'ਆਪ' ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਕਤਰਾ ਰਹੀ ਪਰ ਭਗਵੰਤ ਮਾਨ ਨੇ ਵਿੱਢੀ ਮੁਹਿੰਮ

ਸੋਸ਼ਲ ਮੀਡੀਆ 'ਤੇ ਵੀ ਤਸਵੀਰਾਂ ਰਾਹੀਂ ਇਹ ਦਿਖਾਇਆ ਜਾ ਰਿਹਾ ਹੈ ਕਿ ਭਗਵੰਤ ਮਾਨ ਨੂੰ ਮਿਲਣ ਲਈ ਵੱਡੀ ਗਿਣਤੀ ਵਿੱਚ ਰੋਜ਼ਾਨਾ ਲੋਕ ਉਨ੍ਹਾਂ ਦੇ ਘਰ ਆਉਂਦੇ ਹਨ।

ਤਸਵੀਰ ਸਰੋਤ, BHAGWANT MANN /FACEBOOK

ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਕਤਰਾ ਰਹੀ ਹੈ।

ਇਸੇ ਦੌਰਾਨ ਮਾਨ ਨੇ ਮੁੱਖ ਮੰਤਰੀ ਦੇ ਪਾਰਟੀ ਦੇ ਚਿਹਰੇ ਦੇ ਤੌਰ ਉੱਤੇ ਖੁਦ ਨੂੰ ਉਭਾਰਨ ਲਈ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਹਨ। ਕੇਜਰੀਵਾਲ ਨੇ ਕਿਹਾ ਸੀ ਉਹ ਅਜਿਹਾ ਵਿਅਕਤੀ ਮੁੱਖ ਮੰਤਰੀ ਵਜੋਂ ਪੇਸ਼ ਕਰਨਗੇ ਜਿਸ ਉੱਤੇ ਸਾਰੇ ਪੰਜਾਬੀਆਂ ਨੂੰ ਮਾਣ ਹੋਵੇਗਾ।

ਇਸ ਦੌਰਾਨ ਉਹ ਪੰਜਾਬ ਦੇ ਤਿੰਨ ਦੌਰੇ ਵੀ ਕਰ ਗਏ ਪਰ ਐਲਾਨ ਨਹੀਂ ਕੀਤਾ ਗਿਆ, ਸਮਾਜਿਕ, ਧਾਰਮਿਕ ਅਤੇ ਸਿਆਸੀ ਖੇਤਰ ਦੀਆਂ ਕਈ ਵੱਡੀਆਂ ਹਸਤੀਆਂ ਨੂੰ ਮੁੱਖ ਮੰਤਰੀ ਦਾ ਪਾਰਟੀ ਚਿਹਰਾ ਬਣਾਉਣ ਲਈ ਸੰਪਕਰ ਸਾਧੇ ਗਏ ਹਨ।

ਪਰ ਕਿਸੇ ਤਰ੍ਹਾਂ ਦਾ ਨਤੀਜਾ ਸਾਹਮਣੇ ਨਹੀਂ ਆਇਆ ਹੈ, ਜਿਸ ਕਾਰਨ ਪੰਜਾਬ ਵਿਚ ਪਾਰਟੀ ਵਰਕਰਾਂ ਵਿਚ ਬੇਚੈਨੀ ਵੀ ਵਧਦੀ ਦਿਖ ਰਹੀ ਹੈ।

ਪਰ ਹੁਣ ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਭਗਵੰਤ ਮਾਨ ਵੱਲੋਂ ਪਿਛਲੇ ਹਫ਼ਤੇ ਦੌਰਾਨ ਆਪਣੇ ਘਰ ਵਿੱਚ ਸਮਰਥਕਾਂ ਨਾਲ ਕਈ ਬੈਠਕਾਂ ਕੀਤੀਆਂ ਜਾ ਰਹੀਆਂ ਹਨ।

ਸੋਸ਼ਲ ਮੀਡੀਆ 'ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਲਈ ਲੋਕਾਂ ਦੀ ਪਸੰਦ ਹਨ।

ਸ਼ਨੀਵਾਰ ਨੂੰ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮਾਨ ਨੇ ਸਾਫ਼ ਕੀਤਾ ਕਿ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਦੇਖਣਾ ਚਾਹੁੰਦੇ ਹਨ ਅਤੇ ਇਸ ਲਈ ਪਾਰਟੀ ਨੂੰ ਵਰਕਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ 'ਤੇ ਵੀ ਤਸਵੀਰਾਂ ਰਾਹੀਂ ਇਹ ਦਿਖਾਇਆ ਜਾ ਰਿਹਾ ਹੈ ਕਿ ਭਗਵੰਤ ਮਾਨ ਨੂੰ ਮਿਲਣ ਲਈ ਵੱਡੀ ਗਿਣਤੀ ਵਿੱਚ ਰੋਜ਼ਾਨਾ ਲੋਕ ਉਨ੍ਹਾਂ ਦੇ ਘਰ ਆਉਂਦੇ ਹਨ।

ਹੋਰ ਕਈ ਆਗੂਆਂ ਸਣੇ ਪਾਰਟੀ ਦੇ ਵਿਧਾਇਕ ਜਿਨ੍ਹਾਂ ਵਿੱਚ ਕੁਲਤਾਰ ਸਿੰਘ ਸੰਧਵਾਂ, ਕੁਲਵੰਤ ਸਿੰਘ ਪੰਡੋਰੀ ਆਦਿ ਸ਼ਾਮਿਲ ਹਨ, ਨੇ ਵੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਸਮਰਥਨ ਦਿੱਤਾ ਹੈ।

ਵਿਰੋਧੀ ਧਿਰ ਦੇ ਆਗੂ ਅਤੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਭਗਵੰਤ ਮਾਨ ਦੇ ਘਰ ਦੇ ਬਾਹਰ ਆਉਂਦੇ ਸਮਰਥਕਾਂ ਬਾਰੇ ਆਖਿਆ ਹੈ ਕਿ ਉਹ ਪਾਰਟੀ ਦੇ ਵਰਕਰ ਹਨ ਅਤੇ ਮੁੱਖ ਮੰਤਰੀ ਦੇ ਚਿਹਰੇ ਨਾਲ ਇਸਦਾ ਕੋਈ ਲੈਣਾ ਦੇਣਾ ਨਹੀਂ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਖਬਰ ਅਨੁਸਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੇ ਦੱਸਿਆ ਹੈ ਕਿ ਅਰਵਿੰਦ ਕੇਜਰੀਵਾਲ ਇਸ ਵੇਲੇ ਰਾਜਸਥਾਨ ਵਿੱਚ ਇਸ ਇਕ ਹਫਤੇ ਲਈ ਵਿਪਾਸਨਾ ਕੈਂਪ 'ਤੇ ਗਏ ਹੋਏ ਹਨ।

ਵਾਪਸੀ ਤੋਂ ਬਾਅਦ ਉਹ ਪੰਜਾਬ ਆਉਣਗੇ। ਕੇਜਰੀਵਾਲ ਦੀ ਗ਼ੈਰ ਮੌਜੂਦਗੀ ਵਿੱਚ ਭਗਵੰਤ ਮਾਨ ਵੱਲੋਂ ਆਪਣੀ ਦਾਅਵੇਦਾਰੀ ਨੂੰ ਮਜ਼ਬੂਤ ਕਰਨ ਨੂੰ ਪਾਰਟੀ ਨੇਤਾ ਨੇ ਦਿਲਚਸਪ ਦੱਸਿਆ ਹੈ।

ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਦੇ ਕੋ-ਇੰਚਾਰਜ ਰਾਘਵ ਚੱਢਾ ਉੱਪਰ ਵੀ ਭਗਵੰਤ ਮਾਨ ਨੂੰ ਖੂੰਜੇ ਲਾਉਣ ਦੀ ਕੋਸ਼ਿਸ਼ ਤੇ ਇਲਜ਼ਾਮ ਲੱਗੇ ਹਨ, ਜਿਸ ਨੂੰ ਉਨ੍ਹਾਂ ਨੇ ਖਾਰਿਜ ਕੀਤਾ ਹੈ।

ਤਾਲਿਬਾਨ ਨਾਲ ਅਮਨ ਵਾਰਤਾ ਲਈ ਤਿਆਰ: ਅਹਿਮਦ ਮਸੂਦ

ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਵਿਰੋਧੀ ਪੰਜਸ਼ੀਰ ਦੇ ਨੇਤਾ ਅਹਿਮਦ ਮਸੂਦ ਨੇ ਆਖਿਆ ਹੈ ਕਿ ਉਹ ਤਾਲਿਬਾਨ ਨਾਲ ਅਮਨ ਵਾਰਤਾ ਲਈ ਤਿਆਰ ਹਨ।

ਬੀਬੀਸੀ ਨਿਊਜ਼ ਦੀ ਖ਼ਬਰ ਮੁਤਾਬਕ ਮਸੂਦ ਨੇ ਫੇਸਬੁੱਕ ਉਪਰ ਪੋਸਟ ਵਿੱਚ ਆਖਿਆ ਹੈ ਕਿ ਨੈਸ਼ਨਲ ਰਜ਼ਿਸਟੈਂਸ ਫ਼ਰੰਟ ਆਫ਼ ਅਫ਼ਗਾਨਿਸਤਾਨ(ਐਨ ਆਰ ਐੱਫ) ਲੜਾਈ ਰੋਕਣ ਬਾਰੇ ਸੋਚ ਸਕਦਾ ਹੈ, ਜੇਕਰ ਤਾਲਿਬਾਨ ਆਪਣੇ ਹਮਲੇ ਰੋਕ ਦੇਵੇ।

ਤਸਵੀਰ ਸਰੋਤ, Getty Images

ਤਾਲਿਬਾਨ ਦਾ ਇਸ ਸਬੰਧੀ ਕੋਈ ਜਵਾਬ ਨਹੀਂ ਆਇਆ।

ਐੱਨ ਆਰ ਐੱਫ ਅਨੁਸਾਰ ਉਨ੍ਹਾਂ ਦੇ ਬੁਲਾਰੇ ਫਾਹਿਮ ਦਸਤੀ ਅਤੇ ਕਮਾਂਡਰ ਜਨਰਲ ਅਬਦੁਲ ਜ਼ਾਰਾ ਲੜਾਈ ਦੌਰਾਨ ਮਾਰੇ ਗਏ ਹਨ। ਉਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਤਾਲਿਬਾਨ ਜਰਨੈਲ ਅਤੇ 13 ਅੰਗ ਰੱਖਿਅਕ ਵੀ ਮਾਰੇ ਗਏ ਹਨ।

ਇਸ ਦੇ ਨਾਲ ਹੀ ਕਾਬੁਲ ਵਿੱਚ ਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਮਾਰਟਿਨ ਗ੍ਰਿਫਿਥ ਨੇ ਵੀ ਤਾਲਿਬਾਨ ਆਗੂਆਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਨਾਗਰਿਕਾਂ ਖਾਸ ਕਰਕੇ ਔਰਤਾਂ ਅਤੇ ਬੱਚੀਆਂ ਦੀ ਸੁਰੱਖਿਆ ਦੀ ਅਪੀਲ ਕੀਤੀ।

ਸੰਯੁਕਤ ਰਾਸ਼ਟਰ ਮੁਤਾਬਕ ਲਗਪਗ ਦੋ ਕਰੋੜ ਅਫ਼ਗਾਨ ਲੋਕਾਂ ਸਹਾਇਤਾ ਦੀ ਲੋੜ ਹੈ।

ਤਾਲਿਬਾਨ 'ਤੇ ਟਿੱਪਣੀ ਤੋਂ ਬਾਅਦ ਜਾਵੇਦ ਅਖ਼ਤਰ ਦਾ ਵਿਰੋਧ

ਪ੍ਰਸਿੱਧ ਗੀਤਕਾਰ ਜਾਵੇਦ ਅਖ਼ਤਰ ਦੁਆਰਾ ਟੀਵੀ ਪ੍ਰੋਗਰਾਮ ਦੌਰਾਨ ਆਰਐੱਸਐੱਸ ਦੀ ਤੁਲਨਾ ਤਾਲਿਬਾਨ ਨਾਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਵਿਰੋਧ ਵਧ ਗਿਆ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਟਾਈਮਜ਼ ਆਫ ਇੰਡੀਆ' ਦੀ ਖ਼ਬਰ ਮੁਤਾਬਕ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਾਮ ਕਦਮ ਨੇ ਆਖਿਆ ਹੈ ਕਿ ਜਦੋਂ ਤੱਕ ਜਾਵੇਦ ਅਖ਼ਤਰ ਆਪਣੇ ਇਸ ਬਿਆਨ ਨੂੰ ਵਾਪਸ ਲੈ ਕੇ ਮਾਫੀ ਨਹੀਂ ਮੰਗਦੇ ਓਦੋਂ ਤੱਕ ਭਾਰਤ ਵਿੱਚ ਉਨ੍ਹਾਂ ਦੀਆਂ ਫ਼ਿਲਮਾਂ ਸਕ੍ਰੀਨ ਨਹੀਂ ਹੋਣ ਦਿੱਤੀਆਂ ਜਾਣਗੀਆਂ।

ਤਸਵੀਰ ਸਰੋਤ, PRODIP GUHA

ਕਦਮ ਨੇ ਆਖਿਆ ਕਿ ਜੇਕਰ ਭਾਰਤ ਵਿਚ ਤਾਲਿਬਾਨ ਵਰਗੀ ਵਿਚਾਰਧਾਰਾ ਹੁੰਦੀ ਤਾਂ ਉਹ ਇਸ ਤਰ੍ਹਾਂ ਦੇ ਬਿਆਨ ਕਿਵੇਂ ਦਿੰਦੇ?

ਸ਼ਨੀਵਾਰ ਨੂੰ ਵੀ ਜਾਵੇਦ ਅਖ਼ਤਰ ਦੇ ਘਰ ਦੇ ਬਾਹਰ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।

ਖ਼ਬਰ ਅਨੁਸਾਰ ਜਾਵੇਦ ਅਖ਼ਤਰ ਨੇ ਆਖਿਆ ਸੀ ਕਿ ਭਾਰਤ ਦੇ ਜ਼ਿਆਦਾਤਰ ਲੋਕ ਧਰਮ ਨਿਰਪੱਖ ਹਨ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਆਰਐੱਸਐੱਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਸੰਸਥਾਵਾਂ ਦੇ ਵਿਚਾਰਕ ਹਨ ਅਤੇ ਉਨ੍ਹਾਂ ਦੀ ਵਿਚਾਰਧਾਰਾ 1930 ਦੇ ਨਾਜ਼ੀਆਂ ਵਰਗੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)