CBSE ਨੇ 12ਵੀਂ ਦੇ ਇਮਤਿਹਾਨ ਕਰਵਾਉਣ ਲਈ ਦਿੱਤੇ ਇਹ 3 ਸੁਝਾਅ, ਤਰੀਕਾਂ ਤੈਅ ਨਹੀਂ - ਅਹਿਮ ਖ਼ਬਰਾਂ

ਵਿਦਿਆਰਥੀ

ਤਸਵੀਰ ਸਰੋਤ, Getty Images

ਖ਼ਬਰ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਮਹਾਮਾਰੀ ਦੇ ਬਾਵਜੂਦ ਸੀਬੀਐੱਸਈ ਦੇ 12 ਵੀਂ ਦੇ ਇਮਤਿਹਾਨ ਫਿਜੀਕਲੀ ਲੈਣ ਦੇ ਪੱਖ ਵਿਚ ਹੈ।

ਕੇਂਦਰੀ ਸਿੱਖਿਆ ਮੰਤਰਾਲੇ ਦੇ ਉੱਚ ਪੱਧਰੀ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਮਤਿਹਾਨ ਦੀਆਂ ਤਾਰੀਕਾਂ ਦਾ ਐਲਾਨ 30 ਮਈ ਨੂੰ ਕੀਤੇ ਜਾਣ ਦੀ ਉਮੀਦ ਹੈ।

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਮੀਡੀਆ ਨੂੰ ਦੱਸਿਆ ਕਿ ਬਹੁਤੇ ਸੂਬੇ ਤੇ ਕੇਂਦਰ ਸਾਸ਼ਿਤ ਪ੍ਰਦੇਸ਼ ਇਮਤਿਹਾਨ ਲੈਣ ਦੇ ਪੱਖ ਵਿਚ ਹਨ।

  • 12ਵੀਂ ਦੇ ਸੀਬੀਐੱਸਈ ਬੋਰਡ ਦੇ ਇਮਤਿਹਾਨਾਂ ਲਈ ਘੱਟ ਸਮੇਂ ਲਈ ਸੁਝਾਅ ਦਿੱਤੇ ਜਾ ਰਹੇ ਹਨ ਅਤੇ 3 ਘੰਟੇ ਦੀ ਥਾਂ 90 ਮਿੰਟ (ਡੇਢ ਘੰਟੇ) ਦਾ ਪੇਪਰ ਹੋਵੇਗਾ।
  • ਦੂਜਾ ਸੁਝਾਅ ਇਹ ਸੀ ਕਿ ਇੱਕ ਮਹੀਨਾ ਇਮਤਿਹਾਨ ਦੀਆਂ ਤਿਆਰੀਆਂ ਲਈ , ਇੱਕ ਮਹੀਨਾ ਇਮਤਿਹਾਨ ਲੈਣ ਲਈ ਅਤੇ ਇੱਕ ਮਹੀਨਾ ਨਤੀਜਾ ਐਲਾਨਣ ਲਈ ਸਮਾਂ ਦਿੱਤਾ ਜਾਵੇ। ਇਸ ਦੇ ਨਾਲ ਨਾਲ ਰੀ-ਅਪੀਅਰ ਲ਼ਈ 30 ਦਿਨ ਫਾਲਤੂ ਦਿੱਤੇ ਜਾਣ।
  • ਤੀਜਾ ਸੁਝਾਅ ਇਹ ਸੀ ਕਿ ਪੇਪਰ ਸਿਰਫ਼ ਪ੍ਰਮੁੱਖ ਵਿਸ਼ਿਆਂ ਦੇ ਹੀ ਲਏ ਜਾਣ ਅਤੇ ਬਾਕੀਆਂ ਦੇ ਨੰਬਰ ਮੁੱਖ ਨਤੀਜੇ ਮੁਤਾਬਕ ਲਾ ਦਿੱਤੇ ਜਾਣ

ਹਾਲਾਂਕਿ ਜਾਣਕਾਰੀ ਮੁਤਾਬਕ ਸੂਬਿਆਂ ਨੂੰ ਆਪਣੇ ਪੱਧਰ ਉੱਤੇ ਇਸ ਬਾਰੇ ਫ਼ੈਸਲਾ ਲੈਣ ਦਾ ਹੱਕ ਹੋਵੇਗਾ।

ਇਹ ਵੀ ਪੜ੍ਹੋ:

ਇਸ ਸਬੰਧੀ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ, ਸਿੱਖਿਆ ਮੰਤਰੀ ਰਾਮੇਸ਼ ਪੋਖਰਿਆਲ ਤੇ ਹੋਰਨਾਂ ਵਿਚਾਲੇ ਅਹਿਮ ਮੀਟਿੰਗ ਹੋਈ।

ਮੀਟਿੰਗ ਤੋਂ ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬਿਆਂ ਨੂੰ ਇਸ ਸਬੰਧੀ ਫੀਡਬੈਕ 25 ਮਈ ਤੱਕ ਦੇਣ ਨੂੰ ਕਿਹਾ ਗਿਆ ਹੈ।

ਇਸ ਤੋਂ ਬਾਅਦ ਕੇਂਦਰ ਸੁਝਾਵਾਂ ਨੂੰ ਦੇਖੇਗਾ ਅਤੇ ਵਿਦਿਆਰਥੀਆਂ ਨੂੰ 1 ਜੂਨ ਤੱਕ ਜਾਣਕਾਰੀ ਦੇਵੇਗਾ।

ਮੌਡਰਨਾ ਦੀ ਪੰਜਾਬ ਸਰਕਾਰ ਨੂੰ ਵੈਕਸੀਨ ਦੇਣ ਨੂੰ ਨਾਂਹ

ਅਮਰੀਕੀ ਦਵਾਈ ਕੰਪਨੀ ਮੌਡਰਨਾ ਨੇ ਪੰਜਾਬ ਨੂੰ ਸਿੱਧਾ ਕੋਵਿਡ-19 ਦੀ ਵੈਕਸੀਨ ਦੇਣ ਤੋਂ ਨਾਂਹ ਕਰ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਸਿੱਧਾ ਭਾਰਤ ਸਰਕਾਰ ਨਾਲ ਇਸ ਬਾਬਤ ਸੌਦਾ ਕਰੇਗੀ।

ਤਸਵੀਰ ਸਰੋਤ, Reuters

ਪੰਜਾਬ ਦੇ ਵੈਕਸੀਨ ਸਬੰਧੀ ਨੋਡਲ ਅਫ਼ਸਰ ਵਿਕਾਸ ਗਰਗ ਨੇ ਕਿਹਾ ਹੈ ਕਿ ''ਕੋਰੋਨਾ ਵੈਕਸੀਨ ਦੇ ਇੱਕ ਨਿਰਮਾਤਾ ਮੌਡਰਨਾ ਨੇ ਸਿੱਧੇ ਪੰਜਾਬ ਸਰਕਾਰ ਨੂੰ ਵੈਕਸੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਪੌਲਿਸੀ ਮੁਤਾਬਕ ਉਹ ਸਿਰਫ਼ ਕੇਂਦਰ ਸਰਕਾਰ ਨਾਲ ਸੌਦਾ ਕਰਨਗੇ, ਸੂਬਾ ਸਰਕਾਰ ਜਾਂ ਫ਼ਿਰ ਕਿਸੇ ਨਿੱਜੀ ਧਿਰ ਦੇ ਨਾਲ ਨਹੀਂ।''

ਕੋਰੋਨਾਵਾਇਰਸ: ਨਰਸ ਦੀ ਨੌਕਰੀ ਛੱਡ ਇਹ ਔਰਤ ਕਰ ਰਹੀ ਹੈ ਲਾਵਾਰਿਸ ਲਾਸ਼ਾਂ ਦਾ ਸਸਕਾਰ

ਓਡੀਸ਼ਾ ਦੀ ਨਰ ਮਧੂਸਮਿਤਾ ਪਰੂਸਤੀ ਨੇ ਨਰਸਿੰਗ ਦੀ ਨੌਕਰੀ ਛੱਡ ਕੇ ਲਾਵਾਰਿਸ ਲਾਸ਼ਾਂ ਦੀ ਸਸਕਾਰ ਕਰ ਰਹੀ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮਧੂਸਮਿਤਾ ਦਾ ਕਹਿਣਾ ਹੈ, "ਮੈਂ ਭੁਵਨੇਸ਼ਵਰ ਵਿੱਚ ਢਾਈ ਸਾਲਾਂ ਵਿੱਚ 500 ਲਾਸ਼ਾਂ ਦਾ ਅਤੇ ਪਿਛਲੇ ਇੱਕ ਸਾਲ ਵਿੱਚ 300 ਤੋਂ ਵੱਧ ਕੋਵਿਡ ਨਾਲ ਮਰਨ ਵਾਲਿਆਂ ਦੀ ਅੰਤਿਮ ਸੰਸਕਾਰ ਕਰ ਚੁੱਕੀ ਹਾਂ।"

"ਔਰਤ ਹੋਣ ਕਰਕੇ ਮੇਰੀ ਆਲੋਚਨਾ ਵੀ ਹੋਈ ਪਰ ਮੇਰੇ ਪਤੀ ਨੇ ਮੇਰਾ ਸਾਥ ਦਿੱਤਾ।"

ਮਧੂਸਮਿਤਾ ਨੇ ਕੋਲਕਾਤਾ ਦੇ ਫੋਰਟਿਸ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰਦੀ ਸੀ ਅਤੇ ਉਨ੍ਹਾਂ ਨੇ ਆਪਣੇ ਪਤੀ ਨਾਲ ਭੁਵਨੇਸ਼ਨਰ ਵਿੱਚ ਕੋਵਿਡ ਲਾਗ ਵਾਲੇ ਮਰਨ ਵਾਲੇ ਲੋਕਾਂ ਅਤੇ ਲਾਵਾਰਿਸ ਦੇਹਾਂ ਦਾ ਸਸਕਾਰ ਕਰਨ ਲਈ ਨੌਕਰੀ ਛੱਡ ਦਿੱਤੀ। ਬੀਤੇ ਦਿਨ ਦੀਆਂ ਖ਼ਾਸ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਾਂਗਰਸ ਟੂਲਕਿੱਟ ਮਾਮਲੇ 'ਚ ਭਾਜਪਾ ਦੇ ਸੰਬਿਤ ਪਾਤਰਾ ਖ਼ਿਲਾਫ਼ FIR

ਭਾਜਪਾ ਦੇ ਕੌਮੀ ਉੱਪ ਪ੍ਰਧਾਨ ਰਮਨ ਸਿੰਘ ਤੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਖ਼ਿਲਾਫ਼ ਐੱਫ਼ਆਈਆਰ ਦਰਜ ਹੋਈ ਹੈ।

ਕਾਂਗਰਸ ਪਾਰਟੀ ਨਾਲ ਜੁੜੀ ਕਥਿਤ ਟੂਲਕਿੱਟ ਮਾਮਲੇ ਵਿੱਚ ਛੱਤੀਸਗੜ੍ਹ ਸੂਬੇ ਦੀ ਰਾਇਪੁਰ ਪੁਲਿਸ ਨੇ ਸੰਬਿਤ ਪਾਤਰਾ ਨੂੰ ਨੋਟਿਸ ਭੇਜਿਆ ਹੈ। ਸੰਬਿਤ ਨੇ 7 ਦਿਨਾਂ ਦਾ ਸਮਾਂ ਮੰਗਿਆ ਹੈ।

ਤਸਵੀਰ ਸਰੋਤ, Twitter/sambitswaraj

ਸ਼ਨੀਵਾਰ 22 ਮਈ ਨੂੰ ਜਾਰੀ ਹੋਏ ਇਸ ਨੋਟਿਸ ਵਿੱਚ ਸੰਬਿਤ ਪਾਤਰਾ ਨੂੰ ਟੂਲਕਿੱਟ ਮਾਮਲੇ ਵਿੱਚ ਪੁੱਛਗਿੱਛ ਦਾ ਜ਼ਿਕਰ ਹੈ।

ਪੁਲਿਸ ਨੇ ਸੰਬਿਤ ਨੂੰ ਐਤਵਾਰ ਦੀ ਸ਼ਾਮ 4 ਵਜੇ ਤੱਕ ਖ਼ੁਦ ਥਾਣੇ ਪਹੁੰਚਣ ਨੂੰ ਕਿਹਾ ਸੀ ਤੇ ਜੇ ਉਹ ਨਾ ਆ ਸਕਣ ਤਾਂ ਵੀਡੀਓ ਕਾਨਫਰੈਂਸਿੰਗ ਰਾਹੀਂ ਵੀ ਪੁੱਛਗਿੱਛ ਵਿੱਚ ਸ਼ਾਮਲ ਹੋਣ ਦਾ ਵਿਕਲਪ ਦਿੱਤਾ ਸੀ।

ਕੁਝ ਮੀਡੀਆ ਰਿਪੋਰਟਾਂ ਮੁਤਾਬਕ ਸੰਬਿਤ ਪਾਤਰਾ ਨੇ ਪੁਲਿਸ ਨੂੰ ਇੱਕ ਈ-ਮੇਲ ਭੇਜ ਕੇ ਸੱਤ ਦਿਨਾਂ ਦਾ ਸਮਾਂ ਮੰਗਿਆ ਹੈ।

ਉਧਰ ਖ਼ਬਰ ਏਜੰਸੀ ANI ਮੁਤਾਬਕ SHO ਆਰ ਕੇ ਮਿਸ਼ਰਾ ਨੇ ਦੱਸਿਆ ਕਿ ਸੰਬਿਤ ਪਾਤਰਾ ਖ਼ਿਲਾਫ਼ ਸ਼ਿਕਾਇਤ ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਦੀ ਸਟੂਡੈਂਟ ਇਕਾਈ ਦੇ ਪ੍ਰਧਾਨ ਵੱਲੋਂ ਕੀਤੀ ਗਈ ਸੀ।

ਪੁਲਿਸ ਮੁਤਾਬਕ ਰਮਨ ਸਿੰਘ ਤੇ ਸੰਬਿਤ ਪਾਤਰਾ ਨੂੰ ਪੁੱਛਗਿੱਛ ਲਈ ਸੰਮਨ ਭੇਜ ਦਿੱਤੇ ਗਏ ਹਨ।

ਹਰਿਆਣਾ 'ਚ 31 ਮਈ ਤੱਕ ਲੌਕਡਾਊਨ

ਹਰਿਆਣਾ ਵਿੱਚ ਲੌਕਡਾਊਨ ਇੱਕ ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਹੈ।

ਤਸਵੀਰ ਸਰੋਤ, Twitter/ML Khattar

ਹਾਲਾਂਕਿ ਹੁਣ ਗਲੀ-ਮੁਹੱਲਿਆਂ ਵਿੱਚ ਦੁਕਾਨਾਂ ਨੂੰ ਸਾਰਾ ਦਿਨ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ ਤੇ ਦੂਜੇ ਪਾਸੇ ਬਾਜ਼ਾਰਾਂ ਵਿੱਚ ਔਡ-ਈਵਨ ਦੇ ਆਧਾਰ ਉੱਤੇ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਦੁਕਾਨਾਂ ਖੁੱਲ੍ਹ ਸਕਣਗੀਆਂ।

ਫ਼ਿਲਹਾਲ ਸੂਬਾ ਸਰਕਾਰ ਨੇ ਸ਼ੌਪਿੰਗ ਮੌਲਜ਼ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਹੈ।

ਦੱਸ ਦਈਏ ਕਿ ਹਰਿਆਣਾ ਵਿੱਚ ਲੌਕਡਾਊਨ 3 ਮਈ ਤੋਂ ਚੱਲ ਰਿਹਾ ਹੈ, ਜਿਸ ਵਿੱਚ ਪਹਿਲਾਂ 10 ਮਈ ਅਤੇ ਫ਼ਿਰ 17 ਮਈ ਨੂੰ ਇੱਕ ਹਫ਼ਤੇ ਲਈ ਇਸ ਨੂੰ ਵਧਾਇਆ ਗਿਆ ਸੀ।

ਹਰਿਆਣਾ ਦੇ ਮੁੱਖ ਸਕੱਤਰ ਵਿਜੇ ਵਰਧਨ ਵੱਲੋਂ ਮਹਾਂਮਾਰੀ ਅਲਰਟ-ਸੁਰੱਖਿਅਤ ਹਰਿਆਣਾ ਨੂੰ 31 ਮਈ ਤੱਕ ਜਾਰੀ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਰਾਮਦੇਵ ਨੂੰ IMA ਦਾ ਕਾਨੂੰਨੀ ਨੋਟਿਸ, ਪਤੰਜਲੀ ਨੇ ਕੀ ਦਿੱਤਾ ਸਪੱਸ਼ਟੀਕਰਨ

ਕੋਰੋਨਾਵਾਇਰਸ ਲਈ ਕਾਰਗਰ ਐਲੋਪੈਥੀ ਦਵਾਈਆਂ ਨੂੰ ਬਕਵਾਸ ਕਹਿਣ ਵਾਲੇ ਰਾਮਦੇਵ ਚਰਚਾ ਵਿੱਚ ਹਨ।

ਤਸਵੀਰ ਸਰੋਤ, FB/Swami Ramdev

ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਯੋਗ ਗੁਰੂ ਰਾਮਦੇਵ ਨੂੰ ਉਸ ਬਿਆਨ ਦੇ ਕਾਰਨ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਹਾਲ ਹੀ ਦੇ ਦਿਨਾਂ ਵਿੱਚ ਕੋਵਿਡ-19 ਦੇ ਮੁਕਾਬਲੇ ਐਲੋਪੈਥਿਕ ਇਲਾਜ ਦੇ ਕਾਰਨ ਜ਼ਿਆਦਾ ਮੌਤਾਂ ਹੋਈਆਂ ਹਨ।

ਹਾਲ ਹੀ 'ਚ ਸੋਸ਼ਲ ਮੀਡੀਆ ਉੱਤੇ ਰਾਮਦੇਵ ਦਾ ਇੱਕ ਵੀਡੀਓ ਸ਼ੇਅਰ ਹੋ ਰਿਹਾ ਸੀ, ਜਿਸ 'ਚ ਉਹ ਪਲਾਜ਼ਮਾ ਥੈਰੇਪੀ ਦੇ ਕੋਵਿਡ-19 ਦੇ ਇਲਾਜ ਦੀ ਲਿਸਟ 'ਚੋਂ ਹਟਾਏ ਜਾਣ ਉੱਤੇ ਵਿਅੰਗ ਕਰ ਰਹੇ ਸਨ।

ਇਸ ਵੀਡੀਓ ਵਿੱਚ ਰਾਮਦੇਵ ਕਹਿ ਰਹੇ ਹਨ, ''ਐਲੋਪੈਥੀ ਇੱਕ ਸਟੂਪਿਡ (ਬਕਵਾਸ) ਅਤੇ ਦਿਵਾਲੀਆ ਸਾਇੰਸ ਹੈ ਕਿ ਪਹਿਲਾਂ ਕਲੋਰੋਕ੍ਵਿਨ ਫੇਲ੍ਹ ਹੋਇਆ, ਫ਼ਿਰ ਰੈਮਡੈਸਵਿਰ ਫੇਲ੍ਹ ਹੋਈ, ਫ਼ਿਰ ਐਂਟੀ ਬਾਇਓਟਿਕ ਫੇਲ੍ਹ ਹੋਈ, ਫ਼ਿਰ ਸਟੀਰੌਇਡ ਫੇਲ੍ਹ ਅਥੇ ਕੱਲ ਪਲਾਜ਼ਮਾ ਥੈਰੇਪੀ ਵੀ ਫੇਲ੍ਹ ਹੋ ਗਈ।''

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਰਾਮਦੇਵ ਦੇ ਬਿਆਨਾਂ ਨਾਲ ਸੰਸਥਾ ਦੇ ਮਾਣ ਅਤੇ ਭਰੋਸੇ ਨੂੰ ਸੱਟ ਲੱਗੀ ਹੈ।

ਹੁਣ ਜਦੋਂ ਵਿਵਾਦ ਵੱਧ ਰਿਹਾ ਹੈ ਤਾਂ ਪਤੰਜਲੀ ਯੋਗ ਪੀਠ ਨੇ ਇਨ੍ਹਾਂ ਇਲਜ਼ਾਮਾਂ ਉੱਤੇ ਸਫ਼ਾਈ ਦਿੱਤੀ ਹੈ।

ਪਤੰਜਲੀ ਦਾ ਸਪੱਸ਼ਟੀਕਰਨ

ਪਤੰਜਲੀ ਆਯੁਰਵੇਦ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਬਾਲਾਕ੍ਰਿਸ਼ਣ ਨੇ ਟਵਿੱਟਰ ਉੱਤੇ ਪਤੰਜਲੀ ਦਾ ਬਿਆਨ ਪੋਸਟ ਕੀਤਾ ਹੈ।

ਉਨ੍ਹਾਂ ਨੇ ਲਿਖਿਆ ਹੈ, ''ਆਓ, ਅਸੀਂ ਸਾਰੇ ਮਿਲ ਕੇ ਪੈਥੀਆਂ ਦੇ ਨਾਮ 'ਤੇ ਵਹਿਮ, ਅਫ਼ਵਾਹ ਅਤੇ ਬੇ-ਵਜ੍ਹਾ ਵਿਵਾਦ ਤੋਂ ਪਰੇ ਪ੍ਰਾਚੀਨ ਤੇ ਆਧੁਨਿਕ ਵਿਗਿਆਨ ਦੇ ਕੋਰਡੀਨੇਸ਼ਨ ਨਾਲ ਰੋਗਾਂ ਤੋਂ ਪੀੜਤ ਮਨੁੱਖਤਾ ਨੂੰ ਲਾਭ ਪਹੁੰਚਾਉਣ 'ਚ ਮਦਦ ਕਰੋ।''

ਪਤੰਜਲੀ ਨੇ ਆਪਣੀ ਸਫ਼ਾਈ ਵਿੱਚ ਕਿਹਾ ਹੈ ਕਿ ਜਿਸ ਤਰ੍ਹਾਂ ਰਾਮਦੇਵ ਦਾ ਵੀਡੀਓ ਸੋਸ਼ਲ ਮੀਡੀਆ 'ਚ ਸਾਂਝਾ ਕੀਤਾ ਗਿਆ ਉਹ ਸੰਦਰਭ ਤੋਂ ਪਰੇ ਹੈ।

ਬਿਆਨ ਦੇ ਮੁਤਾਬਕ, ''ਰਾਮਦੇਵ ਨੇ ਇਹ ਗੱਲਾਂ ਇੱਕ ਨਿੱਜੀ ਪ੍ਰੋਗਰਾਮ ਵਿੱਚ ਕਹੀਆਂ ਅਤੇ ਉਸੇ ਦੌਰਾਨ ਉਹ ਵਟਸਐਪ 'ਤੇ ਆਏ ਕੁਝ ਮੈਸੇਜ ਪੜ੍ਹ ਰਹੇ ਸਨ। ਸਵਾਮੀ ਰਾਮਦੇਵ ਨੇ ਆਧੁਨਿਕ ਵਿਗਿਆਨ ਪ੍ਰਤੀ ਕਦੇ ਅਵਿਸ਼ਵਾਸ ਜ਼ਾਹਿਰ ਨਹੀਂ ਕੀਤਾ ਹੈ।''

ਸਿਹਤ ਮੰਤਰੀ ਦੀ ਰਾਮਦੇਵ ਨੂੰ ਚਿੱਠੀ, ਲਿਖਿਆ ''ਬਿਆਨ ਵਾਪਸ ਲਓ''

ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਰਾਮਦੇਵ ਨੂੰ ਚਿੱਠੀ ਲਿਖ ਕੇ ਕਿਹਾ ਹੈ, ''ਐਲੋਪੈਥੀ ਉੱਤੇ ਬਿਆਨ ਵਾਪਸ ਲਓ''

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਰਾਮਦੇਵ ਨੂੰ ਇੱਕ ਚਿੱਠੀ ਲਿੱਖ ਕੇ ਉਨ੍ਹਾਂ ਵੱਲੋਂ ਐਲੋਪੈਥੀ ਖ਼ਿਲਾਫ਼ ਦਿੱਤੇ ਗਏ ਬਿਆਨ ਨੂੰ ਵਾਪਸ ਲੈਣ ਨੂੰ ਕਿਹਾ ਹੈ।

ਦੱਸ ਦਈਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਿਹਤ ਮੰਤਰੀ ਨੂੰ ਰਾਮਦੇਵ ਖ਼ਿਲਾਫ਼ ਉਨ੍ਹਾਂ ਦੇ ਬਿਆਨ ਕਰਕੇ ਕਾਰਵਾਈ ਦੀ ਮੰਗ ਕੀਤੀ ਸੀ।

ਸਿਹਤ ਮੰਤਰੀ ਨੇ ਕਿਹਾ ਹੈ ਕਿ ਰਾਮਦੇਵ ਦੇ ਬਿਆਨ ਕਾਰਨ 'ਕੋਰੋਨਾ ਯੋਧਿਆਂ' ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਦਿੱਲੀ: ਲੌਕਡਾਊਨ ਇੱਕ ਹਫ਼ਤਾ ਹੋਰ ਵਧਿਆ

ਕੋਰੋਨਾਵਾਇਰਸ ਦੀ ਵੱਧਦੀ ਲਾਗ ਨੂੰ ਦੇਖਦਿਆਂ ਦਿੱਲੀ ਵਿੱਚ ਇੱਕ ਵਾਰ ਫ਼ਿਰ ਲੌਕਡਾਊਨ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ। ਹੁਣ ਰਾਜਧਾਨੀ ਵਿੱਚ ਲੌਕਡਾਊਨ 31 ਮਈ ਸਵੇਰੇ 5 ਵਜੇ ਤੱਕ ਲਈ ਲਾਗੂ ਹੋ ਗਿਆ ਹੈ।

ਤਸਵੀਰ ਸਰੋਤ, ANI

ਇਸ ਤੋਂ ਇਲਾਵਾ ਲੋਕਾਂ ਦਾ ਇਲਾਜ ਕਰਦੇ ਹੋਏ ਕੋਰੋਨਾ ਲਾਗ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗੁਆਉਣ ਵਾਲੇ ਡਾਕਟਰਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਰਾਹੀਂ ਇਹ ਐਲਾਨ ਕੀਤੇ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੂੰ ਲੌਕਡਾਊਨ ਦਾ ਫ਼ਾਇਦਾ ਪਹੁੰਚਿਆ ਹੈ ਅਤੇ ਇਸੇ ਕਰਕੇ ਰਾਜਧਾਨੀ ਵਿੱਚ ਪੌਜ਼ੀਟਿਵਟੀ ਦਰ 36 ਫੀਸਦੀ ਤੋਂ ਘੱਟ ਕੇ 2.5 ਫੀਸਦੀ ਹੋ ਗਈ ਹੈ।

ਉਨ੍ਹਾਂ ਨੇ ਕਿਹਾ, ''ਹਾਲਾਤ ਸੁਧਰ ਰਹੇ ਹਨ ਪਰ ਮੈਂ ਇਹ ਨਹੀਂ ਕਹਾਂਗਾ ਕਿ ਅਸੀਂ ਜੰਗ ਜਿੱਤ ਲਈ ਹੈ। ਸਾਨੂੰ ਅਜੇ ਵੀ ਅਨੁਸ਼ਾਸਨ ਅਤੇ ਸੰਜਮ ਬਣਾ ਕੇ ਰੱਖਣਾ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)