ਸੀਐੱਮ ਚੰਨੀ ਦੇ ਸਮਾਗਮਾਂ 'ਚ ਗੁਰਬਾਣੀ ਚਲਾਉਣ ਦਾ ਹੁਕਮ ਦੇਣਾ ਤੇ ਫਿਰ ਉਸ ਨੂੰ ਵਾਪਿਸ ਲੈਣਾ, ਮਸਲਾ ਕੀ ਹੈ - ਪ੍ਰੈੱਸ ਰਿਵੀਊ

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, Charanjit Singh Channi/FB

ਤਸਵੀਰ ਕੈਪਸ਼ਨ,

ਵਿਰੋਧੀ ਧਿਰਾਂ ਨੇ ਇਸਦਾ ਸਖਤ ਵਿਰੋਧ ਜਤਾਇਆ

ਵੀਰਵਾਰ ਨੂੰ ਪੰਜਾਬ ਪੁਲਿਸ ਨੇ ਇੱਕ ਚਿੱਠੀ ਜਾਰੀ ਕਰਕੇ ਫੀਲਡ ਅਫਸਰਾਂ ਨੂੰ ਮੁੱਖ ਮੰਤਰੀ ਚੰਨੀ ਦੇ ਸਮਾਗਮਾਂ ਦੌਰਾਨ ਡੀਜੇ 'ਤੇ ਗੁਰਬਾਣੀ/ਧਾਰਮਿਕ ਗੀਤ ਵਜਾਉਣ ਦੀਆਂ ਹਿਦਾਇਤਾਂ ਦਿੱਤੀਆਂ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਵਾਪਸ ਲੈ ਲਿਆ ਗਿਆ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਪੰਜਾਬ ਦੇ ਮੁੱਖ ਮੰਤਰੀ ਚੰਨੀ ਦੀ ਵਿਸ਼ੇਸ਼ ਸੁਰੱਖਿਆ ਇਕਾਈ (ਐੱਸਪੀਯੂ) ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਪੁਲਿਸ ਦੇ ਸੀਨੀਅਰ ਸੁਪਰੀਟੈਂਡੈਂਟਾਂ ਨੂੰ ਇਹ ਹਿਦਾਇਤਾਂ ਜਾਰੀ ਕੀਤੀਆਂ ਸਨ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਵਿਰੋਧ ਕਰ ਰਹੀਆਂ ਸੰਸਥਾਵਾਂ ਦੀ ਨਾਅਰੇਬਾਜ਼ੀ ਨਾ ਸੁਣਾਈ ਦੇਵੇ।

ਇਸਦਾ ਸਖਤ ਵਿਰੋਧ ਜਤਾਉਂਦਿਆਂ ਵਿਰੋਧੀ ਧਿਰ ਆਪ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਇਸ ਪੱਤਰ ਦੀ ਇੱਕ ਕਾਪੀ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ।

ਜਿਸ ਤੋਂ ਬਾਅਦ ਆਫਿਸ ਆਫ ਇੰਸਪੈਕਟਰ ਜਨਰਲ ਐੱਸਪੀਯੂ ਨੇ ਇਸ ਨੂੰ ''ਕਲੈਰਿਕਲ ਮਿਸਟੇਕ' ਕਹਿੰਦਿਆਂ ਆਦੇਸ਼ ਵਾਪਸ ਲੈ ਲਿਆ। ਕੁਝ ਸਮੇਂ ਬਾਅਦ ਇੱਕ ਪੱਤਰ ਜਾਰੀ ਕਰਕੇ ਇਹ ਵੀ ਕਿਹਾ ਗਿਆ ਕਿ ਜਦੋਂ ਮੁੱਖ ਮੰਤਰੀ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹੋਣ ਤਾਂ ਉਸ ਵੇਲੇ ਲਾਊਡਸਪੀਕਰਾਂ ਦੀ ਆਵਾਜ਼ ਨੂੰ ਹੌਲੀ ਰੱਖਿਆ ਜਾਵੇ।

ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਨੂੰ ਲੈ ਕੇ ਸੂਬਾ ਸਰਕਾਰ ਅਤੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਹ ਇੱਕ ਦੁਖਦਾਈ ਮਜ਼ਾਕ ਹੈ।

ਇਹ ਵੀ ਪੜ੍ਹੋ:

ਓਮੀਕਰੋਨ ਦਾ ਪ੍ਰਭਾਵ: ਭਾਰਤ ਤੋਂ ਨਿਯਮਤ ਕੌਮਾਂਤਰੀ ਉਡਾਣਾਂ 31 ਜਨਵਰੀ ਤੱਕ ਰੱਦ

ਭਾਰਤ ਸਰਕਾਰ ਨੇ ਕੋਰੋਨਾ ਦੇ ਓਮੀਕਰੋਨ ਵੇਰੀਐਂਟ ਦੇ ਮੱਦੇਨਜ਼ਰ ਨਿਯਮਤ ਅੰਤਰਰਾਸ਼ਟਰੀ ਕਮਰਸ਼ਿਅਲ ਯਾਤਰੀ ਜਹਾਜ਼ਾਂ ਦੀ ਉਡਾਣ ਨੂੰ 31 ਜਨਵਰੀ ਤੱਕ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਤਸਵੀਰ ਸਰੋਤ, PRAKASH SINGH/GETTYIMAGES

ਤਸਵੀਰ ਕੈਪਸ਼ਨ,

ਇਸ ਤੋਂ ਪਹਿਲਾਂ ਭਾਰਤ ਸਰਕਾਰ 15 ਦਸੰਬਰ ਤੋਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਜਾ ਰਹੀ ਸੀ

ਦਿ ਟ੍ਰਿਬਿਊਨ ਦੀ ਖ਼ਬਰ ਅਨੁਸਾਰ, ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹੁਣ ਇਹ ਉਡਾਣਾਂ 31 ਜਨਵਰੀ ਤੱਕ ਰੱਦ ਰਹਿਣਗੀਆਂ।

ਇਹ ਪਾਬੰਦੀ ਅੰਤਰਰਾਸ਼ਟਰੀ ਕਾਰਗੋ ਉਡਾਣਾਂ ਅਤੇ ਡੀਜੀਸੀਏ ਦੁਆਰਾ ਮਨਜ਼ੂਰ ਅੰਤਰਰਾਸ਼ਟਰੀ ਉਡਾਣਾਂ ਲਈ ਲਾਗੂ ਨਹੀਂ ਹੋਵੇਗੀ। ਡੀਜੀਸੀਏ ਨੇ ਇਹ ਵੀ ਸਪਸ਼ੱਟ ਕੀਤਾ ਹੈ ਕਿ ਕੁਝ ਅੰਤਰਰਾਸ਼ਟਰੀ ਕਮਰਸ਼ਿਅਲ ਯਾਤਰੀ ਜਹਾਜ਼ਾਂ ਦੀ ਉਡਾਣ ਨੂੰ ਵਿਸ਼ੇਸ਼ ਸਥਿਤੀਆਂ ਵਿੱਚ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਭਾਰਤ ਦਾ 30 ਤੋਂ ਵੱਧ ਦੇਸ਼ਾਂ ਨਾਲ ਏਅਰ ਬਬਲ ਸਮਝੌਤਾ ਵੀ ਹੈ, ਜਿਸ ਦੇ ਤਹਿਤ ਕਈ ਦੇਸ਼ਾਂ ਲਈ ਉਡਾਣਾਂ ਜਾਰੀ ਹਨ।

700 ਸਾਲ ਪੁਰਾਣੇ ਕਿਲੇ 'ਚ ਵਿੱਕੀ-ਕੈਟਰੀਨਾ ਦਾ ਹੋਇਆ ਵਿਆਹ

ਫਿਲਮ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਵੀਰਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਹ ਵਿਆਹ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਬਰਵਾੜਾ ਕਿਲੇ ਦੇ ਸਿਕਸ ਸੈਂਸ ਹੋਟਲ 'ਚ ਧੂਮ-ਧਾਮ ਨਾਲ ਹੋਇਆ।

ਤਸਵੀਰ ਸਰੋਤ, Hype PR

ਤਸਵੀਰ ਕੈਪਸ਼ਨ,

ਕੈਟਰੀਨਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ''ਸਾਡੇ ਦਿਲਾਂ ਵਿੱਚ ਸਿਰਫ ਪਿਆਰ''

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਟਰੀਨਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ''ਸਾਡੇ ਦਿਲਾਂ ਵਿੱਚ ਹਰ ਉਸ ਚੀਜ਼ ਲਈ ਸਿਰਫ਼ ਪਿਆਰ ਅਤੇ ਧੰਨਵਾਦ, ਜੋ ਸਾਨੂੰ ਇਸ ਪਲ ਤੱਕ ਲੈ ਕੇ ਆਈ ਹੈ। ਅਸੀਂ ਇਕੱਠੇ ਇਹ ਨਵੀਂ ਯਾਤਰਾ ਸ਼ੁਰੂ ਕਰ ਰਹੇ ਹਾਂ, ਤੁਹਾਡੇ ਸਾਰਿਆਂ ਦੇ ਪਿਆਰ ਅਤੇ ਆਸ਼ੀਰਵਾਦ ਦੀ ਜ਼ਰੂਰਤ ਹੈ।''

ਵੀਰਵਾਰ ਨੂੰ ਇਸ ਸਮਾਰੋਹ 'ਚ ਬਾਲੀਵੁੱਡ ਦੇ ਨਾਲ-ਨਾਲ ਵਪਾਰਕ ਜਗਤ ਅਤੇ ਰਾਜਨੀਤੀ ਦੀਆਂ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ।

ਤਸਵੀਰ ਸਰੋਤ, Hype PR

ਤਸਵੀਰ ਕੈਪਸ਼ਨ,

700 ਸਾਲ ਪੁਰਾਣੇ ਕਿਲੇ ਵਿੱਚ ਹੋਇਆ ਵਿਆਹ

ਜਿਸ ਕਿਲੇ ਵਿੱਚ ਵਿਆਹ ਦਾ ਸਮਾਗਮ ਹੋਇਆ ਉਹ ਲਗਭਗ 700 ਸਾਲ ਪੁਰਾਣਾ ਹੈ ਅਤੇ ਇਸਦੇ ਹੋਟਲ 'ਚ ਤਬਦੀਲ ਹੋਣ ਤੋਂ ਬਾਅਦ ਇੱਥੇ ਪਹਿਲੀ ਵਾਰ ਵਿਆਹ ਹੋਇਆ ਹੈ।

ਜਾਣਕਾਰੀ ਮੁਤਾਬਕ ਕੈਟਰੀਨਾ ਅਤੇ ਵਿੱਕੀ ਕੌਸ਼ਲ ਲਈ ਹੋਟਲ ਵਿੱਚ ਵੱਖਰੇ ਸੂਟਸ ਬੁੱਕ ਕੀਤੇ ਗਏ ਸਨ, ਜਿਸ ਵਿੱਚ ਇੱਕ ਸੂਟ ਦਾ ਇੱਕ ਦਿਨ ਦਾ ਕਿਰਾਇਆ ਸੱਤ ਲੱਖ ਰੁਪਏ ਹੈ।

ਸਾਰੇ ਸਮਾਰੋਹ ਦੀ ਸ਼ੁਰੂਆਤ 7 ਦਸੰਬਰ ਨੂੰ ਇੱਕ ਸੰਗੀਤ ਸਮਾਰੋਹ ਨਾਲ ਹੋਈ ਤੇ 9 ਦਸੰਬਰ ਨੂੰ ਵਿਆਹ ਦੀਆਂ ਮੁੱਖ ਰਸਮਾਂ ਹੋਈਆਂ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)