ਨਰਿੰਦਰ ਮੋਦੀ : ਪ੍ਰਧਾਨ ਮੰਤਰੀ ਦਾ ਨਿੱਜੀ ਟਵਿੱਟਰ ਹੈਂਡਲ ਹੈਕ ਕਰਕੇ ਕ੍ਰਿਪਟੋਕਰੰਸੀ ਬਾਰੇ ਕੀਤਾ ਟਵੀਟ- ਪ੍ਰੈੱਸ ਰਿਵੀਊ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇਸਤੋਂ ਪਹਿਲਾਂ ਵੀ ਸਾਲ 2020 ਵਿੱਚ ਪੀਐਮ ਮੋਦੀ ਦੀ ਨਿੱਜੀ ਵੈਬਸਾਈਟ ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਸੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਜੀ ਟਵਿੱਟਰ ਹੈਂਡਲ ਐਤਵਾਰ ਤੜਕੇ-ਤੜਕੇ ਕੁਝ ਸਮੇਂ ਲਈ ਹੈਕ ਕਰ ਲਿਆ ਗਿਆ ਅਤੇ ਇਸ ਅਕਾਊਂਟ ਰਾਹੀਂ ਕ੍ਰਿਪਟੋਕਰੰਸੀ ਨੂੰ ਪ੍ਰਮੋਟ ਕਰਨ ਵਾਲਾ ਇੱਕ ਟਵੀਟ ਵੀ ਸਾਂਝਾ ਕੀਤਾ ਗਿਆ। ਹਾਲਾਂਕਿ ਬਾਅਦ ਵਿੱਚ ਇਸ ਟਵੀਟ ਨੂੰ ਮਿਟਾ ਦਿੱਤਾ ਗਿਆ।

ਹੈਕ ਹੋਣ ਤੋਂ ਕੁਝ ਦੇਰ ਬਾਅਦ ਹੀ ਪ੍ਰਧਾਨ ਮੰਤਰੀ ਦੇ ਅਕਾਊਂਟ ਨੂੰ ਬਹਾਲ ਕਰ ਲਿਆ ਗਿਆ ਸੀ।

ਇੰਡੀਆ ਟੁਡੇ ਦੀ ਖਬਰ ਮੁਤਾਬਕ, ਪੀਐਮਓ ਇੰਡੀਆ ਨੇ ਇੱਕ ਟਵੀਟ ਰਾਹੀਂ ਜਾਰੀ ਬਿਆਨ ਵਿੱਚ ਕਿਹਾ, "ਪ੍ਰਧਾਨ ਮੰਤਰੀ @narendramodi ਦੇ ਟਵਿੱਟਰ ਹੈਂਡਲ ਨਾਲ ਬਹੁਤ 'ਥੋੜ੍ਹੇ ਸਮੇਂ ਲਈ ਛੇੜਛਾੜ' ਕੀਤੀ ਗਈ ਸੀ। ਮਾਮਲਾ ਟਵਿੱਟਰ ਤੱਕ ਪਹੁੰਚਾ ਦਿੱਤਾ ਗਿਆ ਸੀ ਤੇ ਅਤੇ ਖਾਤੇ ਨੂੰ ਤੁਰੰਤ ਸੁਰੱਖਿਅਤ ਕਰ ਲਿਆ ਗਿਆ ਸੀ। ਜਿਸ ਸਮੇਂ ਦੌਰਾਨ ਖਾਤੇ ਨਾਲ ਛੇੜਛਾੜ ਹੋਈ ਸੀ, ਉਸ ਦੌਰਾਨ ਸ਼ੇਅਰ ਕੀਤੇ ਗਏ ਕਿਸੇ ਵੀ ਟਵੀਟ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ।"

ਪ੍ਰਧਾਨ ਮੰਤਰੀ ਦੇ ਖਾਤੇ ਨੂੰ ਬਹਾਲ ਕਰਨ ਤੋਂ ਪਹਿਲਾਂ, ਉਨ੍ਹਾਂ ਦੇ ਖਾਤੇ ਦੀ ਟਾਈਮਲਾਈਨ 'ਤੇ ਇੱਕ ਯੂਆਰਐੱਲ ਦੇ ਨਾਲ ਇੱਕ ਟਵੀਟ ਸਾਂਝਾ ਕੀਤਾ ਗਿਆ ਸੀ, ਜਿਸ ਵਿੱਚ ਲਿਖਿਆ ਸੀ, "ਭਾਰਤ ਨੇ ਅਧਿਕਾਰਤ ਤੌਰ 'ਤੇ ਬਿਟਕੁਆਇਨ ਨੂੰ ਕਾਨੂੰਨੀ ਟੈਂਡਰ ਵਜੋਂ ਅਪਣਾ ਲਿਆ ਹੈ। ਸਰਕਾਰ ਨੇ ਅਧਿਕਾਰਤ ਤੌਰ 'ਤੇ 500 BTC ਖਰੀਦੇ ਹਨ ਅਤੇ ਉਨ੍ਹਾਂ ਨੂੰ ਦੇਸ਼ ਦੇ ਸਾਰੇ ਨਿਵਾਸੀਆਂ ਨੂੰ ਵੰਡ ਰਹੀ ਹੈ।"

ਸਤੰਬਰ 2020 ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਵੈੱਬਸਾਈਟ ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਸੀ ਅਤੇ ਕ੍ਰਿਪਟੋਕਰੰਸੀ ਨਾਲ ਸਬੰਧਤ ਟਵੀਟ ਪੋਸਟ ਕੀਤੇ ਗਏ ਸਨ।

ਇਹ ਵੀ ਪੜ੍ਹੋ:

ਬੀਐਸਐਫ ਦਾ ਦਾਇਰਾ : ਸੁਪਰੀਮ ਕੋਰਟ ਪਹੁੰਚੀ ਪੰਜਾਬ ਸਰਕਾਰ

ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ, ਤਿੰਨ ਰਾਜਾਂ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰ ਖੇਤਰ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਵਧਾਉਣ ਦੇ ਕੇਂਦਰ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ।

ਐਨਡੀਟੀਵੀ ਦੀ ਖਬਰ ਮੁਤਾਬਕ, ਸੂਬੇ ਸਮੇਤ ਅਸਮ ਅਤੇ ਬੰਗਾਲ ਵਿੱਚ ਬੀਐਸਐਫ ਨੂੰ ਵਧੇਰੇ ਸ਼ਕਤੀਆਂ ਦੇਣ ਦੇ ਕੇਂਦਰ ਦੇ ਕਦਮ ਨੂੰ ਚੁਣੌਤੀ ਦੇਣ ਦੇ ਮਾਮਲੇ ਵਿੱਚ ਪਹਿਲ ਕਰਦਿਆਂ, ਪੰਜਾਬ ਸਰਕਾਰ ਨੇ ਇਸਨੂੰ ਦੇਸ਼ ਦੇ "ਸੰਘੀ ਢਾਂਚੇ 'ਤੇ ਹਮਲਾ" ਦੱਸਿਆ।

ਪੰਜਾਬ ਸਰਕਾਰ ਨੇ ਕਿਹਾ, ''ਕੇਂਦਰ ਦੇ ਫੈਸਲੇ ਦਾ ਅਸਰ ਪਾਕਿਸਤਾਨ ਨਾਲ ਲੱਗਦੇ ਜ਼ਿਲ੍ਹਿਆਂ ਦੇ 80 ਫੀਸਦੀ ਖੇਤਰ 'ਤੇ ਪਏਗਾ. ਜਦਕਿ ਸੰਵਿਧਾਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਅਧਿਕਾਰ ਅਤੇ ਪੁਲਿਸ ਨੂੰ 'ਰਾਜ ਸੂਚੀ' 'ਚ ਰੱਖਿਆ ਹੈ। ਇਹ ਅਧਿਕਾਰ ਸੂਬਾ ਸਰਕਾਰ ਨੂੰ ਦਿੱਤਾ ਗਿਆ ਹੈ, "।

ਤਸਵੀਰ ਸਰੋਤ, BSF

ਤਸਵੀਰ ਕੈਪਸ਼ਨ,

ਕੇਂਦਰ ਸਰਕਾਰ ਦੇ ਬੀਐੱਸਐੱਫ ਦਾ ਖੇਤਰ ਵਧਾਉਣ ਦੇ ਫੈਸਲੇ ਦਾ ਵਿਰੋਧ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ

"ਪਰ ਇੱਥੇ, ਇਸ ਨੋਟੀਫਿਕੇਸ਼ਨ ਰਾਹੀਂ, ਰਾਜਾਂ ਦੇ ਅਧਿਕਾਰ ਖੇਤਰ ਨੂੰ ਘੇਰਿਆ ਗਿਆ ਹੈ।"

ਸੰਵਿਧਾਨ ਦੀ ਧਾਰਾ 131 ਦੇ ਤਹਿਤ ਕੇਂਦਰ ਦੇ ਇਸ ਕਦਮ ਨੂੰ ਚੁਣੌਤੀ ਦਿੰਦੇ ਹੋਏ ਪੰਜਾਬ ਸਰਕਾਰ ਨੇ ਕਿਹਾ ਕਿ ਬੀਐਸਐਫ ਅਥਾਰਟੀ ਦਾ ਵਿਸਤਾਰ ਸਬੰਧਤ ਰਾਜਾਂ ਦੇ ਸੰਵਿਧਾਨਕ ਅਧਿਕਾਰ ਖੇਤਰ 'ਚ ਦਖਲਅੰਦਾਜ਼ੀ ਕਰਦਾ ਹੈ।

ਮਾਮਲੇ ਵਿੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਹੈ। ਰਜਿਸਟਰਾਰ ਨੇ ਅਟਾਰਨੀ-ਜਨਰਲ ਰਾਹੀਂ ਇੱਕ ਨੋਟਿਸ ਜਾਰੀ ਕਰਕੇ ਕੇਂਦਰ ਨੂੰ 28 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਹੈ।

ਫਿਲਮ ਨਿਰਮਾਤਾ ਅਲੀ ਅਕਬਰ ਨੇ ਅਪਣਾਇਆ ਹਿੰਦੂ ਧਰਮ

ਕੇਰਲ ਦੇ ਫਿਲਮ ਨਿਰਮਾਤਾ ਅਲੀ ਅਕਬਰ ਨੇ ਇਸਲਾਮ ਛੱਡ ਕੇ ਹਿੰਦੂ ਧਰਮ ਅਪਣਾਉਣ ਦਾ ਫੈਸਲਾ ਕੀਤਾ ਹੈ। ਹੁਣ ਉਨ੍ਹਾਂ ਦਾ ਨਵਾਂ ਨਾਂ ਰਾਮ ਸਿਮਹਨ ਹੋਵੇਗਾ।

ਬੀਬੀਸੀ ਹਿੰਦੀ ਦੀ ਖ਼ਬਰ ਮੁਤਾਬਕ, ਅਲੀ ਅਕਬਰ ਦਾ ਕਹਿਣਾ ਹੈ ਕਿ ਹੈਲੀਕਾਪਟਰ ਹਾਦਸੇ 'ਚ ਜਨਰਲ ਰਾਵਤ ਦੀ ਮੌਤ 'ਤੇ ਕੁਝ ਲੋਕਾਂ ਦੀ ਪ੍ਰਤੀਕਿਰਿਆ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਹਿੰਦੂ ਧਰਮ ਅਪਣਾ ਲਿਆ ਹੈ।

ਤਸਵੀਰ ਸਰੋਤ, FACEBOOK/ALIAKBAR

ਤਸਵੀਰ ਕੈਪਸ਼ਨ,

ਅਲੀ ਅਕਬਰ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਹੁਣ ਉਹ ਕੱਪੜੇ ਉਤਾਰ ਰਹੇ ਹਨ ਜੋ ਉਨ੍ਹਾਂ ਨੂੰ ਜਨਮ ਤੋਂ ਪਹਿਨਾ ਦਿੱਤੇ ਗਏ ਸਨ

ਹੈਲੀਕਾਪਟਰ ਕ੍ਰੈਸ਼ ਹਾਦਸੇ ਵਿੱਚ ਜਨਰਲ ਰਾਵਤ ਦੇ ਦੇਹਾਂਤ ਦੀ ਖਬਰ 'ਤੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਹਾਸੇ ਦਾ ਇਮੋਜੀ ਬਣਾਇਆ ਸੀ, ਜਿਸ ਤੋਂ ਅਲੀ ਅਕਬਰ ਦੁਖੀ ਹੋ ਗਏ ਸਨ।

ਬੀਬੀਸੀ ਹਿੰਦੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ, "ਸਾਡੇ ਸੈਨਾ ਪ੍ਰਮੁੱਖ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਹੱਸਣ ਵਾਲੇ ਇਮੋਜੀ ਲਗਾਏ। ਇਹ ਬਹੁਤ ਮਾੜੀ ਗੱਲ ਸੀ। ਤੁਸੀਂ ਸੋਸ਼ਲ ਮੀਡੀਆ 'ਤੇ ਅਜਿਹੇ ਲੋਕਾਂ ਦੇ ਨਾਮ ਦੇਖ ਸਕਦੇ ਹੋ।

''ਉਹ ਸਾਰੇ ਮੁਸਲਮਾਨ ਹਨ। ਅਸੀਂ ਸਿਰਫ ਆਪਣੇ ਧਰਮ ਨੂੰ ਸਭ ਤੋਂ ਪਹਿਲਾਂ ਰੱਖ ਕੇ ਕਿਵੇਂ ਜੀ ਸਕਦੇ ਹਾਂ। ਮੇਰੀ ਨਜ਼ਰ ਵਿੱਚ ਧਰਮ ਤੀਜੇ ਨੰਬਰ 'ਤੇ ਆਉਂਦਾ ਹੈ। ਪਹਿਲੇ ਨੰਬਰ 'ਤੇ ਮੇਰਾ ਦੇਸ਼ ਹੈ, ਦੂਜੇ ਨੰਬਰ 'ਤੇ ਵੀ ਮੇਰਾ ਦੇਸ਼ ਹੈ ਅਤੇ ਫਿਰ ਤੀਜੇ ਨੰਬਰ 'ਤੇ ਧਰਮ ਹੈ।''

ਅਲੀ ਅਕਬਰ ਦਾ ਮੰਨਣਾ ਹੈ ਕਿ ਜਨਰਲ ਰਾਵਤ ਦੀ ਮੌਤ 'ਤੇ ਅਜਿਹੀ ਪ੍ਰਤੀਕਿਰਿਆ ਇਸ ਲਈ ਆਈ ਕਿਉਂਕਿ ਉਨ੍ਹਾਂ ਨੇ ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਅਤੇ ਕੱਟੜਪੰਥੀਆਂ ਖਿਲਾਫ ਕਾਰਵਾਈ ਕੀਤੀ ਸੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)