ਪੰਜਾਬ ਵਿਚ ਇੱਕ ਹੋਰ ਸਿਆਸੀ ਪਾਰਟੀ ਦੇ ਗਠਨ ਦਾ ਐਲਾਨ, ਗੁਰਨਾਮ ਚਢੂਨੀ ਮੁੱਖ ਮੰਤਰੀ ਦਾ ਚਿਹਰਾ ਬਣੇ

ਗੁਰਨਾਮ ਸਿੰਘ ਚੜੂਨੀ

ਤਸਵੀਰ ਸਰੋਤ, FB/GURNAM SINGH CHADUNI

ਤਸਵੀਰ ਕੈਪਸ਼ਨ,

ਗੁਰਨਾਮ ਸਿੰਘ ਚੜੂਨੀ ਨੇ ਕਈ ਵਾਰ ਕਿਸਾਨ ਜਥੇਬੰਦੀਆਂ ਨੂੰ ਰਾਜਨੀਤਿਕ ਰਾਹ ਅਪਨਾਉਣ ਦੀ ਅਪੀਲ ਕੀਤੀ ਹੈ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਰ ਸਿਆਸੀ ਪਾਰਟੀ ਦਾ ਗਠਨ ਹੋਇਆ ਹੈ ਅਤੇ ਇਸ ਪਾਰਟੀ ਨੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਪੰਜਾਬ ਲਈ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ।

ਅੰਗਰੇਜ਼ੀ ਅਖ਼ਬਾਰ 'ਹਿੰਦੁਸਤਾਨ ਟਾਈਮਜ਼' ਵਿੱਚ ਛਪੀ ਖ਼ਬਰ ਅਨੁਸਾਰ ਲੁਧਿਆਣਾ ਵਿੱਚ ਵਪਾਰੀਆਂ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਮਿਲ ਕੇ ਨਵੇਂ ਰਾਜਨੀਤਕ ਦਲ ' ਭਾਰਤੀ ਆਰਥਿਕ ਪਾਰਟੀ' ਦਾ ਗਠਨ ਕੀਤਾ ਹੈ।

ਇਸ ਪਾਰਟੀ ਵੱਲੋਂ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਲਈ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਦਾ ਵੀ ਫੈਸਲਾ ਕੀਤਾ ਗਿਆ ਹੈ।

ਖ਼ਬਰ ਅਨੁਸਾਰ ਦੇਸ਼ ਭਰ ਤੋਂ ਵਪਾਰ ਨਾਲ ਸਬੰਧਿਤ ਕਈ ਆਗੂਆਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਵਪਾਰੀ ਤਰੁਣ ਜੈਨ ਬਾਵਾ ਨੂੰ ਇਸ ਦਾ ਰਾਸ਼ਟਰੀ ਪ੍ਰਧਾਨ ਵੀ ਐਲਾਨਿਆ ਗਿਆ ਹੈ।

ਗੁਰਨਾਮ ਸਿੰਘ ਚੜੂਨੀ ਨੇ ਕਈ ਵਾਰ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਵਿਚ ਚੋਣਾਂ ਲੜਨ ਦੀ ਅਪੀਲ ਕੀਤੀ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਗੁਰਨਾਮ ਸਿੰਘ ਚੜੂਨੀ ਨੂੰ ਇੱਕ ਹਫ਼ਤੇ ਲਈ ਸਸਪੈਂਡ ਵੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਅਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਕਿ ਕਿਸਾਨ ਜਥੇਬੰਦੀਆਂ ਦਾ ਰਾਜਨੀਤੀ ਵਿੱਚ ਜਾਣ ਜਾਂ ਚੋਣਾਂ ਲੜਨ ਦਾ ਕੋਈ ਉਦੇਸ਼ ਨਹੀਂ ਹੈ।

ਗੁਰਨਾਮ ਸਿੰਘ ਚੜੂਨੀ ਨੂੰ ਵੀ ਇਹ ਦੱਸਿਆ ਗਿਆ ਸੀ ਕਿ ਮੋਰਚੇ ਦੀ ਸ਼ੁਰੂਆਤ ਖੇਤੀ ਕਾਨੂੰਨਾਂ ਵਿਰੁੱਧ ਲੜਨ ਲਈ ਹੈ ਨਾ ਕਿ ਚੋਣਾਂ ਲੜਨ ਲਈ।

ਗੁਰਨਾਮ ਸਿੰਘ ਚੜੂਨੀ ਨੇ ਵੀ ਕਿਸਾਨ ਮੋਰਚੇ ਵੱਲੋਂ ਉਨ੍ਹਾਂ ਨੂੰ ਸਸਪੈਂਡ ਕੀਤੇ ਜਾਣ ਦਾ ਫ਼ੈਸਲਾ ਗ਼ਲਤ ਕਰਾਰ ਦਿੱਤਾ ਸੀ ਅਤੇ ਆਖਿਆ ਸੀ ਕਿ ਇਸ ਨਾਲ ਉਹ ਆਪਣੇ ਪੱਖ ਨਹੀਂ ਬਦਲਣਗੇ।

'ਹਰਿਆਣਾ ਵਿੱਚ ਹਿੰਦੂ ਸਿੱਖ ਭਾਈਚਾਰੇ ਖ਼ਿਲਾਫ਼ ਸਾਜ਼ਿਸ਼'

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਵਿਚ ਹਿੰਦੂ-ਸਿੱਖ ਭਾਈਚਾਰੇ ਨੂੰ ਠੇਸ ਪਹੁੰਚਾਉਣ ਵਾਲੀਆਂ ਤਾਕਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।

ਅੰਗਰੇਜ਼ੀ ਅਖ਼ਬਾਰ 'ਦਿ ਟਾਈਮਜ਼ ਆਫ ਇੰਡੀਆ' ਵਿੱਚ ਖ਼ਬਰ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਵਿਖੇ ਆਖਿਆ ਕਿ ਕੁਰੂਕਸ਼ੇਤਰ ਵਿੱਚ ਹੋਈ ਕਿਸਾਨਾਂ ਦੀ ਸਭਾ ਦੌਰਾਨ ਕੁਝ ਸ਼ਰਾਰਤੀ ਅਨਸਰ ਕਿਰਪਾਨਾਂ ਪਾ ਕੇ ਆਏ ਸਨ ਅਤੇ ਉਨ੍ਹਾਂ ਨੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ।

ਸਿੱਖ ਨੌਜਵਾਨਾਂ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ ਪਰ ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਸਿੱਖਾਂ ਖ਼ਿਲਾਫ਼ ਹੀ ਸ਼ਿਕਾਇਤ ਦਰਜ ਕਰਵਾ ਦਿੱਤੀ।

ਤਸਵੀਰ ਸਰੋਤ, SUKHCHARANPREET/BBC

ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਰਕਾਰ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਇਸ ਜਥੇਬੰਦੀ ਨਾਲ ਸਬੰਧਤ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤਾਂ ਜੋ ਹਰਿਆਣਾ ਵਿਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਅਮਨ ਸ਼ਾਂਤੀ ਨੂੰ ਕੋਈ ਠੇਸ ਨਾ ਪੁੱਜੇ।

ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ ਮਾਨ ਦੇ ਹਰਿਆਣਾ ਆਗੂ ਗੁਨੀ ਪ੍ਰਕਾਸ਼ ਵੱਲੋਂ ਗੁਰਨਾਮ ਸਿੰਘ ਚੜੂਨੀ ਖ਼ਿਲਾਫ਼ ਜੋ ਅਪਸ਼ਬਦ ਵਰਤੇ ਗਏ ਸਨ, ਉਹ ਕੇਵਲ ਚੜੂਨੀ ਖਿਲਾਫ਼ ਲਈ ਨਹੀਂ ਸਗੋਂ ਸਾਰੇ ਸਿੱਖ ਕੌਮ ਲਈ ਹੈ।ਹਰਿਆਣਾ ਸਰਕਾਰ ਨੂੰ ਇਸ ਖ਼ਿਲਾਫ਼ ਵੀ ਕਾਰਵਾਈ ਕਰਨੀ ਚਾਹੀਦੀ ਹੈ।

ਗਿਆਨੀ ਹਰਪ੍ਰੀਤ ਸਿੰਘ ਮੁਤਾਬਕ ਹਰਿਆਣਾ ਵਿੱਚ ਹਿੰਦੂ ਸਿੱਖ ਭਾਈਚਾਰੇ ਦੇ ਲੋਕ ਅਮਨ ਨਾਲ ਲੰਬੇ ਸਮੇਂ ਤੋਂ ਰਹਿ ਰਹੇ ਹਨ ਅਤੇ ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਉਨ੍ਹਾਂ ਵਿੱਚ ਫੁੱਟ ਪਾਉਣ ਦੀ ਸਾਜ਼ਿਸ਼ ਹੈ।

ਭਾਰਤ ਦੀ ਮੈਡਲ ਜੇਤੂਆਂ ਦੇ ਵਿਦੇਸ਼ੀ ਕੋਚ

ਟੋਕੀਓ ਓਲੰਪਿਕਸ ਵਿੱਚ ਭਾਰਤ ਨੇ ਸੱਤ ਮੈਡਲ ਜਿੱਤ ਕੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਇਨ੍ਹਾਂ ਸੱਤ ਮੈਡਲਾਂ ਪਿੱਛੇ ਛੇ ਵਿਦੇਸ਼ੀ ਕੋਚ ਸ਼ਾਮਲ ਹਨ।

ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈਸ ਦੇ ਲੇਖ ਵਿੱਚ ਇਨ੍ਹਾਂ ਬਾਰੇ ਵਿਸਥਾਰ ਨਾਲ ਲਿਖਿਆ ਗਿਆ ਹੈ।

ਜੈਵਲਿਨ ਵਿੱਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਦੇ ਕੋਚ ਜਰਮਨੀ ਦੇ ਓਵੇ ਹੋਨ ਹਨ ਜੋ ਆਪ ਵੀ ਜੈਵਲਿਨ ਦੇ ਖਿਡਾਰੀ ਰਹੇ ਹਨ।ਉਨ੍ਹਾਂ ਦੇ ਸਹਿਯੋਗੀ ਡਾ ਕਲੌਜ਼ ਵੀ ਜਰਮਨ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮੀਰਾਬਾਈ ਚਾਨੂ ਦੇ ਕੋਚ ਵਿਜੇ ਕੁਮਾਰ ਭਾਰਤੀ ਹਨ। ਰੀਓ ਓਲੰਪਿਕਸ ਵਿੱਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਚਾਨੂ ਨੇ ਖੇਡਾਂ ਛੱਡਣ ਦਾ ਫ਼ੈਸਲਾ ਕਰ ਲਿਆ ਸੀ ਪਰ ਵਿਜੇ ਕੁਮਾਰ ਨੇ ਉਨ੍ਹਾਂ ਨੂੰ ਪ੍ਰੇਰਿਆ।

ਕੁਸ਼ਤੀ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਰਵੀ ਦਹੀਆ ਦੇ ਕੋਚ ਰੂਸ ਦੇ ਕਮਲ ਮਾਲੀਕੋਵ ਹਨ। ਬਜਰੰਗ ਪੂਨੀਆ ਨੂੰ ਕੁਸ਼ਤੀ ਦੀ ਮੁੱਢਲੀ ਸਿੱਖਿਆ ਰੈਸਲਿੰਗ ਕੋਚ ਸਤਪਾਲ ਸਿੰਘ ਨੇ ਦਿੱਤੀ ਹੈ।

ਤਸਵੀਰ ਸਰੋਤ, NEERAJ CHOPRA/INSTAGRAM

ਕੁਸ਼ਤੀ ਵਿੱਚ ਹੀ ਕਾਂਸੀ ਦਾ ਤਮਗਾ ਜਿੱਤਣ ਵਾਲੇ ਬਜਰੰਗ ਪੂਨੀਆ ਦੇ ਕੋਚ ਵੀ ਜੌਰਜੀਆ ਦੇ ਸ਼ਾਕੋ ਬੈਨਟਿੰਡਸ ਹਨ।

ਮੁੱਕੇਬਾਜ਼ੀ ਵਿੱਚ ਤਮਗਾ ਜਿੱਤਣ ਵਾਲੀ ਲਵਲੀਨਾ ਦੇ ਕੋਚ ਇਟਲੀ ਦੇ ਰਫੈਲ ਬ੍ਰਗੇਸਕੋ ਹਨ। ਉਨ੍ਹਾਂ ਦੇ ਪਿਤਾ ਵੀ ਓਲੰਪਿਕਸ ਵਿੱਚ ਹਿੱਸਾ ਲੈ ਚੁੱਕੇ ਹਨ ਅਤੇ ਉਹ ਆਪ ਵੀ ਪੰਜ ਵਾਰ ਬਾਕਸਿੰਗ ਦੇ ਕੌਮੀ ਚੈਂਪੀਅਨ ਰਹੇ ਹਨ।

ਰਫੇਲ ਨੇ ਬੀਜਿੰਗ,ਲੰਡਨ ਅਤੇ ਰੀਓ ਓਲੰਪਿਕਸ ਵਿੱਚ ਕੋਚ ਵਜੋਂ ਹਿੱਸਾ ਲਿਆ ਹੈ। ਉਨ੍ਹਾਂ ਦੇ ਟ੍ਰੇਨ ਕੀਤੇ ਖਿਡਾਰੀਆਂ ਨੇ ਓਲੰਪਿਕਸ ਵਿੱਚ ਕੁੱਲ ਛੇ ਤਮਗੇ ਹਾਸਿਲ ਕੀਤੇ ਹਨ।

ਬੈਡਮਿੰਟਨ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਪੀਵੀ ਸਿੰਧੂ ਦੇ ਕੋਚ ਸਾਊਥ ਕੋਰੀਆ ਦੇ ਪਾਰਕ ਸੈਂਗ ਹਨ।

ਚਾਰ ਦਹਾਕਿਆਂ ਬਾਅਦ ਹਾਕੀ ਵਿੱਚ ਜਿੱਤ ਹਾਸਿਲ ਕਰਨ ਵਾਲੀ ਭਾਰਤ ਦੀ ਟੀਮ ਦੇ ਕੋਚ ਵੀ ਆਸਟਰੇਲੀਆ ਦੇ ਗ੍ਰਾਹਮ ਰੀਡ ਹਨ।

ਬੈਲਜੀਅਮ ਹੱਥੋਂ ਸੈਮੀਫਾਈਨਲ ਵਿੱਚ ਹਾਰਨ ਤੋਂ ਬਾਅਦ ਰੀਡ ਨੇ ਭਾਰਤ ਦੀ ਟੀਮ ਨੂੰ ਮੁੜ ਹੌਸਲਾ ਦਿੱਤਾ ਅਤੇ ਅਤੇ ਟੀਮ ਨੇ ਇਤਿਹਾਸ ਰਚਿਆ।

ਟੂਰਨਾਮੈਂਟ ਵਿਚ ਭਾਰਤ ਦੀ ਟੀਮ ਆਸਟ੍ਰੇਲੀਆ ਤੋਂ 7-1 ਨਾਲ ਹਾਰੀ ਸੀ ਪਰ ਆਪਣੇ ਆਖ਼ਰੀ ਮੈਚ ਵਿੱਚ ਟੀਮ ਨੇ ਇਸ ਹਾਰ ਨੂੰ ਉਨ੍ਹਾਂ ਉੱਪਰ ਹਾਵੀ ਨਹੀਂ ਹੋਣ ਦਿੱਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)