ਹਰਿਆਣਾ ਤੇ ਹਿਮਾਚਲ ਦੇ ਜ਼ਿਮਨੀ ਚੋਣ ਨਤੀਜੇ ਸੂਬਾਈ ਲੀਡਰਸ਼ਿਪ ਦੀ ਹਾਰ ਜਾਂ ਮੋਦੀ ਦੀ
- ਸਰੋਜ ਸਿੰਘ
- ਬੀਬੀਸੀ ਪੱਤਰਕਾਰ

ਤਸਵੀਰ ਸਰੋਤ, TWITTER
ਤਿੰਨ ਲੋਕ ਸਭਾ ਅਤੇ 29 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਮੰਗਲਵਾਰ ਨੂੰ ਐਲਾਨੇ ਗਏ।
ਇਨ੍ਹਾਂ 'ਚ ਭਾਜਪਾ ਨੇ 7 ਸੀਟਾਂ ਅਤੇ ਉਸਦੇ ਸਹਿਯੋਗੀਆਂ ਨੇ 8 ਸੀਟਾਂ 'ਤੇ ਜਿੱਤ ਹਾਸਲ ਕੀਤੀ। ਕਾਂਗਰਸ ਨੂੰ ਵੀ 8 ਸੀਟਾਂ ਮਿਲੀਆਂ।
ਇਨ੍ਹਾਂ ਦੋਵਾਂ ਪਾਰਟੀਆਂ ਤੋਂ ਇਲਾਵਾ ਟੀਐਮਸੀ ਨੇ ਪੱਛਮੀ ਬੰਗਾਲ ਦੀਆਂ ਸਾਰੀਆਂ 4 ਸੀਟਾਂ ਜਿੱਤੀਆਂ ਹਨ। ਬਾਕੀ ਸੀਟਾਂ 'ਤੇ ਖੇਤਰੀ ਪਾਰਟੀਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ।
ਇਨ੍ਹਾਂ ਨਤੀਜਿਆਂ ਤੋਂ ਬਾਅਦ ਕਾਂਗਰਸੀ ਖੇਮੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਭਾਜਪਾ ਵਿੱਚ ਕੁਝ ਤਣਾਅ ਹੈ।
ਕਾਂਗਰਸ ਨੇਤਾ ਪੀ ਚਿਦੰਬਰਮ ਨੇ ਜਨਤਾ ਦੇ ਇਸ ਫੈਸਲੇ ਨੂੰ 2022 ਵਿੱਚ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਟਵੀਟ ਕੀਤਾ ਹੈ।
ਇਨ੍ਹਾਂ ਨਤੀਜਿਆਂ ਤੋਂ ਬਾਅਦ ਸਭ ਤੋਂ ਵੱਧ ਚਰਚਾ ਹਿਮਾਚਲ ਪ੍ਰਦੇਸ਼ ਦੀ ਹੋ ਰਹੀ ਹੈ। ਇੱਥੇ ਕਾਂਗਰਸ ਨੇ ਤਿੰਨ ਵਿਧਾਨ ਸਭਾ ਅਤੇ ਇੱਕ ਲੋਕ ਸਭਾ ਸੀਟ ਜਿੱਤੀ ਹੈ।
ਸੂਬੇ ਵਿੱਚ ਸੱਤਾਧਾਰੀ ਭਾਜਪਾ ਦੀ ਹਾਰ ਤੋਂ ਬਾਅਦ ਚਰਚਾ ਹੈ ਕਿ ਉੱਥੇ ਮੁੱਖ ਮੰਤਰੀ ਬਦਲਿਆ ਜਾ ਸਕਦਾ ਹੈ।
ਹਾਲ ਹੀ ਵਿੱਚ ਭਾਜਪਾ ਨੇ ਗੁਜਰਾਤ ਅਤੇ ਉੱਤਰਾਖੰਡ ਵਿੱਚ ਆਪਣੇ ਮੁੱਖ ਮੰਤਰੀ ਬਦਲੇ ਹਨ, ਜਿੱਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਹਿਮਾਚਲ ਵਿੱਚ 2023 ਦੇ ਨਵੰਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸੇ ਕਾਰਨ ਮੁੱਖ ਮੰਤਰੀ ਬਦਲਣ ਦੀ ਚਰਚਾ ਜ਼ੋਰ ਫੜਦੀ ਜਾ ਰਹੀ ਹੈ।
ਭਾਜਪਾ ਲਈ ਹਿਮਾਚਲ ਵਿੱਚ ਹਾਰ ਦੇ ਮਾਅਨੇ
ਹਿਮਾਚਲ ਪ੍ਰਦੇਸ਼ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦਾ ਜੱਦੀ ਸੂਬਾ ਹੈ। ਇਸੇ ਲਈ ਭਾਜਪਾ ਉਥੇ ਹਾਰ ਤੋਂ ਜ਼ਿਆਦਾ ਨਿਰਾਸ਼ ਹੈ।
ਨੱਢਾ ਨੇ ਅਸਾਮ, ਬਿਹਾਰ, ਤੇਲੰਗਾਨਾ ਅਤੇ ਮੱਧ ਪ੍ਰਦੇਸ਼ 'ਚ ਪਾਰਟੀ ਦੀ ਜਿੱਤ 'ਤੇ ਵੱਖਰੇ ਤੌਰ 'ਤੇ ਟਵੀਟ ਕੀਤਾ ਪਰ ਹਿਮਾਚਲ ਅਤੇ ਕਰਨਾਟਕ ਬਾਰੇ ਚੁੱਪ ਧਾਰ ਲਈ।
ਤਸਵੀਰ ਸਰੋਤ, Getty Images
ਹਾਲਾਂਕਿ, ਹਿਮਾਚਲ ਪ੍ਰਦੇਸ਼ ਤੋਂ ਸੀਨੀਅਰ ਪੱਤਰਕਾਰ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ, ''ਜ਼ਿਮਨੀ ਚੋਣ ਵਿੱਚ ਭਾਜਪਾ ਦੀ ਹਾਰ ਨੂੰ ਜੇਪੀ ਨੱਡਾ ਨਾਲ ਜੋੜਨਾ ਅਤਿਕਥਨੀ ਹੈ।"
"ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾ ਤਾਂ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਹਿਮਾਚਲ ਆਏ ਅਤੇ ਨਾ ਹੀ ਇਹ ਚੋਣਾਂ ਉਨ੍ਹਾਂ ਦੇ ਇਲਾਕੇ 'ਚ ਹੋਈਆਂ।
ਨਤੀਜਿਆਂ 'ਚ ਸਿਰਫ਼ ਇੱਕ ਫੈਕਟਰ ਨੇ ਕੰਮ ਕੀਤਾ, ਉਹ ਹੈ- ਵੀਰਭੱਦਰ ਸਿੰਘ।
ਵੀਰਭੱਦਰ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਨੇ ਜਨਤਾ ਨੂੰ ਪ੍ਰਭਾਵਿਤ ਕੀਤਾ। ਇਸੇ ਲਈ ਚਰਚਾ ਮੁੱਖ ਮੰਤਰੀ ਬਾਰੇ ਹੈ।
ਕੀ ਜੈ ਰਾਮ ਠਾਕੁਰ ਅੱਗੇ ਵੀ ਮੁੱਖ ਮੰਤਰੀ ਬਣੇ ਰਹਿਣਗੇ?''
ਮੁੱਖ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣ ਲਈ ਜੈ ਰਾਮ ਠਾਕੁਰ ਦੇ ਪੱਖ਼ 'ਚ ਕਈ ਗੱਲਾਂ ਹਨ।
ਉਨ੍ਹਾਂ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸ਼ਵਨੀ ਸ਼ਰਮਾ ਕਹਿੰਦੇ ਹਨ, "ਜੈਰਾਮ ਠਾਕੁਰ ਦੀ ਦਿੱਖ ਇੱਕ ਇਮਾਨਦਾਰ ਆਗੂ ਦੀ ਹੈ। ਉਹ ਸਖ਼ਤ ਮਿਹਨਤ ਕਰਕੇ ਇਸ ਮੁਕਾਮ 'ਤੇ ਪਹੁੰਚੇ ਹਨ।
ਉਹ ਜੇਪੀ ਨੱਡਾ ਦੇ ਵੀ ਕਰੀਬੀ ਹਨ। ਇੱਕ ਸਮੇਂ ਉਨ੍ਹਾਂ ਨੇ ਜੇਪੀ ਨੱਡਾ ਨੂੰ ਮੱਖ ਮੰਤਰੀ ਬਣਾਉਣ ਲਈ ਕੰਮ ਕੀਤਾ ਸੀ। ਉਹ ਕੇਂਦਰ ਵਿੱਚ ਭਾਜਪਾ ਦੇ ਹੋਰ ਵੱਡੇ ਆਗੂਆਂ ਦੀ ਪਸੰਦ ਵੀ ਹਨ।
ਤਸਵੀਰ ਸਰੋਤ, TWITTER/JAIRAM THAKUR
ਮੰਡੀ ਜੈ ਰਾਮ ਠਾਕੁਰ ਦਾ ਜੱਦੀ ਜ਼ਿਲ੍ਹਾ ਹੈ, ਜਿੱਥੋਂ ਭਾਜਪਾ ਚੋਣ ਹਾਰ ਗਈ ਸੀ।
ਹਾਲਾਂਕਿ ਕਿਹੜਾ ਮੁੱਖ ਮੰਤਰੀ ਚੋਣ ਜਿੱਤਣ ਦੀ ਸਮਰੱਥਾ ਰੱਖਦਾ ਹੈ, ਇਹ ਗੱਲ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਲਈ ਬਹੁਤ ਮਾਅਨੇ ਰੱਖਦੀ ਹੈ।
ਮੰਡੀ ਜੈ ਰਾਮ ਠਾਕੁਰ ਦਾ ਜੱਦੀ ਜ਼ਿਲ੍ਹਾ ਹੈ, ਜਿੱਥੋਂ ਭਾਜਪਾ ਚੋਣ ਹਾਰ ਗਈ ਸੀ।
ਅਸ਼ਵਨੀ ਸ਼ਰਮਾ ਅੱਗੇ ਕਹਿੰਦੇ ਹਨ, "ਜੇ ਭਾਜਪਾ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਜੈ ਰਾਮ ਠਾਕੁਰ ਦੀ ਅਗਵਾਈ ਹੇਠ ਹਿਮਾਚਲ ਵਿਧਾਨ ਸਭਾ ਚੋਣਾਂ ਜਿੱਤਣਾ ਮੁਸ਼ਕਲ ਹੈ, ਤਾਂ ਉਹ ਉਨ੍ਹਾਂ ਨੂੰ ਬਦਲਣ ਤੋਂ ਨਹੀਂ ਝਿਜਕੇਗੀ।"
ਹੋਰਨਾਂ ਸੂਬਿਆਂ ਵਾਂਗ ਹਿਮਾਚਲ ਪ੍ਰਦੇਸ਼ ਵਿੱਚ ਵੀ ਹਰ ਪੰਜ ਸਾਲ ਬਾਅਦ ਸੱਤਾਧਾਰੀ ਪਾਰਟੀ ਬਦਲਣ ਦਾ ਰੁਝਾਨ ਹੈ। ਭਾਜਪਾ ਦਾ ਤਣਾਅ ਇਸ ਕਾਰਨ ਵੀ ਵਧ ਗਿਆ ਹੈ।
ਅੰਗਰੇਜ਼ੀ ਅਖਬਾਰ 'ਦਿ ਹਿੰਦੂ' ਦੀ ਪੱਤਰਕਾਰ ਨਿਸਤੁਲਾ ਹੈਬਰ ਦਾ ਕਹਿਣਾ ਹੈ ਕਿ ਇਨ੍ਹਾਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਭਾਜਪਾ ਨੂੰ ਨਿਸ਼ਚਤ ਤੌਰ 'ਤੇ ਝਟਕਾ ਲੱਗਾ ਹੈ। ਖ਼ਾਸ ਕਰਕੇ ਹਿਮਾਚਲ ਅਤੇ ਕਰਨਾਟਕ ਵਿੱਚ।
ਹਿਮਾਚਲ ਪ੍ਰਦੇਸ਼ ਬਾਰੇ ਉਹ ਕਹਿੰਦੇ ਹਨ, "ਵੀਰਭੱਦਰ ਸਿੰਘ ਦੀ ਮੌਤ ਤੋਂ ਬਾਅਦ, ਭਾਜਪਾ ਨੂੰ ਲੱਗਦਾ ਸੀ ਕਿ ਉੱਥੇ ਕਾਂਗਰਸ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਇੰਨੀ ਕਮਜ਼ੋਰ ਕਾਂਗਰਸ ਦੇ ਸਾਹਮਣੇ ਭਾਜਪਾ ਦਾ ਚੋਣ ਬੁਰੀ ਤਰ੍ਹਾਂ ਹਾਰਨਾ ਦਰਸਾਉਂਦਾ ਹੈ ਕਿ ਲੋਕਾਂ ਵਿੱਚ ਨਾਰਾਜ਼ਗੀ ਹੈ।''
"ਨਾਰਾਜ਼ਗੀ ਸੂਬਾ ਸਰਕਾਰ ਨਾਲ ਹੈ ਜਾਂ ਕੇਂਦਰ ਸਰਕਾਰ ਨਾਲ- ਇਸ ਦਾ ਮੁਲਾਂਕਣ ਭਾਜਪਾ ਨੂੰ ਕਰਨਾ ਪਵੇਗਾ।''
ਹਾਰ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਵਿੱਚ ਜੈ ਰਾਮ ਠਾਕੁਰ ਨੇ ਕਿਹਾ ਸੀ ਕਿ ਕਾਂਗਰਸ ਨੇ ਮਹਿੰਗਾਈ ਨੂੰ ਇੱਕ ਵੱਡੇ ਹਥਿਆਰ ਵਜੋਂ ਵਰਤਿਆ ਹੈ। ਇਸ ਤੋਂ ਸਾਫ਼ ਹੈ ਕਿ ਉਹ ਹਾਰ ਦਾ ਦੋਸ਼ ਕੇਂਦਰ ਸਰਕਾਰ 'ਤੇ ਮੜ੍ਹ ਰਹੇ ਹਨ।
ਤਸਵੀਰ ਸਰੋਤ, Getty Images
ਬੀ.ਐਸ. ਯੇਦੀਯੁਰੱਪਾ ਭਾਜਪਾ ਦੇ ਪੁਰਾਣੇ ਤੇ ਘਾਗ ਆਗੂ ਹਨ
ਹਾਲਾਂਕਿ ਕੁਝ ਸਥਾਨਕ ਮੁੱਦੇ ਵੀ ਸਨ, ਜਿਨ੍ਹਾਂ 'ਤੇ ਭਾਜਪਾ ਨੇ ਵਾਅਦੇ ਤਾਂ ਕੀਤੇ ਪਰ ਪੂਰੇ ਨਹੀਂ ਕਰ ਸਕੀ, ਜਿਨ੍ਹਾਂ 'ਚੋਂ ਇਕ ਨੈਸ਼ਨਲ ਹਾਈਵੇ ਨੂੰ ਚੌੜਾ ਕਰਨ ਨਾਲ ਜੁੜਿਆ ਹੈ।
ਕੇਂਦਰ ਵਿੱਚ ਹਿਮਾਚਲ ਦੇ ਦੋ ਵੱਡੇ ਚਿਹਰੇ ਹਨ। ਇੱਕ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਦੂਜੇ ਅਨੁਰਾਗ ਠਾਕੁਰ, ਜੋ ਮੋਦੀ ਸਰਕਾਰ ਵਿੱਚ ਮੰਤਰੀ ਵੀ ਹਨ।
ਭਾਜਪਾ ਲਈ ਨਤੀਜਿਆਂ ਦੇ ਮਾਅਨੇ
ਹਿਮਾਚਲ ਪ੍ਰਦੇਸ਼ ਤੋਂ ਬਾਅਦ ਭਾਜਪਾ ਨੂੰ ਕਰਨਾਟਕ ਤੋਂ ਨਿਰਾਸ਼ਾ ਮਿਲੀ।
ਕਰਨਾਟਕ ਜ਼ਿਮਨੀ ਚੋਣਾਂ ਵਿੱਚ ਉਹ ਇੱਕ ਸੀਟ ਜਿੱਤ ਸਕੀ ਹੈ ਅਤੇ ਇੱਕ ਸੀਟ ਹਾਰ ਗਈ ਹੈ। ਇਹ ਹਾਰ ਹੰਗਲ ਸੀਟ 'ਤੇ ਹੋਈ ਹੈ।
ਇਹ ਸੀਟ ਮੁੱਖ ਮੰਤਰੀ ਬਸਵਰਾਜ ਬੋਮਈ ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਸੀ, ਕਿਉਂਕਿ ਇਹ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਵਿੱਚ ਸੀ।
ਭਾਜਪਾ ਨੇ ਹਾਲ ਹੀ ਵਿੱਚ ਬੀਐਸ ਯੇਦੀਯੁਰੱਪਾ ਦੀ ਥਾਂ ਕਰਨਾਟਕ ਵਿੱਚ ਬਸਵਰਾਜ ਬੋਮਈ ਨੂੰ ਸੂਬੇ ਦੀ ਕਮਾਨ ਸੌਂਪ ਦਿੱਤੀ ਸੀ।
ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਪ੍ਰੀਖਿਆ ਸੀ, ਜਿਸ ਨੂੰ ਉਨ੍ਹਾਂ ਨੇ ਆਪਣੇ ਵੱਕਾਰ ਨਾਲ ਜੋੜਿਆ।
ਨਿਸਤੁਲਾ ਦਾ ਕਹਿਣਾ ਹੈ, "ਬੀਐੱਸ ਯੇਦੀਯੁਰੱਪਾ ਭਾਜਪਾ ਦੇ ਪੁਰਾਣੇ ਤੇ ਘਾਗ ਆਗੂ ਹਨ, ਜਿਨ੍ਹਾਂ ਦੀ ਜਨਤਾ ਵਿੱਚ ਚੰਗੀ ਪਕੜ ਮੰਨੀ ਜਾਂਦੀ ਹੈ।''
''ਭਾਜਪਾ ਨੇ ਉਨ੍ਹਾਂ ਨੂੰ ਹਟਾ ਕੇ ਸਹੀ ਫੈਸਲਾ ਲਿਆ ਜਾਂ ਨਹੀਂ - ਇਸ ਹਾਰ ਦੇ ਪ੍ਰਸੰਗ ਵਿੱਚ, ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਦੁਬਾਰਾ ਸੋਚਣਾ ਪੈ ਸਕਦਾ ਹੈ।"
ਸ਼ਿਵਰਾਜ ਸਿੰਘ ਅਤੇ ਹੇਮੰਤ ਬਿਸਵਾ ਸਰਮਾ ਹੋਏ ਮਜਬੂਤ
ਦੂਜੇ ਪਾਸੇ ਦੋ ਰਾਜ ਅਜਿਹੇ ਹਨ ਜਿੱਥੋਂ ਭਾਜਪਾ ਨੂੰ ਕੁਝ ਰਾਹਤ ਮਿਲੀ ਹੈ।
ਅਸਾਮ ਵਿੱਚ, ਭਾਜਪਾ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਸਾਰੀਆਂ ਪੰਜ ਸੀਟਾਂ 'ਤੇ ਜਿੱਤ ਹਾਸਲ ਕੀਤੀ। ਮੁੱਖ ਮੰਤਰੀ ਹੇਮੰਤ ਬਿਸਵ ਸਰਮਾ ਨੇ ਇਸ ਦਾ ਸਿਹਰਾ ਪਾਰਟੀ ਵਰਕਰਾਂ ਅਤੇ ਸਰਕਾਰ ਦੇ ਕੰਮ ਨੂੰ ਦਿੱਤਾ।
ਤਸਵੀਰ ਸਰੋਤ, AFP
ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਵਿੱਚ ਵੀ ਭਾਜਪਾ ਦੀ ਕਾਰਗੁਜ਼ਾਰੀ ਮਾੜੀ ਨਹੀਂ ਰਹੀ। ਖਾਸ ਤੌਰ 'ਤੇ ਜੌਬਟ ਸੀਟ, ਜੋ 70 ਸਾਲਾਂ 'ਚ ਦੂਜੀ ਵਾਰ ਭਾਜਪਾ ਦੇ ਖਾਤੇ 'ਚ ਗਈ ਹੈ।
ਨਿਸਤੁਲਾ ਦਾ ਕਹਿਣਾ ਹੈ, "ਕਰਨਾਟਕ ਦੇ ਉਲਟ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਪਾਰਟੀ ਦਾ ਪੁਰਾਣਾ ਚਿਹਰਾ ਹਨ। ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਉਨ੍ਹਾਂ ਤੋਂ ਖੁਸ਼ ਨਹੀਂ ਹੈ। ਪਰ ਉਪ ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਸ਼ਿਵਰਾਜ ਸਿੰਘ ਚੌਹਾਨ ਹੀ ਮੱਧ ਪ੍ਰਦੇਸ਼ 'ਚ ਭਾਜਪਾ ਦੇ ਸਭ ਤੋਂ ਵੱਡੇ ਚਿਹਰੇ ਹਨ।
ਮੱਧ ਪ੍ਰਦੇਸ਼ ਦੀ ਸਿਆਸਤ 'ਚ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੰਤਰੀ ਮੰਡਲ 'ਚ ਫੇਰਬਦਲ ਨੂੰ ਲੈ ਕੇ ਕਾਫੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ।
ਸ਼ਿਵਰਾਜ ਦੇ ਵਿਰੋਧੀ ਧੜੇ ਵਜੋਂ ਜਾਣੇ ਜਾਂਦੇ ਕੁਝ ਸਥਾਨਕ ਆਗੂਆਂ ਦੀ ਬਿਆਨਬਾਜ਼ੀ ਨੂੰ ਸੱਤਾ ਹਥਿਆਉਣ ਦੀ ਕੋਸ਼ਿਸ਼ ਵਜੋਂ ਦੇਖਿਆ ਗਿਆ।
ਹਾਲਾਂਕਿ ਹੁਣ ਮੰਨਿਆ ਜਾ ਰਿਹਾ ਹੈ ਕਿ ਸ਼ਿਵਰਾਜ ਸਿੰਘ ਚੌਹਾਨ ਉੱਥੇ ਹੋਰ ਮਜ਼ਬੂਤ ਸਥਿਤੀ 'ਚ ਆ ਗਏ ਹਨ।
ਇਹ ਵੀ ਪੜ੍ਹੋ:
ਇਸੇ ਤਰ੍ਹਾਂ ਹਰਿਆਣਾ ਦੀ ਏਲਨਾਬਾਦ ਸੀਟ ਤੋਂ ਅਭੈ ਚੌਟਾਲਾ ਦੀ ਜਿੱਤ ਨਾਲ ਭਾਜਪਾ ਨੇ ਸੁੱਖ ਦਾ ਸਾਹ ਲਿਆ ਹੈ।
ਚੌਟਾਲਾ ਦੀ ਜਿੱਤ ਦੇ ਭਾਜਪਾ ਲਈ ਮਾਅਨੇ
ਅਭੈ ਚੌਟਾਲਾ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਧਾਨ ਸਭਾ ਤੋਂ ਵਿਧਾਇਕ ਵਜੋਂ ਅਸਤੀਫਾ ਦੇ ਦਿੱਤਾ ਸੀ।
ਭਾਜਪਾ ਦਾ ਮੰਨਣਾ ਹੈ ਕਿ ਭਾਵੇਂ ਅਭੈ ਸਿੰਘ ਚੌਟਾਲਾ ਚੋਣ ਜਿੱਤ ਗਏ ਹਨ, ਪਰ ਉਨ੍ਹਾਂ ਦੀ ਜਿੱਤ ਦਾ ਅੰਤਰ ਹੁਣ ਪਹਿਲਾਂ ਨਾਲੋਂ ਘੱਟ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸਾਨ ਅੰਦੋਲਨ ਕੋਈ ਵੱਡਾ ਮੁੱਦਾ ਨਹੀਂ ਹੈ।
ਇਸ ਵਾਰ ਅਭੈ ਚੌਟਾਲਾ 6 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ, ਜੋ ਪਿਛਲੀ ਵਾਰ ਨਾਲੋਂ 50 ਫੀਸਦੀ ਘੱਟ ਹਨ।
ਤਸਵੀਰ ਸਰੋਤ, Abhay chautala/FB
ਅਭੈ ਸਿੰਘ ਚੌਟਾਲਾ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਮਗਰੋਂ ਇਹ ਸੀਟ ਖਾਲੀ ਹੋਈ ਸੀ। (ਜਿੱਤ ਦਾ ਜਸ਼ਨ ਮਨਾਉਂਦ ਹੋਏ)
ਕੁਝ ਲੋਕਾਂ ਦਾ ਕਹਿਣਾ ਹੈ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਜੇਜੇਪੀ ਤੇ ਭਾਜਪਾ ਨੇ ਇਸ ਵਾਰ ਮਿਲ ਕੇ ਚੋਣ ਲੜੀ, ਚੋਣ ਦੌਰਾਨ ਸੱਤਾਧਾਰੀ ਗਠਜੋੜ ਨੇ ਸਰਕਾਰੀ ਤੰਤਰ ਦੀ ਮਨਆਈ ਵਰਤੋਂ ਕੀਤੀ।
ਜਿੱਤ ਹਾਰ ਦਾ ਫਰਕ ਘਟਣ ਤੋਂ ਭਾਜਪਾ ਖੁਸ਼ ਹੋ ਸਕਦੀ ਹੈ, ਇਸ ਵਾਰ ਜੇਜੇਪੀ ਦੇ ਖਾਤੇ ਦੀਆਂ ਵੋਟਾਂ ਜੁੜਨ ਦੇ ਬਾਵਜੂਦ ਹਾਰ ਮਿਲਣਾ ਭਾਜਪਾ ਲ਼ਈ ਚਿੰਤਾਜਨਕ ਜ਼ਰੂਰ ਹੋ ਸਕਦਾ ਹੈ।
ਇਸਦੇ ਬਾਵਜੂਦ ਅਭੈ ਚੋਟਾਲਾ ਦੀ ਜਿੱਤ ਪਿੱਛੇ ਕਿਸਾਨ ਅੰਦੋਲਨ ਨੂੰ ਇੱਕ ਵੱਡਾ ਕਾਰਕ ਮੰਨਿਆ ਜਾ ਰਿਹਾ ਹੈ।
ਕਾਂਗਰਸ ਲਈ ਮਾਅਨੇ
29 ਸੀਟਾਂ 'ਚੋਂ ਕਾਂਗਰਸ ਨੇ 8 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਬਾਰੇ ਟਵੀਟ ਕਰਕੇ ਇਸ ਨੂੰ ਨਫ਼ਰਤ ਖ਼ਿਲਾਫ਼ ਜਿੱਤ ਦੱਸਿਆ ਹੈ।
ਤਸਵੀਰ ਸਰੋਤ, Reuters
ਸੀਨੀਅਰ ਪੱਤਰਕਾਰ ਅਤੇ ਲੇਖਕ ਰਾਸ਼ੀਦ ਕਿਦਵਈ ਦਾ ਕਹਿਣਾ ਹੈ, "ਕਾਂਗਰਸ ਦੀ ਜਿੱਤ ਕੋਈ ਬਹੁਤੀ ਮਾਅਨੇ ਨਹੀਂ ਰੱਖਦੀ। ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਜਿੱਤ ਇੱਕ ਚੰਗੀ ਗੱਲ ਹੈ। ਪਰ ਜ਼ਿਮਨੀ-ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿੱਚ ਅੰਤਰ ਹੈ।''
ਜ਼ਿਮਨੀ-ਚੋਣਾਂ ਮੂਲ ਰੂਪ ਵਿੱਚ ਸਥਾਨਕ ਮੁੱਦਿਆਂ 'ਤੇ ਲੜੀਆਂ ਜਾਂਦੀਆਂ ਹਨ।
ਜੇਕਰ ਇਹੀ ਜਿੱਤ ਗੋਆ ਵਰਗੇ ਛੋਟੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ 'ਚ ਮਿਲੀ ਹੁੰਦੀ ਤਾਂ ਇਸ ਨੂੰ ਕਾਂਗਰਸ ਦੀ ਵੱਡੀ ਜਿੱਤ ਕਿਹਾ ਜਾ ਸਕਦਾ ਸੀ ਜਾਂ ਫਿਰ ਜੇਕਰ ਉਹ ਮੱਧ ਪ੍ਰਦੇਸ਼ ਦੀਆਂ ਸਾਰੀਆਂ ਚਾਰ ਸੀਟਾਂ 'ਤੇ ਜਿੱਤ ਪ੍ਰਾਪਤ ਕਰ ਲੈਂਦੇ ਤਾਂ ਗੱਲ ਵੱਖਰੀ ਹੋਣੀ ਸੀ |
ਰਾਜਸਥਾਨ ਦੀਆਂ ਦੋਵੇਂ ਸੀਟਾਂ ਜਿੱਤ ਕੇ ਗਹਿਲੋਤ ਜ਼ਿਆਦਾ ਮਜ਼ਬੂਤ ਹੁੰਦੇ ਜਾਪਦੇ ਹਨ, ਪਰ ਵਸੁੰਧਰਾ ਰਾਜੇ ਸਿੰਧੀਆ ਦੀ ਕੇਂਦਰੀ ਲੀਡਰਸ਼ਿਪ ਨਾਲ ਟਕਰਾਅ ਦਾ ਵੀ ਰੋਲ ਹੈ।
ਜਿਸ ਤਰ੍ਹਾਂ ਕਾਂਗਰਸ ਨੇ ਬਿਹਾਰ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ, ਲੋਕਤੰਤਰ ਵਿੱਚ ਉਹ ਅਜਿਹਾ ਕਰਨ ਦਾ ਹੱਕ ਰੱਖਦੀ ਹੈ, ਪਰ ਸਿਆਸੀ ਤੌਰ 'ਤੇ ਪਾਰਟੀ ਨੂੰ ਨੁਕਸਾਨ ਝੱਲਣਾ ਪਿਆ। ਜੇਕਰ ਨਤੀਜੇ ਨਿਤੀਸ਼ ਦੇ ਹੱਕ ਵਿੱਚ ਨਾ ਹੁੰਦੇ ਤਾਂ ਸਿਆਸੀ ਹੰਗਾਮਾ ਹੋ ਸਕਦਾ ਸੀ।"
ਫਿਲਹਾਲ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਭਾਜਪਾ ਦੀ ਚਿੰਤਾ ਤੋਂ ਖੁਸ਼ ਹੋ ਸਕਦੀ ਹੈ ਪਰ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਨੂੰ ਲੰਬਾ ਸਫ਼ਰ ਤੈਅ ਕਰਨਾ ਹੈ।
ਇਹ ਵੀ ਪੜ੍ਹੋ: