ਨਵਜੋਤ ਸਿੰਘ ਸਿੱਧੂ ਨੇ ਪਾਰਟੀ ਹਾਈ ਕਮਾਂਡ ਨੂੰ ਕਿਹਾ, 'ਅਗਰ ਤੁਸੀਂ ਮੈਨੂੰ ਫ਼ੈਸਲਾ ਨਹੀਂ ਲੈਣ ਦਿਓਂਗੇ, ਫਿਰ ਮੈਂ ਇੱਟ ਨਾਲ ਇੱਟ ਖੜਾਕਾਊਂਗਾ'

ਤਸਵੀਰ ਸਰੋਤ, Getty Images
ਪੰਜਾਬ ਕਾਂਗਰਸ ਵਿੱਚ ਚੱਲ ਰਹੀ ਤਲਖੀ ਨੇ ਇੱਕ ਨਵਾਂ ਮੋੜ ਲੈ ਲਿਆ ਹੈ।
ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਸ਼ਹਿਰ ਦੀ ਟਰੇਡ ਐਂਡ ਇੰਡਸਟਰੀਅਲ ਐਸੋਸੀਏਸ਼ਨ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਾਂਗਰਸ ਹਾਈ ਕਮਾਂਡ ਬਾਰੇ ਵੀ ਕੁਝ ਟਿੱਪਣੀਆਂ ਕੀਤੀਆਂ।
ਉਨ੍ਹਾਂ ਨੇ ਕਿਹਾ, "ਅੱਜ ਵੀ ਮੈਂ ਹਾਈ ਕਮਾਂਡ ਨੂੰ ਇੱਕੋ ਗੱਲ ਕਹਿ ਕੇ ਆਇਆ ਹਾਂ ਕਿ ਜੇ ਮੈਂ ਪੰਜਾਬ ਮਾਡਲ ਦੇ ਉੱਤੇ ਇਨ੍ਹਾਂ ਲੋਕਾਂ ਦੀਆਂ ਆਸਾਂ ਦੇ ਉੱਤੇ ਖਰਾ ਉੱਤਰੂੰ, ਮੈਂ ਅਗਲੇ ਵੀਹ ਸਾਲ ਕਾਂਗਰਸ ਨੂੰ ਰਾਜਨੀਤੀ ਵਿੱਚੋਂ ਜਾਣ ਨਹੀਂ ਦਿਊਂ।"
"ਲੇਕਿਨ ਅਗਰ ਤੁਸੀਂ ਮੈਨੂੰ ਫ਼ੈਸਲਾ ਨਹੀਂ ਲੈਣ ਦਿਓਂਗੇ, ਫਿਰ ਮੈਂ ਇੱਟ ਨਾਲ ਇੱਟ ਖੜਾਕਾਊਂਗਾ।"
ਇਹ ਵੀ ਪੜ੍ਹੋ:
ਕਾਂਗਰਸ ਹਾਈ ਕਮਾਨ ਨੂੰ ਸਿੱਧੂ ਕਹਿੰਦੇ, 'ਇੱਟ ਨਾਲ ਇੱਟ ਵਜਾ ਦੇਣੀ'
ਹਰੀਸ਼ ਰਾਵਤ ਨੇ ਕੀ ਕਿਹਾ?
ਨਵਜੋਤ ਸਿੰਘੂ ਸਿੱਧੂ ਦੇ ਇਸ ਬਿਆਨ ਉੱਤੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਉਹ ਮੀਡੀਆ ਦੀਆਂ ਖ਼ਬਰਾਂ ਦੇ ਅਧਾਰ 'ਤੇ ਨਵਜੋਤ ਸਿੱਧੂ ਨੂੰ ਸਵਾਲ ਨਹੀਂ ਪੁੱਛ ਸਕਦੇ ਹਨ।
ਉਨ੍ਹਾਂ ਕਿਹਾ, ਮੈਂ ਇਸ ਬਾਰੇ ਪਤਾ ਕਰਾਂਗਾ ਕਿ ਉਨ੍ਹਾਂ ਦੇ ਬਿਆਨ ਕਿਸ ਅਧਾਰ 'ਤੇ ਦਿੱਤਾ ਹੈ। ਉਹ ਪੰਜਾਬ ਵਿੱਚ ਪਾਰਟੀ ਦੇ ਪ੍ਰਧਾਨ ਹਨ ਤਾਂ ਹੋਰ ਕੌਣ ਫੈਸਲੇ ਲੈ ਸਕਦਾ ਹੈ।"
ਮਾਲਵਿੰਦਰ ਸਿੰਘ ਮਾਲੀ ਨੇ ਸਿੱਧੂ ਦੀ 'ਸਲਾਹਕਾਰੀ ਛੱਡੀ'
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਬਣਨ ਲਈ ਦਿੱਤੀ ਸਹਿਮਤੀ ਮਾਲਵਿੰਦਰ ਸਿੰਘ ਮਾਲੀ ਨੇ ਵਾਪਸ ਲੈ ਲਈ ਹੈ।
ਪਿਛਲੇ ਦਿਨਾਂ ਤੋਂ ਸਿੱਧੂ ਦੇ ਸਲਾਹਕਾਰ ਵੱਖੋ-ਵੱਖ ਕਾਰਨਾਂ ਕਰਕੇ ਸੁਰਖੀਆਂ ਵਿੱਚ ਸਨ।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਨੂੰ ਕਿਹਾ ਸੀ ਕਿ ਉਹ ਜਾਂ ਤਾਂ ਆਪਣੇ ਸਲਾਹਕਾਰਾਂ ਨੂੰ ਖ਼ੁਦ ਅਹੁਦੇ ਤੋਂ ਵੱਖ ਕਰ ਦੇਣ ਨਹੀਂ ਤਾਂ ਉਹ ਹਟਾ ਦੇਣਗੇ।
ਸਥਿਤੀ ਇੱਥੋਂ ਤੱਕ ਵਿਗੜੀ ਕਿ ਰਾਵਤ ਵੱਲੋਂ ਸੂਬਾ ਕਾਂਗਰਸ ਦੀ ਇੰਚਾਰਜੀ ਛੱਡਣ ਦੀ ਇੱਛਾ ਜ਼ਾਹਰ ਕੀਤੀ ਗਈ ਸੀ।
ਤਸਵੀਰ ਸਰੋਤ, Malwinder Singh Malli/FB
ਮਾਲਵਿੰਦਰ ਸਿੰਘ ਨੇ ਇਹ ਜਾਣਕਾਰੀ ਇੱਕ ਫ਼ੇਬੁੱਕ ਪੋਸਟ ਰਾਹੀਂ ਦਿੱਤੀ। ਪੋਸਟ ਵਿੱਚ ਉਨ੍ਹਾਂ ਨੇ ਲਿਖਿਆ-
"ਦਿੱਲੀ ਵਾਲੀਆਂ ਹਾਈ ਕਮਾਂਡਾਂ ਤੇ ਪੰਜਾਬ ਇਨਚਾਰਜਾਂ ਲਈ ਪੰਜਾਬ ਤਾਂ ਸੋਨੇ ਦੀ ਖਾਣ ਬਣਿਆ ਹੋਇਆ ਹੈ ਤੇ ਇਹ ਅਕਸਰ ਬੱਚੇ ਖਾਣੀ ਸੱਪਣੀ ਵਰਗਾ ਰੋਲ ਨਿਭਾਉਂਦੀਆਂ ਆ ਰਹੀਆਂ ਹਨ।"
"ਪੰਜਾਬ ਅੰਦਰ ਵੀ ਅਜਿਹੇ ਸਿਆਸਤਦਾਨਾਂ ਦੀ ਕਮੀ ਨਹੀਂ ਰਹੀ ਜਿਹੜੇ ਦਿੱਲੀ ਦੇ ਪੰਜਾਬ ਵਿਰੋਧੀ ਕੁਹਾੜੇ ਦਾ ਦਸਤਾ ਬਣਨ ਲਈ ਇੱਕ ਦੂਜੇ ਤੋਂ ਮੋਹਰੀ ਹੋਣ ਦੀ ਕਾਹਲ ਵਿੱਚ ਰਹੇ ਹਨ ਤੇ ਹੁਣ ਵੀ ਹਨ। ਪਰ ਪੰਜਾਬ ਆਪਣੇ ਸੱਚੇ ਸਪੂਤ ਦੀ ਭਾਲ ਵਿੱਚ ਅੱਜ ਵੀ ਦੁਭਿਧਾ ਤੇ ਭਟਕਣ ਦਾ ਸ਼ਿਕਾਰ ਹੈ।"
"ਆਮ ਆਦਮੀ ਪਾਰਟੀ ਦਾ ਤਜਰਬਾ ਤਾਂ ਤੁਹਾਡੇ ਸਾਹਮਣੇ ਹੀ ਹੈ ਤੇ ਕਾਂਗਰਸ ਪਾਰਟੀ ਬਾਰੇ ਅਜਿਹੇ ਦਿਲ ਰੌਂਗਟੇ ਖੜੇ ਕਰਨ ਵਾਲੇ ਤੱਥ ਜੱਗ ਜ਼ਾਹਰ ਹਨ ਤੇ ਕਈਆਂ ਦਾ ਮੈਂ ਸੁਲਤਾਨੀ ਗਵਾਹ ਹਾਂ , ਜੋ ਆਉਣ ਵਾਲੇ ਦਿਨਾਂ ਵਿੱਚ ਮੈਂ ਨਸ਼ਰ ਕਰਦਾ ਰਹਾਂਗਾ।"
ਇਸੇ ਦੌਰਾਨ ਪਿਆਰੇ ਲਾਲ ਗਰਗ ਨੇ ਕੀ ਕਿਹਾ
ਡਾ਼ ਪਿਆਰੇ ਲਾਲ ਗਰਗ ਨੇ ਸਵਾਲ ਪੁੱਛਿਆ ਕਿ ਉਹ ਕਿਹੜਾ ਅਹੁਦਾ ਛੱਡਣ?
ਨਵਜੋਤ ਸਿੰਘ ਸਿੱਧੂ ਵੱਲੋਂ ਲਾਏ ਗਏ ਇੱਕ ਹੋਰ ਸਲਾਹਕਾਰ ਡਾ. ਪਿਆਰੇ ਲਾਲ ਗਰਗ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਆਪਣਾ ਪੱਖ ਦੱਸਿਆ। ਉਨ੍ਹਾਂ ਨੇ ਕਿਹਾ-
"ਮੈਰੇ ਕੋਲ ਕੋਈ ਅਹੁਦਾ ਨਹੀਂ ਹੈ। ਮੈਂ ਕਿਹੜਾ ਅਹੁਦਾ ਛੱਡਾਂ? "ਮੈਥੋਂ ਸਿਰਫ਼ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦੇਣ ਦੀ ਉਮੀਦ ਕੀਤੀ ਜਾਂਦੀ ਹੈ। ਉਹ ਇੱਕ ਬਿਆਨ ਦੇ ਕੇ ਕਹਿ ਸਕਦੇ ਹਨ ਕਿ ਉਹ ਮੇਰੇ ਨਾਲ਼ ਰਾਇ ਨਹੀਂ ਕਰਨਗੇ।"
ਉਨ੍ਹਾਂ ਨੇ ਕਿਹਾ, "ਮੈਂ ਹਰੀਸ਼ ਰਾਵਤ ਨੂੰ ਪੁੱਛਣਾ ਚਾਹਾਂਗਾ ਕਿ ਉਨ੍ਹਾਂ ਨੇ ਮੈਨੂੰ ਕਿਹੜਾ ਅਹੁਦਾ ਦਿੱਤਾ ਹੈ ਜੋ ਉਹ ਮੈਨੂੰ ਛੱਡਣ ਲਈ ਕਹਿ ਰਹੇ ਹਨ। ਅਸਤੀਫ਼ੇ ਲਈ ਕੋਈ ਨਿਯੁਕਤੀ ਵੀ ਤਾਂ ਹੋਣੀ ਚਾਹੀਦੀ ਹੈ।"
ਕੈਪਟਨ ਖਿਲਾਫ਼ ਹੋਈ ਬਗਾਵਤ 'ਤੇ ਸਿੱਧੂ ਬਾਰੇ ਪਰਨੀਤ ਕੌਰ ਅਤੇ ਹਰੀਸ਼ ਰਾਵਤ ਕੀ ਬੋਲੇ?
ਕੀ ਸੀ ਸਿੱਧੂ ਦੇ ਸਲਾਹਕਾਰਾਂ ਨਾਲ ਜੁੜਿਆ ਵਿਵਾਦ?
ਨਵਜੋਤ ਸਿੰਘ ਸਿੱਧੂ ਨੇ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਤਾਂ ਉਨ੍ਹਾਂ ਦੇ ਨਾਲ ਚਾਰ ਹੋਰ ਜਣੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਗਏ ਸਨ।
ਇਸ ਤੋਂ ਪਹਿਲਾਂ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਵਿੱਚ ਸਾਬਕਾ ਓਲੰਪੀਅਨ ਅਤੇ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਵੀ ਲਗਾ ਚੁੱਕੇ ਸਨ।
ਫਿਰ ਗਿਆਰਾਂ ਅਗਸਤ ਨੂੰ ਨਵਜੋਤ ਸਿੰਘ ਸਿੱਧੂ ਨੇ ਚਾਰ ਜਣਿਆਂ — ਡਾ. ਅਮਰ ਸਿੰਘ (ਸਾਂਸਦ), ਮੁਹੰਮਦ ਮੁਸਤਫ਼ਾ (ਸਾਬਕਾ ਡੀਜੀਪੀ), ਮਾਲਵਿੰਦਰ ਸਿੰਘ ਮਾਲੀ, ਡਾ. ਪਿਆਰੇ ਲਾਲ ਗਰਗ ਨੂੰ ਆਪਣੇ ਸਲਾਹਕਾਰ ਨਿਯੁਕਤ ਕੀਤਾ।
ਸਿੱਧੂ ਨੇ ਕਿਹਾ ਕਿ ਉਹ 'ਪੰਜਾਬ ਦੇ ਬਿਹਤਰ ਭਵਿੱਖ ਪ੍ਰਤੀ ਇਨ੍ਹਾਂ ਸਾਰਿਆਂ ਦੇ ਨਜ਼ਰੀਏ ਦੀ ਕਦਰ ਕਰਦੇ ਹਨ।'
ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਮਾਲਵਿੰਦਰ ਸਿੰਘ ਮਾਲੀ ਨੇ ਕਹਿ ਦਿੱਤਾ ਕਿ 'ਕਸ਼ਮੀਰ ਕਸ਼ਮੀਰੀਆਂ ਦਾ ਮੁਲਕ ਹੈ'।
ਪਰਗਟ ਸਿੰਘ ਨੇ ਕਿਉਂ ਕਿਹਾ ਕਿ ਕੈਪਟਨ ਨੂੰ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ
ਫਿਰ ਉਨ੍ਹਾਂ ਨੇ ਆਪਣੇ ਫ਼ੇਸਬੁੱਕ ਪੇਜ ਉੱਪਰ ਇੱਕ ਪੰਜਾਬੀ ਰਸਾਲੇ (ਜਿਸ ਦੇ ਕਿ ਉਹ ਕਿਸੇ ਸਮੇਂ ਸੰਪਾਦਕ ਰਹੇ ਸਨ) ਜੂਨ 1989 ਦੇ ਅੰਕ ਦਾ ਸਵਰਕ ਸਾਂਝਾ ਕੀਤਾ। ਸਵਰਕ ਉੱਪਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਖੋਪੜੀਆਂ ਦੇ ਸਿਰ ਉੱਪਰ ਬੰਦੂਕ ਤੇ ਇੱਕ ਖੋਪੜੀ ਟੰਗ ਕੇ ਖੜ੍ਹੇ ਦਿਖਿਆ ਗਿਆ ਸੀ।
ਇਸ ਨੇ ਕਾਂਗਰਸ ਵਿੱਚ ਤਰਥੱਲੀ ਮਚਾ ਦਿੱਤੀ ਅਤੇ ਇਕ ਨੂੰ ਕਾਂਗਰਸ ਹਾਈ ਕਮਾਂਡ ਅਤੇ ਸਾਬਕਾ ਪ੍ਰਧਾਨ ਮੰਤਰੀ ਦੇ ਅਪਮਾਨ ਵਜੋਂ ਦੇਖਿਆ ਗਿਆ।
ਇਸ ਕਾਰਟੂਨ ਪਿੱਛੇ ਵਿਰੋਧੀ ਅਕਾਲੀ ਦਲ ਅਤੇ ਭਾਜਪਾ ਕਾਂਗਰਸ ਉੱਪਰ ਹਮਲਾਵਰ ਹੋ ਗਏ।
ਇਸੇ ਤਰ੍ਹਾਂ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ "ਪਾਕਿਸਤਾਨ ਦੀ ਆਲੋਚਨਾ ਪੰਜਾਬ ਦੇ ਭਲੇ ਵਿੱਚ ਨਹੀਂ ਹੈ।"
ਕੈਪਟਨ ਅਮਰਿੰਦਰ ਸਿੰਘ ਨੇ ਇਸ 'ਤੇ ਸਿੱਧੂ ਨੂੰ ਕਿਹਾ ਕਿ ਉਹ ਆਪਣੇ ਸਲਾਹਕਾਰਾਂ ਨੂੰ 'ਕਾਬੂ ਵਿੱਚ' ਰੱਖਣ।
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕਾਂਗਰਸ ਪਾਰਟੀ ਨੂੰ ਪਾਕਿਸਤਾਨ ਅਤੇ ਕਸ਼ਮੀਰ ਬਾਰੇ ਸਿੱਧੂ ਦੇ ਸਲਾਹਕਾਰਾਂ ਵੱਲੋਂ ਰੱਖੀ ਗਈ ਰਾਇ ਲਈ ਘੇਰਿਆ। ਉਨ੍ਹਾਂ ਨੇ ਇਸ ਸੰਬੰਧ ਵਿੱਚ ਦੋ ਟਵੀਟ ਕੀਤੇ।
"ਪੰਜਾਬ ਕਾਂਗਰਸ ਦੇ ਆਗੂਆਂ ਦੀਆਂ ਤਾਜ਼ਾ ਟਿੱਪਣੀਆਂ ਜਿਨ੍ਹਾਂ ਨੂੰ ਪਾਰਟੀ ਦੀ ਸੂਬਾਈ ਲੀਡਰਸ਼ਿਪ ਅਤੇ ਦਿੱਲੀ ਹਾਈ ਕਮਾਂਡ ਦੀ ਸਰਪ੍ਰਸਤੀ ਹਾਸਲ ਹੈ, ਨਿੰਦਣਯੋਗ ਹਨ।
"ਉਹ ਲਗਾਤਾਰ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ ਜੋ ਦੇਸ਼ ਦੀ ਸੁਰੱਖਿਆ ਦੇ ਪੱਖ ਤੋਂ ਗੰਭੀਰ ਹਨ।"
ਅਗਲੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ,"ਮੈਂ ਕਾਂਗਰਸ ਦੀ ਸਿਰਮੌਰ ਲੀਡਰਸ਼ਿਪ ਨੂੰ ਬੇਨਤੀ ਕਰਾਂਗਾ ਕਿ ਉਹ ਪੰਜਾਬ ਵਿੱਚ ਕਾਂਗਰਸੀ ਆਗੂਆਂ ਵੱਲੋਂ ਕਸ਼ਮੀਰ ਅਤੇ ਪਾਕਿਸਤਾਨ ਬਾਰੇ ਦਿੱਤੇ ਬਿਆਨਾਂ ਬਾਰੇ ਸਪਸ਼ਟ ਦੱਸਣ ਕਿ ਕੀ ਉਹ ਉਨ੍ਹਾਂ ਦੀ ਹਮਾਇਤ ਕਰਦੇ ਹਨ।"
"ਇਸ ਮਾਮਲੇ ਵਿੱਚ ਚੁੱਪੀ ਨੂੰ ਅਜਿਹੀਆਂ ਇਤਰਾਜ਼ਯੋਗ ਟਿੱਪਣੀਆਂ ਦੀ ਸਪਸ਼ਟ ਹਮਾਇਤ ਸਮਝਿਆ ਜਾਵੇਗਾ।"
ਮੰਗਲਵਾਰ ਨੂੰ ਮਾਲਵਿੰਦਰ ਸਿੰਘ ਮਾਲੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਲੀ ਬਾਬਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਚਾਲੀ ਚੋਰ ਆਖ ਦਿੱਤਾ।
ਸਿੱਧੂ ਨੇ ਬਾਅਦ ਵਿੱਚ ਆਪਣੇ ਸਲਾਹਾਕਾਂ ਨਾਲ਼ ਇਸ ਵਿਵਾਦ ਬਾਰੇ ਬੈਠਕ ਵੀ ਕੀਤੀ ਪਰ ਬਲਦੀ 'ਤੇ ਪਾਣੀ ਨਾ ਪਿਆ।
ਇਹ ਵੀ ਪੜ੍ਹੋ: