ਛੱਤੀਸਗੜ੍ਹ ਹਮਲਾ: ਜਾਣੋ ਬਲਰਾਜ ਸਿੰਘ ਬਾਰੇ ਜਿਸ ਨੇ ਗੋਲੀ ਲੱਗਣ ਦੇ ਬਾਵਜੂਦ ਸਾਥੀ ਜਵਾਨ ਦੀ ਜਾਨ ਬਚਾਈ

  • ਅਲੋਕ ਪ੍ਰਕਾਸ਼ ਪੁਤੂਲ
  • ਰਾਏਪੁਰ ਤੋਂ ਬੀਬੀਸੀ ਹਿੰਦੀ ਲਈ
ਛੱਤੀਸਗੜ੍ਹ ਨਕਸਲੀ ਹਮਲਾ

ਤਸਵੀਰ ਸਰੋਤ, Alok/bbc

ਤਸਵੀਰ ਕੈਪਸ਼ਨ,

ਸੀਆਰਪੀਐਫ ਦੀ ਕੋਬਰਾ ਬਟਾਲੀਅਨ ਦੇ ਜਵਾਨ ਬਲਰਾਜ ਸਿੰਘ ਦੀ ਬਹਾਦਰੀ ਦੇ ਚਰਚੇ ਹਰ ਪਾਸੇ ਹੋ ਰਹੇ ਹਨ

"ਐਸ ਆਈ ਸਾਹਿਬ ਸੀ ਸਾਡੇ। ਗ੍ਰਨੇਡ ਉਨ੍ਹਾਂ ਦੇ ਕੋਲ ਆ ਕੇ ਡਿੱਗ ਪਿਆ ਅਤੇ ਛੱਰਾ ਉਨ੍ਹਾਂ ਦੇ ਪੈਰਾਂ 'ਤੇ ਲੱਗ ਗਿਆ। ਉਨ੍ਹਾਂ ਦੇ ਪੈਰਾਂ ਤੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਅਤੇ ਉਹ ਦਰਦ ਨਾਲ ਚੀਕ ਰਹੇ ਸਨ ਕਿ ਕੋਈ ਉਨ੍ਹਾਂ ਦੇ ਜਲਦੀ ਪੱਟੀ ਬੰਨ੍ਹੇ।"

"ਕੁਝ ਕਰੋ ਤਾਂ ਕਿ ਖੂਨ ਵਗਣਾ ਬੰਦ ਹੋ ਜਾਵੇ। ਉਹ ਫਸਟ ਏਡ ਨੂੰ ਬੁਲਾ ਰਹੇ ਸਨ ਪਰ ਫਸਟ ਏਡ ਦੇ ਐੱਸਟੀਐਫ ਦੇ ਜਵਾਨ ਪਹਿਲਾਂ ਹੀ ਜ਼ਖਮੀ ਹੋ ਗਏ ਸਨ। ਉਨ੍ਹਾਂ ਦੀ ਮੱਲ੍ਹਮ ਪੱਟੀ ਕੀਤੀ ਜਾ ਰਹੀ ਸੀ। ਉਹ ਦਰਦ ਨਾਲ ਕਰਾਹ ਰਹੇ ਸਨ, ਇਸ ਲਈ ਮੈਂ ਆਪਣੀ ਪੱਗ ਫਾੜੀ ਅਤੇ ਉਨ੍ਹਾਂ ਦੇ ਪੈਰਾਂ 'ਤੇ ਬੰਨ੍ਹ ਦਿੱਤੀ।"

ਸੀਆਰਪੀਐਫ ਦੀ ਕੋਬਰਾ ਬਟਾਲੀਅਨ ਦੇ ਜਵਾਨ ਬਲਰਾਜ ਸਿੰਘ ਦੀਆਂ ਨਜ਼ਰਾਂ ਵਿੱਚ ਬੀਜਾਪੁਰ ਵਿੱਚ ਸ਼ਨੀਵਾਰ ਨੂੰ ਹੋਏ ਮਾਓਵਾਦੀ ਹਮਲੇ ਦੀਆਂ ਸਾਰੀਆਂ ਤਸਵੀਰਾਂ ਇਕਸਾਰ ਘੁੰਮ ਜਾਂਦੀਆਂ ਹਨ।

ਇਹ ਵੀ ਪੜ੍ਹੋ

ਬੀਜਾਪੁਰ ਦੇ ਤਰੈਮ ਵਿਖੇ ਹੋਏ ਇਸ ਮਾਓਵਾਦੀ ਹਮਲੇ ਵਿੱਚ 22 ਜਵਾਨ ਮਾਰੇ ਗਏ ਸਨ। ਇਸ ਤੋਂ ਇਲਾਵਾ 31 ਜ਼ਖਮੀ ਫੌਜੀਆਂ ਨੂੰ ਬੀਜਾਪੁਰ ਅਤੇ ਰਾਏਪੁਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਬਲਰਾਜ ਸਿੰਘ ਇਨ੍ਹਾਂ ਜ਼ਖਮੀ ਫੌਜੀਆਂ ਵਿੱਚੋਂ ਇੱਕ ਹਨ।

ਵੀਡੀਓ ਕੈਪਸ਼ਨ,

ਛੱਤੀਗੜ੍ਹ ਨਕਸਲੀ ਹਿੰਸਾ ਵੇਲੇ CRPF ਜਵਾਨ ਬਲਰਾਜ ਸਿੰਘ ਨੇ ਕੀ ਕੀ ਦੇਖਿਆ

ਰਾਏਪੁਰ ਦੇ ਰਾਮਕ੍ਰਿਸ਼ਨ ਹਸਪਤਾਲ ਵਿੱਚ ਦਾਖ਼ਲ ਬਲਰਾਜ ਸਿੰਘ ਦੇ ਪੇਟ ਵਿੱਚ ਗੋਲੀ ਲੱਗੀ ਸੀ। ਪਰ ਹੁਣ ਉਹ ਇਲਾਜ ਤੋਂ ਬਾਅਦ ਖ਼ਤਰੇ ਤੋਂ ਬਾਹਰ ਹਨ। ਉਨ੍ਹਾਂ ਦੀ ਬਹਾਦਰੀ ਦੀਆਂ ਚਰਚਾਵਾਂ ਹਰ ਥਾਂ ਹਨ।

ਰਾਜ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਪੁਲਿਸ ਆਰ ਕੇ ਵਿਜ ਹਸਪਤਾਲ ਪਹੁੰਚੇ ਅਤੇ ਬਲਰਾਮ ਨੂੰ ਇੱਕ ਦਸਤਾਰ ਭੇਟ ਕੀਤੀ।

ਪੰਜਾਬ ਦੇ ਤਰਨਤਾਰਨ ਤੋਂ ਖਡੂਰ ਸਾਹਿਬ ਸੜਕ 'ਤੇ ਲਗਭਗ ਸਾਡੇ ਪੰਜ ਕਿਲੋਮੀਟਰ ਦੀ ਦੂਰੀ 'ਤੇ ਕਲੇਰ ਪਿੰਡ ਹੈ। ਬਲਰਾਜ ਸਿੰਘ ਇਸ ਪਿੰਡ ਦੇ ਵਸਨੀਕ ਹਨ।

ਗ੍ਰੈਜੂਏਟ ਦੀ ਪੜ੍ਹਾਈ ਕਰ ਚੁੱਕੇ ਬਲਰਾਜ ਸਿੰਘ ਅਕਤੂਬਰ 2014 ਵਿੱਚ ਸੀਆਰਪੀਐਫ ਵਿੱਚ ਭਰਤੀ ਹੋਏ ਸੀ ਅਤੇ ਉਹ ਅਸਾਮ ਵਿੱਚ ਤਾਇਨਾਤ ਹਨ।

ਬਲਰਾਜ ਦੇ ਪਰਿਵਾਰ ਵਿੱਚ ਤਿੰਨ ਵੱਡੀਆਂ ਭੈਣਾਂ ਹਨ, ਜੋ ਵਿਆਹਿਆ ਹੋਈਆਂ ਹਨ। ਪਿਤਾ ਪਹਿਲਾਂ ਦੁਬਈ ਵਿੱਚ ਕੰਮ ਕਰਦੇ ਸੀ, ਹੁਣ ਪਿੰਡ ਵਿੱਚ ਖੇਤੀ ਕਰਦੇ ਹਨ।

ਬਲਰਾਜ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸੀ। ਉਹ ਕਹਿੰਦੇ ਹਨ, "ਸਾਡੇ ਤਰਨਤਾਰਨ ਵਿੱਚ ਨੌਜਵਾਨਾਂ ਦਾ ਸੁਪਨਾ ਹੁੰਦਾ ਹੈ ਵਰਦੀ। ਫੌਜ ਵਿੱਚ ਜਾਂ ਸੀਆਰਪੀਐਫ ਜਾਂ ਬੀਐਸਐਫ ਵਿੱਚ। ਤੁਸੀਂ ਜਿੱਥੇ ਵੀ ਹੋ, ਵਰਦੀ ਪਾਓਣੀ ਹੈ। ਅੱਜ ਵੀ ਇਹ ਪਹਿਲੀ ਪਸੰਦ ਹੈ।"

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਬੀਜਾਪੁਰ ਦੇ ਤਰੈਮ ਵਿਖੇ ਹੋਏ ਇਸ ਮਾਓਵਾਦੀ ਹਮਲੇ ਵਿੱਚ 22 ਜਵਾਨ ਮਾਰੇ ਗਏ ਸਨ ਅਤੇ 31 ਜ਼ਖਮੀ ਫੌਜੀ ਹਸਪਤਾਲਾਂ ਵਿੱਚ ਦਾਖ਼ਲ ਹਨ

ਮੁਕਾਬਲੇ ਦੀ ਕਹਾਣੀ

ਬਲਰਾਜ ਸਿੰਘ ਦੇ ਮਾਤਾ ਪਿਤਾ ਅਤੇ ਉਨ੍ਹਾਂ ਦੀ ਪਤਨੀ ਅਜੇ ਵੀ ਪਿੰਡ ਵਿੱਚ ਹਨ ਅਤੇ ਬੀਜਾਪੁਰ ਵਿੱਚ ਮੁਕਾਬਲੇ ਤੋਂ ਬਾਅਦ ਬਲਰਾਜ ਉਨ੍ਹਾਂ ਨੂੰ ਹਰ ਰੋਜ਼ ਦੱਸਦੇ ਰਹਿੰਦੇ ਹਨ ਕਿ ਉਨ੍ਹਾਂ ਦੀ ਸਿਹਤ ਹੁਣ ਕਿਵੇਂ ਹੈ।

ਪਰ ਖ਼ੈਰਿਅਤ ਜਾਣਨ ਤੋਂ ਬਾਅਦ, ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਵਿੱਚ ਵਧੇਰੇ ਦਿਲਚਸਪੀ ਇਸ ਗੱਲ ਦੀ ਹੈ ਕਿ ਬੀਜਾਪੁਰ ਵਿੱਚ ਉਸ ਦਿਨ ਕੀ ਹੋਇਆ ਸੀ?

ਪੇਟ ਵਿੱਚ ਬੁਲੇਟ ਦੇ ਜ਼ਖ਼ਮ ਹਾਲੇ ਵੀ ਹਰੇ ਹਨ, ਇਸ ਲਈ ਮੁਸਕਰਾਉਣ ਦੀ ਕੋਸ਼ਿਸ਼ ਵਿੱਚ ਵੀ ਬਲਰਾਜ ਸਿੰਘ ਦੇ ਚਿਹਰੇ 'ਤੇ ਦਰਦ ਉਭਰ ਆਉਂਦਾ ਹੈ।

ਉਹ ਕਹਿੰਦੇ ਹਨ, "ਮੈਂ ਠੀਕ ਹਾਂ। ਮੇਰੀ ਸਿਹਤ ਠੀਕ ਹੈ। ਗੋਲੀ ਛੋਹ ਕੇ ਨਿਕਲ ਗਈ, ਬਸ ਹੌਲੀ ਹੌਲੀ ਠੀਕ ਹੋ ਰਿਹਾ ਹਾਂ ਅਤੇ ਮੈਂ ਤੰਦਰੁਸਤ ਹਾਂ।"

ਸ਼ਨੀਵਾਰ ਨੂੰ, ਮਾਓਵਾਦੀਆਂ ਨਾਲ ਮੁਕਾਬਲੇ ਦਾ ਵਰਣਨ ਕਰਦੇ ਹੋਏ ਉਨ੍ਹਾਂ ਦੀਆਂ ਅੱਖਾਂ ਚਮਕਣ ਲੱਗਦੀਆਂ ਹਨ।

ਉਹ ਦੱਸਦੇ ਹਨ ਕਿ ਸ਼ੁੱਕਰਵਾਰ ਨੂੰ ਸੀਆਰਪੀਐਫ ਦੀ ਟੀਮ ਬਾਂਸਗੁਡਾ ਕੈਂਪ ਤੋਂ ਰਾਤ 9 ਵਜੇ ਦੇ ਕਰੀਬ ਤਰੈਮ ਥਾਣੇ ਲਈ ਰਵਾਨਾ ਹੋਈ। ਡੇਰੇ ਅਤੇ ਪੁਲਿਸ ਸਟੇਸ਼ਨ ਦਰਮਿਆਨ ਲਗਭਗ 12-13 ਕਿਲੋਮੀਟਰ ਦੀ ਦੂਰੀ ਹੈ।

ਬਲਰਾਜ ਕਹਿੰਦੇ ਹਨ, "ਸਾਡਾ ਅਪ੍ਰੇਸ਼ਨ ਉਥੇ ਡੇਢ ਵਜੇ ਦੇ ਕਰੀਬ ਸ਼ੁਰੂ ਹੋਇਆ ਸੀ। ਸਾਰੀ ਰਾਤ ਤੁਰਨ ਤੋਂ ਬਾਅਦ, ਸਾਡੀ ਪਾਰਟੀ ਉਦੋਂ ਰੁਕੀ ਜਦੋਂ ਅਸੀਂ ਨਿਸ਼ਚਿਤ ਨਿਸ਼ਾਨੇ ਦੀ ਭਾਲ ਕਰਦਿਆਂ ਵਾਪਸ ਆ ਰਹੇ ਸੀ। ਕੁਝ ਦੇਰ ਲਈ ਇੱਕ ਪਹਾੜੀ ਉੱਤੇ ਅਸੀਂ ਰੁਕੇ।"

"ਉਸ ਰਾਤ ਸੀਆਰਪੀਐਫ, ਜ਼ਿਲ੍ਹਾ ਰਿਜ਼ਰਵ ਗਾਰਡ, ਵਿਸ਼ੇਸ਼ ਟਾਸਕ ਫੋਰਸ ਅਤੇ ਕੋਬਰਾ ਬਟਾਲੀਅਨ ਦੇ 2059 ਜਵਾਨ ਮਾਓਵਾਦੀਆਂ ਵਿਰੁੱਧ ਕਾਰਵਾਈ ਲਈ ਤਾਇਨਾਤ ਕੀਤੇ ਗਏ ਸਨ। ਇਸ ਅਭਿਆਨ ਵਿੱਚ ਜਿਨ੍ਹਾਂ ਇਲਾਕਿਆਂ ਦੀ ਭਾਲ ਕੀਤੀ ਗਈ ਸੀ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਮਿਲਿਆ।"

"ਇਸ ਤੋਂ ਬਾਅਦ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਯਕੀਨ ਹੋ ਗਿਆ ਕਿ ਆਸ ਪਾਸ ਕਿਤੇ ਕੋਈ ਮਾਓਵਾਦੀ ਨਹੀਂ ਹਨ। ਇਸ ਤਰ੍ਹਾਂ, ਆਪ੍ਰੇਸ਼ਨ ਖਤਮ ਹੋ ਗਿਆ ਸੀ ਅਤੇ ਰਾਤ ਭਰ ਦੀ ਥੱਕੀ ਹੋਈ ਟੀਮ ਵਾਪਸ ਪਰਤ ਰਹੀ ਸੀ।"

ਸਵੇਰੇ ਕਰੀਬ ਅੱਠ ਵਜੇ ਹੋਣਗੇ ਜਦੋਂ ਜਵਾਨਾਂ ਦੀ ਇੱਕ ਟੁਕੜੀ ਦੋ-ਤਿੰਨ ਹਿੱਸਿਆਂ ਵਿੱਚ ਵੰਡ ਕੇ ਕੁਝ ਦੇਰ ਲਈ ਜੋਨਾਗੁਡਾ ਦੀ ਪਹਾੜੀ ਨੇੜੇ ਠਹਿਰੀ ਸੀ।

ਬਲਰਾਜ ਦੱਸਦੇ ਹਨ ਕਿ ਉਸੇ ਸਮੇਂ ਐਸਪੀ ਨੇ ਟੀਮ ਲੀਡਰ ਨੂੰ ਸੁਨੇਹਾ ਭੇਜਿਆ ਕਿ ਨਕਸਲੀਆਂ ਦੀ ਇੱਕ ਵੱਡੀ ਟੀਮ ਤੁਹਾਡੇ ਆਸ ਪਾਸ ਘੁੰਮ ਰਹੀ ਹੈ, ਤੁਸੀਂ ਸਾਵਧਾਨ ਹੋ ਜਾਵੋ।

ਰਾਤ ਭਰ ਭਟਕਣ ਤੋਂ ਬਾਅਦ, ਜਵਾਨਾਂ ਨੂੰ ਆਰਾਮ ਕਰਨ ਅਤੇ ਬਿਸਕੁਟ ਤੱਕ ਖਾਣ ਦਾ ਸਮਾਂ ਨਹੀਂ ਮਿਲਿਆ।

ਇਹ ਵੀ ਪੜ੍ਹੋ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਅਤੇ ਪੇਟ ਨੂੰ ਚੀਰਦੀ ਗੋਲੀ ਨਿਕਲ ਗਈ

ਟੀਮ ਨੇ ਤੁਰੰਤ ਇੱਕ ਚੌਤਰਫ਼ਾ ਸੁਰਖਿਆ ਘੇਰਾ ਬਣਾਇਆ ਅਤੇ ਟੇਕਰੀ ਦੇ ਆਲੇ ਦੁਆਲੇ ਗੋਲਾ ਬਣਾ ਕੇ ਪੁਜ਼ੀਸ਼ਨਾਂ ਲਈਆਂ। ਇਹ ਸਭ ਕਰਦੇ ਸਮੇਂ, ਸੁਰੱਖਿਆ ਬਲ ਦੇ ਜਵਾਨਾਂ ਨੂੰ ਬਹੁਤ ਸਾਰੇ ਹੋਰ ਲੋਕ ਵੀ ਨਜ਼ਰ ਆਏ, ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਆਮ ਲੋਕ ਸਨ ਅਤੇ ਉਹ ਨਿਹੱਥੇ ਸਨ। ਇਸ ਲਈ, ਸੁਰੱਖਿਆ ਬਲਾਂ ਦੀ ਟੀਮ ਨੇ ਉਨ੍ਹਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ।

ਬਲਰਾਜ ਕਹਿੰਦੇ ਹਨ, "ਉਸੇ ਵਕਤ ਸਾਡੇ ਉੱਤੇ ਪਹਾੜੀਆਂ ਤੋਂ ਹਮਲਾ ਸ਼ੁਰੂ ਹੋ ਗਿਆ। ਜੋ ਵੀ ਉਹਨਾਂ ਨੇ ਇੰਪ੍ਰੋਵਾਈਜ਼ਡ ਬੰਬ ਬਣਾ ਰੱਖੇ ਹਨ, ਯੂਬੀਜੂਐੱਲ, ਮੋਰਟਾਰ-, ਉਹਨਾਂ ਨੇ ਇਸ ਨਾਲ ਹਮਲਾ ਕਰ ਦਿੱਤਾ।"

"ਸਾਡੇ ਬਹੁਤ ਸਾਰੇ ਸੈਨਿਕ ਇਸ ਵਿੱਚ ਜ਼ਖਮੀ ਹੋਏ ਅਤੇ ਇੱਕ-ਦੋ ਵਿਅਕਤੀਆਂ ਦੀ ਮੌਤ ਵੀ ਹੋ ਗਈ। ਉਸ ਤੋਂ ਬਾਅਦ, ਟੇਕਰੀ ਛੱਡ ਕੇ, ਅਸੀਂ ਮੈਦਾਨ ਵੱਲ ਆ ਗਏ।"

ਬਲਰਾਜ ਅਤੇ ਉਨ੍ਹਾਂ ਦੇ ਸਾਥੀ ਗੋਲੀਆਂ ਵਰਸਾਉਂਦੇ ਹੋਏ ਅੱਗੇ ਜਾ ਰਹੇ ਸਨ, ਪਰ ਇਹ ਇੰਨਾ ਸੌਖਾ ਨਹੀਂ ਸੀ। ਜਦੋਂ ਫਾਇਰਿੰਗ ਬਾਹਰੋਂ ਹੋਈ ਤਾਂ ਪਹਿਲਾਂ ਐਸਟੀਐਫ ਦੇ ਜਵਾਨ ਉਨ੍ਹਾਂ ਨੂੰ ਖਦੇੜਨ ਚਲੇ ਗਏ। ਕੋਬਰਾ ਬਟਾਲੀਅਨ ਵੀ ਉਨ੍ਹਾਂ ਦੇ ਪਿੱਛੇ ਚਲੀ ਗਈ ਅਤੇ ਜਵਾਨ ਮਾਓਵਾਦੀਆਂ 'ਤੇ ਹਾਵੀ ਹੋ ਗਏ।"

"ਉਹ ਗੋਲੀਆਂ ਚਲਾਉਂਦੇ ਹੋਏ ਚਲ ਰਹੇ ਸਨ ਜਦੋਂ ਸਾਹਮਣੇ ਵਾਲੇ ਐਸਟੀਐਫ ਦੇ ਜਵਾਨ ਨੂੰ ਗੋਲੀ ਮਾਰ ਦਿੱਤੀ ਗਈ।"

ਇਸ ਤੋਂ ਬਾਅਦ ਬਲਰਾਜ ਆਪਣੀ ਸਥਿਤੀ ਸੰਭਾਲਣ ਲਈ ਇੱਕ ਦਰੱਖਤ ਵੱਲ ਭੱਜੇ ਪਰ ਉਸ ਸਮੇਂ ਇੱਕ ਗੋਲੀ ਉਨ੍ਹਾਂ ਦੇ ਪੇਟ ਨੂੰ ਚੀਰਦੀ ਹੋਈ ਨਿਕਲ ਗਈ ਸੀ।

ਇਸ ਦੌਰਾਨ ਨੰਬਰ ਇੱਕ ਦੀ ਟੀਮ ਦੇ ਵਿਜੇ ਅਤੇ ਨੀਰਜ ਕਟਿਆਰ ਨੇ ਬਲਰਾਜ ਨੂੰ ਸੰਭਾਲਿਆ।

ਬਲਰਾਜ ਸਿੰਘ ਕਹਿੰਦੇ ਹਨ, "ਜਦੋਂ ਅਸੀਂ ਟੇਕਲਗੁੜਾ ਪਿੰਡ ਪਹੁੰਚੇ ਤਾਂ ਮੈਂ ਵੀ ਜ਼ਖਮੀ ਹੋ ਗਿਆ ਸੀ। ਮੇਰੇ ਪੇਟ ਵਿੱਚ ਗੋਲੀ ਲੱਗੀ ਸੀ। ਬਾਕੀ ਦੇ ਜਵਾਨ ਜੋ ਠੀਕ ਸਨ, ਲੜਨ ਦੀ ਸਥਿਤੀ ਵਿੱਚ ਸਨ, ਉਨ੍ਹਾਂ ਨੇ ਬਾੱਕਸ ਦਾ ਫਾਰਮੈਟ ਬਣਾਇਆ ਅਤੇ ਜ਼ਖਮੀ ਲੋਕਾਂ ਨੂੰ ਲੈ ਗਏ।"

"ਉਹ ਜਿਹੜੇ ਚੱਲਣ ਦੀ ਸਥਿਤੀ ਵਿੱਚ ਨਹੀਂ ਸਨ, ਉਨ੍ਹਾਂ ਨੂੰ ਚਾਰਪਾਈ ਜਾਂ ਉਨ੍ਹਾਂ ਕੋਲ ਜੋ ਵੀ ਸੀ, ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਹੈਲੀਕਾਪਟਰ ਵੱਲ ਲੈ ਗਏ। "

ਜਿਹੜੇ ਜਵਾਨ ਠੀਕ-ਠਾਕ ਸੀ, ਉਨ੍ਹਾਂ ਦਾ ਸਾਰਾ ਧਿਆਨ ਜ਼ਖਮੀ ਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਡਣ ਵੱਲ ਸੀ।

ਤਸਵੀਰ ਸਰੋਤ, Alok/bbc

ਤਸਵੀਰ ਕੈਪਸ਼ਨ,

ਬਲਰਾਜ ਸਿੰਘ ਨੇ ਹੌਂਸਲਾ ਨਹੀਂ ਹਾਰਿਆ ਅਤੇ ਆਪਣੇ ਸਾਥੀਆਂ ਨਾਲ ਪੈਦਲ ਤੁਰਦਿਆਂ ਤਿੰਨ ਕਿਲੋਮੀਟਰ ਦੂਰ ਸਿਲਗੇਰ ਪਹੁੰਚ ਗਏ

ਬਲਰਾਜ ਨੂੰ ਜਿਵੇਂ ਹਰ ਇੱਕ ਦ੍ਰਿਸ਼ ਯਾਦ ਹੈ

ਉਹ ਦੱਸਦੇ ਹਨ ਕਿ ਜਦੋਂ ਉਨ੍ਹਾਂ ਸੋਚਿਆ ਕਿ ਉਹ ਤੁਰ ਸਕਦੇ ਹਨ, ਉਨ੍ਹਾਂ ਨੇ ਸਾਰੇ ਰਸਤੇ ਤੁਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਮੇਰੀ ਚਿੰਤਾ ਨਾ ਕਰਨ, ਤੁਹਾਨੂੰ ਮੁਕਾਬਲਾ ਕਰਨਾ ਚਾਹੀਦਾ ਹੈ ਕਿਉਂਕਿ ਮਾਓਵਾਦੀ ਲਗਾਤਾਰ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ।

ਇਸ ਤੋਂ ਬਾਅਦ, ਹੋਰ ਸਾਥੀਆਂ ਨੇ ਮਾਓਵਾਦੀਆਂ ਦਾ ਸਾਹਮਣਾ ਕੀਤਾ। ਤਦ ਤੱਕ, ਦਿਨ ਢੱਲਣਾ ਸ਼ੁਰੂ ਹੋ ਗਿਆ ਸੀ।

ਬਲਰਾਜ ਸਿੰਘ ਨੇ ਹੌਂਸਲਾ ਨਹੀਂ ਹਾਰਿਆ ਅਤੇ ਆਪਣੇ ਸਾਥੀਆਂ ਨਾਲ ਪੈਦਲ ਤੁਰਦਿਆਂ ਤਿੰਨ ਕਿਲੋਮੀਟਰ ਦੂਰ ਸਿਲਗੇਰ ਪਹੁੰਚ ਗਏ, ਜਿਥੇ ਉਨ੍ਹਾਂ ਨੂੰ ਇਲਾਜ ਲਈ ਭੇਜਿਆ ਗਿਆ।

ਬਲਰਾਜ ਸਿੰਘ ਨੇ ਕਦੇ ਸਿੱਧੇ ਮੁਕਾਬਲੇ ਦਾ ਸਾਹਮਣਾ ਨਹੀਂ ਕੀਤਾ ਸੀ। ਇਹ ਉਨ੍ਹਾਂ ਲਈ ਪਹਿਲਾ ਮੌਕਾ ਹੈ, ਪਰ ਉਹ ਜਲਦੀ ਠੀਕ ਹੋ ਕੇ ਮੈਦਾਨ ਵਿੱਚ ਪਰਤਣਾ ਚਾਹੁੰਦੇ ਹਨ, ਫਿਰ ਮਾਓਵਾਦੀਆਂ ਨਾਲ ਮੁਕਾਬਲਾ ਕਰਨਾ ਚਾਹੁੰਦੇ ਹਨ।

ਪਰ ਇਸਤੋਂ ਪਹਿਲਾਂ ਉਹ ਚਾਹੁੰਦੇ ਹਨ ਕਿ ਜੇ ਸਭ ਕੁਝ ਠੀਕ ਰਿਹਾ ਤਾਂ ਉਹ ਇਸ ਮਹੀਨੇ ਦੇ ਅੰਤ ਵਿੱਚ ਆਪਣਾ ਜਨਮਦਿਨ ਆਪਣੇ ਪਰਿਵਾਰ ਨਾਲ ਮਨਾਉਣ।

ਇਹ ਉਨ੍ਹਾਂ ਦੇ ਜੀਵਨ ਦਾ 28 ਵਾਂ ਜਨਮਦਿਨ ਹੈ ਅਤੇ ਉਹ ਮੌਤ ਨੂੰ ਮਾਤ ਦੇ ਕੇ ਵਾਪਸ ਆਏ ਹਨ, ਇਸ ਅਰਥ ਵਿੱਚ ਇਹ ਉਨ੍ਹਾਂ ਦਾ ਪਹਿਲਾ ਜਨਮਦਿਨ ਵੀ ਹੈ।

'ਸਾਡੇ ਪੁੱਤ ਨੇ ਦੇਸ ਦੀ ਸ਼ਾਨ ਲਈ ਆਪਣੀ ਪੱਗ ਤੱਕ ਲਾਹ ਦਿੱਤੀ'

ਬਲਰਾਜ ਸਿੰਘ ਦਾ ਪਰਿਵਾਰ ਤਰਨ ਤਾਰਨ ਦੇ ਪਿੰਡ ਕਲੇਰ ਵਿੱਚ ਰਹਿੰਦਾ ਹੈ।

ਬਲਰਾਜ ਦੇ ਪਰਿਵਾਰ ਵਿੱਚ ਤਿੰਨ ਵੱਡੀਆਂ ਭੈਣਾਂ ਹਨ, ਜੋ ਵਿਆਹਿਆ ਹੋਈਆਂ ਹਨ। ਪਿਤਾ ਪਹਿਲਾਂ ਦੁਬਈ ਵਿੱਚ ਕੰਮ ਕਰਦੇ ਸੀ, ਹੁਣ ਪਿੰਡ ਵਿੱਚ ਖੇਤੀ ਕਰਦੇ ਹਨ।

ਉਨ੍ਹਾਂ ਨੇ ਆਪਣੇ ਜ਼ਖ਼ਮੀ ਸਾਥੀ ਦੇ ਪੱਗ ਬੰਨ੍ਹ ਕੇ ਜਾਨ ਬਚਾਈ ਪਰ ਪਰਿਵਾਰ ਨੂੰ ਇਸ ਬਾਰੇ ਬਾਅਦ ਵਿੱਚ ਪਤਾ ਲੱਗਿਆ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ।

ਵੀਡੀਓ ਕੈਪਸ਼ਨ,

ਛੱਤੀਸਗੜ੍ਹ ਨਕਸਲ ਹਮਲਾ: ਜਦੋਂ ਬਲਰਾਜ ਸਿੰਘ ਦੇ ਪਰਿਵਾਰ ਨੂੰ ਸਾਥੀ ਦੀ ਜਾਨ ਬਚਾਉਣ ਬਾਰੇ ਪਤਾ ਲੱਗਿਆ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)