ਲੈਲਾ ਖ਼ਾਲਿਦ: ਕਿਵੇਂ ਬਣੀ ਸੀ ਫ਼ਲਸਤੀਨੀ ਖਾੜਕੂਆਂ ਦੀ ਪੋਸਟਰ ਗਰਲ

  • ਰੇਹਾਨ ਫਜ਼ਲ
  • ਬੀਬੀਸੀ ਪੱਤਰਕਾਰ
ਲੈਲਾ ਖ਼ਾਲਿਦ

ਤਸਵੀਰ ਸਰੋਤ, Getty Images

29 ਅਗਸਤ 1969 ਦਾ ਦਿਨ, ਰੋਮ ਹਵਾਈ ਅੱਡੇ 'ਤੇ ਚਿੱਟਾ ਸੂਟ ਅਤੇ ਸਨ ਹੈਟ ਪਹਿਨ ਕੇ, ਵੱਡਾ ਧੁੱਪ ਦਾ ਚਸ਼ਮਾ ਲਗਾ ਕੇ ਇੱਕ 25 ਸਾਲਾ ਮੁਟਿਆਰ ਫਲਾਈਟ TWA 840 ਦਾ ਇੰਤਜ਼ਾਰ ਕਰ ਰਹੀ ਸੀ।

ਅੰਦਰੋਂ ਉਹ ਬਹੁਤ ਘਬਰਾਈ ਹੋਈ ਸੀ। ਹੌਲੀਵੁੱਡ ਅਦਾਕਾਰਾ ਅੋਡਰੀ ਹੇਪਬਰਨ ਦੀ ਤਰ੍ਹਾਂ ਦਿਖਣ ਵਾਲੀ ਇਹ ਮੁਟਿਆਰ ਏਅਰਪੋਰਟ ਸਿਕਿਓਰਿਟੀ ਨੂੰ ਝਾਂਸਾ ਦੇ ਕੇ ਇੱਕ ਪਿਸਤੌਲ ਅਤੇ ਦੋ ਹੈਂਡ ਗ੍ਰੇਨੇਡ ਅੰਦਰ ਲਿਆਉਣ ਵਿੱਚ ਸਫਲ ਹੋ ਗਈ ਸੀ।

ਇਹ ਵੀ ਪੜ੍ਹੋ:

ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਵੇਟਿੰਗ ਲਾਊਂਜ ਵਿੱਚ ਬੈਠੇ ਇੱਕ ਹੋਰ ਸ਼ਖ਼ਸ ਸਲੀਮ ਇਸਾਵੀ ਨੂੰ ਉਹ ਨਹੀਂ ਪਛਾਣਦੀ ਹੈ। ਇਹ ਸ਼ਖ਼ਸ ਪਾਪੂਲਰ ਫਰੰਟ ਫਾਰ ਲਿਬਰੇਸ਼ਨ ਆਫ ਫਲਸਟਾਈਨ ਦੀ ਚੇ ਗਵਾਰਾ ਕਮਾਂਡੋ ਯੂਨਿਟ ਦਾ ਇੱਕ ਮਹੱਤਵਪੂਰਨ ਮੈਂਬਰ ਸੀ ਅਤੇ ਉਸ ਮੁਟਿਆਰ ਦਾ ਨਾਂ ਸੀ ਲੈਲਾ ਖ਼ਾਲਿਦ।

ਲੈਲਾ ਖ਼ਾਲਿਦ ਬੇਰੂਤ ਤੋਂ ਇਕੱਲੇ ਉੱਡ ਕੇ ਰੋਮ ਪਹੁੰਚੀ ਸੀ।

ਲੈਲਾ ਅਤੇ ਉਸ ਦੇ ਸਾਥੀ ਇਸਾਵੀ ਨੇ ਜਾਣਬੁੱਝ ਕੇ ਫਸਟ ਕਲਾਸ ਵਿੱਚ ਆਪਣੀਆਂ ਸੀਟਾਂ ਬੁੱਕ ਕੀਤੀਆਂ ਸਨ ਤਾਂ ਕਿ ਉਨ੍ਹਾਂ ਨੂੰ ਜਹਾਜ਼ ਦੇ ਕੌਕਪਿਟ ਤੱਕ ਪਹੁੰਚਣ ਵਿੱਚ ਆਸਾਨੀ ਹੋਵੇ।

ਲੈਲਾ ਖ਼ਾਲਿਦ 1973 ਵਿੱਚ ਪ੍ਰਕਾਸ਼ਿਤ ਆਪਣੀ ਆਤਮਕਥਾ 'ਮਾਈ ਪੀਪੁਲ ਸ਼ੈੱਲ ਲਿਵ'ਵਿੱਚ ਲਿਖਦੀ ਹੈ, ''ਕਿਉਂਕਿ ਮੈਂ ਅਤੇ ਇਸਾਵੀ ਅਲੱਗ-ਅਲੱਗ ਬੈਠੇ ਸੀ, ਇਸ ਲਈ ਸ਼ਿਕਾਗੋ ਵਿੱਚ ਰਹਿਣ ਵਾਲਾ ਇੱਕ ਗ੍ਰੀਕ ਅਮਰੀਕਨ ਮੇਰੇ ਵਿੱਚ ਕੁਝ ਜ਼ਿਆਦਾ ਹੀ ਦਿਲਚਸਪੀ ਲੈਣ ਲੱਗਿਆ ਸੀ।''

ਉਸ ਨੇ ਮੈਨੂੰ ਦੱਸਿਆ ਸੀ ਕਿ ਉਹ 15 ਸਾਲ ਅਮਰੀਕਾ ਵਿੱਚ ਰਹਿਣ ਦੇ ਬਾਅਦ ਆਪਣੀ ਮਾਂ ਨੂੰ ਮਿਲਣ ਆਪਣੇ ਘਰ ਗ੍ਰੀਸ ਜਾ ਰਿਹਾ ਸੀ। ਇੱਕ ਸਮੇਂ ਤਾਂ ਮੇਰੇ ਦਿਲ ਵਿੱਚ ਆਇਆ ਕਿ ਮੈਂ ਉਸ ਨੂੰ ਕਹਾਂ ਕਿ ਇਹ ਜਹਾਜ਼ ਛੱਡ ਕੇ ਕੋਈ ਦੂਜਾ ਜਹਾਜ਼ ਫੜ ਲੈ, ਪਰ ਫਿਰ ਮੈਂ ਆਪਣੇ ਆਪ ਨੂੰ ਰੋਕ ਲਿਆ।''

ਲੈਲਾ ਖ਼ਾਲਿਦ ਅਤੇ ਇਸਾਵੀ ਕੌਕਪਿਟ ਤੱਕ ਪਹੁੰਚੇ

ਜਹਾਜ਼ ਵਿੱਚ ਲੈਲਾ ਖ਼ਾਲਿਦ ਅਤੇ ਸਲੀਮ ਇਸਾਵੀ ਦੀਆਂ ਸੀਟਾਂ ਕੋਲ-ਕੋਲ ਸਨ। ਏਅਰ ਹੋਸਟੈੱਸ ਨੇ ਲੈਲਾ ਨੂੰ ਕੌਫ਼ੀ ਅਤੇ ਇਸਾਵੀ ਨੂੰ ਬੀਅਰ ਸਰਵ ਕੀਤੀ। ਪਰ ਇਸ ਦੇ ਬਾਅਦ ਏਅਰ ਹੋਸਟੈੱਸ ਦੇ ਬਹੁਤ ਜ਼ੋਰ ਦੇਣ ਦੇ ਬਾਵਜੂਦ ਲੈਲਾ ਖ਼ਾਲਿਦ ਨੇ ਕੁਝ ਨਹੀਂ ਖਾਧਾ।

ਬਲਕਿ ਉਨ੍ਹਾਂ ਨੇ ਏਅਰਹੋਸਟੈੱਸ ਨੂੰ ਕਿਹਾ ਕਿ ਉਸ ਨੂੰ ਠੰਢ ਲੱਗ ਰਹੀ ਹੈ ਅਤੇ ਉਸ ਦੇ ਢਿੱਡ ਵਿੱਚ ਦਰਦ ਹੈ, ਇਸ ਲਈ ਤੁਸੀਂ ਮੈਨੂੰ ਇੱਕ ਹੋਰ ਕੰਬਲ ਦੇ ਦਿਓ। ਕੰਬਲ ਮਿਲਦੇ ਹੀ ਲੈਲਾ ਨੇ ਆਪਣੇ ਹੈਂਡ ਗ੍ਰੇਨੇਡ ਅਤੇ ਪਿਸਤੌਲ ਕੰਬਲ ਦੇ ਹੇਠ ਰੱਖ ਦਿੱਤੇ ਤਾਂ ਕਿ ਉਨ੍ਹਾਂ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕੇ।

ਸ਼ੂਟ ਦਿ ਵੂਮੈਨ ਫਸਟ'ਦੀ ਲੇਖਿਕਾ ੲਲੀਨ ਮੈਕਡੌਨਲਡ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਲੈਲਾ ਖ਼ਾਲਿਦ ਦੱਸਦੀ ਹੈ, ''ਜਿਵੇਂ ਹੀ ਜਹਾਜ਼ ਕਰਮਚਾਰੀਆਂ ਨੇ ਖਾਣਾ ਦੇਣਾ ਸ਼ੁਰੂ ਕੀਤਾ, ਸਲੀਮ ਕੌਕਪਿਟ ਤੱਕ ਪਹੁੰਚ ਗਿਆ। ਉਸ ਦੇ ਪਿੱਛੇ-ਪਿੱਛੇ ਮੈਂ ਵੀ ਆਪਣੀ ਗੋਦੀ ਵਿੱਚ ਰੱਖੇ ਹੈਂਡ ਗ੍ਰੇਨੇਡ ਲੈ ਕੇ ਦੌੜੀ।''

ਤਸਵੀਰ ਸਰੋਤ, Random House

''ਇਸ ਚੱਕਰ ਵਿੱਚ ਏਅਰ ਹੋਸਟੈੱਸ ਦੇ ਹੱਥ ਤੋਂ ਟ੍ਰੇ ਹੇਠਾਂ ਡਿੱਗ ਗਈ ਅਤੇ ਉਹ ਜ਼ੋਰ ਨਾਲ ਚੀਕੀ। ਉਦੋਂ ਹੀ ਮੇਰੀ ਕਮਰ ਵਿੱਚ ਫਸਿਆ ਹੋਇਆ ਪਿਸਤੌਲ ਮੇਰੀ ਪੈਂਟ ਦੇ ਅੰਦਰ ਤੋਂ ਹੁੰਦਾ ਹੋਇਆ ਜਹਾਜ਼ ਦੇ ਫਰਸ਼ 'ਤੇ ਜਾ ਡਿੱਗਿਆ। ਮੈਂ ਅਤੇ ਇਸਾਵੀ ਨੇ ਚੀਕ ਕੇ ਹੁਕਮ ਦਿੱਤਾ ਕਿ ਫਸਟ ਕਲਾਸ ਦੇ ਸਾਰੇ ਯਾਤਰੀ ਅਤੇ ਜਹਾਜ਼ ਕਰਮਚਾਰੀ ਇਕੌਨਮੀ ਕਲਾਸ ਵਿੱਚ ਜਲੇ ਜਾਣ।''

ਲੈਲਾ ਨੇ ਜਹਾਜ਼ ਨੂੰ ਇਜ਼ਰਾਈਲ ਲੈ ਜਾਣ ਦਾ ਹੁਕਮ ਦਿੱਤਾ

ਇਸ ਹਾਈਜੈਕਿੰਗ ਵਿੱਚ ਲੈਲਾ ਖ਼ਾਲਿਦ ਨੂੰ ਪਾਇਲਟ ਅਤੇ ਏਅਰ ਟ੍ਰੈਫਿਕ ਕੰਟਰੋਲ ਰੂਮ ਨਾਲ ਗੱਲ ਕਰਨ ਦੀ ਭੂਮਿਕਾ ਦਿੱਤੀ ਗਈ ਸੀ। ਸ਼ੁਰੂ ਵਿੱਚ ਲੈਲਾ ਨੇ ਪਾਇਲਟ ਨੂੰ ਜਹਾਜ਼ ਨੂੰ ਇਜ਼ਰਾਈਲ ਦੇ ਲੋਦ ਹਵਾਈ ਅੱਡੇ ਲੈ ਜਾਣ ਲਈ ਕਿਹਾ, ਇਸ ਨੂੰ ਹੁਣ ਡੇਵਿਡ ਬੇਨ ਗੁਰਿਓਂ ਹਵਾਈ ਅੱਡਾ ਕਿਹਾ ਜਾਂਦਾ ਹੈ।

ਜਿਵੇਂ ਹੀ ਜਹਾਜ਼ ਨੇ ਇਜ਼ਰਾਈਲੀ ਖੇਤਰ ਵਿੱਚ ਦਾਖਲਾ ਲਿਆ, ਤਿੰਨ ਇਜ਼ਰਾਈਲੀ ਮਿਰਾਜ ਜਹਾਜ਼ ਉਸ ਦੇ ਦੋਵੇਂ ਪਾਸੇ ਉੱਡਣ ਲੱਗੇ। ਇਸ ਨਾਲ ਜਹਾਜ਼ ਵਿੱਚ ਬੈਠੇ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਉਨ੍ਹਾਂ ਨੂੰ ਲੱਗਿਆ ਕਿ ਇਜ਼ਰਾਈਲੀ ਜਹਾਜ਼ ਉਨ੍ਹਾਂ ਦੇ ਜਹਾਜ਼ ਨੂੰ ਸੁੱਟ ਦੇਣਗੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਲੈਲਾ ਖ਼ਾਲਿਦ ਨੇ ਲੋਦ ਦੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕਰਕੇ ਕਿਹਾ ਕਿ ਹੁਣ ਤੁਸੀਂ ਸਾਨੂੰ ਫਲਾਇਟ TWA 840 ਨਾ ਕਹਿ ਕੇ ਫਲਾਈਟ PFLP ਫ੍ਰੀ ਅਰਬ ਫਲਸਟਾਈਨ ਕਹਿ ਕੇ ਸੰਬੋਧਿਤ ਕਰੋਗੇ। ਜਹਾਜ਼ ਦੇ ਪਾਇਲਟ ਨੇ ਪਹਿਲਾਂ ਲੈਲਾ ਦਾ ਨਿਰਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਜਦੋਂ ਲੈਲਾ ਨੇ ਉਨ੍ਹਾਂ ਨੂੰ ਆਪਣਾ ਹੈਂਡ ਗ੍ਰੇਨੇਡ ਦਿਖਾਇਆ ਤਾਂ ਉਨ੍ਹਾਂ ਨੇ ਵਿਰੋਧ ਕਰਨਾ ਛੱਡ ਦਿੱਤਾ।

ਜਹਾਜ਼ ਨੂੰ ਦਮਿਸ਼ਕ ਵੱਲ ਮੋੜਿਆ ਗਿਆ

ਲੋਦ ਵੱਲ ਜਾਣ ਦਾ ਆਦੇਸ਼ ਸਿਰਫ਼ ਇਜ਼ਰਾਈਲੀਆਂ ਨੂੰ ਝਾਂਸਾ ਦੇਣ ਲਈ ਸੀ। ਜਹਾਜ਼ ਲੋਦ ਦੇ ਉੱਪਰ ਤੋਂ ਲੰਘਿਆ। ਹੇਠਾਂ ਸੈਂਕੜੇ ਇਜ਼ਰਾਈਲੀ ਸੈਨਿਕ ਅਤੇ ਟੈਂਕ ਉਨ੍ਹਾਂ ਨਾਲ ਨਜਿੱਠਣ ਲਈ ਤਿਆਰ ਖੜ੍ਹੇ ਸਨ। ਉਦੋਂ ਹੀ ਲੈਲਾ ਖ਼ਾਲਿਦ ਨੇ ਪਾਇਲਟ ਨੂੰ ਆਦੇਸ਼ ਦਿੱਤਾ ਕਿ ਉਹ ਜਹਾਜ਼ ਨੂੰ ਦਮਿਸ਼ਕ ਲੈ ਜਾਣ।

ਤਸਵੀਰ ਸਰੋਤ, Getty Images

ਰਸਤੇ ਵਿੱਚ ਉਨ੍ਹਾਂ ਨੇ ਪਾਇਲਟ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਜਨਮ ਸਥਾਨ ਹਾਇਫ਼ਾ ਦੇ ਉੱਪਰ ਤੋਂ ਉੱਡੇ।

ਬਾਅਦ ਵਿੱਚ ਲੈਲਾ ਖ਼ਾਲਿਦ ਨੇ ਆਪਣੀ ਆਤਮਕਥਾ ਵਿੱਚ ਲਿਖਿਆ, ''ਜਦੋਂ ਮੈਂ ਉੱਪਰ ਤੋਂ ਫਲਸਤੀਨ ਨੂੰ ਦੇਖਿਆ ਤਾਂ ਇੱਕ ਮਿੰਟ ਲਈ ਮੈਂ ਭੁੱਲ ਗਈ ਕਿ ਮੈਂ ਕਿਸੇ ਅਭਿਆਨ ਦਾ ਹਿੱਸਾ ਹਾਂ। ਮੇਰੇ ਮਨ ਵਿੱਚ ਇਹ ਇੱਛਾ ਜਾਗੀ ਕਿ ਮੈਂ ਆਪਣੀ ਦਾਦੀ, ਭੂਆ ਅਤੇ

ਹਰ ਕਿਸੇ ਨੂੰ ਜੋ ਉੱਥੇ ਹੈ, ਉਨ੍ਹਾਂ ਨੂੰ ਚੀਕ ਕੇ ਕਹਾਂ ਕਿ ਅਸੀਂ ਵਾਪਸ ਆ ਰਹੇ ਹਾਂ। ਬਾਅਦ ਵਿੱਚ ਪਾਇਲਟ ਨੇ ਵੀ ਕਿਹਾ ਕਿ ਜਦੋਂ ਅਸੀਂ ਹਾਇਫ਼ਾ ਦੇ ਉੱਪਰ ਤੋਂ ਉੱਡ ਰਹੇ ਸੀ ਤਾਂ ਉਸ ਨੇ ਮੇਰੇ ਚਿਹਰੇ ਦੇ ਰੌਂਗਟਿਆਂ ਨੂੰ ਖੜ੍ਹੇ ਹੁੰਦੇ ਦੇਖਿਆ।''

ਜਹਾਜ਼ ਨੂੰ ਵਿਸਫੋਟ ਨਾਲ ਉਡਾਇਆ ਗਿਆ

ਦਮਿਸ਼ਕ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਸਲੀਮ ਇਸਾਵੀ ਨੇ ਜਹਾਜ਼ ਦੇ ਕੌਕਪਿਟ ਵਿੱਚ ਵਿਸਫੋਟਕ ਪਦਾਰਥ ਲਗਾਏ ਅਤੇ ਉਸ ਜਹਾਜ਼ ਨੂੰ ਉੱਡਾ ਦਿੱਤਾ। ਉਨ੍ਹਾਂ ਦੀ ਨਜ਼ਰ ਵਿੱਚ ਫਲਸਤੀਨੀ ਲੋਕਾਂ ਵੱਲੋਂ ਦੁਨੀਆ ਦਾ ਧਿਆਨ ਖਿੱਚਣ ਦਾ ਇਹ ਸਭ ਤੋਂ ਕਾਰਗਰ ਤਰੀਕਾ ਸੀ।

ਲੈਲਾ ਖ਼ਾਲਿਦ ਨੂੰ ਅਕਸਰ ਪਹਿਲੀ ਹਾਈਜੈਕਰ ਹੋਣ ਦਾ ਸਿਹਰਾ ਦਿੱਤਾ ਜਾਂਦਾ ਹੈ, ਪਰ ਘੱਟ ਲੋਕਾਂ ਨੂੰ ਪਤਾ ਹੈ ਕਿ ਤਿੰਨ ਸਾਲ ਪਹਿਲਾਂ 1966 ਵਿੱਚ ਕਾਨਡੋਰਜ਼ ਸੰਗਠਨ ਵੱਲੋਂ ਜਹਾਜ਼ ਹਾਈਜੈਕ ਕਰਕੇ ਫਾਫਲੈਂਡ ਦੀਪ ਲੈ ਜਾਣ ਵਾਲੀ ਹਾਈਜੈਕਰ ਵੀ ਇੱਕ ਔਰਤ ਸੀ।

ੲਲੀਨ ਮੈਕਡੌਨਲਡ ਆਪਣੀ ਕਿਤਾਬ 'ਸ਼ੂਟ ਦਿ ਵੂਮੈਨ ਫਸਟ' ਵਿੱਚ ਲਿਖਦੀ ਹੈ, 'PFLP ਦੀ ਲੀਡਰਸ਼ਿਪ ਇਸ ਹਾਈਜੈਕਿੰਗ ਤੋਂ ਮਿਲੇ ਪ੍ਰਚਾਰ ਨਾਲ ਬਹੁਤ ਖੁ਼ਸ਼ ਹੋਈ। ਉਨ੍ਹਾਂ ਨੇ ਆਪਣੇ ਸਟਾਰ ਕਾਮਰੇਡ ਲੈਲਾ ਖ਼ਾਲਿਦ ਨੂੰ ਮੱਧ ਪੂਰਬ ਦੇਸ਼ਾਂ ਦੇ ਦੌਰੇ 'ਤੇ ਭੇਜਿਆ। ਉਨ੍ਹਾਂ ਨੂੰ ਪਤਾ ਸੀ ਕਿ ਇਜ਼ਰਾਈਲੀ ਲੈਲਾ ਖ਼ਾਲਿਦ ਨੂੰ ਅਗਵਾ ਕਰਨ ਅਤੇ ਮਾਰਨ ਲਈ ਕੁਝ ਵੀ ਕਰ ਸਕਦੇ ਹਨ, ਪਰ ਉਦੋਂ ਵੀ ਉਸ ਨੂੰ ਅਰਬ ਦੇਸ਼ਾਂ ਦੀ ਯਾਤਰਾ ਲਈ ਭੇਜਿਆ ਗਿਆ। ਪਰ ਉਨ੍ਹਾਂ ਦੇ ਚਾਰੇ ਪਾਸੇ ਅੰਗਰੱਖਿਅਕਾਂ ਦਾ ਇੱਕ ਸੁਰੱਖਿਆ ਘੇਰਾ ਤਾਇਨਾਤ ਕਰ ਦਿੱਤਾ ਗਿਆ। ਲੈਲਾ ਖ਼ਾਲਿਦ ਅਰਬ ਦੁਨੀਆ ਦੀ ਇੱਕ ਨਾਇਕਾ ਬਣ ਚੁੱਕੀ ਸੀ।''

ਚਿਹਰੇ ਦੀ ਪਲਾਸਟਿਕ ਸਰਜਰੀ

ਇਸ ਤੋਂ ਬਾਅਦ ਲੈਲਾ ਖ਼ਾਲਿਦ ਨੇ ਆਪਣੇ ਨੱਕ, ਗੱਲ੍ਹਾਂ, ਅੱਖਾਂ ਅਤੇ ਮੂੰਹ 'ਤੇ ਛੇ ਜਗ੍ਹਾ ਪਲਾਸਟਿਕ ਸਰਜਰੀ ਕਰਵਾਈ ਤਾਂ ਕਿ ਉਨ੍ਹਾਂ ਦੇ ਹੁਲੀਏ ਨੂੰ ਬਦਲਿਆ ਜਾ ਸਕੇ ਅਤੇ ਉਨ੍ਹਾਂ ਨੂੰ ਦੂਜੀ ਹਾਈਜੈਕਿੰਗ ਲਈ ਤਿਆਰ ਕੀਤਾ ਜਾ ਸਕੇ।

ਤਸਵੀਰ ਸਰੋਤ, Getty Images

ਸਤੰਬਰ 1970 ਵਿੱਚ ਲੈਲਾ ਖ਼ਾਲਿਦ ਨੇ ਲੇਬਨਾਨ ਤੋਂ ਯੂਰੋਪ ਦਾ ਰੁਖ਼ ਕੀਤਾ। ਚਾਰ ਸਤੰਬਰ ਨੂੰ ਸਟਟਗਰਟ, ਜਰਮਨੀ ਵਿੱਚ ਉਨ੍ਹਾਂ ਨੇ ਪੈਟ੍ਰਿਕ ਆਰਗਯੂਲੋ ਨਾਲ ਮੁਲਾਕਾਤ ਕੀਤੀ ਜੋ ਕਿ ਅਗਲੀ ਹਾਈਜੈਕਿੰਗ ਵਿੱਚ ਉਨ੍ਹਾਂ ਦਾ ਸਾਥ ਦੇਣ ਵਾਲੇ ਸਨ। ਉਨ੍ਹਾਂ ਦੋਵੇਂ

ਇੱਕ ਦੂਜੇ ਨੂੰ ਪਹਿਲਾਂ ਕਦੇ ਨਹੀਂ ਮਿਲੇ ਸਨ। 6 ਸਤੰਬਰ ਨੂੰ ਦੋਵੇਂ ਨਿਊਯਾਰਕ ਦਾ ਟਿਕਟ ਲੈ ਕੇ ਸਟਟਗਰਟ ਤੋਂ ਐਮਸਟਡਰਮ ਨਾਲ ਨਾਲ ਗਏ।

ਆਰਗਯੂਲੋ ਅਮਰੀਕਾ ਵਿੱਚ ਪੈਦਾ ਹੋਏ ਇੱਕ ਨਿਕਾਗੂਅਨ ਸਨ। ਐਮਸਟਡਰਮ ਵਿੱਚ ਇਹ ਦੋਵੇਂ ਨਿਊਯਾਰਕ ਜਾਣ ਵਾਲੇ ਇਜ਼ਰਾਈਲੀ ਏਅਰਲਾਈਨਜ਼ ELAI 219 ਦੇ ਬੋਇੰਗ 707 ਜਹਾਜ਼ ਵਿੱਚ ਸਵਾਰ ਹੋਏ।

ਸਾਰਾ ਇਰਵਿੰਗ ਆਪਣੀ ਕਿਤਾਬ 'ਲੈਲਾ ਖ਼ਾਲਿਦ ਆਈਕਾਨ ਆਫ ਪੇਲੇਸਟੀਨਿਯਨ ਲਿਬਰੇਸ਼ਨ' ਵਿੱਚ ਲਿਖਦੀ ਹੈ, ''ਜਦੋਂ ਇਹ ਦੋਵੇਂ ਜਹਾਜ਼ ਵਿੱਚ ਸਵਾਰ ਹੋਏ ਤਾਂ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਦੋ ਸਾਥੀਆਂ ਨੂੰ ਜਿਨ੍ਹਾਂ ਨੇ ਇਸ ਹਾਈਜੈਕਿੰਗ

ਵਿੱਚ ਉਨ੍ਹਾਂ ਦੀ ਮਦਦ ਕਰਨੀ ਸੀ, ELAI ਦੇ ਸਟਾਫ ਨੇ ਸੀਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ।''

ਤਸਵੀਰ ਸਰੋਤ, Getty Images

''ਹਾਈਜੈਕਿੰਗ ਦੀ ਯੋਜਨਾ ਬਣਾਉਣ ਦੌਰਾਨ ਹੀ ਇਹ ਤੈਅ ਹੋਇਆ ਸੀ ਕਿ ELAI ਦੇ ਜਹਾਜ਼ ਦੀ ਹਾਈਜੈਕਿੰਗ ਵਿੱਚ ਦੋ ਤੋਂ ਜ਼ਿਆਦਾ ਲੋਕਾਂ ਦੀ ਜ਼ਰੂਰਤ ਹੋਵੇਗੀ ਕਿਉਂਕਿ ਉਨ੍ਹਾਂ ਦੇ ਜਹਾਜ਼ ਵਿੱਚ ਹਥਿਆਰਬੰਦ ਸੁਰੱਖਿਆ ਗਾਰਡ ਮੌਜੂਦ ਰਹਿੰਦੇ ਹਨ ਅਤੇ ਜਹਾਜ਼ ਵਿੱਚ ਸਵਾਰ ਹੋਣ ਵਾਲੇ ਲੋਕਾਂ ਦੀ ਤਿੰਨ ਵਾਰ ਤਲਾਸ਼ੀ ਲਈ ਜਾਂਦੀ ਹੈ।''

ਪਾਇਲਟ ਨੇ ਕੌਕਪਿਟ ਦਾ ਦਰਵਾਜ਼ਾ ਬੰਦ ਕੀਤਾ

ਇਸ ਵਾਰ ਲੈਲਾ ਖ਼ਾਲਿਦ ਅਤੇ ਉਸ ਦੇ ਸਾਥੀ ਇਕੌਨਮੀ ਕਲਾਸ ਵਿੱਚ ਬੈਠੇ ਹੋਏ ਸਨ। ਲੈਲਾ ਖ਼ਾਲਿਦ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ ਸੀ। ''ਆਰਗਯੂਲੋ ਨੂੰ ਪਤਾ ਸੀ ਕਿ ਉਸ ਨੂੰ ਕੀ ਕਰਨਾ ਹੈ ਅਤੇ ਮੈਨੂੰ ਪਤਾ ਸੀ ਕਿ ਮੈਨੂੰ ਕੀ ਕਰਨਾ ਹੈ। ਸਾਡੇ ਕੋਲ ਸਾਡੇ ਹਥਿਆਰ ਸਨ। ਮੇਰੇ ਕੋਲ ਦੋ ਗ੍ਰੇਨੇਡ ਸਨ। ਪੈਟ੍ਰਿਕ ਦੇ ਕੋਲ ਵੀ ਇੱਕ ਹੈਂਡ ਗ੍ਰੇਨੇਡ ਸੀ। ਮੈਂ ਬਹੁਤ ਛੋਟੀ ਜਿਹੀ ਸਕਰਟ ਪਹਿਨੀ ਹੋਈ ਸੀ। ਮੈਂ ਸਾਰੇ ਨਕਸ਼ੇ ਉਸ ਸਕਰਟ ਦੇ ਅੰਦਰ ਛੁਪਾ ਕੇ ਰੱਖੇ ਸਨ।''

ਤਸਵੀਰ ਸਰੋਤ, PLUTO PRESS

ਜਦੋਂ ਖ਼ਾਲਿਦ ਦੌੜ ਕੇ ਕੌਕਪਿਟ ਵੱਲ ਗਈ ਤਾਂ ਪਾਇਲਟ ਨੇ ਪਹਿਲਾਂ ਹੀ ਉਸ ਦਾ ਦਰਵਾਜ਼ਾ ਅੰਦਰ ਤੋਂ ਲੌਕ ਕਰ ਦਿੱਤਾ ਸੀ। ਡੇਵਿਡ ਰਾਬ ਆਪਣੀ ਕਿਤਾਬ 'ਟੈਰਰ ਇਨ ਬਲੈਕ ਸਪਟੈਂਬਰ'ਵਿੱਚ ਲਿਖਦੇ ਹਨ, ''ਲੈਲਾ ਖ਼ਾਲਿਦ ਨੇ ਆਪਣੀ ਖਾਸ ਤੌਰ 'ਤੇ ਬਣਾਈ ਗਈ ਬ੍ਰਾ ਵਿੱਚੋਂ ਦੋਵੇਂ ਹੈਂਡ ਗ੍ਰੇਨੇਡ ਕੱਢ ਲਏ, ਪਰ ਉਦੋਂ ਹੀ ਜਹਾਜ਼ ਵਿੱਚ ਸਵਾਰ ਮਾਰਸ਼ਲਾਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਪੈਟ੍ਰਿਕ ਨੇ ਜਵਾਬੀ ਫਾਇਰ ਕੀਤਾ ਜੋ ਮਾਰਸ਼ਲ ਸ਼ਲੋਮੋ ਵਾਈਡਰ ਦੇ ਪੈਰ ਵਿੱਚ ਲੱਗਿਆ। ਇਸ ਵਿਚਕਾਰ ਪੈਟ੍ਰਿਕ ਨੂੰ ਵੀ ਗੋਲੀ ਲੱਗ ਚੁੱਕੀ ਸੀ। ਖ਼ਾਲਿਦ 'ਤੇ ਦੋ ਗਾਰਡਾਂ ਅਤੇ ਯਾਤਰੀਆਂ ਨੇ ਹਮਲਾ ਬੋਲਿਆ। ਲੋਕ ਉਨ੍ਹਾਂ ਨੂੰ ਮਾਰਨ ਲੱਗੇ ਜਿਸ ਨਾਲ ਉਨ੍ਹਾਂ ਦੀਆਂ ਕਈ ਪਸਲੀਆਂ ਟੁੱਟ ਗਈਆਂ।''

ਮਾਰਸ਼ਲ ਨੇ ਫਾਇਰਿੰਗ ਸ਼ੁਰੂ ਕੀਤੀ

ਇਸ ਵਿਚਕਾਰ ਚਲਾਕ ਪਾਇਲਟ ਨੇ ਜਹਾਜ਼ ਨੂੰ ਅਚਾਨਕ ਹੇਠਾਂ ਡਾਈਵ ਕਰਾ ਦਿੱਤਾ ਜਿਸ ਨਾਲ ਲੈਲਾ ਖ਼ਾਲਿਦ ਅਸੰਤੁਲਿਤ ਹੋ ਕੇ ਹੇਠਾਂ ਡਿੱਗ ਗਈ। ਯਾਤਰੀਆਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਕਿਉਂਕਿ ਉਨ੍ਹਾਂ ਦੀ ਸੀਟ ਬੈਲਟ ਬੰਨ੍ਹੀ ਹੋਈ ਸੀ। ਜਹਾਜ਼ ਕਾਫ਼ੀ ਹੇਠਾਂ ਆ ਗਿਆ ਜਿਸ ਨਾਲ ਇਹ ਸੰਭਾਵਨਾ ਖ਼ਤਮ ਹੋ ਗਈ ਕਿ ਜੇ ਗ੍ਰੇਨੇਡ ਨਾਲ ਵਿਸਫੋਟ ਹੁੰਦਾ ਵੀ ਹੈ ਤਾਂ ਕੈਬਿਨ ਚਿੰਤਤ ਨਹੀਂ ਹੋਵੇਗਾ ਅਤੇ ਘੱਟ ਤੋਂ ਘੱਟ ਨੁਕਸਾਨ ਹੋਵੇਗਾ।

ਬੀਬੀਸੀ ਨਾਲ ਗੱਲ ਕਰਦੇ ਹੋਏ ਲੈਲਾ ਖ਼ਾਲਿਦ ਨੇ ਦੱਸਿਆ ਸੀ ਕਿ ਉਸ ਸਮੇਂ ਉਨ੍ਹਾਂ 'ਤੇ ਕੀ ਗੁਜ਼ਰ ਰਹੀ ਸੀ। 'ਅੱਧੇ ਘੰਟੇ ਬਾਅਦ ਅਸੀਂ ਖੜ੍ਹੇ ਹੋ ਗਏ ਅਤੇ ਮੈਂ ਆਪਣੇ ਦੰਦਾਂ ਨਾਲ ਹੈਂਡ ਗ੍ਰੇਨੇਡ ਦਾ ਪਿੰਨ ਕੱਢਣ ਦੀ ਕੋਸ਼ਿਸ਼ ਕੀਤੀ, ਜਿਵੇਂ ਹੀ ਅਸੀਂ ਖੜ੍ਹੇ ਹੋ ਕੇ ਚੀਕੇ ਤਾਂ ਪਿੱਛੇ ਖੜ੍ਹੇ ਸੁਰੱਖਿਆ ਕਰਮਚਾਰੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੈਂ ਦੇਖਿਆ ਕਿ ਕੋਈ ਕੌਕਪਿਟ ਦੀ ਮੈਜਿਕ ਆਈ ਤੋਂ ਸਾਨੂੰ ਦੇਖ ਰਿਹਾ ਸੀ।'

ਤਸਵੀਰ ਸਰੋਤ, Getty Images

''ਮੈਂ ਉਸ ਨੂੰ ਚੇਤਾਵਨੀ ਦਿੱਤੀ ਕਿ ਮੈਂ ਤਿੰਨ ਤੱਕ ਗਿਣਤੀ ਕਰਾਂਗੀ, ਜੇਕਰ ਤੂੰ ਉਦੋਂ ਤੱਕ ਕੌਕਪਿਟ ਦਾ ਦਰਵਾਜ਼ਾ ਨਾ ਖੋਲ੍ਹਿਆ ਤਾਂ ਮੈਂ ਜਹਾਜ਼ ਨੂੰ ਉਡਾ ਦੇਵਾਂਗੀ। ਪਰ ਮੈਂ ਜਹਾਜ਼ ਨੂੰ ਉਡਾਉਣਾ ਨਹੀਂ ਚਾਹੁੰਦੀ ਸੀ। ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਕੁਝ ਪਲਾਂ ਬਾਅਦ ਕਿਸੇ ਨੇ ਮੇਰੇ ਸਿਰ 'ਤੇ ਪਿੱਛੇ ਤੋਂ ਵਾਰ ਕੀਤਾ ਅਤੇ ਮੈਂ ਬੇਹੋਸ਼ ਹੋ ਗਈ।'

ਲੰਡਨ ਵਿੱਚ ਹੰਗਾਮੀ ਲੈਂਡਿੰਗ

ਲੈਲਾ ਖ਼ਾਲਿਦ ਆਪਣੀ ਆਤਮਕਥਾ ਵਿੱਚ ਲਿਖਦੀ ਹੈ, ''ਮੈਂ ਦੇਖਿਆ ਕਿ ਇੱਕ ਮਾਰਸ਼ਲ ਨੇ ਖੂਨ ਨਾਲ ਲਥਪਥ ਆਰਗਯੂਲੋ ਦੀ ਕਮਰ 'ਤੇ ਖੜ੍ਹੇ ਹੋ ਕੇ ਉਸ ਦੀ ਪਿੱਠ ਵਿੱਚ ਚਾਰ ਗੋਲੀਆਂ ਮਾਰੀਆਂ।''

ਜ਼ਖਮੀ ਮਾਰਸ਼ਲ ਸ਼ਲੋਮੋ ਵਾਈਡਰ ਦੀ ਹਾਲਤ ਤੋਂ ਚਿੰਤਤ ਹੋ ਕੇ ELAI ਦੇ ਪਾਇਲਟ ਨੇ ਲੰਡਨ ਵਿੱਚ ਹੰਗਾਮੀ ਲੈਂਡਿੰਗ ਕੀਤੀ। ਕੁਝ ਹੀ ਪਲਾਂ ਵਿੱਚ ELAI ਦਾ ਇੱਕ ਦੂਜਾ ਜਹਾਜ਼ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਟੇਕ ਆਫ ਕਰਨ ਵਾਲਾ ਸੀ।

ਡੇਵਿਡ ਰਾਬ ਆਪਣੀ ਕਿਤਾਬ 'ਟੈਰਰ ਇਨ ਬਲੈਕ ਸਪਟੈਂਬਰ' ਵਿੱਚ ਲਿਖਦੇ ਹਨ, ''ਆਰਗਯੂਲੋ 'ਤੇ ਗੋਲੀ ਚਲਾਉਣ ਵਾਲੇ ਮਾਰਸ਼ਲ ਬਾਰ ਲੇਵਾਵ ਨੂੰ ਜਹਾਜ਼ ਦੇ ਹੈਚ ਤੋਂ ਉਤਾਰ ਕੇ ਦੂਜੇ ELAI ਜਹਾਜ਼ ਵਿੱਚ ਚੜ੍ਹਾ ਦਿੱਤਾ ਗਿਆ ਤਾਂ ਕਿ ਉਹ ਬ੍ਰਿਟਿਸ਼ ਅਧਿਕਾਰ ਖੇਤਰ ਤੋਂ ਬਾਹਰ ਨਿਕਲ ਜਾਵੇ ਅਤੇ ਉਸ ਨੂੰ ਆਰਗਯੂਲੋ ਦੀ ਮੌਤ ਦਾ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ।''

ਤਸਵੀਰ ਸਰੋਤ, St. Martin's Press

''ਲੈਲਾ ਖ਼ਾਲਿਦ ਨੂੰ ਕੁਝ ਯਾਤਰੀਆਂ ਦੀਆਂ ਟਾਈਆਂ ਦੀ ਮਦਦ ਨਾਲ ਬੰਨ੍ਹ ਕੇ ਜ਼ਬਰਦਸਤੀ ਜਹਾਜ਼ ਦੇ ਫਰਸ਼ 'ਤੇ ਲਿਟਾ ਦਿੱਤਾ ਗਿਆ। ਲੈਲਾ ਖ਼ਾਲਿਦ ਦੀ ਕਿਸਮਤ ਚੰਗੀ ਸੀ ਕਿ ਇਜ਼ਰਾਈਲੀ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਬੰਦੀ ਨਹੀਂ ਬਣਾਇਆ ਅਤੇ ਬ੍ਰਿਟਿਸ਼ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।''

''ਜਹਾਜ਼ ਦੇ ਲੈਂਡ ਕਰਦੇ ਹੀ ਪੈਟ੍ਰਿਕ ਆਰਗਯੂਲੋ ਦੀ ਲਾਸ਼ ਨੂੰ ਇੱਕ ਐਂਬੂਲੈਂਸ ਵਿੱਚ ਲੱਦ ਕੇ ਲੈ ਜਾਇਆ ਗਿਆ।''

ਲੈਲਾ ਖ਼ਾਲਿਦ ਆਪਣੀ ਆਤਮਕਥਾ 'ਮਾਈ ਪੀਪੁਲ ਸ਼ੈੱਲ ਲਿਵ' ਵਿੱਚ ਲਿਖਦੀ ਹੈ, ''ਮੈਂ ਸੁਰੱਖਿਆ ਕਰਮਚਾਰੀਆਂ ਨੂੰ ਬੇਨਤੀ ਕੀਤੀ ਕਿ ਮੇਰੇ ਹੱਥ ਖੋਲ੍ਹ ਦਿੱਤੇ ਜਾਣ।''

ਤਸਵੀਰ ਸਰੋਤ, Getty Images

''ਮੈਂ ਪੈਟ੍ਰਿਕ ਦੀ ਲਾਸ਼ ਦੇ ਕੋਲ ਖੜ੍ਹੇ ਹੋ ਕੇ ਉਸ ਦੇ ਹੱਥ ਫੜੇ। ਮੈਂ ਉਸ ਦੀਆਂ ਸੱਟਾਂ ਦਾ ਜਾਇਜ਼ਾ ਲਿਆ ਅਤੇ ਦੋਸਤੀ ਦੀ ਭਾਵਨਾ ਨਾਲ ਉਸ ਦੇ ਬੁੱਲ੍ਹਾਂ ਨੂੰ ਚੁੰਮਿਆ ਅਤੇ ਫਿਰ ਮੈਂ ਰੋ ਪਈ। ਮੇਰੇ ਲਈ ਇਹ ਬਹੁਤ ਦੁੱਖ ਭਰਿਆ ਸੀ ਕਿਉਂਕਿ ਮੈਂ ਸੋਚ ਰਹੀ ਸੀ ਕਿ ਉਸ ਦੀ ਜਗ੍ਹਾ ਮੈਨੂੰ ਮਰਨਾ ਸੀ ਕਿਉਂਕਿ ਇਹ ਸਾਡੀ ਲੜਾਈ ਸੀ। ਉਹ ਤਾਂ ਸਾਡੀ ਮਦਦ ਕਰਨ ਆਇਆ ਸੀ।''

ਜੇਲ੍ਹ ਵਿੱਚ ਚੰਗਾ ਵਿਵਹਾਰ

ਲੈਲਾ ਖ਼ਾਲਿਦ ਨੂੰ ਲੰਡਨ ਦੇ ਈਲਿੰਗ ਪੁਲਿਸ ਸਟੇਸ਼ਨ ਲੈ ਜਾਇਆ ਗਿਆ ਜਿੱਥੇ ਅਗਲੇ ਦਿਨਾਂ ਤੱਕ ਚੀਫ਼ ਸੁਪਰਿਟੈਂਡੈਂਟ ਡੇਵਿਡ ਫ੍ਰਿਯੂ ਨੇ ਉਸ ਤੋਂ ਪੁੱਛਗਿਛ ਕੀਤੀ। ਜੇਲ੍ਹ ਵਿੱਚ ਲੈਲਾ ਨਾਲ ਚੰਗਾ ਵਿਵਹਾਰ ਕੀਤਾ ਗਿਆ। ਕੁਝ ਮਹਿਲਾ ਪੁਲਿਸ ਕਰਮਚਾਰੀਆਂ ਨੇ ਉਸ ਨਾਲ ਟੇਬਿਲ ਟੈਨਿਸ ਵੀ ਖੇਡੀ।

ਲੈਲਾ ਨੇ ਪੜ੍ਹਨ ਲਈ ਕੁਝ ਸਮੱਗਰੀ ਮੰਗੀ। ਜਦੋਂ ਉਨ੍ਹਾਂ ਨੂੰ ਪੜ੍ਹਨ ਲਈ ਕੁਝ ਮਹਿਲਾ ਮੈਗਜ਼ੀਨ ਦਿੱਤੀਆਂ ਗਈਆਂ ਤਾਂ ਉਨ੍ਹਾਂ ਨੇ ਨਾਰਾਜ਼ ਹੋ ਕੇ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਫਿਰ ਉਨ੍ਹਾਂ ਨੂੰ ਅਖ਼ਬਾਰ ਉਪਲਬਧ ਕਰਵਾਏ ਗਏ।

ਲੈਲਾ ਨੂੰ ਨਹਾਉਣ ਲਈ ਸਟੇਸ਼ਨ ਚੀਫ ਦਾ ਬਾਥਰੂਮ ਦਿੱਤਾ ਗਿਆ। ਉਨ੍ਹਾਂ ਲਈ ਸਾਫ਼ ਕੱਪੜੇ ਅਤੇ ਤੌਲੀਏ ਲਿਆਂਦੇ ਗਏ।

ਜਦੋਂ ਉਨ੍ਹਾਂ ਦੇ ਕਮਰੇ ਵਿੱਚ ਇੱਕ ਮਹਿਲਾ ਗਾਰਡ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਲੈਲਾ ਨੇ ਨਾਰਾਜ਼ ਹੋ ਕੇ ਜਵਾਬ ਦਿੱਤਾ, ''ਮੈਂ ਆਪਣੇ ਆਪ ਨੂੰ ਮਾਰਨ ਨਹੀਂ ਜਾ ਰਹੀ। ਮੈਂ ਅਜੇ ਹੋਰ ਅਭਿਆਨਾਂ ਵਿੱਚ ਭਾਗ ਲੈਣਾ ਹੈ।''

ਜਦੋਂ ਲੈਲਾ ਖ਼ਾਲਿਦ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਕੁਝ ਦੇਰ ਖੁੱਲ੍ਹੀ ਹਵਾ ਵਿੱਚ ਸਾਹ ਲੈਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਜੇਲ੍ਹ ਦੀ ਉੱਪਰਲੀ ਮੰਜ਼ਿਲ 'ਤੇ ਲੈ ਜਾ ਕੇ ਖਿੜਕੀਆਂ ਖੋਲ੍ਹ ਦਿੱਤੀਆਂ ਗਈਆਂ ਤਾਂ ਕਿ ਉਹ ਤਾਜ਼ੀ ਹਵਾ ਦਾ ਆਨੰਦ ਲੈ ਸਕਣ।

ਉਨ੍ਹਾਂ ਨੂੰ ਰੋਜ਼ਾਨਾ ਛੇ ਰੋਥਮੈਨ ਸਿਗਰਟਾਂ ਪੀਣ ਦੀ ਇਜਾਜ਼ਤ ਦਿੱਤੀ ਗਈ। ਕਈ ਵਾਰ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਛੇ ਤੋਂ ਜ਼ਿਆਦਾ ਸਿਗਰਟਾਂ ਵੀ ਪੀਣ ਲਈ ਉਪਲਬਧ ਕਰਾਈਆਂ।

ਲੈਲਾ ਨੂੰ ਛੁਡਾਉਣ ਲਈ ਬ੍ਰਿਟਿਸ਼ ਜਹਾਜ਼ ਦੀ ਹਾਈਜੈਕਿੰਗ

ਲੈਲਾ ਖ਼ਾਲਿਦ ਤੋਂ ਪੁੱਛਗਿੱਛ ਦੌਰਾਨ ਡੇਵਿਟ ਫ੍ਰਿਯੂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ELAI ਦੇ ਜਹਾਜ਼ਾਂ ਤੋਂ ਇਲਾਵਾ ਸਵਿਸ ਏਅਰ, TWA, PANAM ਅਤੇ ਬ੍ਰਿਟਿਸ਼ ਏਅਰ ਦੇ ਜਹਾਜ਼ਾਂ ਨੂੰ ਵੀ ਹਾਈਜੈਕ ਕੀਤਾ ਗਿਆ ਹੈ।

ਇਸ ਸੁਣਦੇ ਹੀ ਲੈਲਾ ਖ਼ਾਲਿਦ ਨੇ ਕਿਹਾ ਕਿ ਬ੍ਰਿਟਿਸ਼ ਏਅਰ ਦੇ ਜਹਾਜ਼ ਨੂੰ ਹਾਈਜੈਕ ਕਰਨ ਦੀ ਯੋਜਨਾ ਨਹੀਂ ਸੀ। ਫ੍ਰਿਯੂ ਨੇ ਉਨ੍ਹਾਂ ਨੂੰ ਦੱਸਿਆ ਕਿ 9 ਸਤੰਬਰ ਨੂੰ ਬਹਿਰੀਨ ਤੋਂ ਲੰਡਨ ਆ ਰਹੇ ਬ੍ਰਿਟਿਸ਼ ਏਅਰ ਦੇ ਜਹਾਜ਼ ਨੂੰ ਹਾਈਜੈਕ ਕਰ ਕੇ ਜੌਰਡਨ ਵਿੱਚ ਡਾਸਨ ਫੀਲਡ ਵਿੱਚ ਲੈ ਜਾਇਆ ਗਿਆ ਹੈ।

ਤਸਵੀਰ ਸਰੋਤ, Getty Images

ਲੈਲਾ ਖ਼ਾਲਿਦ ਨੇ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਦੀ ਮੰਗ ਕੀ ਹੈ ਤਾਂ ਫ੍ਰਿਯੂ ਨੇ ਜਵਾਬ ਦਿੱਤਾ, ਉਹ ਤੁਹਾਡੀ ਰਿਹਾਈ ਚਾਹੁੰਦੇ ਹਨ।

28 ਸਤੰਬਰ ਨੂੰ ਪੁਲਿਸ ਗਾਰਡਾਂ ਨੇ ਲੈਲਾ ਨੂੰ ਰੋਂਦੇ ਹੋਏ ਦੇਖਿਆ। ਉਸ ਦਿਨ ਅਖ਼ਬਾਰਾਂ ਵਿੱਚ ਮਿਸਰ ਦੇ ਰਾਸ਼ਟਰਪਤੀ ਜਮਾਲ ਅਬਦੁਲ ਨਾਸੇਰ ਦੀ ਮੌਤ ਦੀ ਖ਼ਬਰ ਛਪੀ ਸੀ।

ਲੈਲਾ ਖ਼ਾਲਿਦ ਦੀ ਰਿਹਾਈ

ਆਖਿਰਕਾਰ ਬ੍ਰਿਟਿਸ਼ ਸਰਕਾਰ ਨੇ ਬੰਧਕ ਬਣਾਏ ਗਏ ਆਪਣੇ 114 ਯਾਤਰੀਆਂ ਦੇ ਬਦਲੇ ਲੈਲਾ ਖ਼ਾਲਿਦ ਨੂੰ ਰਿਹਾਅ ਕਰ ਦਿੱਤਾ। 24 ਦਿਨਾਂ ਤੱਕ ਬ੍ਰਿਟਿਸ਼ ਜੇਲ੍ਹ ਵਿੱਚ ਰਹਿਣ ਦੇ ਬਾਅਦ ਇੱਕ ਅਕਤੂਬਰ, 1970 ਨੂੰ ਲੈਲਾ ਖ਼ਾਲਿਦ ਨੂੰ ਲੈ ਕੇ ਰੌਇਲ ਏਅਰਫੋਰਸ ਦੇ ਜਹਾਜ਼ ਨੇ ਕਾਹਿਰਾ ਲਈ ਉਡਾਣ ਭਰੀ।

ਇਸ ਤੋਂ ਪਹਿਲਾਂ 12 ਸਤੰਬਰ ਨੂੰ ਹਾਈਜੈਕ ਕੀਤੇ ਹੋਏ ਸਾਰੇ ਜਹਾਜ਼ਾਂ ਨੂੰ ਡਾਸਨ ਫੀਲਡ ਵਿੱਚ ਵਿਸਫੋਟਕਾਂ ਨਾਲ ਉਡਾ ਦਿੱਤਾ ਗਿਆ।

ਇਸ ਘਟਨਾ ਦੇ ਕਈ ਸਾਲ ਬਾਅਦ ਬੀਬੀਸੀ ਨੇ ਲੈਲਾ ਖ਼ਾਲਿਦ ਨੂੰ ਪੁੱਛਿਆ ਕਿ ਤੁਸੀਂ ਜੋ ਕੁਝ ਕੀਤਾ, ਉਸ ਦਾ ਤੁਹਾਨੂੰ ਕੋਈ ਦੁੱਖ ਹੈ? ਲੈਲਾ ਖ਼ਾਲਿਦ ਦਾ ਜਵਾਬ ਸੀ 'ਬਿਲਕੁਲ ਨਹੀਂ।'

ਉਨ੍ਹਾਂ ਤੋਂ ਫਿਰ ਸਵਾਲ ਕੀਤਾ ਗਿਆ ਕਿ 'ਤੁਹਾਡੀ ਵਜ੍ਹਾ ਨਾਲ ਜਹਾਜ਼ ਵਿੱਚ ਸਵਾਰ ਸੈਂਕੜੇ ਯਾਤਰੀ ਦਹਿਸ਼ਤ ਵਿੱਚ ਆ ਗਏ ਅਤੇ ਉਨ੍ਹਾਂ ਨੂੰ ਮਾਨਸਿਕ ਠੇਸ ਪਹੁੰਚੀ ਅਤੇ ਜਹਾਜ਼ ਦਾ ਸਟੀਵਰਡ ਬੁਰੀ ਤਰ੍ਹਾਂ ਨਾਲ ਜ਼ਖਮੀ ਵੀ ਹੋਇਆ?'

ਲੈਲਾ ਖ਼ਾਲਿਦ ਨੇ ਜਵਾਬ ਦਿੱਤਾ, ''ਮੈਂ ਇਸ ਗੱਲ ਦੀ ਮਾਫ਼ੀ ਮੰਗ ਸਕਦੀ ਹਾਂ ਕਿ ਉਨ੍ਹਾਂ ਨੂੰ ਦੁੱਖ ਪਹੁੰਚਿਆ, ਪਰ ਉਹ ਆਖਿਰ ਸੁਰੱਖਿਅਤ ਰਹੇ। ਇਸ ਕਾਰਵਾਈ ਦਾ ਉਦੇਸ਼ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ, ਪਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਹੈ

ਕਿ ਇੱਕ ਮਨੁੱਖ ਦੇ ਰੂਪ ਵਿੱਚ ਸਾਨੂੰ ਅਤੇ ਸਾਡੇ ਮਨੁੱਖੀ ਅਧਿਕਾਰਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਸੀ।''

77 ਸਾਲਾ ਲੈਲਾ ਖ਼ਾਲਿਦ ਇਸ ਸਮੇਂ ਅਮਾਨ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਇੱਕ ਡਾਕਟਰ ਫਯਾਜ਼ ਰਸ਼ੀਦ ਹਿਲਾਲ ਨਾਲ ਵਿਆਹ ਕੀਤਾ ਹੈ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਬਦਰ ਅਤੇ ਬਸ਼ਰ।

ਉਨ੍ਹਾਂ ਨੂੰ ਦੇਖ ਕੇ ਹੁਣ ਕੋਈ ਨਹੀਂ ਕਹਿ ਸਕਦਾ ਕਿ ਇੱਕ ਜ਼ਮਾਨੇ ਵਿੱਚ ਚੈੱਕ ਕਫ਼ਾਇਆ ਪਹਿਨਣ ਅਤੇ ਹੱਥ ਵਿੱਚ ਏਕੇ 47 ਰੱਖਣ ਵਾਲੀ ਇਹ ਔਰਤ ਫਲਸਤੀਨੀ ਸੰਘਰਸ਼ ਦੀ ਸਭ ਤੋਂ ਵੱਡੀ ਪੋਸਟਰ ਗਰਲ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)