ਕੋਰੋਨਾ ਨਾਲ ਜੰਗ ਲੜਦੇ ਡਾਕਟਰ: 'ਲੋਕ ਜਸ਼ਨ ਮਨਾਉਣ ਤੋਂ ਪਹਿਲਾਂ ICU 'ਚ ਕੰਮ ਕਰਨ ਵਾਲਿਆਂ ਬਾਰੇ ਸੋਚਣ'

  • ਵਿਕਾਸ ਪਾਂਡੇ
  • ਬੀਬੀਸੀ ਨਿਊਜ਼
ਕੋਰੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇਸ ਸਾਲ ਜਨਵਰੀ ਵਿੱਚ ਪੂਰੇ ਭਾਰਤ ਵਿੱਚ ਕੋਵਿਡ ਦੇ ਰੋਜ਼ ਆਉਣ ਵਾਲੇ ਮਾਮਲਿਆਂ ਦੀ ਗਿਣਤੀ 20,000 ਤੋਂ ਵੀ ਘੱਟ ਗਈ ਸੀ ਪਰ ਹੁਣ ਹਾਲਾਤ ਫਿਰ ਚਿੰਤਾਜਨਕ ਹਨ

ਇਹ ਜਨਵਰੀ ਦਾ ਮੱਧ ਸੀ ਜਦੋਂ ਡਾ. ਲੈਂਸੇਲੋਟ ਪਿੰਟੂ ਨੂੰ ਅਹਿਸਾਸ ਹੋਇਆ ਕਿ ਕਰੀਬ ਇੱਕ ਸਾਲ ਬਾਅਦ ਉਹ ਆਪਣੇ ਪਰਿਵਾਰ ਨਾਲ ਕੁਝ ਚੰਗਾ ਸਮਾਂ ਬਤੀਤ ਕਰ ਸਕਣਗੇ।

ਪਲਮੋਲੋਜਿਸਟ ਨੇ ਸਾਲ 2020 ਦਾ ਬਹੁਤਾ ਸਮਾਂ ਕੋਵਿਡ-19 ਤੇ ਲਗਾਤਾਰ ਆਉਂਦੇ ਮਾਮਲਿਆਂ ਨਾਲ ਜੱਦੋਜਹਿਦ ਕਰਦਿਆਂ ਆਪਣੇ ਮੁੰਬਈ ਦੇ ਹਸਪਤਾਲ ਵਿੱਚ ਬਿਤਾਇਆ।

ਪਰ ਇਸ ਸਾਲ ਜਨਵਰੀ ਵਿੱਚ ਪੂਰੇ ਭਾਰਤ ਵਿੱਚ ਕੋਵਿਡ ਦੇ ਰੋਜ਼ ਆਉਣ ਵਾਲੇ ਮਾਮਲਿਆਂ ਦੀ ਗਿਣਤੀ 20,000 ਤੋਂ ਵੀ ਘੱਟ ਗਈ ਸੀ, ਜੋ ਕਿ ਸਤੰਬਰ ਮਹੀਨੇ 90,000 ਤੱਕ ਸੀ ਤੇ ਉਹ ਸੁਰੰਗ ਦੇ ਪਾਰ ਕੁਝ ਰੌਸ਼ਨੀ ਦੇਖ ਸਕਦੇ ਹਨ।

ਇਹ ਵੀ ਪੜ੍ਹੋ

ਸਥਿਤੀ ਨੇ ਮਾਰਚ ਮਹੀਨੇ ਹੋਰ ਮਾੜੇ ਹਾਲਾਤ ਵੱਲ ਰੁਖ਼ ਕੀਤਾ ਕਿਉਂਕਿ ਦੇਸ ਵਿੱਚ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧਣੇ ਸ਼ੁਰੂ ਹੋ ਗਏ।

ਅਪ੍ਰੈਲ ਚਾਰ ਨੂੰ ਭਾਰਤ ਵਿੱਚ ਕੋਰੋਨਾ ਦੇ 1,00,000 ਮਾਮਲੇ ਆਏ ਤੇ ਇਹ ਮਹਾਮਾਰੀ ਫ਼ੈਲਣ ਤੋਂ ਬਾਅਦ ਪਹਿਲੀ ਵਾਰ ਇੰਨਾਂ ਵੱਡਾ ਨੰਬਰ ਸੀ।

ਉਨ੍ਹਾਂ ਵਿੱਚੋਂ ਅੱਧ ਤੋਂ ਵੱਧ ਮਾਮਲਿਆਂ ਦੀ ਮਹਾਰਾਸ਼ਟਰ ਵਿੱਚ ਪੁਸ਼ਟੀ ਕੀਤੀ ਗਈ, ਜਿਸ ਵਿੱਚ ਭਾਰਤ ਦੀ ਸਭ ਤੋਂ ਵੱਡੀ ਵਿੱਤੀ ਰਾਜਧਾਨੀ ਮੁੰਬਈ ਹੈ।

ਡਾ. ਪਿੰਟੋ ਦਾ ਫ਼ੋਨ ਕੁਝ ਹੀ ਮਿੰਟਾਂ ਬਾਅਦ ਫ਼ਿਰ ਖ਼ੜਕ ਪੈਂਦਾ ਹੈ, ਜ਼ਿਆਦਾਤਰ ਕੋਵਿਡ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਲਈ ਜੋ ਸਭ ਤੋਂ ਔਖਾ ਹੁੰਦਾ ਹੈ, ਹਸਪਤਾਲ ਵਿੱਚ ਬੈੱਡ ਦੀ ਭਾਲ।

ਉਹ ਕਹਿੰਦੇ ਹਨ, "ਅਸੀਂ ਪਹਿਲਾਂ ਹੀ ਵਧੇਰੇ ਮਰੀਜ਼ਾਂ ਨਾਲ ਚੱਲ ਰਹੇ ਹਾਂ। ਮੇਰੇ ਹਸਪਤਾਲ ਦੇ ਸਾਰੇ ਕੋਵਿਡ-19 ਬੈੱਡ ਭਰੇ ਹੋਏ ਹਨ।"

ਉਹ ਦੱਸਦੇ ਹਨ ਕਿ ਉਹ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਦੇ ਹਨ ਤੇ ਕਹਿੰਦੇ ਹਨ, "ਕਿਉਂਕਿ ਇਹ ਲੋਕਾਂ ਦੀ ਗ਼ਲਤੀ ਨਹੀਂ ਹੈ"।

"ਜਦੋਂ ਪਰਿਵਾਰ ਦੇ ਇੱਕ ਬੀਮਾਰ ਮੈਂਬਰ ਨੂੰ ਬੈੱਡ ਦੀ ਲੋੜ ਹੈ ਤਾਂ ਤੁਸੀਂ ਹਰ ਇੱਕ ਨੂੰ ਫ਼ੋਨ ਕਰੋਗੇ ਜੋ ਵੀ ਮਦਦ ਕਰ ਸਕਦਾ ਹੋਵੇ।"

ਕੋਰੋਨਾ
ਤਸਵੀਰ ਕੈਪਸ਼ਨ,

ਡਾ. ਪਿੰਟੋ ਦਾ ਫ਼ੋਨ ਕੁਝ ਹੀ ਮਿੰਟਾਂ ਬਾਅਦ ਫ਼ਿਰ ਖ਼ੜਕ ਪੈਂਦਾ ਹੈ, ਜ਼ਿਆਦਾਤਰ ਕੋਵਿਡ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਦਾ ਹੁੰਦਾ ਹੈ, ਹਸਪਤਾਲ ਵਿੱਚ ਬੈੱਡ ਦੀ ਭਾਲ 'ਚ

ਮਾਨਸਿਕ ਦਬਾਅ

ਉਹ ਦੱਸਦੇ ਹਨ ਕਿ ਪਿੱਛੇ ਹਸਪਤਾਲ ਵਿੱਚ ਕੰਮ ਕਰ ਰਹੀ ਟੀਮ ਦੂਜੀ ਲਹਿਰ ਲਈ ਸਰੀਰਕ ਤੌਰ 'ਤੇ ਵਧੇਰੇ ਤਿਆਰ ਹੈ।

ਉਨ੍ਹਾਂ ਵਿੱਚੋਂ ਬਹੁਤਿਆਂ ਦੇ ਵੈਕਸੀਨ ਲੱਗ ਚੁੱਕੀ ਹੈ ਅਤੇ ਇਲਾਜ ਦੇ ਪ੍ਰੋਟੋਕੋਲ ਵੀ ਸੋਧੇ ਗਏ ਹਨ।

ਉਹ ਅੱਗੇ ਕਹਿੰਦੇ ਹਨ, "ਪਰ ਕੋਈ ਵੀ ਮਾਨਸਿਕ ਤੌਰ 'ਤੇ ਤਿਆਰ ਨਹੀਂ ਹੈ।"

"ਅਸੀਂ ਉਹ ਹਰ ਚੀਜ਼ ਕਰ ਰਹੇ ਹਾਂ ਜੋ ਕਰ ਸਕਦੇ ਹਾਂ, ਪਰ ਸਾਡੇ ਕੋਲ ਉਹ ਮਾਨਸਿਕ ਤਾਕਤ ਨਹੀਂ ਜੋ ਪਿਛਲੇ ਸਾਲ ਸੀ।"

ਭਾਰਤ ਦੀ ਰਾਜਧਾਨੀ ਦਿੱਲੀ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਦਾ ਨਜ਼ਾਰਾ ਵੀ ਵੱਖਰਾ ਨਹੀਂ ਹੈ।

ਕੋਰੋਨਾ
ਤਸਵੀਰ ਕੈਪਸ਼ਨ,

ਡਾ. ਰੇਸ਼ਮਾ ਤਿਵਾੜੀ ਬਾਸੂ ਦੱਸਦੇ ਹਨ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਦਾਖ਼ਲ ਹੋਣਾ ਹਰ ਰੋਜ਼ ਵੱਧ ਰਿਹਾ ਹੈ

ਦਿੱਲੀ ਤੇ ਹੋਰ ਇਲਾਕਿਆਂ ਦੀ ਵੀ ਇਹੋ ਸਥਿਤੀ ਹੈ

ਗੁਰੂਗ੍ਰਾਮ (ਦਿੱਲੀ ਦਾ ਇੱਕ ਉੱਪਨਗਰ) ਦੇ ਆਰਟੇਮਿਸ ਹਸਪਤਾਲ ਦੇ ਗੰਭੀਰ ਦੇਖਭਾਲ ਵਿਭਾਗ ਦੇ ਮੁਖੀ ਡਾ. ਰੇਸ਼ਮਾ ਤਿਵਾੜੀ ਬਾਸੂ ਦੱਸਦੇ ਹਨ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਦਾਖ਼ਲ ਹੋਣਾ ਹਰ ਰੋਜ਼ ਵੱਧ ਰਿਹਾ ਹੈ।

ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿੱਚ ਰੋਜ਼ਾਨਾ ਔਸਤਨ 35,00 ਤੋਂ ਵੱਧ ਮਾਮਲੇ ਆ ਰਹੇ ਹਨ। ਡਾ. ਬਾਸੂ ਨੇ ਕਿਹਾ, "ਜੋ ਮੁੰਬਈ ਵਿੱਚ ਹੋ ਰਿਹਾ ਹੈ, ਉਹ ਆਖ਼ਰਕਾਰ ਦਿੱਲੀ ਵਿੱਚ ਵੀ ਹੋਵੇਗਾ।"

ਦਿੱਲੀ ਦੇ ਕਈ ਨਿੱਜੀ ਹਸਪਤਾਲ ਪਹਿਲਾਂ ਹੀ ਭਰੇ ਹੋਏ ਹਨ। ਐਤਵਾਰ ਮੇਰੇ ਇੱਕ ਰਿਸ਼ਤੇਦਾਰ ਨੂੰ ਚਾਰ ਨਿੱਜੀ ਹਸਪਤਾਲਾਂ ਵਲੋਂ ਦਾਖ਼ਲ ਕਰਨ ਤੋਂ ਮਨ੍ਹਾਂ ਕੀਤਾ ਗਿਆ। ਉਸ ਨੂੰ ਕਿਹਾ ਗਿਆ ਕਿ ਉੱਥੇ ਕੋਈ ਵੀ ਬੈੱਡ ਖ਼ਾਲੀ ਨਹੀਂ ਹੈ।

ਡਾ. ਬਾਸੂ ਕਹਿੰਦੇ ਹਨ ਕਿ ਇਹ ਵਾਧਾ ਅਣਕਿਆਸਿਆ ਨਹੀਂ, ਪਰ ਉਹ ਇਸ ਨੂੰ ਨਿਰਾਸ਼ਾ ਭਰਿਆ ਲੈਂਦੇ ਹਨ ਜਦੋਂ ਦੇਖਦੇ ਹਨ ਕਿ ਲੋਕ ਭੁੱਲ ਗਏ ਹਨ ਕਿ ਮਹਾਂਮਾਰੀ ਹਾਲੇ ਖ਼ਤਮ ਨਹੀਂ ਹੋਈ।

ਉਹ ਕਹਿੰਦੇ ਹਨ, ਸਿਹਤ ਸੰਭਾਲ ਕਰਮੀ ਹੁਣ ਵੱਧ ਰਹੇ ਮਾਮਲਿਆਂ ਦਾ ਸੇਕ ਜ਼ਰ ਰਹੇ ਹਨ।"

ਦਿੱਲੀ ਵਰਗੇ ਸ਼ਹਿਰਾਂ ਵਿੱਚ ਹਸਪਤਾਲਾਂ ਤੋਂ ਬਾਹਰ ਜ਼ਿੰਦਗੀ ਹਾਲੇ ਵੀ ਆਮ ਵਰਗੀ ਲੱਗਦੀ ਹੈ।

ਰੈਸਟੋਰੈਂਟ ਅਤੇ ਨਾਈਟ ਕਲੱਬ ਭਰੇ ਹੋਏ ਹਨ, ਬਜ਼ਾਰ ਖੁੱਲ੍ਹੇ ਹਨ ਤੇ ਭੀੜ ਨਾਲ ਭਰੇ ਹਨ- ਕੁਝ ਲੋਕ ਸੁਰੱਖਿਆ ਪ੍ਰੋਟੋਕੋਲ ਦਾ ਪਾਲਣ ਕਰਦੇ ਹਨ ਜਿਵੇਂ ਕਿ ਸਮਾਜਿਕ ਦੂਰੀ ਬਣਾਈ ਰੱਖਣਾ ਜਾਂ ਮਾਸਕ ਪਹਿਨੀ ਰੱਖਣਾ।

ਕੋਰੋਨਾ
ਤਸਵੀਰ ਕੈਪਸ਼ਨ,

ਮਹਿੰਦੀ ਰੱਤਾ ਹਸਪਤਾਲ ਦੇ ਗੰਭੀਰ ਦੇਖਭਾਲ ਵਿਭਾਗ ਦੇ ਚੇਅਰਮੈਨ ਡਾ. ਯਤਿਨ ਮਹਿਤਾ ਆਪਣੀ ਪਤਨੀ ਨਾਲ

ਭਾਰਤ ਨੇ ਗੁਵਾਇਆ ਮੌਕਾ

ਮਹਿੰਦੀ ਰੱਤਾ ਹਸਪਤਾਲ ਦੇ ਗੰਭੀਰ ਦੇਖਭਾਲ ਵਿਭਾਗ ਦੇ ਚੇਅਰਮੈਨ ਡਾ. ਯਤਿਨ ਮਹਿਤਾ ਨੂੰ ਇਹ ਸਭ ਗੁੱਸਾ ਚੜ੍ਹਾਉਂਦਾ ਹੈ। ਉਹ ਕਹਿੰਦੇ ਹਨ ਕਿ ਭਾਰਤ ਨੇ ਇਸ ਕੋਲ ਜਨਫ਼ਰੀ ਤੇ ਮਾਰਚ ਵਿੱਚ ਜਿਹੜੇ ਮੌਕੇ ਦੀ ਸੰਭਾਵਨਾ ਸੀ, ਉਸ ਨੂੰ ਗਵਾ ਦਿੱਤਾ।

ਉਹ ਕਹਿੰਦੇ ਹਨ, ਸਾਨੂੰ ਖ਼ਾਲੀ ਸਮੇਂ ਨੂੰ ਸੁਰੱਖਿਆ ਪ੍ਰੋਟੋਕੋਲ ਨੂੰ ਮਜ਼ਬੂਤ ਕਰਨ ਲਈ ਇਸਤੇਮਾਲ ਕਰਨਾ ਚਾਹੀਦਾ ਸੀ, ਟੈਸਟਿੰਗ ਅਤੇ ਟਰੇਸਿੰਗ ਅਤੇ ਟੀਕਾਕਰਣ ਵੀ ਵਧਾਉਣਾ ਚਾਹੀਦਾ ਸੀ।"

ਪਰ ਅਜਿਹਾ ਹੋਇਆ ਨਹੀਂ ਤੇ ਹੁਣ ਅਸੀਂ ਉਸ ਨੂੰ ਘੂਰ ਰਹੇ ਹਾਂ ਜਿਸ ਨੂੰ ਮਾਹਰ ਮਾਰੂ ਦੂਜੀ ਲਹਿਰ ਕਹਿੰਦੇ ਹਨ।

ਫ਼ਰਵਰੀ ਤੋਂ ਪਹਿਲਾਂ ਡਾ. ਮਹਿਤਾ ਵੀ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾ ਸਕਦੇ ਸਨ। ਉਨ੍ਹਾਂ ਨੇ ਆਪਣੀ ਪਤਨੀ, ਦੋ ਬੇਟਿਆਂ ਅਤੇ ਨੂੰਹ ਨਾਲ ਕੀਮਤੀ ਸਮਾਂ ਮਾਣਿਆ। ਪਰ ਹੁਣ ਉਨ੍ਹਾਂ ਦਾ ਫ਼ੋਨ ਲਗਾਤਾਰ ਵੱਜਦਾ ਰਹਿੰਦਾ ਹੈ, ਸਾਡੇ ਨਾਲ ਇੰਟਰਵਿਊ ਦੌਰਾਨ ਵੀ ਉਨ੍ਹਾਂ ਨੂੰ ਕਈ ਫ਼ੋਨ ਕਾਲਾਂ ਦੇ ਜਵਾਬ ਦੇਣੇ ਪਏ।

ਉਹ ਕਹਿੰਦੇ ਹਨ ਕਿ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿਹਤ ਸੰਭਾਲ ਕਾਮੇ "ਥੱਕੇ ਹੋਏ ਹਨ ਅਤੇ ਉਹ ਆਪਣੀ ਸਮਰੱਥਾ ਦੀ ਹੱਦ ਤੱਕ ਖਿੱਚੇ ਹੋਏ ਹਨ"।

ਉਹ ਕਹਿੰਦੇ ਹਨ, "ਮੈਨੂੰ ਪੱਕਾ ਨਹੀਂ ਪਤਾ ਅਸੀਂ ਇਸ ਤਰ੍ਹਾਂ ਕਿੰਨੀ ਦੇਰ ਚਲਾ ਸਕਾਂਗੇ। ਅਸੀਂ ਉਹ ਸਭ ਕੀਤਾ ਜੋ ਕਰ ਸਕਦੇ ਸੀ, ਪਰ ਦੂਜੀ ਲਹਿਰ ਸਾਡੇ ਸਬਰ ਦੀਆਂ ਹੱਦਾਂ ਨੂੰ ਇਸਦੇ ਅੰਤਲੇ ਪੱਧਰ ਤੱਕ ਪਰਖ਼ਣ ਵਾਲੀ ਹੈ।"

ਤੇ ਇਹ ਮਹਿਜ਼ ਸਰੀਰਕ ਥਕਾਵਟ ਬਾਰੇ ਨਹੀਂ ਹੈ। ਡਾ. ਮਹਿਤਾ ਵੀ ਦੇਸ ਭਰ ਵਿੱਚ ਆਪਣੇ ਸਹਿਕਰਮੀਆਂ ਦੀ ਮਾਨਸਿਕ ਸਿਹਤ ਲਈ ਚਿੰਤਤ ਹਨ।

ਉਹ ਕਹਿੰਦੇ ਹਨ, "ਤੁਸੀਂ ਜਿਹੜੀ ਵੀ ਨੌਕਰੀ ਕਰਦੇ ਸੋ, ਜ਼ਰਾ ਸੋਚੋ ਉਸ ਨੂੰ ਹਫ਼ਤੇ ਦੇ ਸੱਤੋ ਦਿਨ, 24 ਘੰਟੇ ਕਰਨਾ ਤੇ ਤੁਸੀਂ ਜਿਸ ਦੇ ਆਦੀ ਹੋ ਉਸ ਤੋਂ 100 ਦਰਜੇ ਵਧੇਰੇ ਬਾਅਦ ਵਿੱਚ-ਬਿਲਕੁਲ ਇਸੇ ਤਰ੍ਹਾਂ ਹਰ ਡਾਕਟਰ, ਨਰਸ ਤੇ ਸਿਹਤ ਸੰਭਾਲ ਕਾਮਾ ਕਿਸੇ ਵੀ ਹੱਦ ਸਥਿਤੀ ਵਿੱਚ ਕਰਦਾ ਹੈ।

ਇਹ ਵੀ ਪੜ੍ਹੋ

ਡਾਕਟਰਾਂ ਦੀ ਸਥਿਤੀ ਸਮਝਣ ਦੀ ਲੋੜ

ਹੋਰ ਡਾਕਟਰ ਵੀ ਇਸ ਗੱਲ ਨਾਲ ਸਹਿਮਤ ਹੁੰਦੇ ਹਨ ਕਿ ਨੀਤੀ ਘੜਨ ਵਾਲਿਆਂ ਨੂੰ ਸਿਹਤ ਸੰਭਾਲ ਪੇਸ਼ੇਵਰਾਂ ਦੀ ਮਾਨਸਿਕ ਸੰਭਾਲ ਵਲੋਂ ਚਿੰਤਤ ਹੋਣਾ ਚਾਹੀਦਾ ਹੈ।

ਡਾ. ਬਾਸੂ ਕਹਿੰਦੇ ਹਨ, "ਥਕਾਵਟ, ਸਦਮਾ ਅਤੇ ਮੈਂਟਲ ਹੈਲਥ ਅਜਿਹੇ ਮੁੱਦੇ ਹਨ, ਜਿਨ੍ਹਾਂ ਬਾਰੇ ਗੱਲ ਕਰਨ ਦੀ ਹਾਲ ਦੀ ਘੜੀ ਡਾਕਟਰਾਂ ਨੂੰ ਆਜ਼ਾਦੀ ਨਹੀਂ।"

"ਸਾਨੂੰ ਬੱਸ ਸਿੱਧੇ ਇਸ ਵਿੱਚ ਛਾਲ ਮਾਰਨੀ ਪਵੇਗੀ ਤੇ ਮਹਾਂਮਾਰੀ ਨਾਲ ਨਜਿੱਠਣਾ ਪਵੇਗਾ। ਪਰ ਇਸ ਦਾ ਅਰਥ ਇਹ ਨਹੀਂ ਕਿ ਸਾਨੂੰ ਸਮੱਸਿਆਵਾਂ ਨਹੀਂ ਹਨ।"

ਬਹੁਤ ਸਾਰੇ ਮੈਡੀਕਲ ਮਾਹਰ ਕਹਿੰਦੇ ਹਨ ਕਿ ਮੌਜੂਦਾ ਵਾਧਾ ਵਧੇਰੇ ਮਾਰੂ ਹੈ ਕਿਉਂਕਿ ਹਾਲੇ ਕੋਈ ਅੰਤ ਨਜ਼ਰ ਨਹੀਂ ਆਉਂਦਾ।

ਡਾ. ਪਿੰਟੋ ਕਹਿੰਦੇ ਹਨ ਕਿ ਮਹਾਂਮਾਰੀ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਡਰ ਸੀ, ਪਰ ਹੌਲੀ ਹੌਲੀ ਇਹ ਕਿਤੇ ਚਲਾ ਗਿਆ ਕਿਉਂਕਿ ਧਿਆਨ ਨੰਬਰ ਘਟਾਉਣ 'ਤੇ ਕੇਂਦਰਿਤ ਹੋ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਟੀਕਾਕਰਣ ਤੋਂ ਆਸ

ਨਵੰਬਰ ਮਹੀਨੇ ਵੀ ਇੱਕ ਕੋਰੋਨਾ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਸੀ ਪਰ ਕਈ ਵੈਕਸੀਨ ਬੱਸ ਤਿਆਰ ਹੋਣ ਹੀ ਵਾਲੀਆਂ ਸਨ ਤੇ ਹੈਲਥਕੇਅਰ ਵਰਕਰਜ਼ ਨੇ ਮਹਿਸੂਸ ਕੀਤਾ ਕਿ ਇਹ ਸਭ ਬਸ ਮੁੱਕਣ ਹੀ ਵਾਲਾ ਹੈ। ਹੁਣ ਇਸ ਮੌਜੂਦਾ ਵਾਧੇ ਨੇ ਉਨ੍ਹਾਂ ਆਸਾਂ ਨੂੰ ਮੱਧਮ ਕਰ ਦਿੱਤਾ ਹੈ।

ਡਾ. ਪਿੰਟੋ ਕਹਿੰਦੇ ਹਨ, "ਇਹ ਇੱਕ ਜੰਗ ਲੜਨ ਵਰਗਾ ਹੈ, ਬਿਨਾਂ ਜਾਣੇ ਕਿ ਇਸ ਦਾ ਅੰਤ ਕਦੋਂ ਹੋਵੇਗਾ।"

ਟੀਕਾਕਰਣ ਨੇ ਆਸ ਪੈਦਾ ਕੀਤੀ ਹੈ ਕਿਉਂਕਿ ਹੁਣ ਤੱਕ ਅੱਠ ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਣ ਹੋ ਚੁੱਕਿਆ ਹੈ, ਜਿਨ੍ਹਾਂ ਵਿੱਚ ਬਹੁਤੇ ਫ਼ਰੰਟਲਾਈਨ ਕਾਮੇ ਤੇ 60 ਸਾਲ ਤੋਂ ਵੱਧ ਉਮਰ ਦੇ ਲੋਕ ਸ਼ਾਮਲ ਹਨ।

ਵੈਕਸੀਨ ਹੁਣ 45 ਸਾਲ ਉਮਰ ਤੋਂ ਵੱਧ ਦੇ ਹਰ ਇੱਕ ਵਿਅਕਤੀ ਲਈ ਉਪਲੱਬਧ ਹੈ, ਪਰ ਮਾਹਰਾਂ ਦਾ ਕਹਿਣਾ ਹੈ ਕਿ ਮਹਾਂਮਾਰੀ ਦਾ ਫ਼ੈਲਾਅ ਰੋਕਣ ਲਈ ਟੀਕਾਕਰਣ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ।

ਕੋਰੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਡਾ. ਪਿੰਟੋ ਕਹਿੰਦੇ ਹਨ ਕਿ ਮਹਾਂਮਾਰੀ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਡਰ ਸੀ, ਪਰ ਹੌਲੀ ਹੌਲੀ ਇਹ ਕਿਤੇ ਚਲਾ ਗਿਆ ਕਿਉਂਕਿ ਧਿਆਨ ਨੰਬਰ ਘਟਾਉਣ ਤੇ ਕੇਂਦਰਿਤ ਹੋ ਗਿਆ

ਪਾਰਟੀ ਤੋਂ ਪਹਿਲਾਂ ਆਈਸੀਯੂ ਦੇ ਕਾਮਿਆਂ ਬਾਰੇ ਸੋਚੋ

ਸਿਰਫ਼ ਡਾਕਟਰ ਹੀ ਨਹੀਂ, ਨਰਸਾਂ ਅਤੇ ਵਾਰਡ ਬੁਆਏਜ਼ ਵੀ ਥੱਕੇ ਹੋਏ ਅਤੇ ਵਧੇਰੇ ਕੰਮ ਦਾ ਭਾਰ ਮਹਿਸੂਸ ਕਰਦੇ ਹਨ।

ਉਨ੍ਹਾਂ ਨੂੰ ਪੀਪੀਈ ਕਿੱਟਾਂ ਪਹਿਨ ਕੇ ਲੰਬੇ ਘੰਟਿਆਂ ਤੱਕ ਕੰਮ ਕਰਨਾ ਪੈਂਦਾ ਹੈ ਤੇ ਅਕਸਰ ਇੱਕੋ ਸਮੇਂ ਕਈ ਕਈ ਗੰਭੀਰ ਮਰੀਜ਼ਾਂ ਦੀ ਦੇਖਭਾਲ ਕਰਨੀ ਪੈਂਦੀ ਹੈ।

ਕੇਰਲਾ ਦੇ ਅਰਨਾਕੁਲਮ ਮੈਡੀਕਲ ਕਾਲਜ ਵਿੱਚ ਨਰਸ ਵਜੋਂ ਸੇਵਾਵਾਂ ਨਿਭਾ ਰਹੇ, ਵਿਧਿਆ ਵਿਜੈਆਨ ਕਹਿੰਦੇ ਹਨ, "ਲੋਕਾਂ ਨੇ ਇਸ ਨੂੰ ਆਪ ਆਪਣੇ ਉੱਤੇ ਲਿਆਂਦਾ ਹੈ।"

ਉਹ ਕਹਿੰਦੇ ਹਨ ਕਿ ਲੋਕਾਂ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਆਪਣੇ ਆਪ ਨੂੰ ਢਿੱਲ ਦੇ ਦਿੱਤੀ ਹੈ। ਕੇਰਲਾ ਉਨ੍ਹਾਂ ਪੰਜ ਸੂਬਿਆਂ ਵਿੱਚੋਂ ਜਿੱਥੇ ਚੋਣਾਂ ਹੋ ਰਹੀਆਂ ਹਨ। ਸੂਬੇ ਵਿੱਚ ਵੱਡੀਆਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਨਾ ਹੀ ਸਿਆਸਤਦਾਨ ਤੇ ਨਾ ਹੀ ਜਨਤਾ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰ ਰਹੀ ਹੈ।

ਸੂਬੇ ਨੂੰ ਇਸ ਦੇ ਚੰਗੇ ਸਿਹਤ ਸੰਭਾਲ ਮੁੱਢਲੇ ਢਾਂਚੇ ਕਰਕੇ ਜਾਣਿਆਂ ਜਾਂਦਾ ਹੈ, ਪਰ ਉਹ ਮਹਿਸੂਸ ਕਰਦੇ ਹਨ ਕਿ ਪ੍ਰਣਾਲੀ ਤੇ ਵਾਧੂ ਭਾਰ ਦਾ ਅਸਲੋਂ ਖ਼ਤਰਾ ਹੈ।

ਉਹ ਕਹਿੰਦੇ ਹਨ, "ਅਸੀਂ ਪਿਛਲੇ ਸਾਲ ਲਗਾਤਾਰ ਦਬਾਅ ਵਿੱਚ ਕੰਮ ਕਰਦੇ ਰਹੇ ਹਾਂ। ਜਨਵਰੀ ਵਿੱਚ ਥੋੜ੍ਹੇ ਸਮੇਂ ਲਈ ਕੁਝ ਠੱਲ੍ਹ ਪਈ ਸੀ, ਪਰ ਉਹ ਗ਼ੁਜਰ ਚੁੱਕੀ ਪ੍ਰਤੀਤ ਹੁੰਦੀ ਹੈ।"

"ਤੇ ਹੁਣ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਸਾਨੂੰ ਫ਼ਿਰ ਤੋਂ ਜੰਗ 'ਤੇ ਜਾਣਾ ਪਵੇਗਾ, ਪਰ ਜ਼ਰਜ਼ਰ ਹੋਈ ਤਾਕਤ ਨਾਲ। ਪਰ ਅਸੀਂ ਹਾਰ ਨਹੀਂ ਮੰਨਾਂਗੇ, ਮੈਂ ਸਿਰਫ਼ ਇੰਨਾਂ ਚਾਹੁੰਦੀ ਹਾਂ ਕਿ ਲੋਕ ਜਸ਼ਨ ਮਨਾਉਣ ਤੋਂ ਪਹਿਲਾਂ ਸਾਡੇ ਬਾਰੇ ਸੋਚਣ ਅਸੀਂ ਜੋ ਆਈਸੀਯੂ ਦੇ ਅੰਦਰ ਕੰਮ ਕਰਦੇ ਹਾਂ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)