ਲੱਖਾ ਸਿਧਾਣਾ ਨੇ ਦਿੱਲੀ ਬਾਰਡਰ ’ਤੇ ਲੱਗੇ ਕਿਸਾਨ ਮੋਰਚੇ ਲਈ ਕਾਫ਼ਲੇ ਸਮੇਤ ਰਵਾਨਾ ਹੋਣ ਵੇਲੇ ਕੀ ਕਿਹਾ- ਅਹਿਮ ਖ਼ਬਰਾਂ

ਤਸਵੀਰ ਸਰੋਤ, Sukhcharan Preet/BBC
ਲੱਖਾ ਸਿਧਾਣਾ ਮੁਸਤੁਆਣਾ ਸਾਹਿਬ ਤੋਂ ਦਿੱਲੀ ਲਈ ਰਵਾਨਾ ਹੋਇਆ
ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਅੱਜ ਦੀਆਂ ਵੱਡੀਆਂ ਤੇ ਅਹਿਮ ਖ਼ਬਰਾਂ ਪਹੁੰਚਾ ਰਹੇ ਹਾਂ। ਲੱਖਾਂ ਸਿੱਧਾਣ ਦਿੱਲੀ ਵੱਲ ਰਵਾਨਾ ਹੋਏ ਅਤੇ ਉਧਰ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਮੁੜ ਗੱਲਬਾਤ ਸ਼ੁਰੂ ਕਰਨ ਦੀ ਆਖੀ ਦੀ ਗੱਲ।
ਲੱਖਾ ਸਿਧਾਣਾ ਗੱਡੀਆਂ ਦੇ ਕਾਫਲੇ ਨਾਲ ਦਿੱਲੀ ਦੇ ਬਾਰਡਰਾਂ ਵੱਲ ਰਵਾਨਾ ਹੋਇਆ।
ਲੱਖਾ ਸਿਧਾਣਾ 26 ਜਨਵਰੀ ਦੀ ਲਾਲ ਕਿਲੇ ’ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਮੁਲਜ਼ਮ ਹਨ। ਉਨ੍ਹਾਂ ’ਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ।
"ਮੋਰਚਾ ਦੁਬਾਰਾ ਜੰਮ ਚੁੱਕਿਆ ਹੈ। ਵੱਧ-ਚੜ ਕੇ ਮੋਰਚੇ ਵਿੱਚ ਹਿੱਸਾ ਲਓ। ਮੇਰੇ ਚਾਚੇ ਦੇ ਬੇਟੇ ਅਤੇ ਇਕ ਦੋਸਤ ਨੂੰ ਪਟਿਆਲੇ ਤੋਂ ਦਿੱਲੀ ਪੁਲਿਸ ਨੇ ਚੁੱਕਿਆ ਹੈ। ਉਨ੍ਹਾਂ ਦੇ ਫੋਨ ਬੰਦ ਆ ਰਹੇ ਹਨ ਅੱਜ ਜਾਂ ਕੱਲ ਮੇਰੀ ਗ੍ਰਿਫ਼ਤਾਰੀ ਵੀ ਹੋ ਹੀ ਜਾਣੀ ਹੈ।"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੱਖਾ ਸਿਧਾਣਾ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਦਿੱਲੀ ਦੇ ਸਿੰਘੂ ਬਾਰਡਰ ਲਈ ਨਿਕਲੇ ਕਾਫ਼ਲੇ ਦੌਰਾਨ ਕੀਤਾ।
ਉਨ੍ਹਾਂ ਨੇ ਅੱਗੇ ਕਿਹਾ, "ਜੇ ਮੇਰੀ ਗ੍ਰਿਫ਼ਤਾਰੀ ਹੋ ਜਾਂਦੀ ਹੈ ਤਾਂ ਵੀ ਮੋਰਚੇ ਵਿੱਚ ਸ਼ਾਮਲ ਹੋਵੋ। ਪਿੰਡਾਂ 'ਚ ਵਾਰੀਆਂ ਬੰਨ ਲਓ। ਇਹ ਆਰ-ਪਾਰ ਦੀ ਲੜਾਈ ਹੈ। ਜੇ ਹੁਣ ਨਾ ਲੜੇ ਤਾਂ ਆਪਣੇ ਪੱਲੇ ਕੱਖ ਨਹੀਂ ਰਹਿਣਾ। ਆਪਸੀ ਮਸਲੇ ਬਾਅਦ ਵਿੱਚ ਨਿਬੇੜ ਲਵਾਂਗੇ ਜੇ ਕਾਨੂੰਨ ਵਾਪਸ ਨਾ ਲਏ ਤਾਂ ਕੁਝ ਨਹੀਂ ਬਚਣਾ। ਜਥੇਬੰਦੀਆਂ ਜਿਹੜੀ ਕਾਲ ਦੇਣਗੀਆਂ ਉਸ ਮੁਤਾਬਕ ਹੀ ਸੰਘਰਸ਼ ਚੱਲੇਗਾ।"
ਇਹ ਵੀ ਪੜ੍ਹੋ-
ਬੀਬੀਸੀ ਪੰਜਾਬੀ ਲਈ ਸੁਖਚਰਨਪ੍ਰੀਤ ਦੀ ਰਿਪੋਰਟ ਮੁਤਾਬਕ ਮਸਤੂਆਣਾ ਸਾਹਿਬ ਗੁਰਦੁਆਰੇ ਵਿੱਚ ਲੱਖਾ ਸਿਧਾਣਾ ਦੇ ਪਹੁੰਚਣ ਦਾ ਪਤਾ ਲੱਗਣ ਤੇ ਲੋਕ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਸਨ।
ਜਿੰਨਾਂ ਵਿੱਚ ਜ਼ਿਆਦਾ ਗਿਣਤੀ ਨੌਜਵਾਨਾਂ ਦੀ ਸੀ। ਕਾਰਾਂ ਅਤੇ ਹੋਰ ਵਾਹਨਾਂ ਉੱਤੇ ਲੱਖੇ ਅਤੇ ਦੀਪ ਸਿੱਧੂ ਦੇ ਸਟਿੱਕਰ ਲੱਗੇ ਹੋਏ ਸਨ।
ਲੱਖਾ ਸਿਧਾਣਾ ਦੀਆਂ ਟੀਸ਼ਰਟਾਂ ਪਾਈ ਨੌਜਵਾਨ ਖਾਲਸਾਈ ਝੰਡੇ ਅਤੇ ਕਿਸਾਨੀ ਝੰਡੇ ਲੈ ਕੇ ਸ਼ਾਮਲ ਹੋਏ ਸਨ।
ਤਸਵੀਰ ਸਰੋਤ, Sukhcharanpreet/bbc
ਇਸ ਮੌਕੇ ਪਹੁੰਚੇ ਸੰਯੁਕਤ ਮੋਰਚੇ ਦੇ ਆਗੂ ਮਨਜੀਤ ਸਿੰਘ ਰਾਏ ਅਤੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਲੱਖਾ ਸਿਧਾਣਾ ਤੇ ਕਿਸਾਨ ਆਗੂਆਂ ਵਿੱਚ ਫਰਕ ਹੋਣ ਦੀ ਜੋ ਗੱਲ ਫੈਲਾਈ ਜਾ ਰਹੀ ਸੀ, ਉਹ ਮੋਰਚੇ ਨੇ ਸਾਫ਼ ਕਰ ਦਿੱਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਹੈ।
ਉਨ੍ਹਾਂ ਨੇ ਕਿਹਾ, "ਲੱਖੇ ਦੇ ਅੱਜ ਇਥੋਂ ਰਵਾਨਾ ਹੋਣ ਬਾਰੇ ਨੌਜਵਾਨਾਂ ਨੇ ਫੋਨ ਕਰਕੇ ਸੱਦਿਆ ਸੀ, ਇਸ ਕਰਕੇ ਉਹ ਨਿੱਜੀ ਤੌਰ ’ਤੇ ਇੱਥੇ ਆਏ ਹਨ। ਇਹ ਸਾਡੇ ਹੀ ਨੌਜਵਾਨ ਹਨ। ਲਾਲ ਕਿਲੇ 'ਤੇ ਗਏ ਨੌਜਵਾਨ ਵੀ ਸਾਡੇ ਸਨ, ਗ਼ਲਤੀ ਕਿਸੇ ਤੋਂ ਵੀ ਹੋ ਸਕਦੀ ਹੈ।"
ਕਿਸਾਨਾਂ ਨਾਲ ਗੱਲਬਾਤ ਬਾਰੇ ਅਨਿਲ ਵਿਜ ਨੇ ਕੀ ਕਿਹਾ?
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ, "ਹਰਿਆਣਾ ਵਿੱਚ ਕੋਰੋਨਾ ਤੋਂ ਬਚਣ ਦੇ ਸਾਰੇ ਕਦਮ ਚੁੱਕੇ ਜਾ ਰਹੇ ਹਨ। ਮੇਰੀ ਚਿੰਤਾ ਹਰਿਆਣਾ ਦੇ ਬਾਰਡਰ 'ਤੇ ਜੋ ਕਿਸਾਨਾਂ ਦਾ ਇਕੱਠ ਲੱਗਾ ਹੈ, ਉਨ੍ਹਾਂ ਨੂੰ ਕੋਰੋਨਾ ਤੋਂ ਬਚਾਉਣਾ ਹੈ।"
"ਮੈਂ ਕੇਂਦਰੀ ਖੇਤੀ ਮੰਤਰੀ ਨੂੰ ਚਿੱਠੀ ਲਿਖਣ ਵਾਲਾ ਹਾਂ ਕਿ ਗੱਲਬਾਤ ਦਾ ਸਿਲਸਿਲਾ ਮੁੜ ਸ਼ੁਰੂ ਕੀਤਾ ਜਾਵੇ ਅਤੇ ਹੱਲ ਕਰ ਕੇ ਇਸ ਇਕੱਠ ਨੂੰ ਹਟਾਇਆ ਜਾ ਸਕੇ।"
ਇਹ ਵੀ ਪੜ੍ਹੋ: