ਕੋਰੋਨਾ ਕਰਕੇ ਪੂਰੇ ਪੰਜਾਬ 'ਚ ਰਾਤ ਦਾ ਕਰਫਿਊ ਤੇ ਸਿਆਸੀ ਇਕੱਠਾਂ ਸਮੇਤ ਹੋਰ ਕੀ ਪਾਬੰਦੀਆਂ ਲੱਗੀਆਂ

ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, Capt. Amrinder/Twitter

ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 30 ਅਪ੍ਰੈਲ ਤੱਕ ਸਿਆਸੀ ਇਕੱਠਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ।

ਉਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਸਿਆਸੀ ਆਗੂ ਸਣੇ ਜਿਹੜਾ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਉਸ 'ਤੇ ਡਿਜਾਸਟਰ ਮੈਨੇਜਮੈਂਟ ਐਕਟ (DMA) ਅਤੇ ਮਹਾਮਾਰੀ ਐਕਟ ਤਹਿਤ ਕੇਸ ਦਰਜ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਹੁਣ ਤੱਕ ਜਿਹੜਾ ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫਿਊ ਲੱਗਾ ਸੀ, ਉਸ ਨੂੰ ਪੂਰੇ ਸੂਬੇ ਵਿੱਚ ਲਾਗੂ ਕਰ ਦਿੱਤਾ ਹੈ। ਰਾਤ 9 ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਕਰਫਿਊ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ-

ਕੋਵਿਡ-19 ਹਾਲਾਤ ਦੇ ਹਫ਼ਤਾਵਾਰੀ ਰਿਵੀਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਧਦੀ ਮੌਤ ਦਰ ਅਤੇ ਪੌਜ਼ੀਟਿਵ ਕੇਸਾਂ ਦੀ ਗਿਣਤੀ ਬਾਰੇ ਚਿੰਤਾ ਜ਼ਾਹਰ ਕੀਤੀ।

ਤਸਵੀਰ ਸਰੋਤ, Getty Images

ਉਨ੍ਹਾਂ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਵਿੱਚ 85 ਫੀਸਦ ਕੇਸ ਯੂਕੇ ਸਟ੍ਰੇਨ ਦੇ ਹਨ, ਜੋ ਵਧੇਰੇ ਲਾਗਸ਼ੀਲ ਅਤੇ ਜੋਖ਼ਮ ਭਰੇ ਹਨ।

ਇਸ ਤੋਂ ਇਲਾਵਾ ਸੂਬੇ ਵਿੱਚ ਹੋਰ ਕਿਹੜੇ ਨਿਯਮ ਲਾਗੂ

  • 30 ਅਪ੍ਰੈਲ ਤੱਕ ਪੂਰੇ ਸੂਬੇ ਵਿੱਚ ਰਾਤ ਦਾ ਕਰਫਿਊ (9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ) ਲਾਗੂ।
  • ਵਿਆਹ ਸਮਾਗਮਾਂ ਅਤੇ ਅੰਤਿਮ ਸੰਸਕਾਰ 'ਤੇ ਇੰਡੋਰ ਥਾਵਾਂ 'ਤੇ 50 ਲੋਕ ਸ਼ਾਮਲ ਹੋ ਸਕਦੇ ਹਨ ਅਤੇ ਖੁੱਲ੍ਹੀਆਂ ਥਾਵਾਂ 'ਤੇ 100 ਲੋਕ।

ਤਸਵੀਰ ਸਰੋਤ, Getty Images

  • ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਹੈ।
  • ਪਹਿਲਾਂ ਤੋਂ ਲਗਾਈਆਂ ਪਾਬੰਦੀਆਂ 'ਚ ਸਕੂਲ ਅਤੇ ਹੋਰ ਵਿੱਦਿਅਕ ਅਦਾਰੇ 30 ਅਪ੍ਰੈਲ ਤੱਕ ਬੰਦ ਰਹਿਣਗੇ।
  • ਹਾਲਾਂਕਿ, ਮਾਲਜ਼ ਮਾਲਕਾਂ ਅਤੇ ਦੁਕਾਨਾਰਾਂ ਲਈ ਥੋੜ੍ਹੀ ਰਾਹਤ ਹੈ ਕਿ ਇੱਕੋ ਵੇਲੇ 10 ਲੋਕ ਦੁਕਾਨ ਅੰਦਰ ਜਾ ਸਕਦੇ ਹਨ।
  • ਸਮਾਜਿਕ, ਸੱਭਿਆਚਾਰਕ ਅਤੇ ਖੇਡਾਂ ਨਾਲ ਜੁੜੇ ਕਿਸੇ ਵੀ ਇਕੱਠ ਜਾਂ ਪ੍ਰੋਗਰਾਮ 'ਤੇ ਵੀ 30 ਅਪ੍ਰੈਲ ਤੱਕ ਪਾਬੰਦੀ ਹੈ।

ਵੈਕਸੀਨ ਨੂੰ ਲੈ ਕੇ ਮਿੱਥਿਆ ਟੀਚਾ

ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਵੈਕਸੀਨ ਦੀ ਮੁਹਿੰਮ ਤੇਜ਼ ਕਰਨ ਲਈ ਕਿਹਾ ਹੈ, ਜਿਸਦੇ ਤਹਿਤ ਰੋਜ਼ਾਨਾ 2 ਲੱਖ ਲੋਕਾਂ ਦੀ ਵੈਕਸੀਨ ਦਾ ਟੀਚਾ ਮਿੱਥਿਆ ਹੈ ਗਿਆ।

ਉਨ੍ਹਾਂ ਨੇ ਰੋਜ਼ਾਨਾ 50 ਹਜ਼ਾਰ ਤੱਕ ਸੈਂਪਲ ਇਕੱਠੇ ਕਰਨ ਲਈ ਕਿਹਾ ਹੈ ਅਤੇ ਇਸਦੇ ਨਾਲ ਕਾਨਟੈਕਟ ਟਰੇਸਿੰਗ 30 ਲੋਕਾਂ ਤੱਕ ਕਰਨ ਦੇ ਆਦੇਸ਼ ਦਿੱਤੇ ਹਨ।

ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿ ਪੀਜੀਆਈ ਵਰਗੇ ਹਸਪਤਾਲਾਂ ਲਈ ਪੰਜਾਬ ਦੇ ਲੋਕਾਂ ਲਈ 50 ਆਈਸੀਯੂ ਬੈੱਡ ਰਾਖਵੇਂ ਰੱਖੇ ਜਾਣ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)