ਨਰਿੰਦਰ ਮੋਦੀ ਲੋਕਪ੍ਰਿਅਤਾ ਦੀ ਰੇਟਿੰਗ ਵਿਚ ਦੁਨੀਆਂ ਦੇ 13 ਮੁੱਖ ਲੀਡਰਾਂ ਵਿਚੋਂ ਅੱਗੇ - ਪ੍ਰੈੱਸ ਰਿਵੀਊ

ਤਸਵੀਰ ਸਰੋਤ, Reuters
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪਰੂਵਲ ਰੇਟਿੰਗ ਦੇਸ਼ ਵਿੱਚ ਮਹਾਂਮਾਰੀ ਦੇ ਆਉਣ ਤੋਂ ਦੋ ਮਹੀਨੇ ਬਾਅਦ ਮਈ 2020 ਵਿੱਚ ਕਾਫ਼ੀ ਉੱਤੇ 84% ਸੀ।
ਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਦਿ ਮੌਰਨਿੰਗ ਕੰਸਲਟ ਵੱਲੋਂ ਕੀਤੇ ਗਏ ਤਾਜ਼ਾ ਸਰਵੇਖਣ ਵਿੱਚ ਦੁਨੀਆ ਦੇ 13 ਲੀਡਰਾਂ ਵਿੱਚੋਂ ਸਭ ਤੋਂ ਉੱਚ ਰੇਟਿੰਗ 70% ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈ।
ਮੌਰਨਿੰਗ ਕੰਸਲਟ ਵਿਸ਼ਵ ਪੱਧਰੀ ਟੈੱਕ ਕੰਪਨੀ ਹੈ, ਜਿਹੜੀ ਦੁਨੀਆਂ ਭਰ ਦੇ ਆਗੂਆਂ ਦੇ ਫੈਸਲਿਆਂ ਬਾਰੇ ਇੰਟੈਲੀਜੈਂਟ ਡਾਟਾ ਜਾਰੀ ਕਰਦੀ ਹੈ।
2 ਸਤੰਬਰ ਨੂੰ ਅਪਡੇਟ ਹੋਏ ਇਸ ਸਰਵੇਖਣ ਵਿੱਚ ਮੋਦੀ ਕਈ ਗਲੋਬਰ ਲੀਡਰਾਂ ਤੋਂ ਅੱਗੇ ਹਨ, ਜਿਨ੍ਹਾਂ ਵਿੱਚ ਮੈਕਸੀਕੋ ਦੇ ਰਾਸ਼ਟਰਪਤੀ ਐਂਡਰਸ ਮੈਨੁਅਲ ਲੋਪੇਜ਼, ਇਟਲੀ ਦੇ ਪ੍ਰਧਾਨ ਮੰਤਰੀ ਮਾਰਿਓ ਡਰਾਗੀ, ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਦਿ ਸ਼ਾਮਲ ਹਨ।
ਇਸੇ ਸਾਲ ਜੂਨ ਮਹੀਨੇ ਵਿੱਚ ਮੋਦੀ ਦੀ ਅਪਰੂਵਲ ਰੇਟਿੰਗ 66% ਸੀ।
ਇਸ ਤੋਂ ਇਲਾਵਾ ਨਰਿੰਦਰ ਮੋਦੀ ਦੀ ਡਿਸ-ਅਪਰੂਵਲ ਰੇਟਿੰਗ ਲਗਭਗ 25% ਹੇਠਾਂ ਗਈ ਹੈ, ਜੋ ਇਸ ਲਿਸਟ ਵਿੱਚ ਸਭ ਤੋਂ ਹੇਠਾਂ ਹੈ।
ਇਹ ਵੀ ਪੜ੍ਹੋ:
ਪੰਜਾਬ 'ਚ ਹੋ ਰਹੀਆਂ ਹਿੰਸਕ ਘਟਨਾਵਾਂ ਪਿੱਛੇ ਰਾਜਸੀ ਪਾਰਟੀਆਂ - ਰਾਜੇਵਾਲ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਹੋ ਰਹੀ ਹਿੰਸਕ ਘਟਨਾਵਾਂ ਪਿੱਛੇ ਰਾਜਸੀ ਪਾਰਟੀਆਂ ਦਾ ਹੱਥ ਹੈ, ਜੋ ਆਪਣੇ ਨਿੱਜੀ ਹਿੱਤਾਂ ਲਈ ਕਿਸਾਨੀ ਝੰਡਾ ਚੁੱਕ ਕੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਵਿਰੋਧ ਕਰ ਰਹੀਆਂ ਹਨ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਰਾਜੇਵਾਲ ਨੇ ਕਿਹਾ ਕਿ ਇਸ ਕਾਰਨ ਪਿੰਡਾਂ ਵਿੱਚ ਟਕਰਾਅ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੇ ਚੋਣਾਂ ਤੋਂ ਲੰਬਾ ਸਮਾਂ ਪਹਿਲਾਂ ਹੀ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਲੋਕ ਵਿਰੋਧ ਕਰ ਰਹੇ ਹਨ।
ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਪ੍ਰਚਾਰ ਕਰਨ ਦੀ ਥਾਂ ਕਿਸਾਨਾਂ ਦੇ ਮੁੱਦੇ ਨੂੰ ਕੇਂਦਰ ਸਰਕਾਰ ਤੱਕ ਲੈ ਕੇ ਜਾਣ, ਜਿਸ ਨਾਲ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ 'ਤੇ ਦਬਾਅ ਪਾਇਆ ਜਾ ਸਕੇ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਅਫ਼ਗਾਨਿਸਤਾਨ 'ਚ ਸਰਕਾਰ ਬਣਨ ਤੋਂ ਪਹਿਲਾ ਕਾਬੁਲ ਪਹੁੰਚੇ ਆਈਐਸਆਈ ਮੁਖੀ
ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਏਜੰਸੀ ਦੇ ਮੁਖੀ, ਫ਼ੈਜ਼ ਅਹਿਮਦ ਤਾਲਿਬਾਨ ਦੇ ਸੀਨੀਅਰ ਲੀਡਰਾਂ ਨੂੰ ਮਿਲਣ ਲਈ ਕਾਬੁਲ ਪਹੁੰਚੇ।
ਤਸਵੀਰ ਸਰੋਤ, Getty Images
ਦਿ ਟਾਇਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਦੂਜੇ ਪਾਸੇ ਪਾਕਿਸਤਾਨੀ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਯੂਕੇ ਦੇ ਵਿਦੇਸ਼ ਸਕੱਤਰ ਡੋਮੀਨਿਕ ਰਾਬ ਕੋਲ ਪਹੁੰਚੇ ਅਤੇ ਦੱਸਿਆ ਕਿ ਇਸਲਾਮਾਬਾਦ ਦੀ ''ਅਫ਼ਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਲੈ ਕੇ ਲੜਾਈ ਜਾਰੀ ਰਹੇਗੀ ਅਤੇ ਨਾਲ ਹੀ ਪ੍ਰਸ਼ਾਸਨ ਦੀ ਬਣਤਰ ਵਿੱਚ ਸਹਾਈ ਹੋਵੇਗਾ।''
ਖ਼ਬਰ ਮੁਤਾਬਕ ਰਾਵਲਪਿੰਡੀ ਸਥਿਤ ਮਿਲਟਰੀ ਸੂਤਰਾਂ ਨੇ ਕਿਹਾ ਕਿ ਆਈਐਸਆਈ ਮੁਖੀ ਦੀ ਕਾਬੁਲ ਫੇਰੀ ਤਾਲਿਬਾਨ ਦੇ ਪ੍ਰਤੀਨਿਧੀਆਂ ਨਾਲ ਬੈਠਕ ਬਾਬਤ ਸੀ, ਜਿਸ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣਾ, ਬਾਰਡਰ ਮੈਨੇਜਮੈਂਟ ਅਤੇ ਖ਼ੇਤਰ ਵਿੱਚ ਸੁਰੱਖਿਆ ਨੂੰ ਲੈ ਕੇ ਗੱਲਬਾਤ ਸੀ।
ਗਿਲਾਨੀ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨੀ ਝੰਡੇ 'ਚ ਲਪੇਟਿਆ, ਮਾਮਲਾ ਦਰਜ - ਪੁਲਿਸ
ਭਾਰਤ ਸ਼ਾਸਿਤ ਕਸ਼ਮੀਰ ਦੇ ਸਿਆਸੀ ਲੀਡਰ ਸਈਅਦ ਅਲੀ ਸ਼ਾਹ ਗਿਲਾਨੀ ਬੀਤੇ ਦਿਨੀਂ ਫ਼ੌਤ ਹੋ ਗਏ ਸਨ।
ਤਸਵੀਰ ਸਰੋਤ, Getty Images
ਹੁਣ ਜੰਮੂ-ਕਸ਼ਮੀਰ ਪੁਲਿਸ ਨੇ ਗਿਲਾਨੀ ਦੇ ਕੁਝ ਪਰਿਵਾਰਕ ਮੈਂਬਰਾਂ ਖ਼ਿਲਾਫ਼ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨੀ ਝੰਡੇ ਨਾਲ ਲਪੇਟਣ ਅਤੇ ਭਾਰਤ ਖ਼ਿਲਾਫ਼ ਨਾਅਰੇਬਾਜ਼ੀ ਕਰਨ ਦੇ ਇਲਜ਼ਾਮ ਵਿੱਚ ਮਾਮਲਾ ਦਰਜ ਕੀਤਾ ਹੈ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਗਿਲਾਨੀ ਦੀ ਮ੍ਰਿਤਕ ਦੇਹ ਨੂੰ 1-2 ਸਤੰਬਰ ਨੂੰ ਪਾਕਿਸਤਾਨ ਦੇ ਝੰਡੇ ਵਿੱਚ ਲਪੇਟਿਆ ਗਿਆ।
ਇੱਕ ਪੁਲਿਸ ਅਫ਼ਸਰ ਨੇ ਦੱਸਿਆ, ''ਇੱਕ ਐਫ਼ਆਈਆਰ ਪਰਿਵਾਰ, ਰਿਸ਼ਤੇਦਾਰ ਅਤੇ ਕੁਝ ਅਨਸਰਾਂ ਖ਼ਿਲਾਫ਼ 1-2 ਸਤੰਬਰ ਦੀ ਰਾਤ ਨੂੰ ਗਿਲਾਨੀ ਦੀ ਮੌਤ ਮਗਰੋਂ ਉਨ੍ਹਾਂ ਦੇ ਘਰ ਵਿੱਚ ਗ਼ੈਰ-ਕਾਨੂੰਨੀ ਗਤੀਵਿਧੀਆਂ ਕਰਕੇ ਦਰਜ ਕੀਤੀ ਗਈ ਹੈ।''
ਇਹ ਐਫ਼ਾਆਈਆਰ 277/2021 ਕਈ ਧਾਰਾਵਾਂ ਤਹਿਤ ਯੂਏਪੀਏ ਐਕਟ ਅਧੀਨ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ: