ਪੰਜਾਬ ਪੁਲਿਸ ਜਿਨ੍ਹਾਂ ਨੂੰ KTF ਦੇ ਅੱਤਵਾਦੀ ਦੱਸ ਰਹੀ ਉਹ ਕੌਣ ਹਨ ਤੇ ਉਨ੍ਹਾਂ ਦੇ ਕੈਨੇਡਾ ਨਾਲ ਕੀ ਸਬੰਧ

ਖਾਲਿਸਤਾਨ ਕਮਾਂਡੋ ਫੋਰਸ

ਤਸਵੀਰ ਸਰੋਤ, Punjab Police

ਪੰਜਾਬ ਪੁਲਿਸ ਨੇ ਸ਼ਨੀਵਾਰ ਰਾਤ ਨੂੰ ਡੇਰਾ ਸੱਚਾ ਸੌਦਾ ਪ੍ਰੇਮੀ ਦੇ ਕਤਲ ਮਾਮਲੇ ਵਿਚ ਦੋ ਕਥਿਤ ਖ਼ਾਲਿਸਤਾਨ ਟਾਈਗਰ ਫੋਰਸ ਦੇ 2 ਕਾਰਕੁਨਾਂ ਨੂੰ ਫੜ੍ਹਨ ਦਾ ਦਾਅਵਾ ਕੀਤਾ ਹੈ।

ਆਪਣੇ ਅਧਿਕਾਰਤ ਟਵਿੱਟਰ ਹੈਂਡਲ ਉੱਤੇ ਪੰਜਾਬ ਪੁਲਿਸ ਨੇ ਟਵੀਟ ਰਾਹੀਂ ਅਤੇ ਬਆਦ ਵਿਚ ਪ੍ਰੈਸ ਨੋਟ ਜਾਰੀ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਪੁਲਿਸ ਦਾ ਦਾਅਵਾ ਹੈ ਕਿ ਡੇਰਾ ਪ੍ਰੇਮੀ ਦੀ ਹੱਤਿਆ ਵਿੱਚ ਸ਼ਾਮਲ ਖਾਲਿਸਤਾਨ ਟਾਈਗਰ ਫੋਰਸ ਦੇ 2 ਕਾਰਕੁਨਾਂ ਨੇ ਇਹ ਕਾਰਵਾਈ ਬੇਅਦਬੀ ਦੇ ਮਾਮਲਿਆਂ ਦੇ ਬਦਲੇ ਵਜੋਂ ਕੀਤੀ ਸੀ ਅਤੇ ਹੁਣ ਪੁਲਿਸ ਨੇ ਇਨ੍ਹਾਂ ਨੂੰ ਸਫਲਤਾਪੂਰਵਕ ਕਾਬੂ ਕੀਤਾ ਹੈ।

ਪੁਲਿਸ ਨੇ ਬਕਾਇਦਾ ਪ੍ਰੈਸ ਨੋਟ ਜਾਰੀ ਕਰਕੇ ਇਹ ਵੀ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਤਾਰ ਖਾਲਿਸਤਾਨ ਟਾਈਗਰ ਫੋਰਸ ਦੇ ਨਿਰਦੇਸ਼ਾਂ 'ਤੇ ਫਿਲੌਰ ਵਿਚ ਪਾਦਰੀ 'ਤੇ ਫਾਇਰਿੰਗ ਵਾਲੇ ਕੇਸ ਨਾਲ ਵੀ ਜੁੜੇ ਹੋਏ ਸਨ। ਪੁਲਿਸ ਮੁਤਾਬਕ ਉਸ ਨੂੰ 1 ਭਗੌੜੇ ਮੁਲਜ਼ਮ ਦੀ ਭਾਲ ਹੈ ਅਤੇ 3 ਸਹਿ-ਸਾਜ਼ਿਸ਼ਕਰਤਾ ਕੈਨੇਡਾ ਵਿੱਚ ਹਨ।

ਇਹ ਵੀ ਪੜ੍ਹੋ :

ਪੁਲਿਸ ਕਿਸ ਨੂੰ ਦੱਸ ਰਹੀ ਹੈ ਮਾਸਟਰ ਮਾਇਂਡ

ਪੁਲਿਸ ਮੁਤਾਬਕ ਗ੍ਰਿਫਤਾਰ ਦੋਵੇਂ ਵਿਅਕਤੀ ਕੇ.ਟੀ.ਐਫ. ਦੇ ਕਨੇਡਾ ਅਧਾਰਤ ਮੁਖੀ ਹਰਦੀਪ ਸਿੰਘ ਨਿੱਝਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ।

ਨਿੱਝਰ ਦਾ ਨਾਮ ਇਤਫ਼ਾਕਨ ਖਾਲਿਸਤਾਨੀ ਸੰਚਾਲਕਾਂ ਦੀ ਉਸ ਸੂਚੀ ਵਿਚ ਪਾਇਆ ਗਿਆ ਸੀ, ਜਿਹੜੀ ਸੂਚੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ 2018 ਵਿੱਚ ਉਹਨਾਂ ਦੇ ਭਾਰਤ ਦੌਰੇ ਸਮੇਂ ਸੌਂਪੀ ਸੀ।

ਸਤੰਬਰ 2020 ਵਿਚ, ਨਿੱਝਰ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਇਕ ਅੱਤਵਾਦੀ ਠਹਿਰਾਇਆ ਸੀ ਅਤੇ ਐਨਆਈਏ ਨੇ ਯੂਏਪੀਏ ਦੀ ਧਾਰਾ 51 ਏ ਤਹਿਤ ਭਰ ਸਿੰਘ ਪੁਰਾ ਪਿੰਡ ਵਿਚ ਉਸ ਦੀ ਜਾਇਦਾਦ ਜ਼ਬਤ ਕਰ ਲਈ ਸੀ।

ਉਹਨਾਂ ਅੱਗੇ ਕਿਹਾ ਕਿ ਨਿੱਝਰ ਵਿਰੁੱਧ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਅਤੇ ਕੁਝ ਸਮਾਂ ਪਹਿਲਾਂ ਕੈਨੇਡੀਅਨ ਅਧਿਕਾਰੀਆਂ ਵੱਲੋਂ "ਨੋ ਫਲਾਈ ਲਿਸਟ" ਵਿੱਚ ਵੀ ਉਸ ਨੂੰ ਸ਼ਾਮਲ ਕਰ ਦਿੱਤਾ ਗਿਆ ਸੀ, ਹੁਣ ਉਸ ਵਿਰੁੱਧ ਅੰਤਰਰਾਸ਼ਟਰੀ ਵਾਰੰਟ ਜਾਰੀ ਕੀਤੇ ਜਾਣਗੇ।

ਕੈਨੇਡਾ ਅਧਾਰਤ ਹੋਰ ਕੱਟੜਪੰਥੀਆਂ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕੀਤੇ ਜਾਣਗੇ। ਗੁਪਤਾ ਨੇ ਕਿਹਾ ਕਿ ਸਰਕਾਰ ਮੁਕੱਦਮਾ ਚਲਾਉਣ ਅਤੇ ਅਪਰਾਧਿਕ ਕਾਰਵਾਈਆਂ ਲਈ ਉਨ੍ਹਾਂ ਨੂੰ ਭਾਰਤ ਭੇਜਣ ਦੀ ਅਪੀਲ ਵੀ ਕਰੇਗੀ।

ਕਿੱਥੋਂ ਹੋਈ ਗ੍ਰਿਫ਼ਤਾਰੀ, ਜਿਵੇਂ ਪੁਲਿਸ ਦਾ ਦਾਅਵਾ

ਪੁਲਿਸ ਵਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਮਤਾਬਕ ਲਵਪ੍ਰੀਤ ਸਿੰਘ ਉਰਫ ਰਵੀ ਅਤੇ ਰਾਮ ਸਿੰਘ ਉਰਫ ਸੋਨੂੰ ਨੂੰ ਸ਼ਨੀਵਾਰ ਦੇਰ ਰਾਤ ਰੇਲਵੇ ਕਰਾਸਿੰਗ ਮਹਿਣਾ, ਜ਼ਿਲ੍ਹਾ ਮੋਗਾ ਨੇੜੇ ਸੀਨੀਅਰ ਸੈਕੰਡਰੀ ਸਕੂਲ ਦੇ ਪਿਛਲੇ ਪਾਸੇ ਤੋਂ ਗ੍ਰਿਫਤਾਰ ਕੀਤਾ ਗਿਆ।

ਤਸਵੀਰ ਸਰੋਤ, dinkar gupta/FB

ਤਸਵੀਰ ਕੈਪਸ਼ਨ,

ਡੀਜੀਪੀ ਦਿਨਕਰ ਗੁਪਤਾ (ਸੱਜੇ ਪਾਸੇ) ਦੀ ਫਾਇਲ ਫੋਟੋ

ਇਹ ਗ੍ਰਿਫ਼ਤਾਰੀ ਕਰਕੇ ਪੁਲਿਸ ਵੱਲੋਂ ਇੱਕ ਹੋਰ ਡੇਰਾ ਪ੍ਰੇਮੀ ਨੂੰ ਮਾਰਨ ਦੀ ਯੋਜਨਾ ਨੂੰ ਨਾਕਾਮ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ।

ਪੁਲਿਸ ਦਾ ਦਾਅਵਾ ਹੈ ਕਿ ਇਹ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲਿਆਂ ਸਬੰਧੀ ਬਦਲਾ ਲੈਣ ਲਈ ਨਿਸ਼ਾਨਾ ਬਣਾ ਰਹੇ ਸਨ।

ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਤਿੰਨ 0.32 ਬੋਰ ਪਿਸਤੌਲਾਂ ਨਾਲ 38 ਜਿੰਦਾ ਕਾਰਤੂਸ ਅਤੇ ਇੱਕ 0.315 ਬੋਰ ਪਿਸਤੌਲ ਨਾਲ 10 ਜਿੰਦਾ ਕਾਰਤੂਸਾਂ ਤੋਂ ਇਲਾਵਾ ਦੋ ਮੈਗਜ਼ੀਨਾਂ ਵੀ ਬਰਾਮਦ ਕੀਤੀਆਂ ਹਨ।

ਕੌਣ ਹੈ ਮਾਸਟਰ ਮਾਈਂਡ

ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਨਿੱਝਰ ਤੋਂ ਇਲਾਵਾ ਕੇ.ਟੀ.ਐਫ. ਦੇ ਤਿੰਨ ਹੋਰ ਸਹਿ-ਸਾਜ਼ਿਸ਼ਕਰਤਾ/ਮਾਸਟਰਮਾਈਂਡ ਹਨ।

ਜਿਨ੍ਹਾਂ ਦੀ ਪਛਾਣ ਅਰਸ਼ਦੀਪ, ਰਮਨਦੀਪ ਅਤੇ ਚਰਨਜੀਤ ਉਰਫ ਰਿੰਕੂ ਬਿਹਲਾ ਵਜੋਂ ਕੀਤੀ ਗਈ ਹੈ, ਇਹ ਸਰੀ (ਬੀਸੀ) ਕਨੇਡਾ ਵਿੱਚ ਛੁਪੇ ਹੋਏ ਹਨ ਜਦਕਿ ਕਮਲਜੀਤ ਸ਼ਰਮਾ ਉਰਫ਼ ਕਮਲ ਹਾਲੇ ਫਰਾਰ ਹੈ।

ਉਹਨਾਂ ਅੱਗੇ ਦੱਸਿਆ ਕਿ ਅਰਸ਼ਦੀਪ ਸਿੰਘ ਉਰਫ਼ ਅਰਸ਼ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਡੱਲਾ (ਮੋਗਾ) ਅਤੇ ਰਮਨਦੀਪ ਸਿੰਘ ਉਰਫ ਰਮਨ ਜੱਜ ਪੁੱਤਰ ਸੁਖਜਿੰਦਰ ਸਿੰਘ ਵਾਸੀ ਫਿਰੋਜ਼ਪੁਰ ਕ੍ਰਮਵਾਰ 2019 ਅਤੇ 2017 ਵਿਚ ਕਾਨੂੰਨੀ ਤੌਰ 'ਤੇ ਕੈਨੇਡਾ ਗਏ ਸਨ ਜਦਕਿ ਚਰਨਜੀਤ ਸਿੰਘ ਉਰਫ਼ ਰਿੰਕੂ ਬਿਹਲਾ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਬਿਹਲਾ, ਜ਼ਿਲ੍ਹਾ ਬਰਨਾਲਾ ਲਗਭਗ 2013-14 ਵਿਚ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਗਿਆ ਸੀ।

ਗੁਪਤਾ ਨੇ ਇਹ ਵੀ ਦਾਅਵਾ ਕੀਤਾ ਕਿ ਮੁੱਢਲੀ ਜਾਂਚ, ਜਿਸ ਦੀ ਅਗਵਾਈ ਐਸਐਸਪੀ ਮੋਗਾ, ਹਰਮਨਬੀਰ ਸਿੰਘ ਗਿੱਲ ਨੇ ਕੀਤੀ ਸੀ, ਦੌਰਾਨ ਪਤਾ ਲੱਗਾ ਕਿ ਲਵਪ੍ਰੀਤ ਉਰਫ ਰਵੀ ਅਤੇ ਕਮਲਜੀਤ ਸ਼ਰਮਾ ਉਰਫ ਕਮਲ, ਅਰਸ਼ਦੀਪ ਨੂੰ ਜਾਣਦੇ ਸਨ ਕਿਉਂਕਿ ਇਹ ਸਾਰੇ ਬਚਪਨ ਤੋਂ ਹੀ ਇਕੋ ਪਿੰਡ ਨਾਲ ਸਬੰਧਤ ਸਨ।

ਰਾਮ ਸਿੰਘ ਉਰਫ ਸੋਨੂੰ ਵਾਸੀ ਘੱਲ ਖੁਰਦ, ਜੋ ਆਈਟੀਆਈ ਮੋਗਾ ਦਾ ਵਿਦਿਆਰਥੀ ਸੀ, ਕਮਲ ਨੂੰ ਕਾਲਜ ਦੇ ਦਿਨਾਂ ਤੋਂ ਹੀ ਜਾਣਦਾ ਸੀ। ਅਰਸ਼ਦੀਪ ਨੇ ਇਹਨਾਂ ਸਾਰਿਆਂ ਨੂੰ ਪੈਸੇ ਦਿੱਤੇ ਸਨ ਜੋ ਉਸ ਨੇ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਜ਼ਰੀਏ ਭੇਜੇ ਸਨ।

ਕਿਹੜੇ ਮਾਮਲਿਆਂ ਵਿਚ ਗ੍ਰਿਫ਼ਤਾਰੀ

ਪੁਲਿਸ ਮੁਤਾਬਕ ਪਿਛਲੇ ਸਾਲ 20 ਨਵੰਬਰ ਨੂੰ ਸੋਨੂੰ ਅਤੇ ਕਮਲ ਨੇ ਜ਼ਿਲ੍ਹਾ ਬਠਿੰਡਾ ਦੇ ਭਗਤਾ ਭਾਈ ਕਾ ਵਿਖੇ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਹੱਤਿਆ ਕੀਤੀ ਸੀ।

ਡੀ.ਜੀ.ਪੀ. ਨੇ ਦੱਸਿਆ ਕਿ ਸੋਨੂੰ ਨੇ ਦੋਹਾਂ ਹੱਥਾਂ ਵਿੱਚ ਪਿਸਤੌਲਾਂ ਨਾਲ 3-4 ਗੋਲੀਆਂ ਚਲਾਈਆਂ ਅਤੇ ਕਮਲ ਨੇ ਵੀ ਫਾਇਰ ਕੀਤੇ।

ਇਸ ਸਾਲ 31 ਜਨਵਰੀ ਨੂੰ ਫਿਲੌਰ (ਜਲੰਧਰ ਦਿਹਾਤੀ) ਦੇ ਪਿੰਡ ਭਰ ਸਿੰਘ ਪੁਰਾ ਵਿੱਚ ਇੱਕ ਪੁਜਾਰੀ ਕਮਲਦੀਪ ਸ਼ਰਮਾ ਉੱਤੇ ਗੋਲੀਬਾਰੀ ਵਿੱਚ ਸੋਨੂੰ ਅਤੇ ਕਮਲ ਵੀ ਸ਼ਾਮਲ ਸਨ।

ਪੁਜਾਰੀ ਨੂੰ ਤਿੰਨ ਵਾਰ ਗੋਲੀ ਮਾਰੀ ਗਈ ਸੀ, ਜਿਸ ਕਾਰਨ ਹਮਲੇ ਵਿਚ ਇਕ ਲੜਕੀ ਸਮੇਤ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਸ਼ੱਕ ਹੈ ਕਿ ਇਹ ਹਮਲਾ ਨਿੱਜਰ ਦੇ ਨਿਰਦੇਸ਼ਾਂ 'ਤੇ ਕੀਤਾ ਗਿਆ ਸੀ।

ਤਸਵੀਰ ਸਰੋਤ, Punjab Police /FB

ਤਸਵੀਰ ਕੈਪਸ਼ਨ,

ਪੰਜਾਬ ਪੁਲਿਸ ਦੀ ਸੰਕੇਤਕ ਤਸਵੀਰ

ਕਮਲ ਅਤੇ ਰਵੀ, ਅਰਸ਼ਦੀਪ (ਜੋ ਉਸ ਸਮੇਂ ਭਾਰਤ ਆਇਆ ਸੀ) ਨਾਲ ਮਿਲ ਕੇ 27 ਜੂਨ, 2020 ਨੂੰ ਆਪਣੇ ਸਾਥੀ ਸੁੱਖਾ ਲੰਮਾ ਦੀ ਹੱਤਿਆ ਕਰ ਦਿੱਤੀ ਸੀ।

ਉਨ੍ਹਾਂ ਨੇ ਪਿੰਡ ਡੱਲਾ ਵਿਖੇ ਇਕ ਉਜਾੜ ਪਏ ਮਕਾਨ ਵਿਚ ਸੁੱਖੇ ਨੂੰ ਜ਼ਹਿਰ ਦਿੱਤਾ ਅਤੇ ਫਿਰ ਉਸ ਦਾ ਮੂੰਹ ਸਾੜਨ ਤੋਂ ਬਾਅਦ ਲਾਸ਼ ਨੂੰ ਪੁਲ ਮਾਧੋਕੇ ਵਿਖੇ ਦੌਧਰ ਨਹਿਰ ਵਿੱਚ ਸੁੱਟ ਦਿੱਤਾ।

ਇਸ ਤੋਂ ਪਹਿਲਾਂ 25 ਜੂਨ ਨੂੰ ਰਵੀ, ਕਮਲ ਅਤੇ ਸੁੱਖਾ ਨੇ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪਿੰਡ ਲੰਮਾ ਜੱਟ ਪੁਰਾ ਵਿਖੇ ਮਾਨ ਦੀ ਰਿਹਾਇਸ਼ 'ਤੇ ਫਾਇਰਿੰਗ ਵੀ ਕੀਤੀ ਸੀ।

ਕੁਝ ਦਿਨਾਂ ਬਾਅਦ, 14 ਜੁਲਾਈ, 2020 ਨੂੰ ਰਵੀ ਅਤੇ ਕਮਲ ਨੇ ਮੋਗਾ ਸ਼ਹਿਰ ਦੇ ਲੋਕਾਂ ਦਾ ਸ਼ੋਸ਼ਣ ਕਰਨ, ਫਿਰੌਤੀ ਲੈਣ ਅਤੇ ਦਹਿਸ਼ਤ ਪੈਦਾ ਕਰਨ ਲਈ ਸੁਪਰ ਸ਼ਾਈਨ ਕਪੜੇ ਦੇ ਸਟੋਰ ਦੇ ਮਾਲਕ ਤੇਜਿੰਦਰ ਉਰਫ਼ ਪਿੰਕਾ ਨੂੰ ਮਾਰ ਦਿੱਤਾ ਸੀ।

ਜਾਂਚ ਵਿਚ ਪਤਾ ਲੱਗਾ ਕਿ ਰਵੀ ਨੇ ਪਿੰਕਾ 'ਤੇ ਫਾਇਰਿੰਗ ਕੀਤੀ ਸੀ ਅਤੇ ਕਮਲ ਦੁਕਾਨ ਦੇ ਬਾਹਰ ਖੜ੍ਹਾ ਸੀ। ਹਾਲ ਹੀ ਵਿੱਚ ਹੋਈ ਘਟਨਾ ਵਿੱਚ, ਇਸ ਸਾਲ 9 ਫਰਵਰੀ ਨੂੰ, ਰਵੀ ਅਤੇ ਸੋਨੂੰ ਨੇ ਸ਼ਰਮਾ ਸਵੀਟਸ, ਮੋਗਾ ਦੇ ਮਾਲਕ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ।

ਡੀਜੀਪੀ ਨੇ ਕਿਹਾ ਕਿ ਮੁਲਜ਼ਮਾਂ ਦੇ ਹੋਰ ਸਬੰਧਾਂ ਅਤੇ ਪਹਿਲਾਂ ਕੀਤੇ ਹੋਰ ਅਪਰਾਧਾਂ ਦਾ ਪਤਾ ਲਗਾਉਣ ਸਬੰਧੀ ਜਾਂਚ ਜਾਰੀ ਹੈ। ਫਰਾਰ ਮੁਲਜ਼ਮ ਕਮਲ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)