂ ਕਿ ਇਸ ਚੋਣ ਮੈਨੀਫੈਸਟੋ ਅਤੇ ਸਰਕਾਰ ਦੇ ਫ਼ੈਸਲੇ ਨੂੰ ਕਰੀਬ ਢਾਈ ਸਾਲ ਹੋਣ ਵਾਲੇ ਹਨ, ਝੀਰਮ ਘਾਟੀ ਦੀ ਜਾਂਚ ਅਦਾਲਤਾਂ ਵਿੱਚ ਉਲਝੀ ਹੋਈ ਹੈ ਅਤੇ ਨਕਸਲ ਸਮੱਸਿਆ ਦੀ ਕਿਸੇ ਐਲਾਨ ਨੀਤੀ ਦਾ ਕੋਈ ਪਤਾ ਟਿਕਾਣਾ ਨਹੀਂ ਹੈ।

ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਦਾ ਕੋਈ ਬਲੂਪ੍ਰਿੰਟ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ। ਇਸਦੇ ਉੱਲਟ ਮੁੱਖ ਮੰਤਰੀ ਭੁਪੇਸ਼ ਬਘੇਲ ਕਈ ਮੌਕਿਆਂ 'ਤੇ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਮਾਓਵਾਦੀਆਂ ਨਾਲ ਗੱਲਬਾਤ ਕਰਨ ਦੀ ਗੱਲ ਕਦੇ ਨਹੀਂ ਕੀਤੀ ਸੀ, ਪੀੜਤਾਂ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਸੀ।

ਕਾਂਗਰਸ ਪਾਰਟੀ ਦੇ ਮੀਡੀਆ ਸਲਾਹਕਾਰ ਸ਼ੈਲੇਸ਼ ਨਿਤਿਨ ਤ੍ਰਿਵੇਦੀ ਕਹਿੰਦੇ ਹਨ, ''ਪਿਛਲੇ 15 ਸਾਲਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਸੂਬੇ ਨੂੰ ਵਿਕਾਸ ਦੇ ਮਾਮਲੇ ਵਿੱਚ ਪਿੱਛੇ ਧੱਕ ਦਿੱਤਾ।

''ਸਾਡੇ ਜਵਾਨ ਤਾਂ ਮਾਓਵਾਦੀਆਂ ਦਾ ਮੁਕਾਬਲਾ ਕਰ ਹੀ ਰਹੇ ਹਨ। ਸਾਡੀ ਸਰਕਾਰ ਬਸਤਰ ਵਿੱਚ ਬੇਰੁਜ਼ਗਾਰੀ ਘੱਟ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।''

ਤਸਵੀਰ ਸਰੋਤ, Alok Putul/BBC

''ਆਦਿਵਾਸੀ ਇਲਾਕਿਆਂ ਵਿੱਚ ਸਿੱਖਿਆ ਅਤੇ ਸਿਹਤ ਦੇ ਖ਼ੇਤਰ ਵਿੱਚ ਲਗਾਤਾਰ ਸੁਧਾਰ ਹੋਇਆ ਹੈ। ਤੇਂਦੂ ਪੱਤਾ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ।''

ਪੂਰੇ ਦੇਸ ਦਾ ਕਰੀਬ 75 ਫ਼ੀਸਦ ਲਘੂ ਜੰਗਲੀ ਉੱਪਜ ਅਸੀਂ ਖ਼ਰੀਦਿਆ ਹੈ। ਆਦਿਵਾਸੀਆਂ ਦੇ ਵਿਕਾਸ ਲਈ ਸਾਡੀ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਸਾਡੀ ਰਾਇ ਵਿੱਚ ਵਿਕਾਸ ਦੇ ਸਾਰੇ ਪੈਮਾਨਿਆਂ 'ਤੇ ਬਿਹਤਰ ਕੰਮ ਨਾਲ ਹੀ ਮਾਓਵਾਦ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਇਹ ਹੀ ਨਕਸਲਵਾਦ ਸਬੰਧੀ ਸਾਡੀ ਨੀਤੀ ਹੈ।''

ਪਰ ਛੱਤੀਸਗੜ੍ਹ ਹਾਈ ਕੋਰਟ ਦੇ ਵਕੀਲ ਰਜਨੀ ਸੋਰੇਨ ਇਸ ਨਾਲ ਸਹਿਮਤ ਨਹੀਂ ਹਨ।

ਆਦਿਵਾਸੀਆਂ ਦੀ ਰਿਹਾਈ ਅਟਕੀ

ਰਜਨੀ ਸੋਰੇਨ ਕਹਿੰਦੇ ਹਨ ਕਿ ਨਵੀਂ ਸਰਕਾਰ ਤੋਂ ਲੋਕਾਂ ਨੇ ਕਾਫ਼ੀ ਆਸਾਂ ਲਾ ਲਈਆਂ ਸਨ ਪਰ ਨਵੀਂ ਸਰਕਾਰ ਦੀ ਤਰਜੀਹ ਵਿੱਚ ਆਦਿਵਾਸੀ ਹਾਲੇ ਵੀ ਨਹੀਂ ਹਨ।

ਉਹ ਇਸ ਲਈ ਜ਼ੇਲ੍ਹਾਂ ਵਿੱਚ ਬੰਦ ਆਦਿਵਾਸੀਆਂ ਦੀ ਰਿਹਾਈ ਲਈ ਬਣਾਈ ਗਈ ਜਸਟਿਸ ਪਟਨਾਇਕ ਕਮੇਟੀ ਦੀ ਉਦਾਹਰਣ ਦਿੰਦੇ ਹਨ।

ਸੂਬਾ ਸਰਕਾਰ ਨੇ 2019 ਵਿੱਚ ਸੂਬੇ ਦੀਆਂ ਜੇਲ੍ਹਾਂ ਵਿੱਚ ਲੰਬੇ ਸਮੇਂ ਬਾਅਦ ਬੇਕਸੂਰ ਆਦਿਵਾਸੀਆਂ ਦੀ ਰਿਹਾਈ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਏਕੇ ਪਟਨਾਇਕ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਸੀ।

ਸ਼ੁਰੂਆਤੀ ਤੌਰ 'ਤੇ 4007 ਆਦਿਵਾਸੀਆਂ ਦੀ ਰਿਹਾਈ ਲਈ ਪਟਨਾਇਕ ਕਮੇਟੀ ਨੇ ਤਿੰਨ ਬਿੰਦੂ ਬਣਾਏ ਸਨ।

ਪਰ ਇਸ ਕਮੇਟੀ ਦੀ ਪਹਿਲੀ ਬੈਠਕ ਵਿੱਚ 313, ਦੂਜੀ ਬੈਠਕ ਵਿੱਚ 91 ਅਤੇ ਤੀਜੀ ਬੈਠਕ ਵਿੱਚ 197 ਮਾਮਲਿਆਂ ਬਾਰੇ ਗੱਲ ਹੋ ਸਕੀ। ਇਨ੍ਹਾਂ ਵਿੱਚੋਂ ਬਹੁਤੇ ਮਾਮਲੇ ਸ਼ਰਾਬ ਨਾਲ ਜੁੜੇ ਸਨ। ਉੱਥੇ ਹੀ ਕੁਝ ਮਾਮਲੇ ਗਾਲਾਂ ਕੱਢਣ ਤੇ ਮਾੜਾ ਬੋਲਣ ਦੇ ਸਨ।

ਰਜਨੀ ਸੋਰੇਨ ਕਹਿੰਦੇ ਹਨ, ''ਇੱਕ ਅੱਧ ਬੈਠਕ ਬਸਤਰ ਵਿੱਚ ਵੀ ਹੋਈ ਪਰ ਪਿਛਲੇ ਦੋ ਸਾਲਾਂ ਵਿੱਚ ਆਦਿਵਾਸੀਆਂ ਨੂੰ ਕੋਈ ਵੱਡੀ ਰਾਹਤ ਮਿਲ ਸਕੀ ਹੋਵੇ, ਅਜਿਹਾ ਨਹੀਂ ਲੱਗਦਾ।''

ਰਜਨੀ ਸੋਰੇਨ ਦਾ ਕਹਿਣਾ ਹੈ ਕਿ ਬਸਤਰ ਦੇ ਇਲਾਕੇ ਵਿੱਚ ਪਸਾ ਕਾਨੂੰਨ ਨੂੰ ਕਿਨਾਰੇ ਕਰਕੇ ਕੈਂਪ ਬਣਾਏ ਜਾ ਰਹੇ ਹਨ ਅਤੇ ਆਦਿਵਾਸੀ ਇਸ ਮੁੱਦੇ 'ਤੇ ਕਈ ਥਾਵਾਂ 'ਤੇ ਪ੍ਰਦਰਸ਼ਨ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਆਵਾਜ਼ ਅਣਸੁਣੀ ਰਹਿ ਗਈ।''

ਦਾਂਤੇਵਾੜਾ ਵਿੱਚ ਪੋਟਾਲੀ ਕੈਂਪ ਨੂੰ ਲੈ ਕੇ ਤਾਂ ਆਦਿਵਾਸੀਆਂ ਨੂੰ ਹਾਈਕੋਰਟ ਦੀ ਪਨਾਹ ਵਿੱਚ ਆਉਣਾ ਪਿਆ।

ਰਜਨੀ ਕਹਿੰਦੇ ਹਨ, ''ਹਰ ਇੱਕ ਵਿਰੋਧ ਨੂੰ ਇਹ ਕਹਿ ਕੇ ਖ਼ਾਰਜ ਨਹੀਂ ਕੀਤਾ ਜਾ ਸਕਦਾ ਕਿ ਇਹ ਮਾਓਵਾਦੀਆਂ ਵੱਲੋਂ ਪ੍ਰਯੋਜਿਤ (ਪਲਾਨ ਕੀਤਾ ਹੋਇਆ) ਵਿਰੋਧ ਹੈ। ਬਸਤਰ ਵਿੱਚ ਆਦਿਵਾਸੀਆਂ ਦੇ ਨਾਲ ਸੁਰੱਖਿਆ ਬਲਾਂ ਦੀਆਂ ਫ਼ਰਜ਼ੀ ਝੜਪਾਂ, ਬਲਾਤਕਾਰ, ਉਨ੍ਹਾਂ ਦੇ ਘਰਾਂ ਨੂੰ ਸਾੜੇ ਜਾਣ ਦੇ ਕਈ ਮਾਮਲਿਆਂ ਵਿੱਚ ਤਾਂ ਜਾਂਚ ਹੋਈ ਹੈ।''

''ਪਰ ਅਦਾਲਤਾਂ ਤੋਂ ਲੈ ਕੇ ਮਨੁੱਖੀ ਅਧਿਕਾਰ ਕਮਿਸ਼ਨ, ਜਨਜਾਤੀ ਕਮਿਸ਼ਨ ਵਰਗੀਆਂ ਸੰਸਥਾਵਾਂ ਨੇ ਗੰਭੀਰ ਟਿੱਪਣੀਆਂ ਕੀਤੀਆਂ ਹਨ, ਮੁਆਵਜ਼ੇ ਦੀ ਸਿਫ਼ਾਰਿਸ਼ ਕੀਤੀ ਹੈ। ਸੁਰੱਖਿਆ ਬਲਾਂ ਨਾਲ ਨਾਰਾਜ਼ਗੀ ਦੇ ਕਾਰਨਾਂ ਨੂੰ ਜੇ ਚੁਣੀ ਹੋਈ ਸਰਕਾਰ ਨਹੀਂ ਸਮਝੇਗੀ ਤਾਂ ਕੌਣ ਸਮਝੇਗਾ।?"

ਸ਼ਾਂਤੀ ਨੂੰ ਲੈ ਕੇ ਸਵਾਲ

ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਾਲੇ ਪਿਛਲੇ 40 ਸਾਲਾਂ ਵਿੱਚ ਬਸਤਰ ਇਲਾਕੇ ਵਿੱਚ ਸੰਘਰਸ਼ ਚੱਲ ਰਿਹਾ ਹੈ।

ਸੂਬਾ ਬਣਨ ਦੇ ਬਾਅਦ ਤੋਂ ਛੱਤੀਸਗੜ੍ਹ ਵਿੱਚ 3200 ਤੋਂ ਵੱਧ ਝੜਪਾਂ ਦੀਆਂ ਘਟਨਾਵਾਂ ਹੋਈਆਂ ਹਨ। ਗ੍ਰਹਿ ਵਿਭਾਗ ਦੀ ਇੱਕ ਰਿਪੋਰਟ ਮੁਤਾਬਕ ਜਨਵਰੀ 2001 ਤੋਂ ਮਈ 2019 ਤੱਕ ਮਾਓਵਾਦੀ ਹਿੰਸਾ ਵਿੱਚ 1002 ਮਾਓਵਾਦੀ ਅਤੇ 1234 ਸੁਰੱਖਿਆਬਲਾਂ ਦੇ ਜਵਾਨ ਮਾਰੇ ਗਏ ਹਨ।

ਇਸ ਤੋਂ ਇਲਾਵਾ 1782 ਆਮ ਨਾਗਰਿਕ ਮਾਓਵਾਦੀ ਹਿੰਸਾ ਦਾ ਸ਼ਿਕਾਰ ਹੋਏ ਹਨ। ਇਸ ਦੌਰਾਨ 3896 ਮਾਓਵਾਦੀਆਂ ਨੇ ਸਰੰਡਰ ਵੀ ਕੀਤਾ ਹੈ।

2020-21 ਦੇ ਅੰਕੜੇ ਦੱਸਦੇ ਹਨ ਕਿ 30 ਨਵੰਬਰ ਤੱਕ ਸੂਬੇ ਵਿੱਚ 31 ਮਾਓਵਾਦੀ ਪੁਲਿਸ ਝੜਪ ਵਿੱਚ ਮਾਰੇ ਗਏ ਸਨ, ਉੱਥੇ ਹੀ 270 ਮਾਓਵਾਦੀਆਂ ਨੇ ਆਤਮ ਸਮਰਪਣ ਕੀਤਾ ਸੀ।

ਮਾਓਵਾਦੀ ਝੜਪ ਅਤੇ ਆਤਮ ਸਮਰਪਣ ਦੀਆਂ ਖ਼ਬਰਾਂ ਦੇ ਦਰਮਿਆਨ ਸ਼ਾਂਤੀ ਵਾਰਤਾ ਲਈ ਚਿੱਠੀ ਅਤੇ ਸੰਚਾਰ ਦੀਆਂ ਪੇਸ਼ਕਸ਼ਾਂ ਵੀ ਆਉਂਦੀਆਂ ਰਹਿੰਦੀਆਂ ਹਨ ਪਰ ਗੱਲ ਕਿਤੇ ਪਹੁੰਚਦੀ ਨਹੀਂ ਹੈ।

ਤਸਵੀਰ ਸਰੋਤ, CG KHABAR

ਤਸਵੀਰ ਕੈਪਸ਼ਨ,

ਬੀਜਾਪੁਰ ਹਮਲੇ ਵਿੱਚ ਏਐਸਆਈ ਦੀਪਕ ਭਾਰਦਵਾਜ ਮਾਰੇ ਗਏ

ਪਿਛਲੇ ਮਹੀਨੇ ਵੀ ਮਾਓਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਬਸਤਰ ਤੋਂ ਹਟਾਉਣ, ਕੈਂਪਾ ਨੂੰ ਬੰਦ ਕਰਨ ਅਤੇ ਮਾਓਵਾਦੀ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਦੇ ਨਾਲ ਸ਼ਾਂਤੀ ਵਾਰਤੀ ਲਈ ਕਿਹਾ ਸੀ।

ਸਰਕਾਰ ਨੇ ਇਸ ਪੇਸ਼ਕਸ਼ ਨੂੰ ਇਹ ਕਹਿੰਦਿਆਂ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ ਕਿ ਸ਼ਰਤਾਂ ਦੇ ਨਾਲ ਗੱਲ ਨਹੀਂ ਹੋਵੇਗੀ ਅਤੇ ਮਾਓਵਾਦੀ ਹਥਿਆਰ ਛੱਡਣ ਫ਼ਿਰ ਗੱਲ ਕਰਨ।

ਬਸਤਰ ਵਿੱਚ ਆਦਿਵਾਸੀਆਂ ਦੇ ਕਾਨੂੰਨੀ ਪਹਿਲੂ 'ਤੇ ਕੰਮ ਕਰਨ ਵਾਲੇ ਵਕੀਲ ਪ੍ਰਿਅੰਕਾ ਸ਼ੁਕਲਾ ਦਾ ਕਹਿਣਾ ਹੈ ਕਿ ਹਥਿਆਰ ਕੋਈ ਵੀ ਨਹੀਂ ਛੱਡਣਾ ਚਾਹੁੰਦਾ।

ਉਹ ਕਹਿੰਦੇ ਹਨ, ''ਇਸ ਤੋਂ ਵੱਡੀ ਦੁੱਖ ਵਾਲੀ ਗੱਲ ਕੀ ਹੋਵੇਗੀ ਕਿ ਜੋ ਮਾਓਵਾਦੀ ਆਤਮ-ਸਮਰਪਣ ਕਰਦੇ ਹਨ, ਉਨ੍ਹਾਂ ਨੂੰ ਵੀ ਸਰਕਾਰ ਸੁਰੱਖਿਆ ਬਲਾਂ ਵਿੱਚ ਭਰਤੀ ਕਰਕੇ ਫ਼ਿਰ ਤੋਂ ਹਥਿਆਰ ਦੇ ਕੇ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰ ਦਿੰਦੀ ਹੈ।''

ਉਹ ਕਹਿੰਦੇ ਹਨ, ''ਹੁਣ ਤਾਂ ਡੀਆਰਜੀ ਅਤੇ ਬਸਤਰੀਆ ਬਟਾਲੀਅਨ ਹੈ। ਬਸਤਰ ਦੇ ਆਦਿਵਾਸੀਆਂ ਨੂੰ ਰੁਜ਼ਗਾਰ ਦੇ ਨਾਮ 'ਤੇ ਪੁਲਿਸ ਫ਼ੋਰਸ ਵਿੱਚ ਭਰਤੀ ਕੀਤਾ ਜਾ ਰਿਹਾ ਹੈ ਅਤੇ ਹੁਣ ਬਸਤਰ ਦੇ ਹੀ ਇੱਕ ਆਦਿਵਾਸੀ ਦੇ ਸਾਹਮਣੇ ਦੂਜਾ ਆਦਿਵਾਸੀ ਖ਼ੂਨ ਦਾ ਪਿਆਸਾ ਬਣ ਕੇ ਸਾਹਮਣੇ ਖੜਾ ਹੋਇਆ ਹੈ।''

''ਇਸ ਜੰਗ ਦਾ ਸਭ ਤੋਂ ਵੱਧ ਦਰਦ ਆਦਿਵਾਸੀਆਂ ਨੂੰ ਹੀ ਝੱਲਣਾ ਪੈ ਰਿਹਾ ਹੈ।''

ਅਸੀਂ ਇਨ੍ਹਾਂ ਮੁੱਦਿਆਂ ਬਾਰੇ ਸੂਬੇ ਦੇ ਗ੍ਰਹਿ ਮੰਤਰੀ ਤਮਰਾਧਵਜ ਸਾਹੂ ਅਤੇ ਪੁਲਿਸ ਦੇ ਡਾਇਰੈਕਟਰ ਜਨਰਲ ਡੀਐਮ ਅਵਸਥੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਉਨ੍ਹਾਂ ਦਾ ਪੱਖ ਸਾਨੂੰ ਨਹੀਂ ਮਿਲ ਸਕਿਆ।

ਸੂਬੇ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ, ਮਾਓਵਾਦੀਆਂ ਦੇ ਇਸ ਹਮਲੇ ਨੂੰ ਸਿੱਧਾ ਸਿੱਧਾ ਸਰਕਾਰ ਦੀ ਇੱਛਾ-ਸ਼ਕਤੀ ਨਾਲ ਸਿੱਧਾ ਜੋੜ ਰਹੇ ਹਨ।

ਰਮਨ ਸਿੰਘ ਦਾ ਕਹਿਣਾ ਹੈ, "ਮੁੱਖ ਮੰਤਰੀ ਅਸਾਮ ਚੋਣਾਂ ਵਿੱਚ ਰੁੱਝੇ ਹੋਏ ਹਨ। ਰੋਮ ਜਲ ਰਿਹਾ ਹੈ ਅਤੇ ਨੀਰੋ ਬੰਸਰੀ ਵਜਾਉਣ ਵਿੱਚ ਵਿਅਸਤ ਹੈ। ਰੈਲੀਆਂ ਕੱਢ ਰਹੇ ਹਨ, ਜਲੂਸ ਕੱਢ ਰਹੇ ਹਨ, ਉੱਥੇ ਨੱਚ ਰਹੇ ਹਨ''

''ਕੋਈ ਵੀ ਬਸਤਰ ਵਿੱਚ ਜਾ ਕੇ ਦਿਲਾਸਾ ਦੇਣ ਲਈ ਤਿਆਰ ਨਹੀਂ ... ਇਸ ਸਰਕਾਰ ਵਿੱਚ ਇੱਛਾ ਸ਼ਕਤੀ ਦੀ ਘਾਟ ਨਜ਼ਰ ਆਉਂਦੀ ਹੈ।"

ਹਾਲਾਂਕਿ, ਕਾਂਗਰਸ ਮੀਡੀਆ ਇੰਚਾਰਜ ਸ਼ੈਲੇਸ਼ ਨਿਤਿਨ ਤ੍ਰਿਵੇਦੀ ਮੰਨਦੇ ਹਨ ਕਿ ਰਮਨ ਸਿੰਘ ਸ਼ਹਾਦਤ 'ਤੇ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸ਼ੈਲੇਸ਼ ਨਿਤਿਨ ਤ੍ਰਿਵੇਦੀ ਕਹਿੰਦੇ ਹਨ, "ਛੱਤੀਸਗੜ੍ਹ ਦੇ ਲੋਕ 15 ਸਾਲਾਂ ਦੀ ਕਹਾਣੀ ਭੁੱਲੇ ਨਹੀਂ ਹਨ। ਕਿਸ ਤਰ੍ਹਾਂ ਦੱਖਣੀ ਬਸਤਰ ਦੇ ਤਿੰਨ ਬਲਾਕਾਂ ਵਿੱਚ ਸੀਮਤ ਮਾਓਵਾਦ ਨੇ 14 ਜ਼ਿਲ੍ਹਿਆਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਸੀ?''

''ਡਾ. ਰਮਨ ਸਿੰਘ ਸਿਰਫ਼ ਇਹ ਦੱਸ ਦੇਣ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਆਸਾਮ ਵਿੱਚ ਪ੍ਰਚਾਰ ਕੀਤਾ ਜਾਂ ਨਹੀਂ? "

ਸਿਆਸਤ 'ਚ, ਕਈ ਵਾਰ ਸਵਾਲ ਦਾ ਜਵਾਬ, ਸਵਾਲ ਦੇ ਰੂਪ ਵਿਚ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਮਾਓਵਾਦੀ ਹਿੰਸਾ ਪ੍ਰਸ਼ਨ ਚਿੰਨ੍ਹ ਬਣਕੇ ਸਾਹਮਣੇ ਖੜ੍ਹੀ ਹੈ ਅਤੇ ਇਸਦਾ ਸਹੀ ਜਵਾਬ ਅਜੇ ਤੱਕ ਕਿਤੇ ਨਜ਼ਰ ਨਹੀਂ ਆਉਂਦਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)