ਕਿਸਾਨ ਮੋਰਚੇ ਦੀ ਲੜਾਈ ਹੁਣ ਸਿਰਫ਼ ਯੂਪੀ ਜਾਂ ਉਤਰਾਖੰਡ ਦੀ ਨਹੀਂ ਸਗੋਂ ਦੇਸ਼ ਬਚਾਉਣ ਦੀ ਹੈ - ਟਿਕੈਤ

ਮੁਜ਼ੱਫ਼ਰਨਗਰ ਮਹਾਪੰਚਾਇਤ

ਤਸਵੀਰ ਸਰੋਤ, SKM

ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੀ ਮਹਾਪੰਚਾਇਤ ਹੋਈ।

ਜਿਸ ਥਾਂ ਇਹ ਮਹਾਪੰਚਾਇਤ ਹੋ ਰਹੀ ਹੈ, ਉੱਥੇ ਰਾਤ ਅਤੇ ਤੜਕਸਾਰ ਹੀ ਹਜ਼ਾਰਾਂ ਲੋਕ ਪਹੁੰਚ ਗਏ ਸਨ।

ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਹਨਨ ਮੌਲਾ, ਜੋਗਿੰਦਰ ਯਾਦਵ, ਸ਼ਿਵ ਕੁਮਾਰ ਸਿੰਘ ਕੱਕਾ, ਬਲਬੀਰ ਸਿੰਘ ਡੱਲਵਾਲ, ਗੁਰਨਾਮ ਸਿੰਘ ਚਢੂਨੀ ਅਤੇ ਹੋਰ ਕਈ ਸਿਰਕੱਢ ਆਗੂ ਇਸ ਮਹਾਪੰਚਾਇਤ ਵਿੱਚ ਹਿੱਸਾ ਲੈਣ ਪਹੁੰਚੇ।

ਇਸ ਮਹਾਪੰਚਾਇਤ ਵਿਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤਮਿਲਨਾਡੂ. ਕੇਰਲ ਅਤੇ ਕਰਨਟਾਕਟ ਸਣੇ ਕਈ ਸੂਬਿਆਂ ਤੋਂ ਲੋਕ ਪਹੁੰਚੇ ਹੋਏ ਸਨ।

ਕਿਸਾਨ ਆਗੂ ਇੰਨੀ ਵੱਡੀ ਗਿਣਤੀ ਵਿਚ ਹਨ ਕਿ ਹਰ ਇੱਕ ਨੂੰ ਇੱਕ-ਇੱਕ ਮਿੰਟ ਦਾ ਸਮਾਂ ਬੋਲਣ ਲਈ ਦਿੱਤਾ ਸੀ।

ਵੀਡੀਓ ਕੈਪਸ਼ਨ,

ਮੁਜ਼ੱਫ਼ਰਨਗਰ ਮਹਾਪੰਚਾਇਤ ’ਚ ਆਇਆ ਵੱਡਾ ਇਕੱਠ, ਸੁਣੋ ਮਿਸ਼ਨ 2024 ਬਾਰੇ ਕੀ ਬੋਲੇ ਮਾਨਸਾ

ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਮੁਲਕ ਭਰ ਦੇ ਕਿਸਾਨ ਪਿਛਲੇ 9 ਮਹੀਨਿਆਂ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।

26 ਨਵੰਬਰ ਤੋਂ ਕਿਸਾਨਾਂ ਨੇ ਦਿੱਲੀ ਬਾਰਡਰਾਂ ਉੱਤੇ ਡੇਰੇ ਲਾਏ ਹੋਏ ਹਨ। ਸਰਕਾਰ ਕਾਨੂੰਨਾਂ ਵਿਚ ਸੋਧਾਂ ਲਈ ਤਿਆਰ ਹੈ ਅਤੇ ਪਰ ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।

22 ਜਨਵਰੀ 2021 ਤੋਂ ਬਾਅਦ ਦੋਵਾਂ ਧਿਰਾਂ ਵਿਚ ਕੋਈ ਰਸਮੀ ਗੱਲਬਾਤ ਵੀ ਨਹੀਂ ਹੋਈ ਹੈ। ਹੁਣ ਭਾਜਪਾ ਨੂੰ ਸਿਆਸੀ ਝਟਕਾ ਦੇਣ ਲਈ ਕਿਸਾਨਾਂ ਨੇ ਉੱਤਰ ਪ੍ਰਦੇਸ਼ ਦਾ ਰੁਖ ਕੀਤਾ ਹੈ।

ਉੱਤਰ ਪ੍ਰਦੇਸ਼ ਵਿਚ ਫਰਵਰੀ 2022 ਵਿਚ ਆਮ ਚੋਣਾਂ ਹੋਣੀਆਂ ਹਨ ਅਤੇ ਮੁਜ਼ੱਫਰਨਗਰ ਦੀ ਮਹਾਪੰਚਾਇਤ ਕਿਸਾਨਾਂ ਨੇ ਭਾਜਪਾ ਖ਼ਿਲਾਫ਼ ਪ੍ਰਚਾਰ ਦੀ ਸ਼ੁਰੂਆਤ ਅਤੇ ਸ਼ਕਤੀ ਪ੍ਰਦਰਸ਼ਨ ਹੈ।

ਇਹ ਵੀ ਪੜ੍ਹੋ :

ਕਿਸਾਨ ਆਗੂਆਂ ਦੇ ਸੰਬੋਧਨ

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਨਰਿੰਦਰ ਮੋਦੀ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣਾ ਚਾਹੁੰਦੀ ਹੈ। ਇਸੇ ਲਈ 3 ਖੇਤੀ ਕਾਨੂੰਨ ਬਣਾਏ ਗਏ ਹਨ।

“ਇਹ ਅੰਦੋਲਨ ਇਖਲਾਕੀ ਤੌਰ ਉੱਤੇ ਜਿੱਤ ਚੁੱਕਾ ਹੈ, ਪਰ ਸਰਕਾਰ ਗੈਰ-ਇਖਲਾਕੀ ਹੈ। ਇਹ ਅੰਦੋਲਨ ਜਿੰਨੇ ਸੂਬਿਆਂ ਵਿਚ ਫੈਲਿਆ ਹੈ, ਜਿੰਨਾ ਲੰਬਾ ਹੋ ਰਿਹਾ ਹੈ, ਭਾਜਪਾ ਦੀਆਂ ਜੜ੍ਹਾਂ ਓਨੀਆਂ ਹੀ ਡੂੰਘੀਆਂ ਪੁੱਟੀਆਂ ਜਾਣਗੀਆਂ।”

ਉਨ੍ਹਾਂ ਕਿਹਾ ਕਿ ਅੱਜ ਦਾ ਇਹ ਇਕੱਠ ਮੋਦੀ ਸਰਕਾਰ ਨੂੰ ਚੇਤਾਵਨੀ ਹੈ ਕਿ ਸੰਭਲ ਜਾਓ ਵਰਨਾ ਮਿਟਾ ਦਿੱਤੇ ਜਾਓਗੇ।

ਵੀਡੀਓ ਕੈਪਸ਼ਨ,

ਮੁਜ਼ੱਫ਼ਰਨਗਰ ਦੀ ਮਹਾਪੰਚਾਇਤ ’ਚ ਬਲਬੀਰ ਰਾਜੇਵਾਲ ਤੇ ਰਾਕੇਸ਼ ਟਿਕੈਤ ਨੂੰ ਗੁੱਸਾ ਕਿਉਂ ਆਇਆ

ਕੁਝ ਕਿਸਾਨ ਆਗੂਆਂ ਨੇ ਮੰਚ ਤੋਂ ਬੋਲਦਿਆਂ 2013 ਵਿੱਚ ਮੁਜ਼ੱਰਫ਼ਨਗਰ ਦੇ ਇਲਾਕੇ ਵਿਚ ਹੋਈ ਫਿਰਕੂ ਹਿੰਸਾ ਨੂੰ ਇਸ ਥਾਂ ’ਤੇ ਮਹਾਪੰਚਾਇਤ ਕਰਵਾਉਣ ਦਾ ਕਾਰਨ ਦੱਸਿਆ।

ਕਿਸਾਨ ਆਗੂਆਂ ਨੇ ਕਿਹਾ, ''ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇਣ ਆਏ ਹਾਂ ਕਿ ਸਾਡਾ ਧਰਮ ਕਿਸਾਨੀ ਹੈ, ਸਾਡੀ ਜਾਤ ਕਿਸਾਨੀ ਹੈ, ਅਸੀਂ ਸਾਰੇ ਕਿਸਾਨ ਹਾਂ ਅਤੇ ਅਸੀਂ ਹੋਰ ਵੰਡੀਆਂ ਨਹੀਂ ਪੈਣ ਦਿਆਂਗੇ।''

ਰਾਕੇਸ਼ ਟਿਕੈਤ ਦਾ ਸੰਬੋਧਨ

 • ਦੇਸ਼ ਵਿੱਚ ਵੱਡੇ-ਵੱਡੇ ਅੰਦੋਲਨ ਚਲਾਉਣੇ ਪੈਣਗੇ ਅਤੇ ਅਜਿਹੀਆਂ ਵੱਡੀਆਂ ਬੈਠਕਾਂ ਕਰਨੀਆਂ ਪੈਣਗੀਆਂ।
 • ਕਿਸਾਨ ਮੋਰਚੇ ਦੀ ਲੜਾਈ ਹੁਣ ਸਿਰਫ਼ ਉੱਤਰ ਪ੍ਰਦੇਸ਼ ਜਾਂ ਉਤਰਾਖੰਡ ਦੀ ਨਹੀਂ ਹੈ ਸਗੋਂ ਦੇਸ਼ ਬਚਾਉਣ ਦਾ ਮਿਸ਼ਨ ਹੋਵੇਗਾ।
 • ਦੇਸ਼ ਬਚੇਗਾ, ਸੰਵਿਧਾਨ ਬਚੇਗਾ, ਦੇਸ਼ ਦੇ ਬੇਰੁਜ਼ਾਗਾਰ 14 ਕਰੋੜ ਨੌਜਵਾਨਾਂ ਦੇ ਮੋਢੇ ਉੱਪਰ ਇਹ ਅੰਦੋਲਨ ਹੈ।
ਵੀਡੀਓ ਕੈਪਸ਼ਨ,

ਮੁਜ਼ੱਫ਼ਰਨਗਰ ਦੀ ਮਹਾਪੰਚਾਇਤ ਦੇ ਮੰਚ ਤੋਂ ਕੀ ਬੋਲੇ ਰਾਕੇਸ਼ ਟਿਕੈਤ ਤੇ ਯੋਗੇਂਦਰ ਯਾਦਵ

 • ਜਿਸ ਤਰ੍ਹਾਂ ਇੱਕ-ਇੱਕ ਚੀਜ਼ ਵੇਚੀ ਜਾ ਰਹੀ ਹੈ, ਤਿੰਨ ਕਨੂੰਨ ਵੀ ਉਸੇ ਦਾ ਇੱਕ ਹਿੱਸਾ ਹਨ।
 • ਲਿਖਿਆ ਹੈ ਦੇਸ਼ ਦੇ ਰੇਲ, ਹਵਾਈ ਜਹਾਜ਼ ਅਤੇ ਹਵਾਈ ਅੱਡੇ ਵੇਚੇ ਜਾਣਗੇ। ਕਿਸ ਨੇ ਇਜਾਜ਼ਤ ਦਿੱਤੀ ਕਿਸ ਦੀ ਤਾਕਤ ਹੈ ਕਿ ਦੇਸ਼ ਦੀਆਂ ਜਾਇਦਾਦਾਂ ਵੇਚੋ।
 • ਤੁਸੀਂ ਘੋਸ਼ਣਾ ਪੱਤਰ ਵਿੱਚ ਨਹੀਂ ਲਿਖਿਆ, ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ।
 • ਧੋਖਾ ਨੰਬਰ ਦੋ- ਬਿਜਲੀ ਵੇਚਾਂਗੇ, ਪ੍ਰਾਈਵੇਟ ਕਰਾਂਗੇ। ਕਿਤੇ ਘੋਸ਼ਣਾ ਪੱਤਰ ਵਿੱਚ ਨਹੀਂ ਲਿਖਿਆ।
 • ਇਹ ਸੜਕ ਵੇਚਣਗੇ, ਸਾਰੀ ਸੜਕ ਉੱਪਰ ਟੈਕਸ ਲੱਗੇਗਾ ਅਤੇ ਪੂਰੀ ਸੜਕ ਤੇ ਪੰਜ ਸੌ ਮੀਟਰ ਤੱਕ ਕੋਈ ਚਾਹ ਦੀ ਦੁਕਾਨ ਵੀ ਨਹੀਂ ਲਗਾ ਸਕੇਗਾ।
 • ਦੇਸ਼ ਦੀ ਸੇਲਦਾ ਬੋਰਡ ਲੱਗ ਚੁੱਕਿਆ ਹੈ।
ਵੀਡੀਓ ਕੈਪਸ਼ਨ,

ਕਿਸਾਨ ਮਹਾਪੰਚਾਇਤ: ਮੁਜ਼ੱਫ਼ਰਨਗਰ ’ਚ ਪੁੱਜਿਆ ਆਮ ਕਿਸਾਨ ਕੀ ਕਹਿ ਰਿਹਾ ਹੈ

 • ਐੱਲਆਈਸੀ ਤੇ ਬੈਂਕ ਸਭ ਵਿਕ ਰਹੇ ਹਨ। ਇਨ੍ਹਾਂ ਦੇ ਖ਼ਰੀਦਾਰ ਅਡਾਨੀ ਅਤੇ ਅੰਬਾਨੀ ਹਨ।
 • ਨਦੀਆਂ ਪੂਰੀ ਤਰ੍ਹਾਂ ਨਿੱਜੀ ਕੰਪਨੀਆਂ ਨੂੰ ਵੇਚੀਆਂ ਜਾ ਰਹੀਆਂ ਹਨ ਜੋ ਕਿ ਸਾਡੀ ਜੀਵਨ ਰੇਖਾ ਹੁੰਦੀਆਂ ਸਨ।
 • ਓਐੱਨਜੀਸੀ, ਬੀਪੀਸੀਐੱਲ,ਇਸਪਾਤ, ਸਿੱਖਿਆ, ਸਿਹਤ ਅਤੇ ਦੇਸ਼ ਦਾ ਸੰਵਿਧਾਨ ਜੋ ਬਾਬਾ ਭੀਮ ਰਾਓ ਅੰਬੇਦਕਰ ਦਾ ਸੰਵਿਧਾਨ ਸੀ,ਉਹ ਵੀ ਖ਼ਤਰੇ ਵਿੱਚ ਹੈ।
 • ਦੇਸ਼ ਦੀ ਖੇਤੀ-ਕਿਸਾਨੀ ਵੀ ਵਿਕਾਊ ਹੈ। ਇਹ ਕੋਈ ਦਾਮ ਦੇਣ ਨੂੰ ਤਿਆਰ ਨਹੀਂ ਹਨ।
 • ਪਹਿਲਾਂ ਇੱਕ ਸਰਕਾਰ ਆਈ ਉਸ ਨੇ ਅੱਸੀ ਰੁਪਏ ਭਾਅ ਵਧਾਇਆ ਦੂਜੀ ਨੇ ਪੰਜਾਹ ਰੁਪਏ ਵਧਾਇਆ। ਕੀ ਯੋਗੀ ਸਰਕਾਰ ਉਨ੍ਹਾਂ ਤੋਂ ਕਮਜ਼ੋਰ ਹੈ, ਇੱਕ ਰੁਪਿਆ ਵੀ ਭਾਅ ਨਹੀਂ ਵਧਾਇਆ।
 • ਸਾਡੇ ਉੱਪਰ ਕਈ ਕਿਸਮ ਦੇ ਇਲਜ਼ਾਮ ਲਗਾਏ ਗਏ ਕਿ ਇਹ ਸਿਆਸਤ ਹੈ।
 • ਉਨ੍ਹਾਂ ਨੇ ਕਿਹਾ ਕਿ ਉਹ ਮੁਜੱਫ਼ਰ ਨਗਰ ਦੀ ਜ਼ਮੀਨ ਉੱਪਰ ਪੈਰ ਨਹੀਂ ਰੱਖਣਗੇ ਅਤੇ ਗੱਡੀ ਰਾਹੀਂ ਵਾਪਸ ਜਾਣਗੇ, ਕਿਉਂਕਿ ਅਤਿਆਚਾਰ ਹੈ।
 • ਇੱਥੇ ਪੁਲਿਸ 25-30 ਹਜ਼ਾਰ ਉਨ੍ਹਾਂ ਦੀ ਸੈਲਰੀ ਹੈ, ਡਿਊਟੀ ਉਹ ਚੌਵੀ-ਚੌਵੀ ਘੰਟੇ ਕਰਨਗੇ। ਉਨ੍ਹਾਂ ਦੀ ਅਵਾਜ਼ ਦਬਾਈ ਜਾਂਦੀ ਹੈ।
 • ਸਰਕਾਰੀ ਕਰਮਚਾਰੀਆਂ ਦੀ ਪੈਨਸ਼ਨ ਖ਼ਤਮ ਕਰੋਗੇ ਪਰ ਐੱਮਪੀ ਐੱਮਐੱਲਏਜ਼ ਦੀ ਪੈਨਸ਼ਨ ਦੋ-ਦੋ, ਤਿੰਨ-ਤਿੰਨ ਲਵੋਗੇ।
 • ਜੋ ਵਡੀਆਂ ਕੰਪਨੀਆਂ ਵੱਡੇ-ਵੱਡੇ ਕਰਜ਼ ਲੈ ਕੇ ਭੱਜ ਜਾਂਦੇ ਹਨ ਉਨ੍ਹਾਂ ਨੂੰ ਵੱਡੀਆਂ ਸੰਸਥਾਵਾਂ ਵੇਚ ਰਹੇ ਹਨ।
 • ਜੇ ਕੰਪਨੀਆਂ ਨਿੱਜੀ ਹੱਥਾਂ ਵਿੱਚ ਜਾਣਗੀਆਂ ਤਾਂ ਨੌਕਰੀਆਂ ਬੇਰੁਜ਼ਗਾਰ ਹੋਣਗੀਆਂ।
 • ਇਹ ਲੜਾਈ ਸਾਰੀਆਂ ਵਿਕ ਰਹੀਆਂ ਸੰਸਥਾਵਾਂ ਦੀ ਹੈ।
 • ਜਦੋਂ ਤੱਕ ਫ਼ਸਲਾਂ ਦੀ ਕੀਮਤ ਨਹੀਂ ਦਿੰਦੇ ਤਾਂ ਵੋਟ ਨਹੀਂ।

ਤਸਵੀਰ ਸਰੋਤ, SKM

ਯੋਗਿੰਦਰ ਯਾਦਵ

ਉੱਤਰ ਪ੍ਰਦੇਸ਼ ਦੇ ਮੁਜੱਫ਼ਰ ਨਗਰ ਵਿੱਚ ਕਿਸਾਨ ਮਹਾਂ ਪੰਚਾਇਤ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸਵਰਾਜ ਪਾਰਟੀ ਦੇ ਆਗੂ ਅਤੇ ਸਿਆਸੀ ਵਿਸ਼ਲੇਸ਼ਕ ਯੋਗਿੰਦਰ ਯਾਦਵ ਨੇ ਸੂਬੇ ਦੀ ਯੋਗੀ ਸਰਕਾਰ ਉੱਪਰ ਹੇਠ ਲਿਖੇ ਸਵਾਲ ਖੜ੍ਹੇ ਕੀਤੇ-

 • ਕਿਸਾਨਾਂ ਦਾ ਸਰਕਾਰ ਵੱਲ ਬਕਾਇਆ-

ਉੱਤਰ ਪ੍ਰਦੇਸ਼ ਵਿੱਚ ਸੱਤ ਹਜਾਰ ਦੋ ਸੌ ਪਚਾਨਵੇਂ ਕਰੋੜ ਰੁਪਏ ਪਿਛਲੇ ਸੀਜ਼ਨ ਦਾ ਪਿਆ ਹੈ। ਚਾਰ ਹਜ਼ਾਰ ਸੱਤ ਸੌ ਕਰੋੜ ਰੁਪਏ ਉਸ ਤੋਂ ਪਿਛਲੇ ਸੀਜ਼ਨ ਦਾ ਪਿਆ ਹੈ। ਹੋ ਗਏ 12 ਹਜ਼ਾਰ ਕਰੋੜ।

(ਅਤੇ) ਬੀਜੇਪੀ ਨੇ ਕਿਹਾ ਸੀ ਕਿ ਅਸੀਂ ਤਾਂ ਕਿਸਾਨਾਂ ਨੂੰ ਬਕਾਏ 'ਤੇ ਵਿਆਜ ਵੀ ਦਵਾਵਾਂਗੇ। ਸੱਤ ਹਜ਼ਾਰ ਅੱਠ ਸੌ ਕਰੋੜ ਦਾ ਵਿਆਜ ਬਣ ਗਿਆ 20 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ।

ਤਾਂ ਇਹ ਸਰਕਾਰ ਕਿਸਾਨਾਂ ਦਾ ਕਰਜ਼ ਮਾਫ਼ ਕਰਨ ਦੀ ਬਜਾਏ ਫ਼ਸਲ ਦੇ ਦਾਮ ਦੀ ਲੁੱਟ ਕਰ ਰਹੀ ਹੈ।

ਇਸ ਤੋਂ ਬਾਅਦ ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਖ਼ਿਲਾਫ਼ ਨਾਅਰੇ ਲਗਵਾਏ।

 • ਫ਼ਸਲ ਦੀ ਖ਼ਰੀਦ-

ਫਿਰ ਉਨ੍ਹਾਂ ਨੇ ਕਿਹਾ, ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਖ਼ਰੀਦ ਕਰਨ ਦਾ ਵਾਅਦਾ ਕੀਤਾ ਸੀ।

ਉਨ੍ਹਾਂ ਨੇ ਇਕੱਠ ਨੂੰ ਪੁੱਛਿਆ ਕਿ ਕੀ ਉਹ ਜਾਣਦੇ ਹਨ ਕਿ ਕਿੰਨੀ ਖ਼ਰੀਦ ਹੋਈ- ਕਣਕ ਦੀ 18% ਖ਼ਰੀਦ ਹੋਈ ਹੈ ਭਾਵ ਸਰਕਾਰ ਨੇ ਸੂਬੇ ਵਿੱਚ ਪੈਦਾ ਹੋਣ ਵਾਲੀ ਛੇ ਬੋਰੀਆਂ ਕਣਕ ਵਿੱਚੋਂ ਇੱਕ ਬੋਰੀ ਖ਼ਰੀਦੀ ਹੈ।

ਸਰ੍ਹੋਂ ਦੀ ਇੱਕ ਫ਼ੀਸਦੀ ਭਾਵ ਕਿ ਸੌ ਬੋਰੀਆਂ ਮਗਰ ਇੱਕ ਬੋਰੀ ਅਤੇ ਛੋਲੇ, ਮੂੰਗ,ਮਸੂਰ, ਸੋਇਆਬੀਨ, ਮੱਕਾ ਜ਼ੀਰੋ ਖ਼ਰੀਦ ਹੋਈ ਹੈ।

"ਸਰਕਾਰ ਖ਼ਰੀਦ ਨਹੀਂ ਕਰਦੀ ਸਿਰਫ਼ ਜੁਮਲੇਬਾਜ਼ ਹੈ।"

 • ਫ਼ਸਲ ਬੀਮਾ-

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਸੀਂ ਫ਼ਸਲ ਬੀਮਾ ਲੈ ਕੇ ਆਵਾਂਗੇ।

ਸਾਲ 2017 ਵਿੱਚ ਜਦੋਂ ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਆਈ ਤਾਂ 72 ਲੱਖ ਕਿਸਾਨਾਂ ਦੀ ਫ਼ਸਲ ਦਾ ਬੀਮਾ ਹੁੰਦਾ ਸੀ। ਜੋ ਕਿ ਘਟ ਕੇ ਸੰਤਾਲੀ ਰਹਿ ਗਿਆ ਹੈ।

ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਹਮ ਦੋ ਹਮਾਰੇ ਦੋ ਵਾਲ਼ੀਆਂ ਬੀਮਾ ਕੰਪਨੀਆਂ ਨੇ ਫ਼ਸਲ ਬੀਮੇ ਦੇ ਨਾਂਅ 'ਤੇ ਕਿਸਾਨਾਂ ਤੋਂ ਉੱਤਰ ਪ੍ਰਦੇਸ਼ ਵਿੱਚ ਢਾਈ ਹਜ਼ਾਰ ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ।

ਯੋਗਿੰਦਰ ਯਾਦਵ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਜਾਤੀ ਅਤੇ ਧਰਮ ਦੇ ਨਾਂਅ ਤੇ ਵੰਡਣ ਦੀ ਕੋਸ਼ਿਸ਼ ਕੀਤੀ। ਜੋ ਨੀਤੀ ਅੰਗਰੇਜ਼ਾ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਉਹੀ ਨੀਤੀ ਇਹ ਲਾਗੂ ਕਰ ਰਹੇ ਹਨ।

2024 ਤੱਕ ਵੀ ਚੱਲ ਸਕਦਾ ਹੈ ਅੰਦੋਲਨ

ਪੰਜਾਬ ਤੋਂ ਕਿਸਾਨ ਆਗੂ ਰੂਲਦੂ ਸਿੰਘ ਮਾਨਸਾ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ 2022 ਮਿਸ਼ਨ ਅੱਜ ਸ਼ੁਰੂ ਹੋ ਗਿਆ ਅਤੇ ਲੱਗਦਾ ਹੈ ਕਿ ਇਸ ਮਿਸ਼ਨ 2024 ਤੱਕ ਚੱਲੇਗਾ।

ਉਨ੍ਹਾਂ ਕਿਹਾ, ''ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਭਾਰਤ ਵਿਚ ਭਾਜਪਾ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਜਾਣਗੀਆਂ।''

ਰੂਲਦੂ ਸਿੰਘ ਮਾਨਸਾ ਨੇ ਕਿਹਾ, ''ਨਰਿੰਦਰ ਮੋਦੀ ਜਾਂ ਸਾਡੀਆਂ ਮੰਗਾਂ ਮੰਨ ਲਵੇ ਜਾਂ ਕੁਰਸੀ ਛੱਡ ਕੇ ਪਾਸੇ ਹੋ ਜਾਵੇ''

ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਇਹ ਇਕੱਠ ਨਹੀਂ ਲੋਹੇ ਦੀ ਲੱਠ ਹੈ ਅਤੇ ਲੋਹੇ ਦੀ ਲੱਠ ਝੁਕਦੀ ਨਹੀਂ ਹੈ। ਇਸ ਲਈ ਸਰਕਾਰ ਨੂੰ ਹੁਣ ਵੀ ਸਮਝ ਲੈਣਾ ਚਾਹੀਦਾ।

ਮੱਧ ਪ੍ਰਦੇਸ਼ ਤੋਂ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਦਾਅਵਾ ਕੀਤਾ ਕਿ ਭਾਰਤੀ ਕਿਸਾਨ ਸੰਘ ਮੋਦੀ ਸਰਕਾਰ ਨਾਲ ਸਰਕਾਰ ਨਾਲ ਮਿਲਕੇ ਸਾਜ਼ਿਸ ਕਰ ਰਿਹਾ ਹੈ।

ਭਾਰਤੀ ਕਿਸਾਨ ਸੰਘ ਰਾਸਟਰੀ ਸਵੈਮ ਸੰਘ ਦਾ ਕਿਸਾਨ ਵਿੰਗ ਹੈ, ਜਿਸ ਨੇ 8 ਸਿਤੰਬਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੀ ਧਮਕੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਸੰਘ ਦੇ ਕਿਸਾਨ ਵਿੰਗ ਰਾਹੀ ਇਹ ਦੱਸਣਾ ਚਾਹੁੰਦੀ ਹੈ ਕਿ ਅਸੀਂ ਕਿਸਾਨਾਂ ਨਾਲ ਸਮਝੌਤਾ ਕਰ ਲਿਆ, ਬਸ ਦਿੱਲੀ ਦੇ ਬਾਰਡਰਾਂ ਉੱਤੇ ਬੈਠਣ ਕਿਸਾਨ ਅੰਦੋਲਨ ਜਾਰੀ ਰੱਖਣ ਦੀ ਅੜੀ ਵਿਚ ਹਨ।

ਵਰੁਣ ਗਾਂਧੀ ਨੇ ਕੀਤੀ ਹਮਾਇਤ

ਵਰੁਣ ਗਾਂਧੀ ਨੇ ਕਿਸਾਨ ਮਹਾਂਪੰਚਾਇਤ ਦੀ ਹਮਾਇਤ ਵਿੱਚ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ,

"ਅੱਜ ਲੱਖਾਂ ਕਿਸਾਨ ਮੁਜੱਫ਼ਰਨਗਰ ਵਿੱਚ ਵਿਰੋਧ ਵਿੱਚ ਇਕੱਠੇ ਹੋਏ। ਉਹ ਸਾਡੇ ਆਪਣੇ ਲਹੂ-ਮਾਸ ਹਨ। ਸਾਨੂੰ ਉਨ੍ਹਾਂ ਨਾਲ਼ ਸਨਮਾਨ ਪੂਰਬਕ ਤਰੀਕੇ ਨਾਲ਼ ਮੁੜ ਸੰਵਾਦ ਰਚਾਉਣਾ ਚਾਹੀਦਾ ਹੈ। ਉਨ੍ਹਾਂ ਦਾ ਦੁੱਖ ਸਮਝਣਾ ਪਵੇਗਾ, ਨਜ਼ਰੀਆ ਸਮਝਣਾ ਪਵੇਗਾ ਅਤੇ ਕਿਸੇ ਸਮਝੌਤੇ ਤੇ ਪਹੁੰਚਣ ਲਈ ਉਨ੍ਹਾਂ ਨਾਲ਼ ਮਿਲ ਕੇ ਕੰਮ ਕਰਨਾ ਪਵੇਗਾ।'

ਤਸਵੀਰ ਸਰੋਤ, Twitter

ਭਾਰਤ ਬੰਦ ਦਾ ਸੱਦਾ 25 ਤੋਂ ਬਦਲ ਕੇ 27 ਸਿਤੰਬਰ

ਪੱਛਮੀ ਬੰਗਾਲ ਤੋਂ ਕਿਸਾਨ ਆਗੂ ਹਨਨ ਮੌਲਾ ਨੇ ਕਿਹਾ ਮੋਦੀ ਦੇ ਕਾਰਜਕਾਲ ਦੇ 7 ਸਾਲ ਭਾਰਤ ਦੇ ਸਭ ਤੋਂ ਬੁਰੇ 7 ਸਾਲ ਹਨ। ਮੋਦੀ ਨੇ ਸਭ ਵਰਗਾਂ ਨਾਲ ਧੋਖਾਧੜੀ ਕੀਤੀ ਹੈ।

ਉਨ੍ਹਾਂ ਕਿਹਾ, “600 ਕਿਸਾਨਾਂ ਦੀ ਸ਼ਹਾਦਤ ਅਜਾਈ ਨਹੀਂ ਜਾਵੇਗੀ ਅਤੇ ਅਗਲਾ ਨਾਅਰਾ ਹੈ ਭਾਜਪਾ ਹਰਾਓ। ਅਗਲੇ ਮਹੀਨੇ ਤੋਂ ਹਰ ਪਿੰਡ, ਕਸਬੇ ਬਲਾਕ ਵਿਚ ਸੰਯੁਕਤ ਮੋਰਚਾ ਬਣੇਗਾ ਅਤੇ ਮੋਦੀ ਖ਼ਿਲਾਫ਼ ਲੜਾਈ ਲੜੀ ਜਾਵੇਗੀ।”

ਇਸ ਮੌਕੇ ਡਾਕਟਰ ਦਰਸ਼ਨਪਾਲ ਨੇ ਦੱਸਿਆ ਕਿ 25 ਤਾਰੀਕ ਨੂੰ ਹੋਣ ਵਾਲਾ ਭਾਰਤ ਬੰਦ ਦਾ ਪ੍ਰੋਗਰਾਮ ਅੱਗੇ ਪਾ ਕੇ 27 ਸਿਤੰਬਰ ਨੂੰ ਹੋਵੇਗਾ।

ਮਹਾਪੰਚਾਇਤ ਦੀਆਂ ਖ਼ਾਸ ਗੱਲਾਂ

 • ਮੁਜ਼ੱਫ਼ਰਨਗਰ ਦੇ ਜੀਆਈਸੀ ਕਾਲਜ ਦੇ ਵੱਡੇ ਮੈਦਾਨ ਵਿੱਚ ਮਹਾਪੰਚਾਇਤ ਹੋ ਰਹੀ ਹੈ ਤੇ ਕਈ ਸੂਬਿਆਂ ਤੋਂ ਕਿਸਾਨਾਂ ਦਾ ਆਉਣਾ ਜਾਰੀ ਹੈ।
 • ਮੁਜ਼ੱਫ਼ਰਨਗਰ ਦੇ ਐਸਡੀਐਮ ਸਦਰ ਦੀਪਕ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ 50 ਹਜ਼ਾਰ ਤੱਕ ਦੇ ਇਕੱਠ ਹੋਣ ਦਾ ਅੰਦਾਜ਼ਾ ਹੈ।
 • ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਕਿਸਾਨਾਂ ਨੂੰ ਦੇਖਦੇ ਹੋਏ ਪਾਰਕਿੰਗ ਅਤੇ ਰੂਟ ਨੂੰ ਲੈ ਕੇ ਤਿਆਰੀ ਕੀਤੀ ਗਈ ਹੈ। ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਾਲੇ ਗੱਲਬਾਤ ਤੋਂ ਬਾਅਦ ਰੂਟ ਮੈਪ ਤਿਆਰ ਕੀਤਾ ਗਿਆ ਹੈ।
 • ਮਹਾਪੰਚਾਇਤ 'ਚ ਸੁਰੱਖਿਆ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰਾ ਮੁਸਤੈਦ ਹੈ, ਪਿਛਲੇ ਤਿੰਨ ਦਿਨਾਂ ਤੋਂ ਪੰਚਾਇਤ ਵਾਲੀ ਥਾਂ ਦਾ ਨਿਰੀਖਣ ਕੀਤਾ ਗਿਆ।
 • ਵੱਡਾ ਇਕੱਠ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਬੀਕੇਯੂ ਨੇ ਕਿਸਾਨਾਂ ਦੇ ਰੁਕਣ ਲਈ ਬੈਂਕੇਟ ਹਾਲ, ਹੋਟਲ ਦੀ ਵਿਵਸਥਾ ਕੀਤੀ ਹੈ। ਇਸ ਤੋਂ ਇਲਾਵਾ ਮੰਦਰ, ਗੁਰਦੁਆਰੇ ਤੇ ਮਸਜਿਦਾਂ ਵਿੱਚ ਦੂਰ-ਦੁਰਾਡੇ ਤੋਂ ਆਏ ਕਿਸਾਨਾਂ ਨੂੰ ਠਹਿਰਾਉਣ ਦੀ ਵਿਵਸਥਾ ਹੈ।
ਵੀਡੀਓ ਕੈਪਸ਼ਨ,

Farmers Protest: ਇੱਕ ਮੰਚ ਉੱਤੇ ਦਰਜਨਾਂ ਝੰਡੇ ਇਕੱਠੇ ਨਜ਼ਰ ਆ ਰਹੇ ਹਨ

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਸਿਰਸਾ ਤੋਂ ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕਿ ਮੁਜ਼ੱਫਰਨਗਰ ਵਿਖੇ ਹੋਣ ਵਾਲੀ ਮਹਾਪੰਚਾਇਤ ਇਕ ਨਵਾਂ ਇਤਿਹਾਸ ਬਣਾਵੇਗੀ ਅਤੇ ਇਸ ਮਗਰੋਂ ਮਿਸ਼ਨ ਉੱਤਰ ਪ੍ਰਦੇਸ਼ ਸ਼ੁਰੂ ਹੋ ਜਾਵੇਗਾ।

ਵੀਡੀਓ ਕੈਪਸ਼ਨ,

ਕਿਸਾਨ ਅੰਦੋਲਨ: 9 ਮਹੀਨੇ ਤੋਂ ਬੈਠੇ ਪੰਜਾਬ ਦੇ ਇਸ ਜੋੜੇ ਦਾ ਜਜ਼ਬਾ ਵੇਖੋ

ਉਨ੍ਹਾਂ ਨੇ ਕਿਹਾ ਕਿ ਕਿਸਾਨੀਂ ਸੰਘਰਸ਼ ਦੇ ਨਾਲ-ਨਾਲ ਹੁਣ ਸੱਤਾ 'ਤੇ ਕਾਬਜ਼ ਪਾਰਟੀਆਂ ਨੂੰ 'ਵੋਟ ਕੀ ਚੋਟ' ਨਾਲ ਸੱਤਾ ਤੋਂ ਦੂਰ ਕਰਨ ਦਾ ਵੀ ਕੰਮ ਕੀਤਾ ਜਾਵੇਗਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜੀਂਦ ਤੋਂ ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ ਇੱਥੋਂ ਵੀ ਕਿਸਾਨਾਂ ਦੇ ਜਥੇ ਵੱਡੀ ਗਿਣਤੀ ਵਿੱਚ ਮੁਜ਼ੱਫਰਨਗਰ ਮਹਾਪੰਚਾਇਤ ਲਈ ਨਿਕਲੇ ਹਨ।

ਉਨ੍ਹਾਂ ਮੁਤਾਬਕ ਤੜਕੇ ਚਾਰ ਵਜੇ ਇਹ ਜਥੇ ਰਵਾਨਾ ਹੋਏ ਹਨ। ਜੀਂਦ ਤੋਂ ਰਵਾਨਾ ਹੋਏ ਕਿਸਾਨਾਂ ਨੇ ਦਾਅਵਾ ਕੀਤਾ ਕਿ ਇਹ ਦੁਨੀਆਂ ਦੀ ਸਭ ਤੋਂ ਵੱਡੀ ਮਹਾਪੰਚਾਇਤ ਹੋਵੇਗੀ।

ਤਸਵੀਰ ਸਰੋਤ, SKM

ਕਿਸਾਨਾਂ ਨੇ ਇਹ ਵੀ ਕਿਹਾ ਕਿ ਇਸ ਕਿਸਾਨ ਮਹਾਪੰਚਾਇਤ ਨਾਲ ਭਾਜਪਾ ਸਰਕਾਰ ਹਾਸ਼ੀਏ ਉੱਤੇ ਚਲੀ ਜਾਵੇਗੀ ਤੇ ਸਰਕਾਰ ਨੂੰ ਹਰ ਹਾਲਤ ਵਿੱਚ ਖੇਤੀ ਕਾਨੂੰਨ ਰੱਦ ਕਰਨੇ ਪੈਣਗੇ।

''ਸਰਕਾਰ ਤਿੰਨੇ ਕਾਨੂੰਨ ਵਾਪਸ ਲਵੇ, ਨਹੀਂ ਤਾਂ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਕਰ ਦੇਣੀ''

ਮੁਜ਼ੱਫਰਨਗਰ ਵਿੱਚ ਮੌਜੂਦ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ, ''ਸਟੇਜ ਅਜੇ 11 ਵਜੇ ਸ਼ੁਰੂ ਹੋਣੀ ਹੈ ਪਰ ਪੰਡਾਲ ਸਾਢੇ 8 ਵਜੇ ਹੀ ਭਰ ਗਿਆ ਹੈ। ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਸੋਚ ਲਵੇ ਕਿਵੇਂ ਕਿਸਾਨਾਂ ਵਿੱਚ ਗੁੱਸਾ ਹੈ।''

ਵੀਡੀਓ ਕੈਪਸ਼ਨ,

ਕਿਸਾਨ ਅੰਦੋਲਨ ਦੌਰਾਨ ਸਿੰਘੂ ਬਾਰਡਰ 'ਤੇ ਬੈਠੇ ਕਿਸਾਨਾਂ ਦੇ ਮਨਾਂ 'ਚ ਕੀ ਚੱਲ ਰਿਹਾ ਹੈ

''ਸਰਕਾਰ ਤਿੰਨੇ ਕਾਨੂੰਨ ਵਾਪਸ ਲੈ ਲਵੇ, ਨਹੀਂ ਤਾਂ ਪੁੱਠੀ ਗਿਣਤੀ ਅਸੀਂ ਸਰਕਾਰ ਦੀ ਸ਼ੁਰੂ ਕਰ ਦੇਣੀ ਹੈ ਅਤੇ ਇਸ ਤੋਂ ਬਾਅਦ ਯੂਪੀ ਵਿੱਚ ਮਹਾਪੰਚਾਇਤਾਂ ਦਾ ਹੜ੍ਹ ਆ ਜਾਵੇਗਾ।''

ਕਿਸਾਨ ਮਹਾਪੰਚਾਇਤ ਕੁਝ ਹੋਰ ਤਸਵੀਰਾਂ :

ਤਸਵੀਰ ਸਰੋਤ, SKM

ਤਸਵੀਰ ਸਰੋਤ, SKM

ਤਸਵੀਰ ਸਰੋਤ, SKM

ਤਸਵੀਰ ਸਰੋਤ, SKM

ਤਸਵੀਰ ਸਰੋਤ, SKM

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)