ਸੁੰਦਰ ਲਾਲ ਬਹੁਗੁਣਾ: ਰੁੱਖਾਂ ਨੂੰ ਜੱਫ਼ੀਆਂ ਪਾਉਣ ਵਾਲਾ ਸ਼ਖਸ਼,ਜੋ ਰੁੱਖਾਂ ਦੀ ਅਵਾਜ਼ ਬਣ ਕੇ ਜੀਵਿਆ

  • ਸ਼ੇਖਰ ਪਾਠਕ
  • ਬੀਬੀਸੀ ਹਿੰਦੀ ਲਈ
ਸੁੰਦਰ ਲਾਲ ਬਹੁਗੁਣਾ

ਤਸਵੀਰ ਸਰੋਤ, Getty Images

ਸੁੰਦਰ ਲਾਲ ਬਹੁਗੁਣਾ ਦਾ ਜਾਣਾ ਸਾਡੇ ਦੌਰ ਦੇ ਸਭ ਤੋਂ ਵੱਡੇ ਸਮਾਜਿਕ ਕਾਰਜਕਰਤਾ ਦਾ ਜਾਣਾ ਹੈ। ਜੇਕਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਨਾ ਹੁੰਦਾ ਤਾਂ ਉਹ ਕੁਝ ਹੋਰ ਸਾਲਾਂ ਤੱਕ ਸਾਡੇ ਲੋਕਾਂ ਲਈ ਪ੍ਰੇਰਣਾ ਦਾ ਕੰਮ ਕਰਦੇ।

ਹਾਲਾਂਕਿ ਸੁੰਦਰ ਲਾਲ ਬਹੁਗੁਣਾ ਆਪਣੇ ਪਿੱਛੇ ਸਮਾਜਿਕ ਸੰਘਰਸ਼ਾਂ ਦਾ ਵਿਸਤ੍ਰਿਤ ਸਿਲਸਿਲਾ ਛੱਡ ਕੇ ਗਏ ਹਨ। ਦੁਨੀਆ ਉਨ੍ਹਾਂ ਅਤੇ ਚੰਡੀ ਪ੍ਰਸਾਦ ਭੱਟ ਨੂੰ ਚਿਪਕੋ ਅੰਦੋਲਨ ਲਈ ਜਾਣਦੀ ਹੈ, ਪਰ ਇਹ ਅੰਦੋਲਨ ਉਨ੍ਹਾਂ ਦੇ ਸਮਾਜਿਕ ਜੀਵਨ ਦੇ ਕਈ ਅੰਦੋਲਨਾਂ ਵਿੱਚੋਂ ਇੱਕ ਸੀ।

ਸੁੰਦਰ ਲਾਲ ਬਹੁਗੁਣਾ ਦਾ ਸਮਾਜਿਕ ਰਾਜਨੀਤਕ ਜੀਵਨ 1942 ਦੇ ਆਜ਼ਾਦੀ ਸੰਗਰਾਮ ਦੇ ਵਕਤ ਹੀ ਸ਼ੁਰੂ ਹੋ ਗਿਆ ਸੀ। ਗਾਂਧੀ ਜੀ ਦੇ ਪ੍ਰਭਾਵ ਵਿੱਚ ਆ ਕੇ ਉਹ ਕਾਂਗਰਸ ਦੇ ਅੰਦੋਲਨ ਵਿੱਚ ਸ਼ਾਮਲ ਹੋ ਗਏ ਸਨ।

ਇਹ ਵੀ ਪੜ੍ਹੋ:

ਗਾਂਧੀਵਾਦੀ ਵਿਚਾਰਾਂ ਵਿੱਚ ਉਨ੍ਹਾਂ ਦੀ ਆਸਥਾ ਅੰਤ ਤੱਕ ਬਣੀ ਰਹੀ। ਉਸ ਵਕਤ ਸੁੰਦਰ ਲਾਲ ਬਹੁਗੁਣਾ ਟੀਹਰੀ ਵਿੱਚ ਸ਼੍ਰੀਦੇਵ ਸੁਮਨ ਨਾਲ ਰਾਜਨੀਤਕ ਰੂਪ ਨਾਲ ਸਰਗਰਮ ਸਨ।

ਸੁਮਨ ਦੀ 84 ਦਿਨਾਂ ਦੀ ਭੁੱਖ ਹੜਤਾਲ ਦੇ ਬਾਅਦ 1944 ਵਿੱਚ ਮੌਤ ਹੋਈ ਸੀ, ਉਦੋਂ ਟੀਹਰੀ ਕਾਂਗਰਸ ਦੇ ਜ਼ਿਲ੍ਹਾ ਸਕੱਤਰ ਦੇ ਤੌਰ 'ਤੇ ਸੁੰਦਰ ਲਾਲ ਬਹੁਗੁਣਾ ਚਰਚਾ ਵਿੱਚ ਆਉਣ ਲੱਗੇ ਸਨ। ਉਦੋਂ ਉਨ੍ਹਾਂ ਦੀ 21-22 ਸਾਲ ਦੀ ਉਮਰ ਰਹੀ ਹੋਵੇਗੀ।

ਵਿਆਹ ਅਤੇ ਵਿਆਹ ਦੀ ਸ਼ਰਤ

ਉਹ ਜਿਸ ਤਰ੍ਹਾਂ ਦੀ ਸ਼ਖ਼ਸੀਅਤ ਸਨ, ਉਸ ਦੌਰ ਦੀ ਰਾਜਨੀਤੀ ਵਿੱਚ ਉਹ ਵੀ ਤੇਜ਼ੀ ਨਾਲ ਜਗ੍ਹਾ ਬਣਾਉਂਦੇ, ਪਰ 1956 ਵਿੱਚ ਉਨ੍ਹਾਂ ਦੇ ਜੀਵਨ ਵਿੱਚ ਇੱਕ ਵੱਡੀ ਤਬਦੀਲੀ ਆਈ ਜਦੋਂ ਸਮਾਜਿਕ ਕਾਰਜਕਰਤਾਵਾਂ ਦੇ ਪਰਿਵਾਰ ਤੋਂ ਆਉਣ ਵਾਲੀ ਵਿਮਲਾ ਨੌਟਿਆਲ ਨਾਲ ਉਨ੍ਹਾਂ ਦਾ ਵਿਆਹ ਹੋਇਆ।

ਵਿਮਲਾ ਨੌਟਿਆਲ ਉਸ ਵਕਤ ਗਾਂਧੀ ਜੀ ਦੀ ਸਹਿਯੋਗੀ ਸਰਲਾ ਭੈਣ ਨਾਲ ਕੰਮ ਕਰਦੀ ਸੀ। ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਹੀ ਸ਼ਰਤ ਰੱਖ ਦਿੱਤੀ ਸੀ ਕਿ, ''ਮੇਰੇ ਸਾਥੀ ਨੂੰ ਰਾਜਨੀਤਕ ਵਰਕਰ ਦੇ ਤੌਰ 'ਤੇ ਕੰਮ ਛੱਡ ਕੇ ਖੁਦ ਨੂੰ ਪੂਰੀ ਤਰ੍ਹਾਂ ਨਾਲ ਸਮਾਜਿਕ ਖੇਤਰ ਦੇ ਕੰਮ ਵਿੱਚ ਜੁਟਣਾ ਹੋਵੇਗਾ।''

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ,

ਸੁੰਦਰ ਲਾਲ ਅਤੇ ਉਨ੍ਹਾਂ ਦੀ ਪਤਨੀ ਵਿਮਲਾ

ਸੁੰਦਰ ਲਾਲ ਬਹੁਗੁਣਾ ਨੇ ਉਹੀ ਕੀਤਾ ਜੋ ਵਿਮਲਾ ਚਾਹੁੰਦੀ ਸੀ। ਦੋਵਾਂ ਨੇ ਮਿਲ ਕੇ ਟੀਹਰੀ ਦੇ ਭਿਲੰਗਨਾ ਬਲਾਕ ਵਿੱਚ ਪਰਵਤੀ ਨਵਜੀਵਨ ਮੰਡਲ ਵਿੱਚ ਇੱਕ ਆਸ਼ਰਮ ਦੀ ਸਥਾਪਨਾ ਕੀਤੀ। ਇਸ ਗੱਲ ਦੀ ਕਲਪਨਾ ਕਰਕੇ ਦੇਖੋ ਕਿ ਇਸ ਤਰ੍ਹਾਂ ਦਾ ਫੈਸਲਾ ਲੈਣ ਲਈ ਕਿਸ ਤਰ੍ਹਾਂ ਦੇ ਆਤਮਬਲ ਦੀ ਜ਼ਰੂਰਤ ਹੋਵੇਗੀ।

1956 ਵਿੱਚ ਉਨ੍ਹਾਂ ਨੇ ਇਸ ਟੀਹਰੀ ਸ਼ਹਿਰ ਵਿੱਚ ਠੱਕਰ ਬੱਪਾ ਹੋਸਟਲ ਵੀ ਬਣਾਇਆ ਜਿਸ ਵਿੱਚ ਨੌਜਵਾਨਾਂ ਦੇ ਪੜ੍ਹਨ ਦੀਆਂ ਸੁਵਿਧਾਵਾਂ ਪੈਦਾ ਕੀਤੀਆਂ ਗਈਆਂ। ਇਸ ਆਸ਼ਰਮ ਤੋਂ ਔਰਤਾਂ ਦੇ ਉਤਥਾਨ, ਸਿੱਖਿਆ, ਦਲਿਤਾਂ ਦੇ ਅਧਿਕਾਰ, ਸ਼ਰਾਬਬੰਦੀ ਦੇ ਇਲਾਵਾ ਕਈ ਤਰ੍ਹਾਂ ਦੇ ਸਰਵੋਦਿਆ ਅੰਦੋਲਨ ਸੁੰਦਰ ਲਾਲ ਬਹੁਗੁਣਾ ਅਤੇ ਵਿਮਲਾ ਚਲਾਉਂਦੇ ਰਹੇ।

ਸਮਾਜਿਕ ਮੁੱਦਿਆਂ ਨੂੰ ਸਮਝਣ ਲਈ ਯਾਤਰਾ ਕਰਦੇ ਸਨ

1969 ਵਿੱਚ ਸੁਚੇਤਾ ਕ੍ਰਿਪਲਾਨੀ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਸੀ, ਉਦੋਂ ਸਰਲਾ ਭੈਣ ਦੇ ਅਗਵਾਈ ਵਾਲੇ ਪ੍ਰਤੀਨਿਧੀ ਮੰਡਲ ਨੇ ਮੁੱਖ ਮੰਤਰੀ ਨਾਲ ਮਿਲ ਕੇ ਉਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਸ਼ਰਾਬਬੰਦੀ ਲਾਗੂ ਕਰਵਾਈ ਸੀ।

ਇਹ ਸ਼ਰਾਬਬੰਦੀ ਅਗਲੇ 20 ਸਾਲ ਤੱਕ ਬਹੁਗੁਣਾ ਦੰਪਤੀ ਦੀ ਵਜ੍ਹਾ ਨਾਲ ਉਤਰਾਖੰਡ ਵਿੱਚ ਲਾਗੂ ਰਹੀ, ਹਾਲਾਂਕਿ ਇਸ ਦੀ ਆਲੋਚਨਾ ਕਰਨ ਵਾਲੇ ਆਰਥਿਕ ਪੱਖ ਦੀ ਗੱਲ ਕਰਦੇ ਹੋਏ ਆਲੋਚਨਾ ਕਰਦੇ ਹਨ, ਪਰ 20 ਸਾਲ ਤੱਕ ਕੋਈ ਵੀ ਸਰਕਾਰ ਬਹੁਗੁਣਾ ਦੰਪਤੀ ਦੇ ਨੈਤਿਕ ਆਭਾਮੰਡਲ ਦੇ ਸਾਹਮਣੇ ਇਸ ਵਿੱਚ ਤਬਦੀਲੀ ਲਿਆਉਣ ਦੀ ਹਿੰਮਤ ਨਹੀਂ ਕਰ ਸਕੀ।

ਤਸਵੀਰ ਸਰੋਤ, Pradeep Kumar/BBC

ਸੁੰਦਰ ਲਾਲ ਬਹੁਗੁਣਾ ਨੇ ਭੂਦਾਨ ਅੰਦੋਲਨ ਨੂੰ ਵੀ ਉਤਰਾਖੰਡ ਦੇ ਜ਼ਿਲ੍ਹਿਆਂ ਵਿੱਚ ਪ੍ਰਚਾਰਿਤ ਕੀਤਾ, ਹਾਲਾਂਕਿ ਜ਼ਮੀਨ ਦਾਨ ਦੇਣ ਦੇ ਰੁਝਾਨ ਨੇ ਜ਼ੋਰ ਨਹੀਂ ਫੜਿਆ, ਪਰ ਇਸ ਅੰਦੋਲਨ ਦੇ ਚੱਲਦੇ ਸੁੰਦਰ ਲਾਲ ਬਹੁਗੁਣਾ ਨੇ ਉਤਰਾਖੰਡ ਦੇ ਕਈ ਇਲਾਕਿਆਂ ਦੀਆਂ ਯਾਤਰਾਵਾਂ ਕੀਤੀਆਂ ਅਤੇ ਉਨ੍ਹਾਂ ਦੇ ਸਮਾਜਿਕ ਅੰਦੋਲਨ ਦੀ ਸਮਝ ਨੂੰ ਇਸ ਨਾਲ ਵਿਸਥਾਰ ਮਿਲਿਆ।

ਉਹ ਪਹਾੜੀ ਸਮਾਜ ਦੇ ਮੁੱਦਿਆਂ ਨੂੰ ਭਲੀ -ਭਾਂਤ ਪਛਾਣਨ ਲੱਗੇ ਸਨ ਅਤੇ ਉਨ੍ਹਾਂ ਮੁੱਦਿਆਂ ਨੂੰ ਉਨ੍ਹਾਂ ਨੇ ਤਰਜੀਹ ਦੇਣ ਦਾ ਕੰਮ ਸ਼ੁਰੂ ਕੀਤਾ।

ਉਤਰਾਖੰਡ ਦੇ ਜ਼ਿਲ੍ਹਿਆਂ ਵਿੱਚ ਦਲਿਤਾਂ ਦੇ ਮੰਦਿਰ ਪ੍ਰਵੇਸ਼ ਤੋਂ ਲੈ ਕੇ ਉਨ੍ਹਾਂ ਨੂੰ ਪੜ੍ਹਾਈ ਦੇ ਮੌਕੇ ਦਿਵਾਉਣ ਤੱਕ ਦਾ ਕੰਮ ਉਨ੍ਹਾਂ ਨੇ ਬਾਖੂਬੀ ਕੀਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸੁੰਦਰ ਲਾਲ ਬਹੁਗੁਣਾ ਦਾ ਜੋ ਸਭ ਤੋਂ ਅਹਿਮ ਕੰਮ ਸੀ, ਉਹ ਲੋਕਾਂ ਨੂੰ ਮੁੱਦਿਆਂ ਨਾਲ ਜੋੜਨਾ ਅਤੇ ਉਸ ਮੁੱਦੇ 'ਤੇ ਉਨ੍ਹਾਂ ਨੂੰ ਜਾਗਰੂਕ ਕਰਨਾ ਸੀ। ਉਹ ਇਸ ਲਈ ਨੌਜਵਾਨਾਂ ਨਾਲ ਸੰਵਾਦ ਕਰਦੇ, ਉਨ੍ਹਾਂ ਦੀ ਗੱਲ ਸੁਣਦੇ ਅਤੇ ਜਿਸ ਵਿੱਚ ਕੋਈ ਗੱਲ ਚੰਗੀ ਲੱਗਦੀ, ਤਾਂ ਉਸ ਦੀ ਤਾਰੀਫ਼ ਕਰਦੇ।

ਮੈਂ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਇੱਕ ਅਮਰੀਕੀ ਸਮਾਜ ਵਿਗਿਆਨਕ ਦੀ ਪੁਸਤਕ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੀਆਂ ਗੱਲਾਂ ਨੂੰ ਲਿਖਿਆ ਸੀ। ਜਿਸ ਦਾ ਮਤਲਬ ਕੁਝ ਇਸ ਤਰ੍ਹਾਂ ਸੀ ਕਿ ਕਾਰਲ ਮਾਰਕਸ ਨੂੰ ਵੀ ਕੀ ਪਤਾ ਹੋਵੇਗਾ ਕਿ ਤਕਨੀਕ ਇਨਸਾਨਾਂ ਦੇ ਦਿਮਾਗ਼ 'ਤੇ ਕਬਜ਼ਾ ਜਮਾ ਲਵੇਗੀ। ਇਹ ਗੱਲ ਉਨ੍ਹਾਂ ਨੂੰ ਇੰਨੀ ਪਸੰਦ ਆਈ ਕਿ ਉਹ ਮੇਰੀ ਤਲਾਸ਼ ਕਰਦੇ ਹੋਏ ਮੇਰੇ ਪਿੰਡ ਪਹੁੰਚ ਗਏ। ਉਸ ਵਕਤ ਮੈਂ ਅਲਮੋੜਾ ਵਿੱਚ ਪੜ੍ਹਾਈ ਕਰਦਾ ਸੀ।

ਉਨ੍ਹਾਂ ਨੂੰ ਪਿੰਡ ਵਿੱਚ ਪਤਾ ਲੱਗਿਆ ਕਿ ਮੈਂ ਅਲਮੋੜਾ ਵਿੱਚ ਹਾਂ ਤਾਂ ਉਹ ਬਾਅਦ ਵਿੱਚ ਅਲਮੋੜਾ ਆਏ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਵਿੱਚ ਉੱਤਰਾਖੰਡ ਦੇ ਦੂਰ ਦੁਰਾਡੇ ਦੇ ਇਲਾਕਿਆਂ ਦੀ ਯਾਤਰਾਂ ਕਰਾਂ। ਤਾਂ ਜੀਵਨ ਵਿੱਚ ਯਾਤਰਾ ਅਤੇ ਉਸ ਦਾ ਮਹੱਤਵ, ਉਨ੍ਹਾਂ ਨੇ ਪਹਿਲੀ ਮੁਲਾਕਾਤ ਵਿੱਚ ਹੀ ਸਮਝਾਇਆ। ਸਾਡੇ ਵਰਗੇ ਹਜ਼ਾਰਾਂ ਨੌਜਵਾਨਾਂ ਦੇ ਜੀਵਨ ਨੂੰ ਉਨ੍ਹਾਂ ਨੇ ਆਪਣੇ ਜੀਵਨ ਨਾਲ ਪ੍ਰਭਾਵਿਤ ਕੀਤਾ ਹੋਵੇਗਾ।

ਇੱਕ ਗੱਲ ਹੋਰ ਸੀ, ਸੁੰਦਰ ਲਾਲ ਬਹੁਗੁਣਾ, ਉਨ੍ਹਾਂ ਲੋਕਾਂ ਵਿੱਚੋਂ ਨਹੀਂ ਸਨ ਜੋ ਗੈਰ ਸਰਕਾਰੀ ਸੰਗਠਨਾਂ ਦੇ ਬਹਾਨੇ ਤਰ੍ਹਾਂ ਤਰ੍ਹਾਂ ਦੇ ਕੰਮ ਕਰਦੇ ਹਨ। ਉਹ ਮੂਲ ਰੂਪ ਨਾਲ ਫਰੀਡਮ ਫਾਈਟਰ ਸਨ ਅਤੇ ਇਮਾਨਦਾਰੀ ਨਾਲ ਸਮਾਜਿਕ ਤਬਦੀਲੀਆਂ ਦੀ ਮੁਹਿੰਮ ਚਲਾਉਣ ਵਿੱਚ ਉਨ੍ਹਾਂ ਦੀ ਦਿਲਚਸਪੀ ਸੀ ਅਤੇ ਉਹ ਇਸ ਲਈ ਲੋਕਾਂ ਨੂੰ ਜੋੜ ਲੈਂਦੇ ਸਨ।

ਤਸਵੀਰ ਸਰੋਤ, Pib

ਤਸਵੀਰ ਕੈਪਸ਼ਨ,

ਸੁੰਦਰ ਲਾਲ ਬਹੁਗੁਣਾ ਦੇ ਦੋਸਤ ਚੰਡੀ ਪ੍ਰਸ਼ਾਦ ਭੱਟ

ਚੰਡੀ ਪ੍ਰਸਾਦ ਭੱਟ ਨਾਲ ਮਤਭੇਦ

ਚਿਪਕੋ ਅੰਦੋਲਨ ਨੂੰ ਲੈ ਕੇ ਸੁੰਦਰ ਲਾਲ ਬਹੁਗੁਣਾ ਅਤੇ ਚੰਡੀ ਪ੍ਰਸ਼ਾਦ ਭੱਟ ਵਿੱਚ ਆਪਸੀ ਮਨ ਮੁਟਾਵ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ ਹਨ, ਪਰ ਇਹ ਲੋਕ ਇੰਨੇ ਵੱਡੇ ਸਮਾਜਿਕ ਕਾਰਜਕਰਤਾ ਸਨ ਕਿ ਆਪਸੀ ਮਨ ਮੁਟਾਵ ਦਾ ਅਸਰ ਇਨ੍ਹਾਂ ਦੇ ਕਾਰਜਾਂ 'ਤੇ ਨਹੀਂ ਦਿਖਦਾ ਸੀ।

ਦਰਅਸਲ, ਐਮਰਜੈਂਸੀ ਦੇ ਦੌਰ ਨੇ ਸਰਵੋਦਿਆ ਅੰਦੋਲਨ ਨਾਲ ਜੁੜੇ ਲੋਕਾਂ ਦੇ ਸਾਹਮਣੇ ਇੱਕ ਤਰ੍ਹਾਂ ਨਾਲ ਮਤਭੇਦ ਦੀ ਸਥਿਤੀ ਉਤਪੰਨ ਕਰ ਦਿੱਤੀ ਸੀ, ਕੁਝ ਲੋਕ ਜੇਪੀ ਨਾਲ ਜਾਣਾ ਚਾਹੁੰਦੇ ਸਨ ਜੋ ਕਿ ਇੰਦਰਾ ਗਾਂਧੀ ਖਿਲਾਫ਼ ਅੰਦੋਲਨ ਚਲਾ ਰਹੇ ਸਨ, ਜਦੋਂਕਿ ਕੁਝ ਲੋਕ ਬਿਨੋਵਾ ਭਾਵੇ ਨਾਲ ਜਾਣਾ ਚਾਹੁੰਦੇ ਸਨ ਜੋ ਐਮਰਜੈਂਸੀ ਦਾ ਸਮਰਥਨ ਕਰ ਚੁੱਕੇ ਸਨ।

ਇਸ ਦਾ ਅਸਰ ਸੁੰਦਰ ਲਾਲ ਬਹੁਗੁਣਾ ਅਤੇ ਚੰਡੀ ਪ੍ਰਸਾਦ ਭੱਟ 'ਤੇ ਵੀ ਹੋਇਆ ਸੀ, ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੋਵਾਂ ਦਾ ਉਦੇਸ਼ 1980 ਵਿੱਚ ਜਦੋਂ ਕਾਂਗਰਸ ਦੀ ਸਰਕਾਰ ਕੇਂਦਰ ਵਿੱਚ ਪਰਤੀ ਤਾਂ ਉਸ ਨੇ ਚਿਪਕੋ ਅੰਦੋਲਨ ਦੀਆਂ ਜ਼ਿਆਦਾਤਰ ਮੰਗਾਂ ਨੂੰ ਮੰਨ ਲਿਆ ਸੀ। ਯਾਨੀ ਹੁਣ ਅੱਗੇ ਦਾ ਰਸਤਾ ਕੀ ਹੋਵੇ, ਇਸ ਦੀ ਚੁਣੌਤੀ ਸਾਹਮਣੇ ਸੀ, ਪਰ ਬਹੁਗੁਣਾ ਜੀ ਕੋਲ ਯੋਜਨਾਵਾਂ ਦੀ ਕਮੀ ਨਹੀਂ ਸੀ।

1982 ਵਿੱਚ ਉਨ੍ਹਾਂ ਨੇ ਕਸ਼ਮੀਰ ਤੋਂ ਕੋਹਿਮਾ ਤੱਕ ਦੀ ਯਾਤਰਾ ਸ਼ੁਰੂ ਕੀਤੀ। ਇਹ ਇੱਕ ਤਰ੍ਹਾਂ ਨਾਲ ਪੂਰੇ ਹਿਮਾਲਿਆਈ ਇਲਾਕਿਆਂ ਨੂੰ ਆਪਸ ਵਿੱਚ ਜੋੜਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ 'ਤੇ ਗੱਲ ਕਰਨ ਦੀ ਮੁਹਿੰਮ ਸੀ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਸੁੰਦਰ ਲਾਲ ਬਹੁਗੁਣਾ ਭਾਰਤ ਦੇ ਸਭ ਤੋਂ ਵਧੇਰੇ ਪ੍ਰਸਿੱਧ ਵਾਤਾਵਰਣ ਕਾਰਕੁਨ ਸਨ

ਇਸ ਦੇ ਬਾਅਦ ਟੀਹਰੀ ਡੈਮ ਦੇ ਵਿਰੋਧ ਦਾ ਲੰਬਾ ਸੰਘਰਸ਼ ਉਨ੍ਹਾਂ ਨੇ ਕੀਤਾ। ਇਹ ਗੱਲ ਹੋਰ ਹੈ ਕਿ ਸਰਕਾਰਾਂ ਨੇ ਇਸ ਵਿਰੋਧ 'ਤੇ ਧਿਆਨ ਨਹੀਂ ਦਿੱਤਾ, ਪਰ ਆਮ ਸਮਾਜ ਦੀ ਜਾਗਰੂਕਤਾ 'ਤੇ ਇਨ੍ਹਾਂ ਅੰਦੋਲਨਾਂ ਦਾ ਗਹਿਰਾ ਅਸਰ ਹੋਇਆ।

ਸੁੰਦਰ ਲਾਲ ਬਹੁਗੁਣਾ ਵਿੱਚ ਇੱਕ ਸਮਾਜਿਕ ਕਾਰਜਕਰਤਾ ਅਤੇ ਸੰਗਠਨਕਰਤਾ ਦੇ ਇਲਾਵਾ ਇੱਕ ਹੋਰ ਖਾਸੀਅਤ ਸੀ। ਉਹ ਆਪਣੇ ਆਸ ਪਾਸ ਦੇ ਇਲਾਕਿਆਂ ਅਤੇ ਉਸ ਦੀਆਂ ਤਬਦੀਲੀਆਂ 'ਤੇ ਲਗਾਤਾਰ ਲਿਖਦੇ ਸਨ। ਦੈਨਿਕ ਹਿੰਦੁਸਤਾਨ ਲਈ ਉਨ੍ਹਾਂ ਨੇ ਨਿਯਮਤ ਲਿਖਿਆ ਅਤੇ ਉਨ੍ਹਾਂ ਦੇ ਲਿਖੇ ਲੇਖ ਦਸਤਾਵੇਜ਼ ਦੀ ਤਰ੍ਹਾਂ ਹਨ।

ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਰਹੇ। ਉਨ੍ਹਾਂ ਦੇ ਇਸ ਸਫ਼ਰ ਵਿੱਚ ਉਨ੍ਹਾਂ ਦੀ ਪਤਨੀ ਵਿਮਲਾ ਦਾ ਬਾਖੂਬੀ ਸਾਥ ਮਿਲਿਆ। ਜਾਂ ਕਹੀਏ ਕਿ ਦੋਵਾਂ ਨੇ ਦੂਜੇ ਤਮਾਮ ਸਾਥੀਆਂ ਨਾਲ ਮਿਲ ਕੇ ਸਮਾਜਿਕ ਕੁਰੀਤੀਆਂ ਖਿਲਾਫ਼ ਸੰਘਰਸ਼ ਨੂੰ ਮਜ਼ਬੂਤ ਬਣਾ ਕੇ ਰੱਖਿਆ।

(ਸ਼ੇਖਰ ਪਾਠਕ ਚਿਪਕੋ ਅੰਦੋਲਨ 'ਤੇ 'ਹਰੀ ਭਰੀ ਉਮੀਦ' ਕਿਤਾਬ ਲਿਖ ਚੁੱਕੇ ਹਨ, ਲੇਖ ਬੀਬੀਸੀ ਪੱਤਰਕਾਰ ਪ੍ਰਦੀਪ ਕੁਮਾਰ ਨਾਲ ਗੱਲਬਾਤ 'ਤੇ ਆਧਾਰਿਤ ਹੈ।)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)