ਕੋਰੋਨਾਵਾਇਰਸ: ਭਾਰਤੀ ਵੇਰੀਐਂਟ ਨਾਲ ਜੁੜਿਆ ਕੰਟੈਂਟ ਹਟਾਉਣ ਸੋਸ਼ਲ ਮੀਡੀਆ ਕੰਪਨੀਆਂ, ਸਰਕਾਰ ਦਾ ਹੁਕਮ- ਪ੍ਰੈੱਸ ਰਿਵੀਊ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਲਿਖਿਆ ਹੈ ਕਿ ਉਹ ਕੋਰੋਨਾਵਾਇਰਸ ਦੇ "ਭਾਰਤੀ ਵੇਰੀਐਂਟ" ਨਾਲ ਜੁੜੀ ਸਾਰੀ ਸਮਗੱਰੀ ਹਟਾ ਦੇਣ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਉਸ ਨੇ ਇਹ ਪੱਤਰ ਦੇਖਿਆ ਹੈ।

ਵਿਸ਼ਵ ਸਿਹਤ ਸੰਗਠਨ ਨੇ 11 ਮਈ ਨੂੰ ਕਿਹਾ ਸੀ ਕਿ B.1.617 ਪਿਛਲੇ ਸਾਲ ਸਭ ਤੋਂ ਪਹਿਲਾਂ ਭਾਰਤ ਵਿੱਚ ਦੇਖਿਆ ਗਿਆ ਸੀ ਅਤੇ ਇਹ ਸਮੁੱਚੀ ਦੁਨੀਆਂ ਨੂੰ ਚਿੰਤਾ ਦਾ ਸਬੱਬ ਹੈ।

ਇਹ ਵੀ ਪੜ੍ਹੋ:

ਭਾਰਤ ਸਰਕਾਰ ਨੇ ਕਿਹਾ ਸੀ ਕਿ ਮੀਡੀਆ ਰਿਪੋਰਟਾਂ ਵਿੱਚ ਬਿਨਾਂ ਅਧਾਰ ਦੇ ਹੀ ਇੰਡੀਅਨ ਵੇਰੀਐਂਟ ਦਾ ਨਾਮ ਸਭ ਥਾਂ ਵਰਤ ਰਹੀਆਂ ਹਨ, ਜਦਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਸਿਰਫ਼ B.1.617 ਨਾਂਅ ਦਿੱਤਾ ਹੈ।

ਸੋਸ਼ਲ ਮੀਡੀ ਕੰਪਨੀਆਂ ਨੂੰ ਲਿਖੀ ਚਿੱਠੀ ਵਿੱਚ ਮੰਤਰਾਲੇ ਨੇ ਕਿਹਾ ਹੈ ਕਿ "ਉਹ ਸਾਰੀ ਸਮਗੱਰੀ" ਜਿਸ ਵਿੱਚ "ਇੰਡੀਅਨ ਵੇਰੀਐਂਟ" ਦਾ ਨਾਂਅ ਲਿਆ ਗਿਆ ਹੈ ਜਾਂ ਜਿਸ ਦਾ ਅਜਿਹਾ ਭਾਵ ਨਿਕਲਦਾ ਹੈ, ਉਸ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਜਾਵੇ।

ਇਹ ਬਿਲਕੁਲ ਗ਼ਲਤ ਹੈ, ਕੋਵਿਡ-19 ਦਾ ਅਜਿਹਾ ਕੋਈ ਵੇਰੀਐਂਟ ਨਹੀ ਹੈ ਜੋ ਵਿਸ਼ਵ ਸਿਹਤ ਸੰਗਠਨ ਵੱਲੋਂ ਲਿਖਿਆ ਗਿਆ ਹੋਵੇ। ਵਿਸ਼ਵ ਸਿਹਤ ਸੰਗਠ ਨੇ ਆਪਣੀ ਕਿਸੇ ਰਿਪੋਰਟ ਵਿੱਚ 'ਇੰਡੀਅਨ ਵੇਰੀਐਂਟ' ਸ਼ਬਦ ਨੂੰ B.1.617 ਨਾਲ ਨਹੀਂ ਜੋੜਿਆ।

ਖ਼ਬਰ ਏਜੰਸੀ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਸ ਚਿੱਠੀ ਦਾ ਮਕਸਦ ਸਿੱਧਾ ਅਤੇ ਸਪੱਸ਼ਟ ਸੁਨੇਹਾ ਦੇਣਾ ਹੈ ਕਿ "ਇੰਡੀਅਨ ਵੇਰੀਐਂਟ" ਦੇ ਜ਼ਿਕਰ ਨਾਲ ਗ਼ਲਤ ਜਾਣਕਾਰੀ ਫੈਲਦੀ ਹੈ ਅਤੇ ਦਾ ਅਕਸ ਖ਼ਰਾਬ ਹੁੰਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਭਾਜਪਾ ਨੇ ਆਗੂਆਂ ਨੂੰ ‘ਹਮਦਰਦ’ ਨਜ਼ਰ ਆਉਣ ਲਈ ਕਿਹਾ

ਤਸਵੀਰ ਸਰੋਤ, Getty Images

ਕੋਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਆਪਣੀ ਲੀਡਰਸ਼ਿਪ ਦੀ ਸ਼ੱਕੀ ਨਾਦਾਰਦਗੀ ਕਾਰਨ ਲੋਕਾਂ ਵਿੱਚ ਆਪਣੇ ਪ੍ਰਤੀ ਫੈਲੇ ਗੁੱਸੇ ਅਤੇ ਰੋਹ ਦੀ ਭਾਵਨਾ ਤੋਂ ਘਬਰਾਈ ਭਾਜਪਾ ਨੇ ਆਪਣੇ ਆਗੂਆਂ ਨੂੰ ਕਿਹਾ ਹੈ ਕਿ ਉਹ ਵਧੇਰੇ "ਹਮਭਾਵੀ ਅਤੇ ਹਮਦਰਦ" ਨਜ਼ਰ ਆਉਣ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪਾਰਟੀ ਦੀ ਲੋਕਾਂ ਵਿੱਚ ਪਹੁੰਚ ਵਧਾਉਣ ਦੇ ਮੰਤਵ ਨਾਲ ਪਾਰਟੀ ਦੇ ਆਗੂਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ "ਸਮਾਜਿਕ ਸਰਗਰਮੀਆਂ ਤੇਜ਼" ਕਰਨ ਅਤੇ ਲੋਕਾਂ ਨੂੰ ਦਵਾਈਆਂ, ਹਸਪਤਾਲ ਵਿੱਚ ਬਿਸਤਰੇ ਮਿਲਣ ਇਸ ਗੱਲ ਨੂੰ ਯਕੀਨੀ ਬਣਾਉਣ।

ਸਿਹਤ ਸਹੂਲਤਾਂ ਦੇ ਵਿਕਾਸ ਉੱਪਰ ਨਜ਼ਰਸਾਨ੍ਹੀ ਰੱਖਣ, ਜਿਸ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਪਲਾਂਟ ਲਗਾਏ ਜਾਣੇ ਵੀ ਸ਼ਾਮਲ ਹਨ।

ਪਾਰਟੀ ਦਾ ਇਹ ਕਦਮ ਉਸ ਸਮੇਂ ਆਇਆ ਹੈ ਜਦੋਂ ਕੋਰੋਨਾਵਾਇਰਸ ਪਿੰਡਾਂ ਵਿੱਚ ਆਪਣੇ ਪੈਰ ਬੁਰੀ ਤਰ੍ਹਾਂ ਫੈਲਾਅ ਰਿਹਾ ਹੈ ਅਤੇ ਕਾਂਗਰਸ ਭਾਜਪਾ ਨੂੰ ਇਸ ਮਸਲੇ ਉੱਪਰ ਘੇਰ ਰਹੀ ਹੈ।

ਭਾਜਪਾ ਲਗਾਤਾਰ ਕਹਿੰਦੀ ਆ ਰਹੀ ਹੈ ਕਿ ਕਾਂਗਰਸ ਕੇਂਦਰ ਸਰਕਾਰ ਦਾ ਅਕਸ ਖ਼ਰਾਬ ਕਰਨ ਲਈ ਇਸ ਦੀ ਵਰਤੋਂ ਕਰ ਰਹੀ ਹੈ।

ਕੋਵੈਕਸੀਨ ਦਾ ਬੱਚਿਆਂ 'ਤੇ ਟਰਾਇਲ ਸ਼ੁਰੂ ਕਰਨ ਦੀ ਤਿਆਰੀ

ਤਸਵੀਰ ਸਰੋਤ, Getty Images

ਭਾਰਤੀ ਵੈਕਸੀਨ ਨਿਰਮਾਤਾ ਕੰਪਨੀ ਭਾਰਤ ਬਇਓਟੈਕ ਜਿਸ ਨੇ ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੌਲੋਜੀ ਨਾਲ ਮਿਲ ਕੇ ਕੋਰੋਨਾਵਾਇਰਸ ਦੀ ਕੋਵੈਕਸੀਨ ਈਜਾਦ ਕੀਤੀ ਹੈ।

ਇਕਨਾਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਹੁਣ ਕੰਪਨੀ ਨੇ ਪਹਿਲੀ ਜੂਨ ਤੋਂ ਬੱਚਿਆਂ ਉੱਪਰ ਆਪਣੀ ਵੈਕਸੀਨ ਦੇ ਕਲੀਨੀਕਲ ਟਰਾਇਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਹੈਦਰਾਬਾਦ ਦੀ ਕੰਪਨੀ ਨੂੰ ਹਾਲ ਹੀ ਵਿੱਚ ਭਾਰਤ ਦੇ ਡਰੱਗ ਰੈਗੂਲੇਟਰ ਵੱਲੋਂ ਬੱਚਿਆਂ ਉੱਪਰ ਟਰਾਇਲ ਕਰਨ ਦੀ ਇਜਾਜ਼ਤ ਮਿਲੀ ਹੈ। ਕੰਪਨੀ ਮੁਤਾਬਕ ਇਹ ਟਰਾਇਲ 2-18 ਸਾਲ ਉਮਰ ਵਰਗ ਉੱਪਰ ਕੀਤੇ ਜਾਣਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)