ਕੇਜਰੀਵਾਲ ਦੇ 'ਆਪ' ਦਾ ਕਨਵੀਨਰ ਬਣੇ ਰਹਿਣ ਲਈ ਪਾਰਟੀ ਸੰਵਿਧਾਨ ਬਦਲਿਆ ਗਿਆ, ਆਖ਼ਰ ਕਿਉਂ

  • ਸਰੋਜ ਸਿੰਘ
  • ਬੀਬੀਸੀ ਪੱਤਰਕਾਰ
ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਰਵਿੰਦ ਕੇਜਰੀਵਾਲ ਤੀਜੀ ਵਾਰ ਬਣੇ ਪਾਰਟੀ ਕਨਵੀਨਰ

ਦਿੱਲੀ ਦੀ ਸੱਤਾ 'ਤੇ ਕਾਬਿਜ਼ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਗਲੇ ਪੰਜ ਸਾਲਾਂ ਲਈ ਕਨਵੀਨਰ ਚੁਣ ਲਿਆ ਹੈ।

ਆਮ ਆਦਮੀ ਪਾਰਟੀ ਦੇ ਗਠਨ ਵੇਲੇ ਜੋ ਸੰਵਿਧਾਨ ਪਾਰਟੀ ਨੇ ਬਣਾਇਆ ਸੀ, ਉਸ ਦੇ ਮੁਤਾਬਕ ਕੋਈ ਵਿਅਕਤੀ ਦੋ ਵਾਰ ਤੋਂ ਜ਼ਿਆਦਾ ਪਾਰਟੀ ਕਨਵੀਨਰ ਨਹੀਂ ਬਣ ਸਕਦਾ ਸੀ।

ਪਰ ਇਸ ਸਾਲ ਜਨਵਰੀ ਵਿੱਚ ਪਾਰਟੀ ਦਾ ਸੰਵਿਧਾਨ ਬਦਲਿਆ ਗਿਆ। ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਕਨਵੀਨਰ ਅਹੁਦੇ 'ਤੇ ਬਣੇ ਰਹਿਣ ਦਾ ਰਸਤਾ ਸਾਫ਼ ਹੋ ਗਿਆ।

ਪਹਿਲਾਂ ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਦਾ ਸੀ, ਜਿਸ ਨੂੰ ਵਧਾ ਕੇ ਪੰਜ ਸਾਲ ਦਾ ਕਰ ਦਿੱਤਾ ਗਿਆ ਹੈ।

2012 ਵਿੱਚ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਸੀ, ਉਦੋਂ ਤੋਂ ਹੁਣ ਤੱਕ ਅਰਵਿੰਦ ਕੇਜਰੀਵਾਲ ਹੀ ਪਾਰਟੀ ਦੇ ਕਨਵੀਨਰ ਬਣੇ ਹੋਏ ਹਨ।

ਇਹ ਵੀ ਪੜ੍ਹੋ-

ਅਰਵਿੰਦ ਕੇਜਰੀਵਾਲ ਦੇ ਕਨਵੀਨਰ ਬਣਨ 'ਤੇ ਸਵਾਲ ਕਿਉਂ?

ਆਮ ਆਦਮੀ ਪਾਰਟੀ ਦੇ ਅੰਦਰ ਇਸ ਗੱਲ ਨੂੰ ਲੈ ਕੇ ਫਿਲਹਾਲ ਕੋਈ ਬਗ਼ਾਵਤੀ ਸੁਰ ਨਹੀਂ ਉਠ ਰਹੇ ਹਨ, ਪਰ ਅਜਿਹਾ ਵੀ ਨਹੀਂ ਕਿ ਸਾਰੇ ਇਸ ਫ਼ੈਸਲੇ ਨਾਲ ਖੁਸ਼ ਹੋਣ।

ਪਾਰਟੀ ਦੇ ਨਾਲ ਜੁੜੇ ਪੱਤਰਕਾਰ ਤੋਂ ਨੇਤਾ ਅਤੇ ਨੇਤਾ ਤੋਂ ਪੱਤਰਕਾਰ ਬਣੇ ਆਸ਼ੂਤੋਸ਼ ਨੇ ਟਵੀਟ ਕਰ ਕੇ ਕੁਝ ਸਵਾਲ ਚੁੱਕੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਰਵਿੰਦ ਕੇਜਰੀਵਾਲ ਅਗਲੇ 5 ਸਾਲ ਲਈ 'ਆਪ' ਦੇ ਕਨਵੀਨਰ ਚੁਣੇ ਗਏ ਹਨ

ਉਨ੍ਹਾਂ ਨੇ ਪੁੱਛਿਆ ਹੈ ਕਿ ਕੀ ਅਰਵਿੰਦ ਕੇਜਰੀਵਾਲ ਦੀ ਥਾਂ ਕੋਈ ਨਵਾਂ ਨੈਸ਼ਨਲ ਕਨਵੀਨਰ ਬਣੇ, ਤਾਂ ਉਨ੍ਹਾਂ ਦੀ ਤਾਕਤ ਘੱਟ ਹੋ ਜਾਵੇਗੀ ਜਾਂ ਫਿਰ ਦੂਜਾ ਕੋਈ ਪਾਰਟੀ 'ਤੇ ਕਬਜ਼ਾ ਕਰ ਲਵੇਗਾ?

ਅਜਿਹਾ ਨਹੀਂ ਹੈ ਆਮ ਆਦਮੀ ਪਾਰਟੀ ਇਕੱਲੀ ਸਿਆਸੀ ਪਾਰਟੀ ਹੈ, ਜਿਸ ਵਿੱਚ ਇੱਕ ਨੇਤਾ ਪਿਛਲੇ 8 ਸਾਲ ਤੋਂ ਸਭ ਤੋਂ ਉੱਚ ਅਹੁਦੇ 'ਤੇ ਕਾਇਮ ਹੈ।

ਕਾਂਗਰਸ ਪਾਰਟੀ ਵੀ ਗਾਂਧੀ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਸਮਾਜਵਾਦੀ ਪਾਰਟੀ ਵੀ ਯਾਦਵ ਪਰਿਵਾਰ ਦੇ ਨੇੜੇ ਹੀ, ਬਹੁਜਨ ਸਮਾਜ ਪਾਰਟੀ ਵਿੱਚ ਵੀ ਮਾਇਆਵਤੀ ਹੀ ਸੱਤਾ ਦੇ ਕੇਂਦਰ ਵਿੱਚ ਰਹਿੰਦੀ ਹੈ।

ਅਰਵਿੰਦ ਕੇਜਰੀਵਾਲ ਨੂੰ ਸਵਾਲ ਕਿਉਂ?

ਤਾਂ ਅਜਿਹੇ ਇਹ ਸਵਾਲ ਅਰਵਿੰਦ ਕੇਜਰੀਵਾਲ ਨੂੰ ਹੀ ਕਿਉਂ ਪੁੱਛਿਆ ਜਾ ਰਿਹਾ ਹੈ।

ਇਸ ਸਵਾਲ ਦੇ ਜਵਾਬ ਵਿੱਚ ਬੀਬੀਸੀ ਨਾਲ ਗੱਲਬਾਤ ਕਰਦਿਆਂ ਆਸ਼ੂਤੋਸ਼ ਕਹਿੰਦੇ ਹਨ, "ਜਦੋਂ ਅੰਦੋਲਨ ਨਾਲ ਪਾਰਟੀ ਦਾ ਜਨਮ ਹੋਇਆ, ਉਸ ਵੇਲੇ ਇਨ੍ਹਾਂ ਤਿੰਨ ਚੀਜ਼ਾਂ 'ਤੇ ਫੋਕਸ ਸੀ।"

"ਪਾਰਟੀ ਦੇ ਅੰਦਰ ਆਂਤਰਿਕ ਲੋਕਤੰਤਰ, ਹਾਈ ਕਮਾਨ ਕਲਚਰ ਦਾ ਵਿਰੋਧ ਅਤੇ ਪਾਰਦਰਸ਼ਿਤਾ।"

"ਇਨ੍ਹਾਂ ਤਿੰਨਾਂ ਗੱਲਾਂ 'ਤੇ ਹਮੇਸ਼ਾ ਕਾਇਮ ਰਹਿਣ ਲਈ ਪਾਰਟੀ ਦੇ ਸੰਵਿਧਾਨ ਵਿੱਚ ਦੋ ਗੱਲਾਂ ਜੋੜੀਆਂ ਸਨ। ਕੋਈ ਵੀ ਵਿਅਕਤੀ ਇੱਕ ਅਹੁਦੇ 'ਤੇ ਦੋ ਵਾਰ ਜੋਂ ਜ਼ਿਆਦਾ ਨਹੀਂ ਰਹੇਗਾ।"

"ਇੱਕ ਹੀ ਪਰਿਵਾਰ ਦੇ ਲੋਕ ਵੱਖ-ਵੱਖ ਅਹੁੱਦਿਆਂ 'ਤੇ ਨਹੀਂ ਰਹਿਣਗੇ। ਹੁਣ ਪਾਰਟੀ ਸੰਵਿਧਾਨ ਵਿੱਚ ਸੋਧ ਕਰ ਕੇ ਤਿੰਨ ਸਾਲ ਦੇ ਕਾਰਜਕਾਲ ਨੂੰ ਪੰਜ ਸਾਲ ਲਈ ਵਧਾ ਦਿੱਤਾ ਗਿਆ ਹੈ।"

"ਅਤੇ ਇੱਕ ਅਹੁਦੇ 'ਤੇ ਦੋ ਕਾਰਜਕਾਲ ਤੱਕ ਰਹਿਣ ਦੀ ਤਜਵੀਜ਼ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਯਾਨਿ ਪਾਰਟੀ ਆਪਣੇ ਸ਼ੁਰੂਆਤੀ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਪਲਟ ਗਈ ਹੈ।"

ਤਸਵੀਰ ਸਰੋਤ, ARVIND KEJRIWAL/FACEBOOK

ਤਸਵੀਰ ਕੈਪਸ਼ਨ,

ਇਸ ਸਾਲ ਜਨਵਰੀ 'ਚ ਪਾਰਟੀ ਦਾ ਸੰਵਿਧਾਨ ਬਦਲ ਗਿਆ, ਜਿਸ ਤੋਂ ਬਾਅਦ ਕੇਜਰੀਵਾਲ ਦਾ ਕਨਵੀਨਰ ਬਣਨ ਦਾ ਰਸਤਾ ਸਾਫ਼ ਹੋਇਆ

"ਮੇਰਾ ਸਵਾਲ ਉਨ੍ਹਾਂ ਦੇ ਤੀਜੀ ਵਾਰ ਕਨਵੀਨਰ ਬਣਨ 'ਤੇ ਨਹੀਂ ਹੈ। ਮੇਰਾ ਸਵਾਲ ਮਹਿਜ਼ ਇੰਨਾਂ ਹੈ ਕਿ ਜੇਕਰ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਵੀ ਪਾਰਟੀ ਦਾ ਕਨਵੀਨਰ ਬਣਦਾ ਤਾਂ ਕੀ ਅਰਵਿੰਦ ਕੇਜਰੀਵਾਲ ਦਾ ਅਕਸ ਜਾਂ ਤਾਕਤ ਪਾਰਟੀ 'ਚ ਘਟ ਜਾਂਦਾ?"

"ਹੁਣ ਆਮ ਆਦਮੀ ਪਾਰਟੀ ਵਿੱਚ ਅਤੇ ਬਾਕੀ ਪਾਰਟੀਆਂ ਵਿੱਚ ਕੀ ਫਰਕ ਹੈ? ਤੁਸੀਂ ਕੀ ਕਹਿ ਕੇ ਸਿਆਸਤ ਵਿੱਚ ਆਏ ਸੀ ਅਤੇ ਅੱਜ ਕੀ ਕਰ ਰਹੇ ਹੋ?"

ਕਨਵੀਨਰ ਦਾ ਅਹੁਦਾ ਅਹਿਮ ਕਿਉਂ?

ਆਮ ਆਦਮੀ ਪਾਰਟੀ ਵਿੱਚ ਕਨਵੀਨਰ ਦਾ ਅਹੁਦਾ ਵੈਸੇ ਹੀ ਹੈ ਜਿਵੇਂ ਦੂਜੀਆਂ ਪਾਰਟੀਆਂ ਵਿੱਚ ਕੌਮੀ ਪ੍ਰਧਾਨ ਦਾ ਅਹੁਦਾ।

ਪਾਰਟੀ ਦੇ ਕਨਵੀਨਰ 'ਤੇ ਹੀ ਪਾਰਟੀ ਨੂੰ ਚਲਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ। ਪਾਰਟੀ ਦੇ ਅੱਗੇ ਦਾ ਵਿਜ਼ਨ ਸੈੱਟ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਸਭ ਤੋਂ ਅਹਿਮ ਹਿੱਸਾ ਹੈ।

ਇਸ ਲਈ ਸੰਗਠਨਾਤਮਕ ਢਾਂਚਾ ਕਿਵੇਂ ਤਿਆਰ ਹੋਵੇ, ਇਹ ਤੈਅ ਕਰਨਾ ਵੀ ਕਨਵੀਨਰ ਦਾ ਹੀ ਕੰਮ ਹੁੰਦਾ ਹੈ। ਇਸ ਤੋਂ ਇਲਾਵਾ ਆਉਣ ਵਾਲੀਆਂ ਚੋਣਾਂ ਦੀ ਤਿਆਰੀ, ਸੂਬਿਆਂ ਵਿੱਚ ਅਗਵਾਈ ਤੈਅ ਕਰਨਾ, ਇਹ ਸਾਰੇ ਫ਼ੈਸਲੇ ਉਨ੍ਹਾਂ ਦੀ ਦੇਖ-ਰੇਖ ਵਿੱਚ ਲਏ ਜਾਂਦੇ ਹਨ।

ਕਈ ਸਿਆਸੀ ਵਿਸ਼ਲੇਸ਼ਕ ਅਤੇ ਜਾਣਕਾਰ ਪਾਰਟੀ ਚਲਾਉਣ ਲਈ ਭਾਜਪਾ ਦੇ ਮਾਡਲ ਦਾ ਵੀ ਤਰਕ ਦਿੰਦੇ ਹਨ। ਜਿੱਥੇ ਜੇਪੀ ਨੱਢਾ ਪਾਰਟੀ ਪ੍ਰਧਾਨ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੇਜਰੀਵਾਲ ਦੇ ਤੀਜੀ ਵਾਰ ਕਨਵੀਨਰ ਬਣਨ ਉੱਤੇ ਸਵਾਲ ਉੱਠ ਰਹੇ ਹਨ

ਆਸ਼ੂਤੋਸ਼ ਕਹਿੰਦੇ ਹਨ ਕਿ ਅੱਜ ਦੀ ਤਰੀਕ ਵਿੱਚ ਕਿਸੇ ਪਾਰਟੀ ਵਿੱਚ ਲੋਕਤੰਤਰ ਹੈ ਤਾਂ ਉਹ ਹੈ ਲੈਫ਼ਟ ਪਾਰਟੀ, ਜਿੱਥੇ ਪਾਰਟੀ ਦੇ ਜਨਰਲ ਸਕੱਤਰ ਹੋਣ ਤੋਂ ਬਾਅਦ ਵੀ ਸੀਤਾਰਾਮ ਯੇਚੁਰੀ ਨੂੰ ਰਾਜ ਸਭਾ ਵਿੱਚ ਨਹੀਂ ਭੇਜਿਆ ਗਿਆ।

ਜਯੋਤੀ ਬਸੁ ਪਾਰਟੀ ਦੇ ਸਭ ਤੋਂ ਵੱਡੇ ਨੇਤਾ ਸਨ। ਜਦੋਂ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸਨ, ਪਾਰਟੀ ਨੇ ਮਨ੍ਹਾਂ ਕਰ ਦਿੱਤਾ ਸੀ।

ਅਗਵਾਈ ਦੀ ਦੂਜੀ ਕਤਾਰ

ਸਿਆਸੀ ਵਿਸ਼ਲੇਸ਼ਕ ਅਭੈ ਦੁਬੇ, ਆਸ਼ੂਤੋਸ਼ ਦੇ ਸਵਾਲ ਦਾ ਜਵਾਬ ਵੱਖਰੇ ਤਰੀਕੇ ਨਾਲ ਦਿੰਦੇ ਹਨ।

ਉਹ ਕਹਿੰਦੇ ਹਨ, "ਆਮ ਆਦਮੀ ਪਾਰਟੀ ਵਿੱਚ ਅਗਵਾਈ ਦੀ ਦੂਜੀ ਕਤਾਰ ਅਜੇ ਵਿਕਸਿਤ ਨਹੀਂ ਹੋ ਸਕੀ ਹੈ, ਜਿਵੇਂ ਦੂਜੀਆਂ ਪਾਰਟੀਆਂ ਵਿੱਚ ਹੁੰਦੀ ਹੈ।"

"ਇਸ ਕਾਰਨ ਪਾਰਟੀ ਦਾ ਸੰਗਠਨਾਤਮਕ ਢਾਂਚਾ 'ਐਡਿਹੌਕਿਜ਼ਮ' 'ਤੇ ਚਲ ਰਿਹਾ ਹੈ। ਇਹ ਪ੍ਰਕਿਰਿਆ ਅਜੇ ਜਾਰੀ ਹੈ।"

ਇਹ ਵੀ ਪੜ੍ਹੋ-

"ਆਮ ਆਦਮੀ ਪਾਰਟੀ ਦਿੱਲੀ ਆਧਾਰਿਤ ਪਾਰਟੀ ਹੈ, ਦਿੱਲੀ ਵਿੱਚ ਸਿਆਸੀ ਸ਼ਕਤੀਆਂ ਇਨ੍ਹਾਂ ਦੀਆਂ ਸੀਮਤ ਹਨ। ਜੇਕਰ ਕਿਸੇ ਦੂਜੇ ਪ੍ਰਦੇਸ਼ ਵਿੱਚ ਇਹ ਆਪਣਾ ਵਿਸਥਾਰ ਕਰ ਸਕਣਗੇ, ਤਾਂ ਇਨ੍ਹਾਂ ਦੀ ਅਗਵਾਈ ਵਿੱਚ ਵਧੇਰੇ ਵਿਭਿੰਨਤਾ ਆਵੇਗੀ।"

ਆਮ ਆਦਮੀ ਪਾਰਟੀ ਨੇ ਆਪਣੇ ਸਿਆਸੀ ਵਿਸਥਾਰ ਲਈ 2014 ਦੀਆਂ ਲੋਕ ਸਭਾ ਚੋਣਾਂ 400 ਤੋਂ ਵੱਧ ਸੀਟਾਂ 'ਤੇ ਲੜੀਆਂ ਸਨ।

2019 ਦੀਆਂ ਲੋਕ ਸਭਾ ਚੋਣਾਂ 40 ਸੀਟਾਂ 'ਤੇ ਲੜੀ, ਪਰ ਉਸ ਨੂੰ ਸਫ਼ਲਤਾ ਸਿਰਫ਼ ਇੱਕ ਸੀਟ 'ਤੇ ਮਿਲੀ।

ਇਸ ਵਿਚਾਲੇ ਕਈ ਪੁਰਾਣੇ ਸਾਥੀ ਪਾਰਟੀ ਛੱਡ ਕੇ ਵੀ ਚਲੇ ਗਏ। ਯੋਗਿੰਦਰ ਯਾਦਵ, ਕੁਮਾਰ ਵਿਸ਼ਵਾਸ਼, ਪ੍ਰਸ਼ਾਂਤ ਭੂਸ਼ਣ, ਕਪਿਲ ਮਿਸ਼ਰਾ, ਅਲਕਾ ਲਾਂਬਾ ਉਨ੍ਹਾਂ ਵਿੱਚੋਂ ਮੁੱਖ ਨਾਮ ਹਨ।

ਅਗਲੇ ਸਾਲ ਪਾਰਟੀ ਮਿਸ਼ ਵਿਸਥਾਰ ਦੇ ਤਹਿਤ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਗੁਜਰਾਤ ਵਿੱਚ ਚੋਣਾਂ ਲੜਨ ਦੀ ਤਿਆਰੀ ਵਿੱਚ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਆਮ ਆਦਮੀ ਪਾਰਟੀ ਨੇ ਆਪਣੇ ਸਿਆਸੀ ਵਿਸਥਾਰ ਲਈ 2014 ਦੀਆਂ ਲੋਕ ਸਭਾ ਚੋਣਾਂ 400 ਤੋਂ ਵੱਧ ਸੀਟਾਂ 'ਤੇ ਲੜੀਆਂ ਸਨ

ਜਨਤਾ ਨੂੰ ਲੁਭਾਉਣ ਲਈ ਦਿੱਲੀ ਦੇ ਫਰੀ ਬਿਜਲੀ ਪਾਣੀ ਦਾ ਮਾਡਲ ਵੀ ਇਨ੍ਹਾਂ ਪ੍ਰਦੇਸ਼ਾ ਵਿੱਚ ਲੈ ਕੇ ਜਾਣ ਦਾ ਪਲਾਨ ਹੈ।

ਪਾਰਟੀ ਇਨ੍ਹਾਂ ਪ੍ਰਦੇਸ਼ਾਂ ਵਿੱਚ ਸਥਾਨਕ ਅਗਵਾਈ 'ਤੇ ਦਾਅ ਲਗਾ ਰਹੀ ਹੈ ਕਿਉਂਕਿ ਕੌਮੀ ਪੱਧਰ 'ਤੇ ਇੱਕ ਹੀ ਨੇਤਾ ਹਨ, ਅਰਵਿੰਦ ਕੇਜਰੀਵਾਲ।

ਵਿਸਥਾਰ ਦੇ ਮੂਡ ਵਿੱਚ ਪਾਰਟੀ

ਤਾਂ ਕੀ ਇਨ੍ਹਾਂ ਪ੍ਰਦੇਸ਼ਾਂ ਵਿੱਚ ਚੋਣਾਂ ਲੜ ਕੇ ਪਾਰਟੀ ਦੀ ਅਗਵਾਈ ਦੀ ਦੂਜੀ ਕਤਾਰ ਵਾਲੇ ਨੇਤਾ ਮਿਲ ਜਾਣਗੇ?

ਇਸ 'ਤੇ ਅਭੈ ਦੁਬੇ ਕਹਿੰਦੇ ਹਨ, "ਪੰਜਾਬ ਵਿੱਚ ਪਿਛਲੇ ਵਿਧਾਨ ਸਭਾ ਚੋਣਾਂ ਵਿੱਚ ਇੱਕ ਕੋਸ਼ਿਸ਼ ਕੀਤੀ ਗਈ ਸੀ। ਪਰ ਉਹ ਵਿਰੋਧੀ ਧਿਰ ਤੱਕ ਸਿਮਟ ਕੇ ਰਹਿ ਗਏ। ਇਸ ਵਾਰ ਫਿਰ ਉਹ ਕੋਸ਼ਿਸ਼ ਕਰ ਰਹੇ ਹਨ।"

"ਉੱਥੇ ਪਾਰਟੀ ਲਈ ਸੰਭਾਵਨਾ ਵੀ ਹੈ ਕਿਉਂਕਿ ਕਾਂਗਰਸ ਵਿੱਚ ਉੱਥੇ ਕਲੇਸ਼ ਹਨ ਅਤੇ ਅਕਾਲੀ ਦਲ ਨੇ ਭਾਜਪਾ ਦਾ ਸਾਥ ਛੱਡ ਦਿੱਤਾ ਹੈ। ਕਿਸਾਨ ਅੰਦੋਲਨ ਕਾਰਨ ਭਾਜਪਾ ਦੀ ਸਥਿਤੀ ਵੈਸੇ ਹੀ ਖ਼ਰਾਬ ਹੈ।"

ਉਹ ਕਹਿੰਦੇ ਹਨ, "ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕੋਈ ਵੀ ਸਿਆਸੀ ਦਲ ਲੰਬੇ ਸਮੇਂ ਵਿੱਚ ਵਿਕਸਿਤ ਹੁੰਦਾ ਹੈ। ਜਨਸੰਘ, ਭਾਜਪਾ, ਕਾਂਗਰਸ ਦਾ ਹੀ ਉਦਾਹਰਣ ਦੇਖ ਲਓ। ਸਾਰੇ ਗੇੜਾਂ ਵਿੱਚੋਂ ਹੋ ਕੇ ਸਾਰੀਆਂ ਪਾਰਟੀਆਂ ਲੰਘੀਆਂ ਹਨ।"

ਤਸਵੀਰ ਸਰੋਤ, MOHD ZAKIR/HINDUSTAN TIMES VIA GETTY IMAGE

ਤਸਵੀਰ ਕੈਪਸ਼ਨ,

ਮਨੀਸ਼ ਸਿਸੋਦੀਆ, ਅਰਵਿੰਦ ਕੇਜਰੀਵਾਲ ਅਤੇ ਗੋਪਾਲ ਰਾਏ

"ਜੋ ਪਾਰਟੀਆਂ ਵਿਕਸਿਤ ਹੋਣਾ ਬੰਦ ਕਰ ਦਿੰਦੀਆਂ ਹਨ, ਉਹ ਹੌਲੀ-ਹੌਲੀ ਮਰ ਜਾਂਦੀਆਂ।"

"ਕਿਸੇ ਪਾਰਟੀ ਦੀ ਕੌਮੀ ਅਗਵਾਈ, ਨਿਰੰਤਰਤਾ ਮੰਗਦੀ ਹੈ। ਆਦਰਸ਼ ਸਥਿਤੀ ਇਹ ਨਹੀਂ ਹੈ ਕਿ ਜਿਸ ਵਿਅਕਤੀ ਨਾਲ ਪਾਰਟੀ ਪਛਾਣੀ ਜਾਂਦੀ ਹੈ, ਜਿਸ ਕਾਰਨ ਲੋਕ ਪਾਰਟੀ ਵੱਲ ਆਕਰਸ਼ਿਤ ਹੁੰਦੇ ਹਨ, ਗੋਲਬੰਦੀ ਹੁੰਦੀ ਹੈ ਉਹ ਖ਼ੁਦ ਉਥੋਂ ਹਟ ਜਾਣ।"

"ਹਾਲਾਂਕਿ, ਜੇਪ੍ਰਕਾਸ਼ ਨਾਰਾਇਣ ਨੇ ਅਜਿਹੀ ਮਿਸਾਲ ਪੇਸ਼ ਕੀਤੀ ਸੀ। ਪਾਰਟੀ ਬਣਾਈ ਸੀ ਅਤੇ ਫਿਰ ਹਟ ਗਏ ਅਤੇ ਦੂਜਿਆਂ ਨੂੰ ਸੱਤਾ ਸੰਭਾਲਣ ਦਿੱਤੀ ਪਰ ਕੀ ਸਫਲਤਾ ਉਨ੍ਹਾਂ ਨੂੰ ਮਿਲੀ ਸੀ?"

ਅਭੈ ਦੁਬੇ ਦਾ ਅੰਦਾਜ਼ਾ ਹੈ ਕਿ ਪੰਜਾਬ ਵਿੱਚ ਪਾਰਟੀ ਜੇ ਚੰਗਾ ਪ੍ਰਦਰਸ਼ ਕਰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਦੁਬਾਰਾ ਪਾਰਟੀ ਨੂੰ ਆਪਣੀ ਰਣਨੀਤੀ, ਯੋਜਨਾਵਾਂ ਅਤੇ ਨਿਯੁਕਤੀਆਂ 'ਤੇ ਗ਼ੌਰ ਕਰਨਾ ਪਵੇਗਾ।

ਕੇਜਰੀਵਾਲ ਪਾਰਟੀ ਦੀ ਮਜਬੂਰੀ ਹੈ ਜਾਂ ਮਜ਼ਬੂਤੀ?

ਜਦੋਂ ਗੱਲ ਪਾਰਟੀ ਵਿੱਚ ਅਹੁਦੇ ਦੀ ਹੋ ਰਹੀ ਹੋਵੇ, ਤਾਂ ਅਰਵਿੰਦ ਕੇਜਰੀਵਾਲ ਦਾ ਪਾਰਟੀ ਦੇ ਵਰਕਰਾਂ ਲਈ ਹਾਲ ਹੀ ਵਿੱਚ ਜਾਰੀ ਸੰਦੇਸ਼ ਦਾ ਉਲੇਖ ਜਰੂਰੀ ਹੋ ਜਾਂਦਾ ਹੈ।

11 ਸਤੰਬਰ ਨੂੰ ਹੀ ਅਰਵਿੰਦ ਕੇਜਰੀਵਾਲ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਹੋਇਆ ਕਿਹਾ ਸੀ, "ਅਸੀਂ ਆਮ ਆਦਮੀ ਪਾਰਟੀ ਵਿੱਚ ਕਦੇ ਵੀ ਅਹੁਦੇ ਦੀ ਇੱਛਾ ਨਾ ਰੱਖਣਾ। ਜੇ ਤੁਹਾਡੇ ਅੰਦਰ ਅਹੁਦੇ ਦੀ ਇੱਛਾ ਜਾਗ ਜਾਂਦੀ ਹੈ ਤਾਂ ਮਤਲਬ ਹੈ ਕਿ ਮਨ ਵਿੱਚ ਕੋਈ ਸੁਆਰਥ ਜਾ ਗਿਆ।"

"ਜਦੋਂ ਕਿਸੇ ਦੇ ਮਨ ਵਿੱਚ ਸੁਆਰਥ ਜਾਗ ਜਾਂਦਾ ਹੈ ਤਾਂ ਫਿਰ ਉਸ ਕੋਲੋਂ ਸੇਵਾ ਨਹੀਂ ਹੁੰਦੀ। ਮੈਂ ਨਹੀਂ ਚਾਹੁੰਦਾ ਕਿ ਕੋਈ ਅਜਿਹਾ ਸਮਾਂ ਆਏ ਕਿ ਆਮ ਆਦਮੀ ਵੱਲ ਲੋਕ ਦੇਖ ਕੇ ਕਹਿਣ, ਉਹ ਤਾਂ ਭਾਜਪਾ ਵਾਂਗ ਹੋ ਗਈ ਹੈ।"

"ਇਹ ਤਾਂ ਕਾਂਗਰਸ ਵਾਂਗ ਹੋ ਗਈ। ਅਸੀਂ ਇਸ ਲਈ ਤਾਂ ਨਹੀਂ ਆਏ ਸਨ। ਅਸੀਂ ਇਸ ਲਈ ਪਾਰਟੀ ਨਹੀਂ ਬਣਾਈ ਸੀ।"

ਅਰਵਿੰਦ ਕੇਜਰੀਵਾਲ ਦੇ ਇਸ ਸੰਦੇਸ਼ ਦਾ ਸੰਵਿਧਾਨ ਬਦਲ ਕੇ ਤੀਜੀ ਵਾਰ ਕਨਵੀਨਰ ਅਹੁਦੇ 'ਤੇ ਬਿਰਾਜਮਾਨ ਹੋ ਕੇ ਆਪਸ ਵਿੱਚ ਕੋਈ ਨਾਤਾ ਹੈ ਵੀ ਜਾਂ ਨਹੀਂ।

ਇਹ ਜਾਨਣ ਲਈ ਬੀਬੀਸੀ ਨੇ ਪਾਰਟੀ ਦੇ ਮੋਹਰੀ ਅਗਵਾਈ ਕੋਲੋਂ ਸਵਾਲ ਪੁੱਛੇ।

ਕੋਈ ਨੇਤਾ ਉਪਲਬਧ ਨਹੀਂ ਸਨ, ਕਈਆਂ ਨੇ ਮੈਸਜ 'ਤੇ ਅਸਮਰਥਾ ਜਤਾਈ ਅਤੇ ਕਈਆਂ ਨੇ ਜਵਾਬ ਨਹੀਂ ਦਿੱਤਾ।

ਆਮ ਆਦਮੀ ਪਾਰਟੀ ਦੇ ਨਾਲ ਅੰਦੋਲਨ ਵੇਲੇ ਰਹਿਣ ਵਾਲੇ ਵਿਧਾਇਕ ਸੋਮਨਾਥ ਭਾਰਤੀ ਨੇ ਬੀਬੀਸੀ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ, "ਅਰਵਿੰਦ ਕੇਜਰੀਵਾਲ ਇਸ ਅਹੁਦੇ ਲਈ ਸਭ ਤੋਂ ਜ਼ਿਆਦਾ ਕਾਬਿਲ ਵਿਅਕਤੀ ਹੈ।"

"ਉਹ ਪਾਰਟੀ ਅੰਦਰ ਸਭ ਤੋਂ ਜ਼ਿਆਦਾ ਜ਼ਿੰਮੇਵਾਰ, ਸਮਾਂ ਦੇਣ ਵਾਲੇ ਅਤੇ ਪਾਰਟੀ ਲਈ ਸੋਚਣ ਵਾਲੇ ਨੇਤਾ ਹਨ। ਕਨਵੀਨਰ ਅਹੁਦੇ 'ਤੇ ਨਿਯੁਕਤੀ ਪਾਰਟੀ ਦੇ ਸੰਵਿਧਾਨ ਅਤੇ ਲੋਕਤਾਂਤਰਿਕ ਪ੍ਰਕਿਰਿਆ ਦੇ ਤਹਿਤ ਹੋਈ ਹੈ।"

ਉਨ੍ਹਾਂ ਨੂੰ ਕਨਵੀਨਰ ਚੁਣਨ ਲਈ ਬਕਾਇਦਾ ਨੈਸ਼ਨਲ ਕਾਊਂਸਿਲ ਦੀ ਬੈਠਕ ਸੱਦੀ ਗਈ, ਉਸ ਵਿੱਚ ਵੋਟ ਪਾਉਣ ਤੋਂ ਬਾਅਦ ਕੌਮੀ ਕਾਰਜਕਾਰਨੀ ਦਾ ਗਠਨ ਹੋਇਆ, ਉੱਥੇ ਵੀ ਵੋਟਿੰਗ ਅਤੇ ਪੀਏਸੀ ਦਾ ਗਠਨ ਹੋਇਆ ਅਤੇ ਫਿਰ ਕਨਵੀਨਰ ਅਹੁਦੇ 'ਤੇ ਉਨ੍ਹਾਂ ਦੀ ਚੋਣ ਹੋਈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪਰ ਅਜਿਹਾ ਕਰਨ ਤੋਂ ਪਹਿਲਾਂ ਹੀ ਪਾਰਟੀ ਦੇ ਸੰਵਿਧਾਨ ਨੂੰ ਬਦਲਣ ਦੀ ਲੋੜ ਕਿਉਂ ਪਈ?

ਇਸ ਸਵਾਲ ਦੇ ਜਵਾਬ ਵਿੱਚ ਸੋਮਾਨਥ ਭਾਰਤੀ ਕਹਿੰਦੇ ਹਨ, "ਜਦੋਂ ਤੁਸੀਂ ਕਿਸੇ ਨਵੇਂ ਰਸਤੇ 'ਤੇ ਤੁਰਦੇ ਹੋ, ਤਾਂ ਉਸ ਲਈ ਕੁਝ ਨਿਯਮ ਬਣਾਏ ਜਾਂਦੇ ਹਨ।"

"ਰਸਤੇ ਵਿੱਚ ਕਈ ਨਵੇਂ ਹਾਲਾਤ ਪੈਦਾ ਹੁੰਦੇ ਹਨ, ਉਸ ਦੇ ਤਹਿਤ ਪੁਰਾਣੇ ਨਿਯਮਾਂ ਵਿੱਚ ਬਦਲਾਅ ਵੀ ਲੈ ਕੇ ਆਉਣਾ ਹੈ। ਜੋ ਸਮੇਂ ਦੀ ਮੰਗ ਹੈ ਉਸ ਹਿਸਾਬ ਨਾਲ ਪਾਰਟੀ ਨੇ ਫ਼ੈਸਲਾ ਕੀਤਾ ਹੈ।"

ਉਹ ਅੱਗੇ ਕਹਿੰਦੇ ਹਨ, "ਪਾਰਟੀ ਇੱਕ ਆਦਮੀ 'ਤੇ ਕੇਂਦਰਿਤ ਹੁੰਦੀ ਜਾ ਰਹੀ ਹੈ, ਅਜਿਹਾ ਨਹੀਂ ਲਗਦਾ ਹੈ। ਪਾਰਟੀ ਦੇ ਨਾਲ ਜੁੜੇ ਸਾਰੇ ਲੋਕਾਂ ਨੂੰ ਆਪਣੀ-ਆਪਣੀ ਜ਼ਿੰਮੇਵਾਰੀ ਮਿਲੀ ਹੋਈ ਹੈ।"

"ਮੇਰੇ ਕੋਲ ਦੱਖਣ ਦੇ ਪੰਜ ਸੂਬਿਆਂ ਦੀ ਜ਼ਿੰਮੇਵਾਰੀ ਰਹੀ ਹੈ। ਪਾਰਟੀ ਨਾਲ ਜੁੜੇ ਸਾਰੇ ਲੋਕ ਆਪਣਾ ਵਿਧਾਨਸਭਾ ਖੇਤਰ ਸੰਭਾਲਦੇ ਹਨ। ਸਾਡੇ ਕੋਲ ਜ਼ਿੰਮੇਵਾਰੀ ਜ਼ਿਆਦਾ ਹੈ ਅਤੇ ਲੋਕ ਘੱਟ ਹਨ।"

ਅਰਵਿੰਦ ਕੇਜਰੀਵਾਲ ਫਿਲਹਾਲ ਦਿੱਲੀ ਦੇ ਮੁੱਖ ਮੰਤਰੀ ਵੀ ਹਨ ਅਤੇ ਪਾਰਟੀ ਦੇ ਕਨਵੀਨਰ ਵੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)