ਪੰਜਾਬ ਦੇ ਪਿੰਡਾਂ ਦੀ ਤਲਖ਼ ਹਕੀਕਤ: 'ਇੱਕ ਹਫ਼ਤੇ ਵਿੱਚ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ' - ਗਰਾਊਂਡ ਰਿਪੋਰਟ

  • ਸਰਬਜੀਤ ਸਿੰਘ ਧਾਲੀਵਾਲ
  • ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ

ਲਗਭਗ ਤਿੰਨ ਘੰਟੇ ਦਾ ਸਫ਼ਰ ਤੈਅ ਕਰਕੇ ਜਦੋਂ ਬੀਬੀਸੀ ਪੰਜਾਬੀ ਦੀ ਟੀਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੱਕੀਪੁਰ ਦੀ ਫਿਰਨੀ ਉੱਤੇ ਪਹੁੰਚੀ ਤਾਂ ਪਹਿਲੀ ਨਜ਼ਰ 'ਚ ਪਿੰਡ ਦੇ ਟਾਂਵੇ-ਟਾਂਵੇ ਵਿਅਕਤੀ ਹੀ ਨਜ਼ਰ ਆਏ।

ਅਚਾਨਕ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਆਵਾਜ਼ ਆਉਂਦੀ ਹੈ, ਜਿਸ ਦੇ ਬੋਲ ਸਨ "ਭਾਈ ਪਿੰਡ ਵਿੱਚ ਸਿਹਤ ਮਹਿਕਮੇ ਦੀ ਟੀਮ ਆਈ ਹੋਈ ਹੈ।''

''ਸਾਰੇ ਧਰਮਸ਼ਾਲਾ 'ਚ ਪਹੁੰਚ ਕੇ ਕੋਰੋਨਾ ਦਾ ਟੈਸਟ ਕਰਵਾਓ, ਭਾਈ ਡਰੋ ਨਾ ਪਹਿਲਾਂ ਜਿਨ੍ਹਾਂ ਦੇ ਟੈਸਟ ਹੋਏ ਸਨ, ਉਹ ਸਾਰੇ ਨੈਗੇਟਿਵ ਹਨ।''

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਸਪੀਕਰ ਬੰਦ ਹੋ ਜਾਂਦਾ ਹੈ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚਦੇ ਹਾਂ, ਜਿੱਥੇ ਸਾਡੀ ਮੁਲਾਕਾਤ ਸਿਹਤ ਮਹਿਕਮੇ ਦੀ ਟੀਮ ਦੇ ਮੈਂਬਰ ਰਜਿੰਦਰ ਕੁਮਾਰ ਅਤੇ ਕਮਲੇਸ਼ ਕੁਮਾਰੀ ਨਾਲ ਹੁੰਦੀ ਹੈ।

ਵੀਡੀਓ ਕੈਪਸ਼ਨ,

ਕੋਰੋਨਾਵਾਇਰਸ: ਇੱਕੋ ਪਰਿਵਾਰ 'ਚ ਜਿੱਥੇ 3 ਮੌਤਾਂ ਹੋਈਆਂ, ਉਸ ਪਿੰਡ ਦਾ ਹਾਲ ਜਾਣੋ

ਉਨ੍ਹਾਂ ਦੇ ਨਾਲ ਅਸੀਂ ਧਰਮਸ਼ਾਲਾ ਵੱਲ ਵਧਣਾ ਸ਼ੁਰੂ ਹੋ ਜਾਂਦੇ ਹਾਂ। ਰਾਹ ਵਿੱਚ ਇਹ ਟੀਮ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾ ਕੇ ਕੋਰੋਨਾ ਟੈਸਟ ਕਰਵਾਉਣ ਲਈ ਆਖਦੀ ਹੈ।

ਇਨ੍ਹਾਂ ਦੇ ਦੱਸਣ ਤੋਂ ਬਾਅਦ ਕੁਝ ਲੋਕ ਤਿਆਰ ਹੋ ਜਾਂਦੇ ਹਨ ਅਤੇ ਕੁਝ ਨਹੀਂ।

ਰਾਹ ਵਿੱਚ ਅਸੀਂ ਦੇਖਿਆ ਕਿ ਬਹੁਤ ਘੱਟ ਲੋਕਾਂ ਨੇ ਮਾਸਕ ਪਾਏ ਹੋਏ ਸਨ।

ਅਸਲ 'ਚ ਤੱਕੀਪੁਰ ਪਿੰਡ ਪਿਛਲੇ ਦਿਨੀਂ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦੋਂ ਇੱਥੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਅਚਾਨਕ ਹਫ਼ਤੇ ਦੇ ਅੰਦਰ-ਅੰਦਰ ਮੌਤ ਹੋ ਗਈ।

ਪਹਿਲਾਂ ਮੌਤਾਂ ਨੂੰ ਕੋਰੋਨਾਵਾਇਰਸ ਦੇ ਨਾਲ ਜੋੜਿਆ ਗਿਆ ਅਤੇ ਬਾਅਦ ਵਿੱਚ ਮੈਡੀਕਲ ਰਿਪੋਰਟ ਤੋਂ ਸਪੱਸ਼ਟ ਹੋਇਆ ਕਿ ਮ੍ਰਿਤਕਾਂ ਵਿੱਚ ਸਿਰਫ਼ ਇੱਕ ਕੋਵਿਡ ਪੌਜ਼ੀਟਿਵ ਸੀ ਤੇ ਬਾਕੀ ਦੋ ਦੀ ਮੌਤ ਦੂਜੀਆਂ ਬਿਮਾਰੀਆਂ ਕਾਰਨ ਹੋਈ ਸੀ।

ਇਸ ਤੋਂ ਬਾਅਦ ਪੂਰੇ ਪਿੰਡ 'ਚ ਸਿਹਤ ਮਹਿਕਮੇ ਦੀ ਟੀਮ ਵੱਲੋਂ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ।

ਪਿੰਡ ਵਾਸੀ ਧਰਮਿੰਦਰ ਸਿੰਘ ਦੱਸਦੇ ਹਨ ਕਿ ਤਿੰਨ ਮੌਤਾਂ ਤੋਂ ਬਾਅਦ ਪਿੰਡ 'ਚ ਸਹਿਮ ਦਾ ਮਾਹੌਲ ਹੋ ਗਿਆ।

ਇਸ ਤੋਂ ਇਲਾਵਾ ਕੁਝ ਮੀਡੀਆ ਰਿਪੋਰਟਾਂ 'ਚ ਤਿੰਨੇ ਮੌਤਾਂ ਨੂੰ ਕੋਵਿਡ ਨਾਲ ਜੋੜ ਦਿੱਤਾ ਗਿਆ, ਜਿਸ ਕਾਰਨ ਪੂਰਾ ਪਿੰਡ ਸਦਮੇ ਵਿੱਚ ਆ ਗਿਆ।

ਉਨ੍ਹਾਂ ਆਖਿਆ ਕਿ ਪਿੰਡ ਦੀ ਆਬਾਦੀ ਕਰੀਬ 1200 ਹੈ ਅਤੇ 400 ਦੇ ਕਰੀਬ ਟੈਸਟ ਹੋ ਚੁੱਕੇ ਹਨ ਅਤੇ ਇਹ ਸਾਰੇ ਟੈਸਟ ਨੈਗੇਟਿਵ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਗ਼ਲਤ ਮੀਡੀਆ ਰਿਪੋਰਟਿੰਗ ਕਾਰਨ ਹੋਰ ਪਿੰਡਾਂ ਵਾਲੇ ਸ਼ੱਕੀ ਨਜ਼ਰ ਨਾਲ ਦੇਖਣ ਲੱਗੇ

ਉਨ੍ਹਾਂ ਦੱਸਿਆ ਕਿ ਹੁਣ ਪਿੰਡ ਵਿੱਚ ਮਾਹੌਲ ਹੌਲੀ-ਹੌਲੀ ਠੀਕ ਹੋ ਰਿਹਾ ਹੈ ਪਰ ਫਿਰ ਵੀ ਜ਼ਿਆਦਾਤਰ ਲੋਕ ਘਰਾਂ 'ਚ ਹੀ ਰਹਿੰਦੇ ਹਨ ਅਤੇ ਜ਼ਰੂਰੀ ਕੰਮ ਲਈ ਹੀ ਬਾਹਰ ਜਾਂਦੇ ਹਨ।

ਉਨ੍ਹਾਂ ਮੁਤਾਬਕ ਗ਼ਲਤ ਮੀਡੀਆ ਰਿਪੋਰਟਿੰਗ ਕਾਰਨ ਦੂਜੇ ਪਿੰਡਾਂ ਦੇ ਲੋਕ ਵੀ ਸ਼ੱਕ ਦੀ ਨਜ਼ਰ ਨਾਲ ਉਨ੍ਹਾਂ ਨੂੰ ਦੇਖਣ ਲੱਗੇ।

ਤਸਵੀਰ ਕੈਪਸ਼ਨ,

ਧਰਮਿੰਦਰ ਸਿੰਘ ਦੱਸਦੇ ਹਨ ਕਿ ਤਿੰਨ ਮੌਤਾਂ ਤੋਂ ਬਾਅਦ ਪਿੰਡ 'ਚ ਸਹਿਮ ਦਾ ਮਾਹੌਲ ਹੋ ਗਿਆ

ਇਸ ਦੌਰਾਨ ਸਾਡੀ ਮੁਲਾਕਾਤ ਅਮਨਦੀਪ ਸਿੰਘ ਵਿਰਕ ਨਾਂ ਦੇ ਨੌਜਵਾਨ ਨਾਲ ਹੋਈ, ਇਸੇ ਨੌਜਵਾਨ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਦੀ ਚਰਚਾ ਮੀਡੀਆ ਵਿੱਚ ਹੋਈ ਸੀ।

ਖੇਤਾਂ ਵਿੱਚ ਕੰਮ ਕਰ ਰਹੇ ਅਮਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਦਾਦਾ ਜੀ ਦੀ ਮੌਤ ਹੋਈ ਅਤੇ ਉਸ ਤੋਂ ਬਾਅਦ ਤਾਏ ਅਤੇ ਪਿਤਾ ਜੀ ਦੀ ਮੌਤ ਹੋ ਗਈ।

''ਇੱਕ ਹਫ਼ਤੇ ਵਿੱਚ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।''

ਉਨ੍ਹਾਂ ਦੱਸਿਆ ਕਿ ਤਿੰਨ ਮੌਤਾਂ 'ਚੋਂ ਸਿਰਫ਼ ਇੱਕ ਹੀ ਕੋਰੋਨਾ ਪੌਜ਼ੀਟਿਵ ਸੀ।

ਅਮਨਦੀਪ ਸਿੰਘ ਨੇ ਮੀਡੀਆ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਆਖਿਆ ਕਿ ਬਿਨਾਂ ਪੁਖ਼ਤਾ ਸਬੂਤ ਦੇ ਤਿੰਨ ਮੌਤਾਂ ਨੂੰ ਕੋਰੋਨਾ ਦੇ ਨਾਲ ਜੋੜ ਦਿੱਤਾ ਜੋ ਕਿ ਪਰਿਵਾਰ ਅਤੇ ਪਿੰਡ ਲਈ ਸਦਮੇ ਤੋਂ ਘੱਟ ਨਹੀਂ ਸੀ।

ਉਨ੍ਹਾਂ ਦੱਸਿਆ ਕਿ ਪੂਰੇ ਪਰਿਵਾਰ ਦੇ ਆਰਟੀ-ਪੀਸੀਆਰ ਟੈਸਟ ਕਰਵਾਏ ਗਏ ਤੇ ਸਾਰੇ ਹੀ ਨੈਗੇਟਿਵ ਆਏ ਹਨ।

ਉਨ੍ਹਾਂ ਮੰਨਿਆ ਕਿ ਪਿੰਡਾਂ ਵਿੱਚ ਕੋਰੋਨਾ ਵੱਧ ਰਿਹਾ ਹੈ ਅਤੇ ਇਸ ਦਾ ਵੱਡਾ ਕਾਰਨ ਲੋਕਾਂ ਦਾ ਟੈਸਟ ਲਈ ਅੱਗੇ ਨਾ ਆਉਣਾ ਹੈ। ਜੇ ਸਹੀ ਸਮੇਂ ਉੱਤੇ ਇਸ ਦਾ ਇਲਾਜ ਕਰਵਾ ਲਿਆ ਜਾਵੇ ਤਾਂ ਵਾਇਰਸ ਨੂੰ ਮਾਤ ਦਿੱਤੀ ਜਾ ਸਕਦੀ ਹੈ।

ਇਸੇ ਤਰ੍ਹਾਂ ਮੁਹਾਲੀ ਜ਼ਿਲ੍ਹੇ ਦੇ ਡੇਰਾਬਸੀ ਇਲਾਕੇ ਦੇ ਪਿੰਡ ਰਜਾਪੁਰ ਦੀ ਜ਼ਮੀਨੀ ਹਕੀਕਤ ਵੀ ਅਸੀਂ ਜਾਣੀ।

ਇੱਥੇ ਸਾਡੀ ਮੁਲਾਕਾਤ ਰਾਜ ਸਿੰਘ ਨਾਲ ਹੋਈ, ਜਿਨ੍ਹਾਂ ਦੇ ਪਿਤਾ ਲੰਬੜਦਾਰ ਸੁਖਬੀਰ ਸਿੰਘ ਦੀ ਮੌਤ ਕੋਰੋਨਾਵਾਇਰਸ ਨਾਲ ਹੋਈ।

70 ਸਾਲਾ ਸੁਖਬੀਰ ਸਿੰਘ ਪੂਰੀ ਤਰ੍ਹਾਂ ਫਿੱਟ ਸੀ ਪਰ ਅਚਾਨਕ ਤਬੀਅਤ ਵਿਗੜੀ ਤੇ ਪਰਿਵਾਰ ਵਾਲੇ ਡਾਕਟਰ ਕੋਲ ਲੈ ਗਏ, ਜਿਸ ਤੋਂ ਤਿੰਨ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਬਾਅਦ ਵਿੱਚ ਪਤਾ ਲੱਗਾ ਕਿ ਉਹ ਕੋਰੋਨਾ ਨਾਲ ਪੀੜਤ ਸਨ।

ਰਾਜ ਸਿੰਘ ਦੱਸਦੇ ਹਨ ਕਿ ਇਸ ਤੋਂ ਬਾਅਦ ਪਿੰਡ ਵਿੱਚ ਟੈਸਟਿੰਗ ਕੀਤੀ ਗਈ, ਜਿਸ ਵਿੱਚ ਪੰਜ ਹੋਰ ਵਿਅਕਤੀ ਪੌਜ਼ੀਟਿਵ ਪਾਏ ਗਏ ਅਤੇ ਹੁਣ ਪਿੰਡ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਲੋਕ ਟੈਸਟ ਕਰਵਾਉਣ ਲਈ ਅੱਗੇ ਆ ਰਹੇ ਹਨ।

ਕੀ ਹੈ ਹਾਲ ਪੇਂਡੂ ਇਲਾਕਿਆਂ ਦਾ?

ਸੰਗਰੂਰ ਤੋਂ ਲੌਂਗੋਵਾਲ ਨੂੰ ਜਾਂਦੇ ਸਮੇਂ ਅਸੀਂ ਦੇਖਿਆ ਕਿ ਸ਼ਹਿਰਾਂ 'ਚ ਲੋਕਾਂ ਵੱਲੋਂ ਮਾਸਕ ਲਗਾਏ ਹੋਏ ਹਨ ਤੇ ਉਹ ਵੀ ਪੁਲਿਸ ਦੇ ਡਰ ਤੋਂ, ਪਰ ਪਿੰਡਾਂ ਵਿੱਚ ਬਹੁਤ ਘੱਟ ਲੋਕਾਂ ਨੇ ਮਾਸਕ ਪਾਏ ਹੋਏ ਸਨ।

ਇੱਕ ਪਿੰਡ ਦੀ ਸੱਥ 'ਚ ਬਜ਼ੁਰਗ ਅਤੇ ਨੌਜਵਾਨ ਤਾਸ਼ ਖੇਡਦੇ ਦਿਖਾਈ ਦਿੱਤੇ। ਇਨ੍ਹਾਂ 'ਚ ਮਾਸਕ ਕਿਸੇ ਨੇ ਨਹੀਂ ਸੀ ਪਾਇਆ ਹੋਇਆ।

ਗੱਲਾਂ ਦੌਰਾਨ ਇਨ੍ਹਾਂ ਨੇ ਦੱਸਿਆ ਕਿ ''ਕੋਰੋਨਾ ਪਿੰਡਾਂ ਵਿੱਚ ਫੈਲ ਰਿਹਾ ਹੈ, ਇਹ ਉਨ੍ਹਾਂ ਨੇ ਵੀ ਸੁਣਿਆ ਹੈ ਤੇ ਨਾਲ ਦੇ ਪਿੰਡ ਵਿੱਚ ਮੌਤਾਂ ਹੋਈਆਂ ਹਨ ਪਰ ਸਾਡਾ ਪਿੰਡ ਠੀਕ ਹੈ।''

ਇਸੇ ਦੌਰਾਨ ਇੱਕ ਬਜ਼ੁਰਗ ਨੇ ਤਾਸ਼ ਦਾ ਪੱਤਾ ਜ਼ਮੀਨ ਉੱਤੇ ਸੁੱਟਦੇ ਹੋਏ ਸਵਾਲ ਕੀਤਾ "ਜਦੋਂ ਹਰਿਆਣਾ ਦਾ ਮੁੱਖ ਮੰਤਰੀ ਲਾਮ ਲਸ਼ਕਰ ਲੈ ਕੇ ਪਿੰਡਾਂ ਵਿੱਚ ਰੈਲੀਆਂ ਕਰਦਾ ਹੈ ਤਾਂ ਉਦੋਂ ਕੋਰੋਨਾ ਨਹੀਂ ਫੈਲਦਾ।''

ਬਾਕੀ ਲੋਕ ਵੀ ਉਸਦੀ ਹਾਂ ਵਿੱਚ ਹਾਂ ਮਿਲਉਂਦੇ ਹਨ, ਇਸ ਤੋਂ ਬਾਅਦ ਦੂਜਾ ਬਜ਼ੁਰਗ ਆਖਦਾ ਹੈ ਕਿ ''ਜਦੋਂ ਪੁਲਿਸ ਵਾਲੇ ਇੱਕ ਥਾਂ ਉੱਤੇ 10-10 ਬੈਠਦੇ ਹਨ ਉਦੋਂ ਨਹੀਂ ਕੋਰੋਨਾ ਫੈਲਦਾ, ਇਹ ਸਭ ਸਰਕਾਰ ਦੀਆਂ ਚਾਲਾਂ ਹਨ ਲੋਕਾਂ ਨੂੰ ਪਰੇਸ਼ਾਨ ਕਰਨ ਦੀਆਂ।''

ਇਸ ਤੋਂ ਬਾਅਦ ਸੱਥ ਵਿੱਚ ਬੈਠੇ ਬਜ਼ੁਰਗ ਫਿਰ ਤੋਂ ਤਾਸ਼ ਦੀਆਂ ਬਾਜ਼ੀ 'ਚ ਮਸਤ ਹੋ ਜਾਂਦੇ ਹਨ।

ਸਰਕਾਰ ਦੀ ਨਜ਼ਰ 'ਚ ਪਿੰਡਾਂ ਦੀ ਸਥਿਤੀ

ਪੰਜਾਬ ਸਰਕਾਰ ਲਈ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਪੇਂਡੂ ਇਲਾਕਿਆਂ ਵਿੱਚ ਫੈਲ ਰਿਹਾ ਕੋਰੋਨਾਵਾਇਰਸ ਹੈ।

ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਸੂਬੇ ਦੇ ਪੇਂਡੂ ਖੇਤਰਾਂ ਵਿੱਚ 58 ਫ਼ੀਸਦ ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦਕਿ ਇੱਥੇ ਪੌਜ਼ੀਟਿਵ ਕੇਸ 27 ਫ਼ੀਸਦ ਦਰਜ ਕੀਤੇ ਗਏ ਹਨ।

ਦੂਜੇ ਪਾਸੇ ਜੇਕਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਇੱਥੇ 73 ਫ਼ੀਸਦ ਪੌਜ਼ੀਟਿਵ ਕੇਸ ਹਨ ਅਤੇ ਮੌਤ ਦਰ 42 ਫ਼ੀਸਦ।

ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਿੰਡਾਂ ਵਿੱਚ ਸ਼ਹਿਰਾਂ ਨਾਲੋਂ ਕੋਰੋਨਾ ਦੇ ਮਾਮਲੇ ਘੱਟ ਹੋਣ ਦੇ ਬਾਵਜੂਦ ਵੀ ਮੌਤਾਂ ਵੱਧ ਰਹੀਆਂ ਹਨ।

ਦੂਜੇ ਪਾਸੇ ਪਿੰਡਾਂ ਵਿੱਚ ਕੋਵਿਡ ਦੇ ਫੈਲਾਅ ਨੂੰ ਰੋਕਣ ਦੇ ਲਈ ਪਿੰਡਾਂ ਦੇ ਸਰਪੰਚਾਂ ਦੀ ਮਦਦ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ।

'ਕੋਰੋਨਾ ਮੁਕਤ ਪਿੰਡ ਅਭਿਆਨ' ਤਹਿਤ 100 ਫੀਸਦ ਟੀਕਾਕਰਨ ਦਾ ਟੀਚਾ ਪੂਰਾ ਕਰਨ ਵਾਲੇ ਹਰੇਕ ਪਿੰਡ ਨੂੰ 10 ਲੱਖ ਰੁਪਏ ਦੀ ਵਿਕਾਸ ਗ੍ਰਾਂਟ ਦੇਣ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਸਰਪੰਚਾਂ ਅਤੇ ਪੰਚਾਂ ਵੱਲੋਂ ਲੋਕਾਂ ਨੂੰ ਹਲਕੇ ਲੱਛਣ ਨਜ਼ਰ ਆਉਣ ਉੱਤੇ ਵੀ ਆਪਣੀ ਕੋਵਿਡ ਸਬੰਧੀ ਜਾਂਚ ਅਤੇ ਟੀਕਾਕਰਨ ਕਰਵਾਉਣ ਹਿੱਤ ਪ੍ਰੇਰਿਤ ਕੀਤਾ ਜਾਵੇ।

ਤਸਵੀਰ ਕੈਪਸ਼ਨ,

ਅੰਜਨਾ ਗੁਪਤਾ ਦਾ ਕਹਿਣਾ ਹੈ ਕਿ ਪਹਿਲੀ ਲਹਿਰ ਦੌਰਾਨ ਸ਼ਹਿਰ ਜ਼ਿਆਦਾ ਪ੍ਰਭਾਵਿਤ ਹੋਏ ਸਨ

ਮੁੱਖ ਮੰਤਰੀ ਨੇ ਪਿੰਡਾਂ ਵਿੱਚ ਠੀਕਰੀ ਪਹਿਰੇ ਸ਼ੁਰੂ ਕਰਨ ਦੇ ਆਦੇਸ਼ ਵੀ ਦਿੱਤੇ ਹਨ।

ਸੰਗਰੂਰ ਦੀ ਸਿਵਲ ਸਰਜਨ ਡਾਕਟਰ ਅੰਜਨਾ ਗੁਪਤਾ ਦਾ ਕਹਿਣਾ ਹੈ ਕਿ ਪਹਿਲੀ ਲਹਿਰ ਦੌਰਾਨ ਸ਼ਹਿਰ ਜ਼ਿਆਦਾ ਪ੍ਰਭਾਵਿਤ ਹੋਏ ਸਨ ਪਰ ਦੂਜੀ ਲਹਿਰ ਵਿੱਚ ਪਿੰਡ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਲੋਕਾਂ ਨੂੰ ਲੱਛਣ ਦੇ ਬਾਵਜੂਦ ਵੀ ਉਹ ਟੈਸਟ ਲਈ ਅੱਗੇ ਨਹੀਂ ਆਉਂਦੇ ਅਤੇ ਜਦੋਂ ਸਥਿਤੀ ਖ਼ਰਾਬ ਹੋ ਜਾਂਦੀ ਤਾਂ ਹਸਪਤਾਲ ਵਿੱਚ ਉਨ੍ਹਾਂ ਨੂੰ ਬਚਾਉਣਾ ਔਖਾ ਹੋ ਜਾਂਦਾ ਹੈ।

''ਇਸ ਕਰਕੇ ਪਿੰਡਾਂ ਵਿੱਚ ਲੋਕਾਂ ਨੂੰ ਟੈਸਟ ਕਰਵਾਉਣ ਅਤੇ ਵੈਕਸੀਨ ਲਗਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)