ਪਾਕਿਸਤਾਨੀ ਸ਼ਰਧਾਲੂਆਂ ਨੂੰ ਵਿਸਾਖੀ ਮੌਕੇ ਪੰਜਾ ਸਾਹਿਬ ਨਾ ਜਾਣ ਦੀ ਅਪੀਲ ’ਤੇ SGPC ਨੇ ਕੀ ਕਿਹਾ

  • ਰਵਿੰਦਰ ਸਿੰਘ ਰੌਬਿਨ
  • ਬੀਬੀਸੀ ਪੰਜਾਬੀ ਲਈ
ਪਾਕਿਸਤਾਨ, ਸਿੱਖ, ਸ਼ਰਧਾਲੂ

ਤਸਵੀਰ ਸਰੋਤ, Ravinder Singh Robin/BBC

ਪਾਕਿਸਤਾਨੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੇ ਸਿੱਖ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਵਿਸਾਖੀ ਮੌਕੇ ਗੁਰਦੁਆਰਾ ਹਸਨ ਅਬਦਾਲ ਦੇ ਪੰਜਾ ਸਾਹਿਬ ਆਉਣ ਤੋਂ ਗੁਰੇਜ਼ ਕਰਨ।

ਇਸ ਬਾਰੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਸਿੱਖ ਸੰਸਥਾਵਾਂ ਦਾ ਮਿਲਿਆ-ਜੁਲਿਆ ਪ੍ਰਤੀਕਰਮ ਸਾਹਮਣੇ ਆਇਆ ਹੈ।

ਕਿਉਂ ਲਿਆ ਫੈਸਲਾ

ਪੀਐੱਸਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪਾਕਿਸਤਾਨੀ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਿਸਾਖੀ ਘਰ ਵਿੱਚ ਰਹਿ ਕੇ ਹੀ ਮਨਾਉਣ ਅਤੇ ਗੁਰਦੁਆਰਾ ਪੰਜਾ ਸਾਹਿਬ, ਹਸਨ ਅਬਦਲ ਨਾ ਆਉਣ ਤਾਂ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਕੋਈ ਔਕੜ ਨਾ ਆਵੇ।

ਵਿਸਾਖੀ ਮੌਕੇ ਖਾਸ ਤੌਰ 'ਤੇ ਭਾਰਤੀ ਸ਼ਰਧਾਲੂ 12 ਤੋਂ 22 ਅਪ੍ਰੈਲ ਤੱਕ ਪਾਕਿਸਤਾਨ ਦੇ ਦੌਰੇ 'ਤੇ ਹਨ।

ਇਹ ਵੀ ਪੜ੍ਹੋ:

ਇਸ ਯਾਤਰਾ ਦੌਰਾਨ ਉਨ੍ਹਾਂ ਨੂੰ ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਹੈ।

ਸਤਵੰਤ ਸਿੰਘ ਨੇ ਦੱਸਿਆ ਕਿ ਪੀਐੱਸਜੀਪੀਸੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਵੀ ਸਿਫਾਰਸ਼ ਕੀਤੀ ਹੈ ਕਿ ਪੰਜਾ ਸਾਹਿਬ ਵਿਖੇ ਭਾਰਤੀ ਸ਼ਰਧਾਲੂਆਂ ਦੇ ਠਹਿਰਨ ਦੌਰਾਨ ਸਥਾਨਕ ਸਿੱਖ ਸੰਗਤ ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਐੱਸਜੀਪੀਸੀ ਨੇ ਕੀ ਕਿਹਾ

ਪੀਐੱਸਜੀਪੀਸੀ ਵੱਲੋਂ ਲਏ ਗਏ ਫੈਸਲੇ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ, ਹਰਜਿੰਦਰ ਸਿੰਘ ਨੇ ਕਿਹਾ ਕਿ ਸੰਗਤਾਂ ਨੂੰ ਗੁਰੂਦੁਆਰੇ ਜਾਣ ਤੋਂ ਰੋਕਣਾ ਗਲਤ ਹੈ।

ਤਸਵੀਰ ਸਰੋਤ, Ravinder Singh Robin/BBC

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

ਡੀਐੱਸਜੀਐੱਮਸੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਫੈਸਲਾ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ ਕਿਉਂਕਿ ਕਿਸੇ ਨੂੰ ਵੀ ਧਾਰਮਿਕ ਅਸਥਾਨਾਂ ਦੇ ਦਰਸ਼ਨ ਤੋਂ ਰੋਕਿਆ ਨਹੀਂ ਜਾ ਸਕਦਾ।

ਹਾਲਾਂਕਿ ਸੁਰਜੀਤ ਸਿੰਘ ਨਾਮ ਦੇ ਇੱਕ ਸ਼ਰਧਾਲੂ ਨੂੰ ਪੀਐੱਸਜੀਪੀਸੀ ਦੇ ਫੈਸਲੇ ਵਿੱਚ ਕੁਝ ਵੀ ਗਲਤ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਇਹ ਸ਼ਰਧਾਲੂਆਂ ਦੇ ਲਾਭ ਲਈ ਇੱਕ ਚੰਗਾ ਫੈਸਲਾ ਸੀ।

ਤਸਵੀਰ ਸਰੋਤ, Ravinder Singh Robin/BBC

ਪਾਕਿਸਤਾਨ ਈਵਕਿਯੂ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾ. ਅਮੇਰ ਅਹਿਮਦ ਨੇ ਫੋਨ 'ਤੇ ਦੱਸਿਆ, “ਕੋਵਿਡ ਦੋਵਾਂ ਦੇਸਾਂ ਵਿੱਚ ਬਹੁਤ ਫੈਲ ਰਿਹਾ ਹੈ ਪਰ ਵਿਸਾਖੀ ਦੇ ਤਿਉਹਾਰ ਦੌਰਾਨ ਆਮ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਜਾਏਗੀ।"

"ਪਾਕਿਸਤਾਨ ਆਉਣ ਵਾਲੇ ਸ਼ਰਧਾਲੂਆਂ ਦੇ ਕੋਵਿਡ-19 ਟੈਸਟ ਪਾਕਿਸਤਾਨ ਪਹੁੰਚਣ ਤੋਂ 48 ਘੰਟੇ ਪਹਿਲਾਂ ਕੀਤੇ ਜਾਣੇ ਜ਼ਰੂਰੀ ਹਨ। ਇਹ ਯਕੀਨੀ ਬਣਾਇਆ ਜਾਏਗਾ ਕਿ ਸਾਰੇ ਕੋਵਿਡ-19 ਨਿਯਮਾਂ ਦੀ ਪਾਲਣਾ ਕੀਤੀ ਜਾਵੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)