ਸੁਮੇਧ ਸੈਣੀ : ਪੰਜਾਬ ਦਾ ਸਾਬਕਾ ਪੁਲਿਸ ਮੁਖੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ
- ਸਰਬਜੀਤ ਸਿੰਘ ਧਾਲੀਵਾਲ
- ਬੀਬੀਸੀ ਪੱਤਰਕਾਰ

ਤਸਵੀਰ ਸਰੋਤ, Getty Images
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਿਜੀਲੈਂਸ ਬਿਓਰੋ ਪੰਜਾਬ ਨੇ ਬੁੱਧਵਾਰ ਨੂੰ ਦੇਰ ਸ਼ਾਮ ਗ੍ਰਿਫ਼ਤਾਰ ਕਰ ਲਿਆ।
ਸੈਣੀ ਦੇ ਵਕੀਲ ਰਮਨਦੀਪ ਸਿੰਘ ਸੰਧੂ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 13 ਨੰਬਰ ਐਫਆਈਆਰ ਦੇ ਮਾਮਲੇ ਵਿਚ ਪਹਿਲਾਂ ਹੀ ਅਦਾਲਤ ਵਲੋਂ ਜਮਾਨਤ ਮਿਲ ਚੁੱਕੀ ਸੀ।
ਅਦਾਲਤ ਨੇ ਸੈਣੀ ਨੂੰ ਇਸ ਮਾਮਲੇ ਦੀ ਜਾਂਚ ਲਈ ਵਿਜੀਲੈਂਸ ਅੱਗੇ ਪੇਸ਼ ਹੋਣ ਲਈ ਕਿਹਾ ਸੀ, ਉਹ ਇਸੇ ਲਈ ਮੁਹਾਲੀ ਵਿਚਲੇ ਵਿਜੀਲੈਂਸ ਬਿਊਰੋ ਦੇ ਦਫ਼ਤਰ 8.10 ਵਜੇ ਆਏ ਸਨ।
ਪਰ ਵਿਜੀਲੈਂਸ ਦੇ ਅਧਿਕਾਰੀਆਂ ਨੇ ਧੋਖਾਧੜੀ ਦੀ ਹੋਰ ਐਫ਼ਆਈਆਰ ਦਰਜ ਕਰਕੇ ਉਸ ਦੇ ਅਧਾਰ ਉੱਤੇ ਗ੍ਰਿਫ਼ਤਾਰ ਕਰ ਲਿਆ।
ਪਰ ਇਹ ਕੇਸ ਕੀ ਹੈ, ਇਸ ਬਾਰੇ ਵਿਜੀਲੈਂਸ ਨੇ ਸੈਣੀ ਦੇ ਵਕੀਲ ਨੂੰ ਵੀ ਕੁਝ ਨਹੀਂ ਦੱਸਿਆ।
ਵਿਜੀਲੈਂਸ ਬਿਊਰੋ ਨੇ ਸੈਣੀ ਦੀ ਗ੍ਰਿਫ਼ਤਾਰੀ ਦੀ ਅਧਿਕਾਰਤ ਪੁਸ਼ਟੀ ਵੀ ਨਹੀਂ ਕੀਤੀ ਹੈ, ਨਾ ਹੀ ਵਿਜੀਲੈਂਸ ਦਾ ਕੋਈ ਸੰਬਧਤ ਅਧਿਕਾਰੀ ਇਸ ਬਾਰੇ ਬੋਲਣ ਲਈ ਤਿਆਰ ਹੈ।
ਸੈਣੀ ਉੱਤੇ 1980-90 ਵਿਆਂ ਦੌਰਾਨ ਪੰਜਾਬ ਵਿਚ ਬਤੌਰ ਪੁਲਿਸ ਅਫ਼ਸਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕਈ ਕੇਸ ਵੀ ਚੱਲਦੇ ਹਨ।
ਸੁਮੇਧ ਸੈਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬਦੀ ਖ਼ਿਲਾਫ਼ ਧਰਨਾ ਦੇਣ ਸਮੇਂ ਬਹਿਬਲ ਕਲਾ ਗੋਲੀਕਾਂਡ ਮਾਮਲੇ ਵਿਚ ਵੀ ਨਾਮਜ਼ਦ ਕੀਤਾ ਗਿਆ ਹੈ।
ਇਹ ਘਟਨਾ 2015 ਦੀ ਹੈ ਅਤੇ ਸੁਮੇਧ ਸੈਣੀ ਉਦੋਂ ਪੰਜਾਬ ਦੇ ਪੁਲਿਸ ਮੁਖੀ ਦੇ ਅਹੁਦੇ ਉੱਤੇ ਤੈਨਾਤ ਸਨ।
ਬੇਅਦਬੀ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ ਅਤੇ ਮਾਮਲਾ ਅਜੇ ਵੀ ਅਦਾਲਤ ਵਿਚ ਹੈ।
ਇਹ ਵੀ ਪੜ੍ਹੋ :
ਸੈਣੀ ਦੇ ਵਕੀਲ ਦਾ ਦਾਅਵਾ
2 ਅਗਸਤ ਨੂੰ ਇੱਕ 13 ਨੰਬਰ ਐਫ਼ਆਈਆਰ ਦਰਜ ਕੀਤੀ ਗਈ ਸੀ , ਜਿਸ ਵਿਚ ਹਾਈਕੋਰਟ ਨੇ ਜਮਾਨਤ ਦਿੰਦਿਆਂ ਜਾਂਚ ਲਈ ਪੇਸ਼ ਹੋਣ ਵਾਸਤੇ ਕਿਹਾ ਸੀ।
ਵਕੀਲ ਨੇ ਦੱਸਿਆ ਕਿ ਸੈਣੀ ਜਾਂਚ ਲਈ ਪੇਸ਼ ਹੋਣ ਆਏ ਸਨ ਤਾਂ ਕਿਸੇ ਨਵੇਂ ਪਰਚੇ ਵਿਚ ਗ੍ਰਿਫ਼ਤਾਰ ਕਰ ਲਿਆ।
ਰਮਨਦੀਪ ਸੰਧੂ ਨੇ ਕਿਹਾ ਕਿ ਵਿਜੀਲੈਂਸ ਨੇ ਗ੍ਰਿਫ਼ਤਾਰੀ ਵਾਲੇ ਮਾਮਲੇ ਦੀ ਜਾਣਕਾਰੀ ਅਜੇ ਨਹੀਂ ਦਿੱਤੀ ਹੈ। ਪਰ ਇਹ ਸਪੱਸ਼ਟ ਹੈ ਕਿ ਸੈਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਜੀਲੈਂਸ ਨੇ ਦਾਅਵਾ ਕੀਤਾ ਕਿ ਪਹਿਲਾਂ ਸਾਨੂੰ ਕਿਹਾ ਗਿਆ ਕੁਝ ਦੇਰ ਉਡੀਕ ਕਰੋ, ਪਰ ਕੁਝ ਦੇਰ ਬਾਅਦ ਵਿਜੀਲੈਂਸ ਅਫ਼ਸਰ ਵਰਿੰਦਰਪਾਲ ਸਿੰਘ ਬਰਾੜ ਨੇ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ।
ਹਾਲਾਂ ਕਿ ਵਿਜੀਲੈਂਸ ਬਿਊਰੋ ਨੇ ਅਧਿਕਾਰਤ ਤੌਰ ਉੱਤੇ ਸੈਣੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ।
13 ਨੰਬਰ ਐਫ਼ਆਈਆਰ ਕੀ ਹੈ
ਸੈਣੀ ਦੇ ਵਕੀਲ ਰਮਨਦੀਪ ਸਿੰਘ ਸੰਧੂ ਮੁਤਾਬਕ ਪੁਲਿਸ ਵਿਚੋਂ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਇੱਕ ਘਰ ਖਰੀਦਿਆ ਸੀ। ਇਹ ਘਰ ਚੰਡੀਗੜ੍ਹ ਦੇ ਸੈਕਟਰ 20 ਵਿਚ ਹੈ।
ਜਿਸ ਦਾ ਬਿਆਨਾ ਹੋਇਆ ਸੀ ਅਤੇ ਰਜਿਸਟਰੀ 2 ਮਹੀਨੇ ਵਿਚ ਹੋਣੀ ਸੀ।
ਇਸ ਮਾਮਲੇ ਵਿਚ ਇਲਜ਼ਾਮ ਹੈ ਕਿ ਇਸ ਮਾਮਲੇ ਵਿਚ ਅਦਾਇਗੀਆਂ ਗਲਤ ਹਨ।
ਪਰ ਵਕੀਲ ਦਾ ਦਾਅਵਾ ਇਹ ਅਦਾਇਗੀਆਂ ਜੱਦੀ ਜਾਇਦਾਦ ਵੇਚ ਕੇ ਆਏ ਪੈਸੇ ਦੀਆਂ ਸਨ। ਇਸ ਵਿਚ ਕੁਝ ਵੀ ਗਲਤ ਨਹੀਂ ਸੀ।
ਸੁਮੇਧ ਸਿੰਘ ਸੈਣੀ ਨਾਲ ਜੁੜੇ ਵਿਵਾਦ ਕੀ ਹਨ?
ਸੁਮੇਧ ਸੈਣੀ ਬਾਰੇ
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ 1982 ਬੈਚ ਦੇ ਆਈਪੀਐੱਸ ਅਫ਼ਸਰ ਹਨ। ਸੈਣੀ 6 ਜ਼ਿਲ੍ਹਿਆਂ ਦੇ ਐਸਐਸਪੀ ਰਹਿ ਚੁੱਕੇ ਹਨ।
ਸੁਮੇਧ ਸੈਣੀ ਬਟਾਲਾ, ਫਿਰੋਜ਼ਪੁਰ, ਲੁਧਿਆਣਾ, ਬਠਿੰਡਾ, ਰੂਪਨਗਰ ਤੇ ਚੰਡੀਗੜ੍ਹ ਦੇ ਐੱਸਐੱਸਪੀ ਰਹੇ ਹਨ।
ਅਗਸਤ 1991 ਵਿੱਚ ਸੈਣੀ ਚੰਡੀਗੜ੍ਹ ਦੇ ਐੱਸਐੱਸਪੀ ਸੀ ਉਸ ਦੌਰਾਨ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਹੋਇਆ। ਇਸ ਹਮਲੇ ਵਿੱਚ ਸੁਮੇਧ ਤਾਂ ਬਚ ਗਏ ਪਰ ਤਿੰਨ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ।
ਸੈਣੀ ਉੱਪਰ ਲੁਧਿਆਣਾ ਦੇ ਕਾਰੋਬਾਰੀ ਨੂੰ ਦੋ ਹੋਰ ਵਿਅਕਤੀਆਂ ਸਮੇਤ ਆਗਵਾ ਕਰਕੇ ਖੁਰਦ-ਬੁਰਦ ਕਰਨ ਦਾ ਸੀਬੀਆਈ ਕੇਸ ਵੀ ਲੰਬਾ ਸਮਾਂ ਚੱਲਿਆ।
ਸਾਲ 1994 ਤੋਂ ਜਾਰੀ ਅਦਾਲਤੀ ਕਾਰਵਾਈ ਅਜੇ ਵੀ ਜਾਰੀ ਹੈ।
ਚੰਡੀਗੜ੍ਹ ਵਿੱਚ ਉਹ ਫੌਜ ਦੇ ਲੈਫਟੀਨੈਂਟ ਕਰਨਲ ਦੇ ਥੱਪੜ ਮਾਰਨ ਅਤੇ ਬਠਿੰਡਾ ਵਿੱਚ ਐੱਸਐੱਸਪੀ ਰਹਿੰਦਿਆਂ ਡਿਪਟੀ ਕਮਿਸ਼ਨਰ ਦੀ ਪਾਰਟੀ ਵਿੱਚ ਇੱਕ ਇੰਜਨੀਅਰ ਨਾਲ ਖਿੱਚਧੂਹ ਕਰਨ ਕਰਕੇ ਵਿਵਾਦਾਂ ਵਿੱਚ ਆਏ ਸਨ।
ਰਵੀ ਸਿੱਧੂ ਮਾਮਲੇ ਸਣੇ ਕਈ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਅੰਜ਼ਾਮ ਤੱਕ ਪਹੁੰਚਾਉਣ ਵਾਲੇ ਕੇਸਾਂ ਦੀ ਜਾਂਚ ਲਈ ਸੈਣੀ ਨੂੰ ਵਾਹ-ਵਾਹੀ ਵੀ ਮਿਲੀ।
ਕੈਪਟਨ ਤੇ ਬਾਦਲ ਦੋਵਾਂ ਦੇ ਰਹੇ ਭਰੋਸੇਮੰਦ
ਸੁਮੇਧ ਸੈਣੀ ਸਾਬਕਾ ਪੁਲਿਸ ਮੁਖੀ ਕੇ.ਪੀ.ਐੱਸ. ਗਿੱਲ ਦੇ ਕਰੀਬੀ ਸਮਝੇ ਜਾਂਦੇ ਹਨ। ਗਿੱਲ ਆਪਣੀਆਂ ਪ੍ਰਾਪਤੀਆਂ ਅਤੇ ਵਿਵਾਦਾਂ ਕਾਰਨ ਕਈ ਵਾਰ ਚਰਚਾ 'ਚ ਰਹੇ ਹਨ।
ਗਿੱਲ ਅਤੇ ਸੁਮੇਧ ਸੈਣੀ ਸਰਕਾਰ ਦੀ ਗੋਲੀ ਬਦਲੇ ਗੋਲੀ ਦੀ ਨੀਤੀ ਨੂੰ ਲਾਗੂ ਕਰਨ ਵਾਲੇ ਪੰਜਾਬ ਪੁਲਿਸ ਦੇ ਮੋਹਰੀ ਅਫ਼ਸਰ ਵਿੱਚੋਂ ਸਨ।
ਤਸਵੀਰ ਸਰੋਤ, Getty Images
ਅਕਾਲੀ-ਭਾਜਪਾ ਸਰਕਾਰ ਦੇ ਦੂਸਰੇ ਕਾਰਜਕਾਲ ਤੋਂ ਬਾਅਦ ਸੁਮੇਧ ਤੇ ਕੈਪਟਨ ਦੇ ਰਿਸ਼ਤਿਆਂ ਦੀ ਵਿੱਚ ਖਾਈ ਲਗਾਤਾਰ ਵਧਦੀ ਹੀ ਗਈ।
ਕੁਝ ਲੋਕ ਉਨ੍ਹਾਂ ਨੂੰ ਅੱਤਵਾਦ ਨਾਲ ਲੜਨ ਵਾਲਾ ਬਹਾਦਰ ਪੁਲਿਸ ਅਫ਼ਸਰ ਮੰਨਦੇ ਹਨ ਅਤੇ ਕੁਝ ਲੋਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਾ।
2007 ਤੋਂ ਬਆਦ ਉਹ ਅਕਾਲੀ ਦਲ ਦੀ 10 ਸਾਲ ਦੀ ਸੱਤਾ ਦੌਰਾਨ ਅਹਿਮ ਭੂਮਿਕਾ ਵਿੱਚ ਰਹੇ। ਅਕਾਲੀ ਭਾਜਪਾ ਸਰਕਾਰ ਦੌਰਾਨ ਹੀ ਉਹ 2012 ਤੋਂ 2015 ਤੱਕ ਪੰਜਾਬ ਪੁਲਿਸ ਮੁਖੀ ਦੇ ਰਹੇ।
2009 ਵਿੱਚ ਭਾਰਤ ਦੇ ਸਾਬਕਾ ਚੀਫ਼ ਜਸਟਿਸ ਟੀਐੱਸ ਠਾਕੁਰ ਨੇ ਸੈਣੀ 'ਤੇ ਪੰਜਾਬ ਹਾਈਕੋਰਟ ਦੇ ਜੱਜਾਂ ਦੇ ਫੋਨ ਟੈਪ ਕਰਨ ਦਾ ਇਲਜ਼ਾਮ ਲਾਇਆ।
ਸੁਮੇਧ ਸਿੰਘ ਸੈਣੀ, ਕੈਪਟਨ ਅਮਰਿੰਦਰ ਦੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਭਰੋਸੇਯੋਗ ਅਫ਼ਸਰ ਸਨ।
ਅਕਾਲੀ ਸਰਕਾਰ ਦੌਰਾਨ ਕੈਪਟਨ 'ਤੇ ਲੁਧਿਆਣਾ ਦੇ ਸਿਟੀ ਸੈਂਟਰ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਗਏ।
ਇਸ ਮਗਰੋਂ ਇਹ ਰਿਸ਼ਤੇ ਨਿੱਘਰਦੇ ਹੀ ਚਲੇ ਗਏ। ਇਹ ਇਲਜ਼ਾਮ ਲਾਏ ਜਾਣ ਸਮੇਂ ਸੁਮੇਧ ਸੈਣੀ ਪੰਜਾਬ ਵਿਜੀਲੈਂਸ ਵਿਭਾਗ ਦੇ ਮੁਖੀ (2007-12) ਸਨ।
'ਸੁਮੇਧ ਸੈਣੀ ਸਿਆਸੀ ਸਰਪ੍ਰਸਤੀ ਕਾਰਨ ਖੁਦ ਨੂੰ ਕਾਨੂੰਨ ਸਮਝਦਾ ਸੀ'
ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰ ਵਿੱਚ ਆਉਣ ਤੋਂ ਬਾਅਦ ਸਿਟੀ ਸੈਂਟਰ ਘੋਟਾਲਾ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਜਮਾਂ ਕਰਵਾ ਦਿੱਤੀ ਗਈ।
ਇਸ ਦੇ ਖਿਲਾਫ਼ ਸੈਣੀ ਨੇ ਲੁਧਿਆਣਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਅਰਜ਼ੀ ਦਾਇਰ ਕਰ ਦਿੱਤੀ।
14 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖਾਂ ਵੱਲੋਂ ਪ੍ਰਦਰਸ਼ਨ, ਜਿਸ ਉੱਤੇ ਪੁਲਿਸ ਵੱਲੋਂ ਲਾਠੀਚਾਰਜ ਹੋਇਆ। ਇਸੇ ਦਿਨ ਬਹਿਬਲ ਕਲਾਂ ਵਿੱਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਸਰਕਾਰ 'ਤੇ ਸੈਣੀ ਨੂੰ ਪੁਲਿਸ ਮੁਖੀ ਦੇ ਅਹੁਦੇ ਤੋਂ ਹਟਾਉਣ ਦਾ ਦਬਾਅ ਪਿਆ ਅਤੇ ਸੈਣੀ ਦੀ ਥਾਂ 1982 ਬੈਚ ਦੇ ਹੀ ਅਫ਼ਸਰ ਸੁਰੇਸ਼ ਅਰੋੜਾ ਨੂੰ ਪੁਲਿਸ ਮੁਖੀ ਨਿਯੁਕਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: