ਕਿਸਾਨ ਅੰਦੋਲਨ: 26 ਜਨਵਰੀ ਹਿੰਸਾ ਮਾਮਲੇ 'ਚ ਦੀਪ ਸਿੱਧੂ ਤੇ 15 ਹੋਰ ਖ਼ਿਲਾਫ਼ ਚਾਰਜਸ਼ੀਟ ਦਰਜ - ਪ੍ਰੈੱਸ ਰਿਵੀਊ

ਦੀਪ ਸਿੱਧੂ

ਤਸਵੀਰ ਸਰੋਤ, deep sidhu/fb

ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਦੀਪ ਸਿੱਧੂ ਅਤੇ 15 ਹੋਰ ਜਣਿਆਂ ਖ਼ਿਲਾਫ਼ ਚਾਰਜ ਸ਼ੀਟ ਫਾਈਲ ਕਰ ਦਿੱਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਤੀਸ ਹਜ਼ਾਰੀ ਅਦਾਲਤ ਦੇ ਇੱਕ ਮੈਜਿਸਟਰੇਟ ਸਾਹਮਣੇ ਇਹ ਚਾਰਜਸ਼ੀਟ 17 ਮਈ ਨੂੰ ਫਾਈਲ ਕੀਤੀ, ਅਦਾਲਤ ਇਸ ਮਾਮਲੇ ਉੱਪਰ 28 ਮਈ ਨੂੰ ਸੁਣਵਾਈ ਕਰੇਗੀ।

ਇਹ ਵੀ ਪੜ੍ਹੋ:

ਚਾਰਜਸ਼ੀਟ ਵਿੱਚ ਦੀਪ ਸਿੱਧੂ ਤੋਂ ਇਲਾਵਾ ਇਕਬਾਲ ਸਿੰਘ, ਮਨਿੰਦਰ ਮੋਨੀ ਅਤੇ ਖ਼ੇਮਪ੍ਰੀਤ ਦੇ ਨਾਂਅ ਮੁਲਜ਼ਮਾਂ ਵਜੋਂ ਸ਼ਾਮਲ ਕੀਤੇ ਗਏ ਹਨ।

ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਹਿੰਸਾ ਦੇ ਮੁੱਖ ਸਾਜਿਸ਼ ਘਾੜਿਆਂ ਵਿੱਚੋਂ ਸਨ।

ਇਨ੍ਹਾਂ ਉੱਪਰ ਦੇਸ਼ਧ੍ਰੋਹ, ਲੁੱਟ, ਡਕੈਤੀ, ਹਿੰਸਾ, ਕਤਲ ਦੀ ਕੋਸ਼ਿਸ਼, ਵਰਗੀਆਂ ਧਾਰਾਵਾਂ ਹੇਠ ਕੇਸ ਦਰਜ ਕੀਤੇ ਗਏ ਹਨ। ਬਾਅਦ ਵਿੱਚ ਕੇਸ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਵੀਡੀਓ ਕੈਪਸ਼ਨ,

ਦੀਪ ਸਿੱਧੂ: ਵਿਵਾਦਾਂ ਵਿੱਚ ਆਏ ਸਿੱਧੂ ਬਾਰੇ ਜਾਣੋ

ਚਿਪਕੋ ਅੰਦੋਲਨ ਦੇ ਮੋਢੀ ਸੁੰਦਰਲਾਲ ਬਹੁਗੁਣਾ ਦੀ ਕੋਵਿਡ-19 ਕਾਰਨ ਮੌਤ

ਤਸਵੀਰ ਸਰੋਤ, Getty Images

ਉੱਘੇ ਵਾਤਾਵਰਣ ਪ੍ਰੇਮੀ ਅਤੇ ਚਿਪਕੋ ਅੰਦੋਲਨ ਦੇ ਮੋਢੀ ਸੁੰਦਰਲਾਲ ਬਹੁਗੁਣਾ ਦਾ 94 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ।

ਉਹ ਪਿਛਲੇ ਕਈ ਦਿਨਾਂ ਤੋਂ ਕੋਵਿਡ-19 ਦੇ ਇਲਾਜ ਲਈ ਰਿਸ਼ੀਕੇਸ਼ ਦੇ ਏਮਜ਼ ਵਿੱਚ ਦਾਖ਼ਲ ਸਨ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਏਮਜ਼, ਰਿਸ਼ੀਕੇਸ਼ ਦੇ ਡਾਇਰੈਕਟਰ ਰਵੀਕਾਂਤ ਨੇ ਕੀਤੀ। ਉਨ੍ਹਾਂ ਨੇ ਸ਼ੁੱਕਰਵਾਰ ਦੁਪਹਿਰ 12.05 ਮਿੰਟ 'ਤੇ ਆਖ਼ਰੀ ਸਾਹ ਲਿਆ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਬਹੁਗੁਣਾ ਨੇ ਆਪਣਾ ਜੀਵਨ ਆਪਣੇ ਇਲਾਕੇ ਦੇ ਪਿੰਡ ਵਾਸੀਆਂ ਨੂੰ ਹਿਮਾਲਿਆ ਦੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਦੇ ਖ਼ਿਲਾਫ਼ ਜਾਗਰੂਕ ਕਰਨ ਅਤੇ ਇਸ ਦਾ ਵਿਰੋਧ ਕਰਨ ਲਈ ਪ੍ਰੇਰਿਤ ਕਰਨ ਵਿੱਚ ਲਗਾਇਆ।

ਉਨ੍ਹਾਂ ਦੀਆਂ ਅਣਥੱਕ ਯਤਨਾਂ ਦੇ ਸਿੱਟੇ ਵਜੋਂ ਹੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹਿਮਾਲਿਆ ਖੇਤਰ ਵਿੱਚ ਰੁੱਖ ਵੱਢਣ ਤੇ ਪਾਬੰਦੀ ਲਗਾਈ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਕੇਰਲ ਕੈਬਨਿਟ ਵਿੱਚ ਨਵੇਂ ਚਿਹਰਿਆਂ ਨੂੰ ਥਾਂ ਦੇਣ ਪਿੱਛੇ ਮੁੱਖ ਮੰਤਰੀ ਦਾ ਤਰਕ

ਤਸਵੀਰ ਸਰੋਤ, RAMESH PATHANIA/MINT VIA GETTY IMAGES

ਕੇਰਲਾ ਵਿੱਚ ਮੁੜ ਸੱਤਾ ਵਿੱਚ ਆਉਣ ਤੋਂ CPI(M)-ਦੀ ਅਗਵਾਈ ਵਾਲੀ LDF ਸਰਕਾਰ ਦੇ ਮੁੱਖ ਮੰਤਰੀ ਪਿਨਾਰੀ ਵਿਜਿਅਨ ਇਸ ਗੱਲੋਂ ਚਰਚਾ ਵਿੱਚ ਹਨ ਕਿ ਉਨ੍ਹਾਂ ਨੇ ਪਿਛਲੀ ਸਰਕਾਰ ਵਿੱਚ ਸਿਹਤ ਮੰਤਰੀ ਕੇਕੇ ਸ਼ੈਲਜਾ ਨੂੰ ਨਵੀਂ ਵਜਾਰਤ ਵਿੱਚ ਥਾਂ ਨਹੀਂ ਦਿੱਤੀ।

ਅਸਲ ਵਿੱਚ ਉਨ੍ਹਾਂ ਨੇ ਕੈਬਨਿਟ ਵਿੱਚ ਨਵੇਂ ਚਿਹਰਿਆਂ ਨੂੰ ਦਿਲ ਖੋਲ੍ਹ ਕੇ ਥਾਂ ਦਿੱਤੀ ਹੈ।

ਪੁਰਾਣਿਆਂ ਨੂੰ ਕੈਬਨਿਟ ਵਿੱਚੋਂ ਬਾਹਰ ਕਰਨ ਦੇ ਫ਼ੈਸਲੇ ਬਾਰੇ ਆਖ਼ਰਕਾਰ ਵਿਜਿਅਨ ਨੇ ਕਿਹਾ ਹੈ ਕਿ ਇਹ ਇੱਕ ਲੰਬੇ ਸਮੇਂ ਤੋਂ ਲਟਕ ਰਿਹਾ ਫ਼ੈਸਲਾ ਸੀ,ਜਿਸ ਨੂੰ ਬਹੁਤ ਸਾਰੇ ਕਾਰਨਾਂ ਕਰਕੇ ਅਮਲ ਵਿੱਚ ਨਹੀਂ ਲਿਆਂਦਾ ਜਾ ਸਕਿਆ ਸੀ।

ਵਿਜਿਅਨ ਨੇ ਦਿ ਇੰਡੀਅਨ ਐਕਸਪ੍ਰੈੱਸ ਨੂੰ ਦਿੱਤੇ ਇੰਟਰਵਿਊ ਵਿੱਚ ਅਖ਼ਬਾਰ ਨੂੰ ਦੱਸਿਆ ਕਿ ਇਸ ਪਿੱਛੇ ਭਵਿੱਖ ਦੀਆਂ ਚੁਣੌਤੀਆਂ ਲਈ ਪਾਰਟੀ ਅਤੇ ਪ੍ਰਸ਼ਾਸਨ ਨੂੰ ਤਿਆਰ ਕਰਨ ਦੀ ਮਨਸ਼ਾ ਹੈ।

ਸ਼ੈਲਜਾ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਚੁੱਕੇ ਕਦਮਾਂ ਕਾਰਨ ਕੌਮਾਂਤਰੀ ਪ੍ਰਸਿੱਧੀ ਹਾਸਲ ਹੋਈ ਸੀ ਅਤੇ 'ਕੇਰਲ ਦੀ ਰਾਕਸਟਾਰ' ਕਿਹਾ ਗਿਆ।

ਕਿਆਸ ਲਾਏ ਜਾ ਰਹੇ ਸਨ ਕਿ ਪਾਰਟੀ ਵਿੱਚ ਕਈ ਲੋਕਾਂ ਨੂੰ ਉਨ੍ਹਾਂ ਦੀ ਇਹ ਪ੍ਰਸਿੱਧੀ ਰੜਕ ਰਹੀ ਸੀ। ਚੋਣਾਂ ਦੌਰਾਨ ਉਨ੍ਹਾਂ ਦੀ ਸੀਟ ਵੀ ਬਦਲ ਦਿੱਤੀ ਗਈ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)