ਕੋਰੋਨਾਵਾਇਰਸ ਵੈਕਸੀਨ: ਜਿੰਨ੍ਹਾਂ 18 ਜਣਿਆਂ ਨੂੰ ਕੋਵੀਸ਼ੀਲਡ- ਕੋਵੈਕਸਿਨ ਦੀ 'ਮਿਕਸ ਡੋਜ਼' ਲੱਗੀ ਸੀ ਉਨ੍ਹਾਂ 'ਚ ਨਤੀਜੇ ਬਿਹਤਰ - ਆਈਸੀਐੱਮਆਰ

ਇਹ ਅਧਿਐਨ ਉਨ੍ਹਾਂ 18 ਲੋਕਾਂ ਤੇ ਕੀਤਾ ਸੀ ਜਿਨ੍ਹਾਂ ਨੂੰ ਪਹਿਲੀ ਡੋਜ਼ ਕੋਵੀਸ਼ੀਲਡ ਦੀ ਲੱਗੀ ਸੀ ਪਰ ਗਲਤੀ ਨਾਲ ਦੂਸਰੀ ਡੋਜ਼ ਕੋਵੈਕਸੀਨ ਦੀ ਮਿਲੀ ਸੀ

ਤਸਵੀਰ ਸਰੋਤ, Getty Images

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਅਧਿਐਨ ਮੁਤਾਬਿਕ ਕੋਵੀਸ਼ੀਲਡ ਅਤੇ ਕੋਵੈਕਸਿਨ ਦੀ ਇੱਕ- ਇੱਕ ਡੋਜ਼ ਇੱਕੋ ਟੀਕੇ ਦੀਆਂ ਦੋਵੇਂ ਡੋਜ਼ ਤੋਂ ਬਿਹਤਰ ਨਤੀਜੇ ਸਾਹਮਣੇ ਆਏ ਹਨ।

ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਦੀ ਖ਼ਬਰ ਮੁਤਾਬਕ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਇਹ ਅਧਿਐਨ ਉਨ੍ਹਾਂ 18 ਲੋਕਾਂ ਤੇ ਕੀਤਾ ਸੀ ਜਿਨ੍ਹਾਂ ਨੂੰ ਪਹਿਲੀ ਡੋਜ਼ ਕੋਵੀਸ਼ੀਲਡ ਦੀ ਲੱਗੀ ਸੀ ਪਰ ਗਲਤੀ ਨਾਲ ਦੂਸਰੀ ਡੋਜ਼ ਕੋਵੈਕਸਿਨ ਸੀ।

ਇਸ ਅਧਿਐਨ ਵਿੱਚ ਸਿਫ਼ਰ ਉਹੀ 18 ਲੋਕ ਵੀ ਸ਼ਾਮਿਲ ਸਨ, ਜਿਨ੍ਹਾਂ ਨੂੰ ਗਲਤੀ ਨਾਲ ਦੋਵਾਂ ਵੈਕਸੀਨਜ਼ ਦੇ ਮਿਕਸ ਟੀਕੇ ਲੱਗ ਗਏ ਸਨ।

ਆਈਸੀਐੱਮਆਰ ਨੇ ਇਨ੍ਹਾਂ 18 ਵਿਅਕਤੀਆਂ ਉੱਤੇ ਜੋ ਅਧਿਐਨ ਕੀਤਾ ਉਸ ਮੁਤਾਬਕ ਜਿੰਨ੍ਹਾਂ ਲੋਕਾਂ ਨੂੰ ਇੱਕੋ ਵੈਕਸੀਨ ਦੇ ਦੋਵੇਂ ਟੀਕੇ ਲੱਗੇ, ਉਨ੍ਹਾਂ ਨਾਲੋਂ ਇਨ੍ਹਾਂ 18 ਵਿਚ ਨਤੀਜੇ ਬਿਹਤਰ ਦਿਖੇ ਹਨ।

ਕੌਂਸਲ ਮੁਤਾਬਿਕ ਇਸ ਅਧਿਐਨ ਦੀ ਰਿਪੋਰਟ ਬਾਰੇ ਹੋਰ ਵਿਗਿਆਨਿਕਾਂ ਅਤੇ ਮਾਹਿਰਾਂ ਵੱਲੋਂ ਸਮੀਖਿਆ ਕੀਤੀ ਜਾਣੀ ਬਾਕੀ ਹੈ ਅਤੇ 'ਮਿਕਸ ਡੋਜ਼'ਦੀ ਵਰਤੋਂ ਨਾ ਕੀਤੀ ਜਾਵੇ।

ਕੌਂਸਲ ਨੇ ਪਰ ਨਾਲ ਹੀ ਇਹ ਵੀ ਆਖਿਆ ਕਿ ਇਸ ਨਾਲ ਦੇਸ਼ ਵਿੱਚ ਟੀਕਿਆਂ ਦੀ ਕਮੀ ਨੂੰ ਵੀ ਨਜਿੱਠਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-

ਮਿਕਸ ਡੋਜ਼ ਵਾਲੇ ਲੋਕਾਂ ਵਿੱਚ ਬਿਮਾਰੀ ਨਾਲ ਲੜਨ ਦੀ ਤਾਕਤ ਬਿਹਤਰ ਪਾਈ ਗਈ ਪਰ ਇਹ ਅਧਿਐਨ ਬਹੁਤ ਥੋੜ੍ਹੇ ਲੋਕਾਂ ਉੱਪਰ ਕੀਤਾ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਨੇ 'ਮਿਕਸ ਡੋਜ਼' ਬਾਰੇ ਜੁਲਾਈ ਵਿੱਚ ਚਿਤਾਵਨੀ ਦਿੱਤੀ ਸੀ ਕਿ ਇਸ ਨੂੰ ਨਾ ਲਿਆ ਜਾਵੇ ਕਿਉਂਕਿ ਇਹ ਖਤਰਨਾਕ ਹੋ ਸਕਦਾ ਹੈ ਅਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਮੌਜੂਦ ਨਹੀਂ ਹੈ।

ਇਹ ਵੀ ਆਖਿਆ ਗਿਆ ਸੀ ਕਿ ਜੇ ਵੱਖ ਵੱਖ ਦੇਸ਼ਾਂ ਵਿੱਚ ਲੋਕ ਆਪਣੇ ਮੁਤਾਬਿਕ ਤੈਅ ਕਰਨਗੇ ਕਿ ਡੋਜ਼ ਕਦੋਂ ਲਈ ਜਾਵੇ ਤਾਂ ਮੁਸ਼ਕਿਲ ਪੈਦਾ ਹੋ ਸਕਦੀ ਹੈ।

ਕਿਸਾਨ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਦੀ ਔਸਤਨ ਜ਼ਮੀਨ 2.59 ਏਕੜ

ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਪੰਜਾਬ ਦੇ ਜ਼ਿਆਦਾਤਰ ਕਿਸਾਨ ਘੱਟ ਜਾਂ ਨਾਮਾਤਰ ਜ਼ਮੀਨ ਦੇ ਮਾਲਕ ਸਨ। ਇੱਕ ਅਧਿਐਨ ਦੌਰਾਨ ਇਹ ਪਾਇਆ ਗਿਆ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਿਕ ਪੰਜਾਬ ਯੂਨੀਵਰਸਿਟੀ ਦੇ ਤਲਵੰਡੀ ਸਾਬੋ ਵਿਖੇ ਮੌਜੂਦ ਸਾਊਥ ਕੈਂਪਸ ਵੱਲੋਂ ਇੱਕ ਅਧਿਐਨ ਦੌਰਾਨ ਇਹ ਪਾਇਆ ਗਿਆ ਸੰਘਰਸ਼ ਦੌਰਾਨ ਮਾਰੇ ਗਏ ਜ਼ਿਆਦਾਤਰ ਛੋਟੇ ਕਿਸਾਨ ਸਨ। ਖ਼ਬਰ ਅਨੁਸਾਰ ਉਨ੍ਹਾਂ ਕੋਲ ਔਸਤਨ 2.59 ਏਕੜ ਜ਼ਮੀਨ ਸੀ।

ਤਸਵੀਰ ਸਰੋਤ, Getty Images

80 ਫ਼ੀਸਦ ਕਿਸਾਨ ਮਾਲਵਾ ਇਲਾਕੇ ਦੇ ਸਨ। 13 ਫ਼ੀਸਦ ਮਾਝਾ ਅਤੇ ਬਾਕੀ ਦੋਆਬਾ ਤੋਂ ਸਨ। ਇਨ੍ਹਾਂ ਕਿਸਾਨਾਂ ਦੀ ਔਸਤ ਉਮਰ 56 ਸਾਲ ਸੀ। ਇਹ ਅੰਕੜੇ 460 ਕਿਸਾਨਾਂ ਦੇ ਹਨ।

ਖ਼ਬਰ ਵਿੱਚ ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਆਖਿਆ ਹੈ ਕਿ ਸਰਕਾਰ ਨੂੰ ਜ਼ਮੀਨੀ ਹਕੀਕਤ ਦੇਖਣੀ ਚਾਹੀਦੀ ਹੈ। ਕੇਂਦਰ ਸਰਕਾਰ ਦੇ ਕਈ ਆਗੂਆਂ ਵੱਲੋਂ ਆਖਿਆ ਗਿਆ ਹੈ ਕਿ ਧਰਨਾ ਦੇ ਰਹੇ ਕਿਸਾਨ 'ਅਮੀਰ' ਹਨ।

ਤਾਲਿਬਾਨ ਨੇ ਕੀਤਾ ਅਹਿਮ ਸੂਬੇ ਕੁੰਡੂਜ਼ 'ਤੇ ਕਬਜ਼ਾ

ਅਮਰੀਕਾ ਅਤੇ ਨਾਟੋ ਦੇਸ਼ਾਂ ਦੀਆਂ ਫੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਦਾ ਅਫ਼ਗਾਨਿਸਤਾਨ ਉਪਰ ਕਬਜ਼ਾ ਜਾਰੀ ਹੈ ਅਤੇ ਐਤਵਾਰ ਨੂੰ ਉੱਤਰੀ ਸੂਬੇ ਕੁੰਦੂਜ਼ ਦੇ ਜ਼ਿਆਦਾਤਰ ਹਿੱਸੇ ਉਪਰ ਕਬਜ਼ਾ ਕਰ ਲਿਆ ਗਿਆ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਗਾਰਡੀਅਨ' ਮੁਤਾਬਕ ਕੁੰਡੂਜ਼ ਰਣਨੀਤਕ ਤੌਰ ਤੇ ਅਹਿਮ ਹੈ ਕਿਉਂਕਿ ਇਹ ਉੱਤਰੀ ਅਫ਼ਗਾਨਿਸਤਾਨ ਅਤੇ ਦੇਸ਼ ਦੀ ਰਾਜਧਾਨੀ ਕਾਬੁਲ ਨੂੰ ਜੋੜਦਾ ਹੈ।

ਇਹ ਸੂਬਾ ਅਫ਼ਗਾਨਿਸਤਾਨ ਅਤੇ ਤਜਾਕਿਸਤਾਨ ਦੀ ਸਰਹੱਦ ਦੇ ਵੀ ਨਜ਼ਦੀਕ ਹੈ। ਅਫਗਾਨਿਸਤਾਨ ਦੀ ਫੌਜ ਅਤੇ ਰਣਨੀਤਕ ਤੌਰ ਤੇ ਵੀ ਇਹ ਅਹਿਮ ਮੰਨਿਆ ਜਾਂਦਾ ਹੈ।

ਤਸਵੀਰ ਸਰੋਤ, Reuters

ਤਾਲਿਬਾਨ ਨੇ ਇਸ ਸੂਬੇ ਵਿੱਚ ਗਵਰਨਰ ਦੇ ਦਫਤਰ ਅਤੇ ਪੁਲੀਸ ਹੈੱਡਕੁਆਰਟਰ ਤੇ ਆਪਣਾ ਝੰਡਾ ਲਹਿਰਾ ਦਿੱਤਾ ਹੈ। ਅਫ਼ਗਾਨ ਫੌਜਾਂ ਅਤੇ ਤਾਲਿਬਾਨ ਵਿਚਕਾਰ ਜ਼ਬਰਦਸਤ ਲੜਾਈ ਹੋਈ ਸੀ, ਜਿਸ ਪਿੱਛੋਂ ਤਾਲਿਬਾਨ ਨੇ ਕਬਜ਼ਾ ਕੀਤਾ ਹੈ।

ਖ਼ਬਰ ਮੁਤਾਬਿਕ ਜੇਲ੍ਹ ਦੀ ਮੁੱਖ ਇਮਾਰਤ ਉੱਪਰ ਵੀ ਕਬਜ਼ਾ ਕਰ ਲਿਆ ਗਿਆ ਹੈ। ਪਿਛਲੇ ਤਿੰਨ ਦਿਨਾਂ ਵਿਚ ਤਾਲਿਬਾਨ ਨੇ ਪੰਜ ਸੂਬਿਆਂ ਦੀਆਂ ਰਾਜਧਾਨੀਆਂ ਉੱਪਰ ਕਬਜ਼ਾ ਕੀਤਾ ਹੈ।

ਤਾਲਿਬਾਨ ਨੇ ਜੋਜ਼ਾਨ ਸੂਬੇ ਦੇ 9 ਜ਼ਿਲ੍ਹਿਆਂ ਉੱਪਰ ਵੀ ਕਬਜ਼ਾ ਕਰ ਲਿਆ ਹੈ ਅਤੇ ਹਵਾਈ ਹਮਲਿਆਂ ਕਾਰਨ ਕਈ ਸੂਬਿਆਂ ਵਿੱਚ ਸਕੂਲਾਂ ਅਤੇ ਸਿਹਤ ਅਦਾਰਿਆਂ ਨੂੰ ਵੀ ਨੁਕਸਾਨ ਹੋਇਆ ਹੈ।

ਅਖ਼ਬਾਰ ਨੂੰ ਅਧਿਕਾਰੀ ਨੇ ਦੱਸਿਆ ਕਿ ਸਵੇਰੇ 5ਵਜੇ ਹਮਲੇ ਸ਼ੁਰੂ ਹੋਏ ਅਤੇ ਸਵੇਰੇ 10 ਵਜੇ ਕਬਜ਼ਾ ਕਰ ਲਿਆ ਗਿਆ। ਕੁੰਡੂਜ਼ ਪਿਛਲੇ ਦੋ ਮਹੀਨਿਆਂ ਤੋਂ ਤਾਲਿਬਾਨ ਦੇ ਹਮਲਿਆਂ ਦਾ ਸ਼ਿਕਾਰ ਸੀ।

ਇਹ ਵੀ ਪੜ੍ਹੋ: