ਪੰਜਾਬ ਕਾਂਗਰਸ: ਹਰੀਸ਼ ਰਾਵਤ ਪੰਜਾਬ ਕਾਂਗਰਸ ਦੀ ਇੰਚਾਰਜੀ ਕਿਉਂ ਛੱਡਣਾ ਚਾਹੁੰਦੇ ਹਨ? - ਪ੍ਰੈੱਸ ਰਿਵੀਊ

ਹਰੀਸ਼ ਰਾਵਤ

ਤਸਵੀਰ ਸਰੋਤ, Harish Rawat/FB

ਪੰਜਾਬ ਕਾਂਗਰਸ ਦੇ ਇੰਚਾਰਜ ਨੇ ਪਾਰਟੀ ਹਾਈ ਕਮਾਂਡ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਸੂਬੇ ਦੀ ਕਾਂਗਰਸ ਦੇ ਮਾਮਲਿਆਂ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਹੈ ਕਿ ਉੱਤਰਾਖੰਡ ਵਿੱਚ ਚੋਣਾਂ ਆਉਣ ਵਾਲ਼ੀਆਂ ਹਨ ਅਤੇ ਉਹ ਉੱਥੇ ਧਿਆਨ ਦੇਣਾ ਚਾਹੁੰਦੇ ਹਨ।

ਉਨ੍ਹਾਂ ਦੀ ਇਹ ਬੇਨਤੀ ਉਸ ਸਮੇਂ ਆਈ ਹੈ ਜਦੋਂ ਸੂਬੇ ਦੀ ਕਾਂਗਰਸ ਵਿੱਚ ਸਿਆਸੀ ਉਥਲ-ਪੁਥਲ ਸਿਖਰਾਂ 'ਤੇ ਹੈ। ਪੰਜਾਬ ਕਾਂਗਰਸ ਦੇ ਦੋ ਦਰਜਣ ਤੋਂ ਵਧੇਰੇ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕਰ ਚੁੱਕੇ ਹਨ।

ਰਾਵਤ ਵੀਰਵਾਰ ਨੂੰ ਦਿੱਲੀ ਪਹੁੰਚੇ ਹਨ ਜਿੱਥੇ ਸੰਭਾਵਿਤ ਤੌਰ 'ਤੇ ਉਹ ਪੰਜਾਬ ਕਾਂਗਰਸ ਦੀ ਬਗਾਵਤ ਦੀ ਚਰਚਾ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉੱਘੇ ਚੋਣ ਪੈਂਤੜੇਬਾਜ਼ ਪ੍ਰਸ਼ਾਂਤ ਕਿਸ਼ੋਰ, ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਆਪਣਾ ਵਿਸ਼ੇਸ ਸਲਾਹਕਾਰ ਲਗਾਇਆ ਸੀ, ਆਪਣਾ ਕੈਬਨਿਟ ਮੰਤਰੀ ਦੇ ਬਰਾਬਰ ਦਾ ਅਹੁਦਾ ਛੱਡ ਚੁੱਕੇ ਹਨ।

ਇਹ ਵੀ ਪੜ੍ਹੋ:

‘ਪਤਨੀ ਨਾਲ ਧੱਕੇ ਨਾਲ ਕੀਤਾ ਸੈਕਸ ਵੀ ਰੇਪ ਨਹੀਂ'

ਤਸਵੀਰ ਸਰੋਤ, Getty Images

ਛੱਤੀਸਗੜ੍ਹ ਹਾਈ ਕੋਰਟ ਨੇ ਇੱਕ 37 ਸਾਲਾ ਵਿਅਕਤੀ ਨੂੰ ਵਿਆਹੁਤਾ ਰੇਪ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਭਾਰਤੀ ਦੰਡਾਵਲੀ ਮੁਤਾਬਕ ਪਤਨੀ ਨਾਲ ਧੱਕੇ ਨਾਲ ਵੀ ਬਣਾਏ ਗਏ ਸਰੀਰਕ ਸੰਬੰਧ ਬਲਾਤਕਾਰ ਨਹੀਂ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਹਾਲਾਂਕਿ ਅਦਾਲਤ ਨੇ ਵਿਅਕਤੀ ਖ਼ਿਲਾਫ਼ ਧਾਰਾ 377 ਅਧੀਨ ਬਿਨਾਂ ਸਹਿਮਤੀ ਦੇ ਸਰੀਰਕ ਸੰਬੰਧ ਬਣਾਉਣ ਦੇ ਇਲਜ਼ਾਮ ਕਾਇਮ ਰੱਖੇ ਹਨ।

23 ਅਗਸਤ ਨੂੰ ਪਾਸ ਕੀਤੇ ਇਨ੍ਹਾਂ ਹੁਕਮਾਂ ਨੂੰ ਬੁੱਧਵਾਰ ਨੂੰ ਜਨਤਕ ਕੀਤਾ ਗਿਆ। ਵਿਅਕਤੀ ਨੇ ਟਰਾਇਲ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਸੀ।

ਜੋੜੇ ਦਾ 2017 ਵਿੱਚ ਵਿਆਹ ਹੋਇਆ ਸੀ। ਪਤਨੀ ਨੇ ਮੁਲਜ਼ਮ ਖ਼ਿਲਾਫ਼ ਦਾਜ ਲਈ ਤੰਗ ਕਰਨ ਅਤੇ ਬਲਾਤਕਾਰ ਦੇ ਇਲਜ਼ਾਮ ਲਗਾਏ ਸਨ। ਪਤਨੀ ਨੇ ਸਹੁਰਿਆਂ ਖ਼ਿਲਾਫ਼ ਵੀ ਦਾਜ ਲਈ ਤੰਗ ਕਰਨ ਦੇ ਇਲਜ਼ਾਮ ਲਗਾਏ ਸਨ।

ਕਬਾਇਲੀਆਂ ਦੀ ਹਿਮਾਚਲ ਵਿੱਚ ਢਿੱਗਾਂ ਡਿੱਗਣ ਮਗਰੋਂ ਮੁਜ਼ਾਹਰਾ

ਵੀਡੀਓ ਕੈਪਸ਼ਨ,

ਹਿਮਾਚਲ ਪ੍ਰਦੇਸ਼ ਦੇ ਕਿਨੌਰ ’ਚ ਵੱਡਾ ਹਾਦਸਾ, ਪਹਾੜ ਡਿੱਗਣ ਨਾਲ ਕਈ ਵਾਹਨ ਮਲਬੇ ਹੇਠਾਂ ਦੱਬੇ (ਵੀਡੀਓ 11 ਅਗਸਤ 2021 ਦੀ ਹੈ)

ਹਿਮਾਚਲ ਵਿੱਚ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿੱਚ ਪਿਛਲੇ ਦਿਨਾਂ ਦੌਰਾਨ ਕਾਫ਼ੀ ਵਾਧਾ ਦੇਖਿਆ ਗਿਆ ਹੈ। ਇਸ ਦੇ ਮੱਦੇ ਨਜ਼ਰ ਕਿੰਨੌਰ ਅਤੇ ਲਾਹੌਲ ਸਪੀਤੀ ਦੇ ਕਬਾਇਲੀਆਂ ਨੇ ਹਿਮਾਲਿਆ ਖੇਤਰ ਦੇ ਕੁਦਰਤੀ ਸੌਮਿਆਂ ਦੇ ਅੰਨ੍ਹੀ ਸ਼ੋਸ਼ਣ ਖ਼ਿਲਾਫ਼ ਮੁਜ਼ਾਹਰਾ ਕੀਤਾ।

ਦਿ ਸਟੇਸਸਮੈਨ ਦੀ ਖ਼ਬਰ ਮੁਤਾਬਕ ਵੀਰਵਾਰ ਨੂੰ ਜੰਗੀ, ਅਕਪਾ, ਖਡੁਰਾ,ਥੋਪਨ ਅਤੇ ਰਾਰੰਗਾ ਪਿੰਡਾਂ ਦੇ ਵਾਸੀਆਂ ਨੇ ਕਿਨੌਰ ਦੀ ਜੰਗਰਾਮ ਘਾਟੀ ਵਿੱਚ ਮੁਜ਼ਾਹਰਾ ਕੀਤਾ ਅਤੇ ਸਤਲੁਜ ਦਰਿਆ 'ਤੇ ਤਜਵੀਜ਼ਸ਼ੁਦਾ ਜੰਗੋ ਥੋਪਨ ਪੌਵਰੀ ਹਾਈਡਰੋ ਪ੍ਰੋਜੈਕਟ ਦਾ ਵਿਰੋਧ ਕੀਤਾ।

ਦਿੱਲੀ ਅਤੇ ਮੁੰਬਈ 60 ਸਭ ਤੋਂ ਮਹਿਫ਼ੂਜ਼ ਸ਼ਹਿਰਾਂ ਵਿੱਚ ਸ਼ੁਮਾਰ

ਤਸਵੀਰ ਸਰੋਤ, Getty Images

ਦਿ ਇਕਾਨਮਿਸਟ ਸਮੂਹ ਦੀ ਇਕਾਈ ਇਕਾਨਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਜਾਰੀ ਦੁਨੀਆਂ ਦੇ 60 ਸਭ ਤੋਂ ਮਹਿਫ਼ੂਜ਼ ਸ਼ਹਿਰਾਂ ਦੀ ਸੂਚੀ ਵਿੱਚ ਭਾਰਤ ਦੇ ਮੁੰਬਈ ਅਤੇ ਰਾਜਧਾਨੀ ਦਿੱਲੀ ਨੇ ਵੀ ਜਗ੍ਹਾ ਬਣਾਈ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ 2021 ਦੀ ਇਸ ਸੂਚੀ ਵਿੱਚ 76 ਨੁਕਤਿਆਂ ਦੇ ਅਧਾਰ 'ਤੇ ਸ਼ਹਿਰਾਂ ਦੀ ਦਰਜਾਬੰਦੀ ਕੀਤੀ ਗਈ ਹੈ ਅਤੇ ਇਸ ਸੂਚੀ ਵਿੱਚ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਨੂੰ ਪਹਿਲੇ ਨੰਬਰ 'ਤੇ ਰੱਖਿਆ ਗਿਆ ਹੈ।

ਇਸ ਸੂਚੀ ਵਿੱਚ ਦਿੱਲੀ ਇਕਤਾਲੀਵੇਂ ਦਰਜੇ ਉੱਪਰ ਅਤੇ ਮੁੰਬਈ ਉਸ ਤੋਂ ਹੇਠਾਂ ਆਇਆ ਹੈ ਪਰ ਢਾਕਾ ਅਤੇ ਕਰਾਚੀ ਤੋਂ ਉੱਪਰ ਪੰਜਾਹਵੇਂ ਨੰਬਰ 'ਤੇ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਹੀ ਇੱਕ ਹੋਰ ਖ਼ਬਰ ਮੁਤਾਬਕ ਦਿੱਲੀ ਵਿੱਚ ਪ੍ਰਤੀ ਮੀਲ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਸੀਸੀਟੀਵੀ ਕੈਮਰੇ ਹਨ।

ਇਸ ਮਾਮਲੇ ਵਿੱਚ ਭਾਰਤ ਦੀ ਰਾਜਧਾਨੀ ਨੇ ਲੰਡਨ, ਸ਼ੰਗਾਈ, ਸਿੰਗਾਪੁਰ, ਨਿਊਯਾਰਕ ਅਤੇ ਬੀਜਿੰਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)