ਸੀਬੀਐੱਸਈ ਨੇ ਪੇਪਰ ਦੇ ਇਸ ਸਵਾਲ ਲਈ ਮੰਗੀ ਮਾਫ਼ੀ, ਸੋਨੀਆ ਗਾਂਧੀ ਨੇ ਸੰਸਦ ’ਚ ਵੀ ਚੁੱਕੇ ਇਤਰਾਜ਼

ਸੋਨੀਆ ਗਾਂਧੀ

ਤਸਵੀਰ ਸਰੋਤ, Getty Images

ਪਿਛਲੇ ਹਫ਼ਤੇ ਸੀਬੀਐੱਸਈ ਬੋਰਡ ਦੀ ਦਸਵੀਂ ਜਮਾਤ ਦੇ ਅੰਗਰੇਜ਼ੀ ਲਿਟਰੇਚਰ ਦੇ ਪਰਚੇ ਵਿੱਚ ਆਏ ਅਣਡਿੱਠੇ ਪੈਰ੍ਹੇ ਕਾਰਨ ਉੱਠੇ ਵਿਵਾਦ ਤੋਂ ਬਾਅਦ ਬੋਰਡ ਨੂੰ ਮਾਫ਼ੀ ਮੰਗਣੀ ਪਈ ਹੈ।

ਲੋਕ ਸਭਾ ਦੇ ਜ਼ੀਰੋ ਆਵਰ ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਅਤੇ ਇਸ ਪੈਰ੍ਹੇ ਨੂੰ ਪਿਛਾਂਹ ਖਿੱਚੂ ਅਤੇ ਲਿੰਗਕ ਰੂੜੀਆਂ ਦਾ ਪੱਖੀ ਕਹਿੰਦਿਆਂ ਬੋਰਡ ਤੋਂ ਮਾਫ਼ੀ ਦੀ ਮੰਗ ਕੀਤੀ ਗਈ।

ਇਸ ਤੋਂ ਪਹਿਲਾਂ ਪ੍ਰਸ਼ਨ ਪੱਤਰ ਵਿੱਚ ਆਏ ਪੈਰ੍ਹੇ ਦੇ ਅੰਸ਼ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਏ ਸਨ ਅਤੇ ਬੋਰਡ ਉੱਪਰ ਔਰਤਾਂ ਪ੍ਰਤੀ ਰੂੜ੍ਹੀਵਾਦੀ ਅਤੇ ਪਿਛਾਂਹ ਖਿੱਛੂ ਰਵੱਈਏ ਨੂੰ ਹੱਲਾਸ਼ੇਰੀ ਦੇਣ ਦੇ ਇਲਜ਼ਾਮ ਲਗਾਏ ਜਾਣ ਲੱਗੇ ਸਨ।

ਸੀਬੀਐੱਸਈ ਨੇ ਹਰਕਤ ਵਿੱਚ ਆਉਂਦਿਆਂ ਇਸ ਪੈਰ੍ਹੇ ਲਈ ਮਾਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਇਸ ਸਵਾਲ ਲਈ ਪੂਰੇ ਨੰਬਰ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ।

ਇਹ ਵੀ ਪੜ੍ਹੋ:

ਸੋਨੀਆ ਗਾਂਧੀ ਨੇ ਕੀ ਚੁੱਕਿਆ

ਤਸਵੀਰ ਸਰੋਤ, SANSAD TV/YOUTUBE

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸੋਨੀਆਂ ਗਾਂਧੀ ਨੇ ਸੋਮਵਾਰ ਨੂੰ ਸਿਫ਼ਰ ਕਾਲ ਵਿੱਚ ਇਸ ਪੈਰ੍ਹੇ ਉੱਪਰ ਸਵਾਲ ਚੁੱਕਿਆ ਤੇ ਇਸ ਨੂੰ ਫ਼ੌਰੀ ਤੌਰ ’ਤੇ ਪ੍ਰਸ਼ਨ ਪੱਤਰ ਵਿੱਚੋਂ ਬਾਹਰ ਕਰਨ ਦੀ ਮੰਗ ਕੀਤੀ।

ਉਨ੍ਹਾਂ ਨੇ ਇਸ ਪੈਰ੍ਹੇ ਵਿੱਚੋਂ ਕੁਝ ਅੰਸ਼ ਪੜ੍ਹਦਿਆਂ ਇਸ ਨੂੰ "ਔਰਤਾਂ ਪ੍ਰਤੀ ਨਿਹਾਇਤ ਹੀ ਪੱਖਪਾਤੀ", ਅਤੇ "ਬੇਤੁਕਾ" ਦੱਸਿਆ।

ਉਨ੍ਹਾਂ ਨੇ ਕਿਹਾ,“ਮੈਂ ਸਰਕਾਰ ਦਾ ਧਿਆਨ 11 ਦਸੰਬਰ ਨੂੰ ਸੀਬੀਐੱਸਈ ਦੀ ਦਸਵੀਂ ਜਮਾਤ ਦੀ ਪ੍ਰਖਿਆ ਵਿੱਚ ਪੁੱਛੇ ਗਏ ਸਵਾਲ ਤੇ ਦਵਾਉਣਾ ਚਾਹਾਂਗੀ। ਇਸ ਵਿੱਚ ਇੱਕ ਪੈਰ੍ਹਾ ਰੂੜ੍ਹੀਵਾਦੀ ਸੋਚ ਨੂੰ ਦਰਸਾਉਂਦਾ ਹੈ,ਜਿਸ ਤੋਂ ਦੇਸ਼ ਭਰ ਵਿੱਚ ਰੋਹ ਹੈ।”

ਉਨ੍ਹਾਂ ਨੇ ਕਿਹਾ ਕਿ ਪੈਰ੍ਹੇ ਵਿੱਚ ਔਰਤਾਂ ਬਾਰੇ ਘਟੀਆ ਕਥਨ ਹਨ ਜਿਵੇਂ ਕਿ, ‘ਕਈ ਕਿਸਮ ਦੀਆਂ ਪਰਿਵਾਰਕ ਅਤੇ ਸਮਾਜਿਕ ਸਮੱਸਿਆਵਾਂ ਦੀ ਮੁੱਖ ਵਜ੍ਹਾ ਔਰਤਾਂ ਦਾ ਅਜ਼ਾਦੀ ਹਾਸਲ ਕਰਨਾ ਹੈ।’

ਇਸੇ ਦੌਰਾਨ ਸਦਨ ਵਿੱਚ ਸ਼ੇਮ ਸ਼ੇਮ ਦੇ ਨਾਅਰੇ ਲੱਗੇ।

ਉਨ੍ਹਾਂ ਨੇ ਕਿਹਾ ਕਿ ਜੇ ਪਤਨੀਆਂ ਪਤੀ ਦੇ ਆਖੇ ਲੱਗਣੋਂ ਹਟ ਜਾਂਦੀਆਂ ਹਨ ਇਹੀ ਬੱਚਿਆਂ ਅਤੇ ਨੌਕਰਾਂ ਵਿੱਚ ਅਨੁਸ਼ਾਸਨਹੀਨਤਾ ਦੀ ਮੁੱਖ ਵਜ੍ਹਾ ਹੈ।"

ਸੋਨੀਆਂ ਗਾਂਧੀ ਨੇ ਆਪਣੇ ਭਾਸ਼ਣ ਪੜ੍ਹਦਿਆਂ ਕਿਹਾ ਕਿ ਇਹ ਪੂਰਾ ਪੈਰ੍ਹਾ ਹੀ ਨਿੰਦਾਯੋਗ ਵਿਚਾਰ ਨੂੰ ਦੱਸਦਾ ਹੈ ਅਤੇ ਇਸ ਵਿੱਚ ਪੁੱਛੇ ਗਏ ਸਵਾਲ ਸੰਵੇਦਨਹੀਨ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਮੈਂ ਸੰਸਦ ਨੂੰ ਅਪੀਲ ਕਰਦੀ ਹਗਾਂ ਹਾਂ ਸਿੱਖਿਆ ਮੰਤਰਾਲਾ ਨੂੰ ਪਾਠਕ੍ਰਮ ਅਤੇ ਪ੍ਰੀਖਿਆ ਵਿੱਚ ਜੈਂਡਰ ਸੈਂਸਿਟੀਵਿਟੀ ਮਾਨਕਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ।

ਕਾਂਗਰਸੀ ਆਗੂ ਮੱਲਿਕਾਰਜੁਨ ਖੜਗੇ ਨੇ ਖ਼ਬਰ ਏਜੰਸੀ ਏਐਨਆਈ ਨੂੰ ਕਿਹਾ, "ਉਂਝ ਤਾਂ ਬੀਜੇਪੀ ਸਰਕਾਰ ਮੰਨੂ ਸਮ੍ਰਿਤੀ ਉੱਪਰ ਜ਼ਿਆਦਾ ਭਰੋਸਾ ਕਰਦੇ ਹਨ। ਤਾਂ ਉਨ੍ਹਾਂ ਦਾ ਸਿਲੇਬਸ ਵੀ ਉਹੋ-ਜਿਹਾ ਹੀ ਹੋਵੇਗਾ, ਔਰਤਾਂ ਨਾ ਪੜ੍ਹਨ, ਸ਼ੂਦਰ ਨਾ ਪੜ੍ਹਨ, ਔਰਤ ਨੂੰ ਵੀ ਸ਼ੂਦਰ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।"

ਪੈਰ੍ਹੇ ਵਿੱਚ ਕੀ ਸੀ?

ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਪ੍ਰਸ਼ਨ ਪੱਤਰ ਵਿੱਚੋਂ ਸਵਾਲ ਦੀ ਤਸਵੀਰ ਆਪਣੇ ਟਵਿੱਟਰ ਹੈਂਡਲ ਤੋਂ ਸਾਂਝੀ ਕੀਤੀ।

ਉਨ੍ਹਾਂ ਨੇ ਟਿੱਪਣੀ ਕੀਤੀ," ਅਸੀਂ ਵਾਕਈ ਬੱਚਿਆਂ ਨੂੰ ਇਹ - ਪੜ੍ਹਾ ਰਹੇ ਹਾਂ?”

“ਸਪਸ਼ਟ ਤੌਰ ’ਤੇ ਭਾਜਪਾ ਸਰਕਾਰ ਔਰਤਾਂ ਬਾਰੇ ਇਨ੍ਹਾਂ ਪਿਛਾਂਹ ਖਿੱਚੂ ਵਿਚਾਰਾਂ ਦੀ ਹਮਾਇਤ ਕਰਦੀ ਹੈ ਨਹੀਂ ਤਾਂ ਹੋਰ ਕਿਉਂ ਇਹ (ਅਜਿਹੇ ਸਵਾਲ) ਸੀਬੀਐੱਸਈ ਪਾਠਕ੍ਰਮ ਵਿੱਚ ਰੱਖਣਗੇ?"

ਪੈਰ੍ਹੇ ਵਿੱਚ ਤਿੰਨ ਪੈਰ੍ਹੇ ਦਿੰਦਿਆਂ ਪ੍ਰਖਿਆਰਥੀਆਂ ਨੂੰ ਉਸ ਦੇ ਅਧਾਰ 'ਤੇ ਪੁੱਛੇ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਸੀ।

ਪੈਰ੍ਹਿਆਂ ਵਿੱਚ ਕਿਹਾ ਗਿਆ, “ਅਜੋਕੇ ਸਮੇਂ ਵਿੱਚ ਜ਼ਿਆਦਾਤਰ ਅਲੱੜ੍ਹ ਆਪਣੇ-ਆਪ ਵਿੱਚ ਲੱਗੇ ਰਹਿੰਦੇ ਹਨ। ਇਸ ਦੀ ਇੱਕ ਵੱਡੀ ਵਜ੍ਹਾ ਇਹ ਹੈ ਕਿ ਪਰਿਵਾਰ ਵਿੱਚ ਸਪਸ਼ਟ ਅਧਿਕਾਰ ਦੀ ਕਮੀ ਹੈ। ਇੱਕ ਸਦੀ ਪਹਿਲਾਂ ਪਤਨੀ ਆਪਣੇ ਪਤੀ ਦੇ ਕਹੇ ਵਿੱਚ ਚਲਦੀ ਸੀ ਅਤੇ ਉਸ ਦੀ ਆਗਿਆਕਾਰੀ ਹੁੰਦੀ ਸੀ।‘

“ਪਤੀ ਦੀ ਗੈਰ-ਹਾਜ਼ਰੀ ਵਿੱਚ ਘਰ ਵਿੱਚ ਅਨੁਸ਼ਾਸਨ ਕਾਇਮ ਰੱਖਣ ਲਈ ਉਹ ਬੱਚਿਆਂ ਨੂੰ ਕਹਿੰਦੀ ਸੀ ਕਿ ਤੁਹਾਡੇ ਪਿਤਾ ਨੇ ਇਹ ਮਨ੍ਹਾਂ ਕੀਤਾ ਹੈ। ਇਸ ਤਰ੍ਹਾਂ ਪਤਨੀ ਘਰ ਦੇ ਕੰਮ ਅਤੇ ਬੱਚਿਆਂ ਵੱਲ ਜ਼ਿਆਦਾ ਧਿਆਨ ਦਿੰਦੀ ਸੀ।”

“ਪਤਨੀ ਆਪਣੇ ਪਤੀ ਦਾ ਅਧਿਕਾਰ ਮੰਨ ਕੇ ਹੀ ਬੱਚਿਆਂ ਤੋਂ ਆਪਣੀ ਗੱਲ ਮੰਨਾਵਾ ਸਕਦੀ ਸੀ। ਆਪ ਪਤੀ ਦੀ ਗੱਲ ਮੰਨ ਕੇ ਉਹ ਬੱਚਿਆਂ ਅਤੇ ਨੌਕਰਾਂ ਅੱਗੇ ਇੱਕ ਮਿਸਾਲ ਕਾਇਮ ਕਰਦੀ ਸੀ।”

“ਵੀਹਵੀਂ ਸਦੀ ਵਿੱਚ ਬੱਚੇ ਘੱਟ ਗਏ ਅਤੇ ਨਤੀਜਾ ਨਾਰੀਵਾਦ ਸੀ। ਇਸ ਨਾਲ ਪਰਿਵਾਰ ਅਨੁਸ਼ਾਸਨ ਹੀ ਨਹੀਂ ਸਮੁੱਚੀ ਪਰਿਵਾਰਕ ਜ਼ਿੰਦਗੀ ਵਿੱਚ ਹੀ ਬਦਲਾਅ ਆਇਆ।”

“ਬੱਚਿਆਂ ਵਿੱਚ ਵਕਫ਼ਾ ਵਧਣ ਨਾਲ ਸਮਝਿਆ ਗਿਆ ਕਿ ਬਾਲ ਮਨੋਵਿਗਿਆਨ ਨਾਲ ਜੁੜੀਆਂ ਕਿਤਾਬਾਂ ਪੜ੍ਹਨ ਦਾ ਹੋਰ ਸਮਾਂ ਹੋਵੇਗਾ। ਪਿਤਾ ਦੇ ਕਹੇ ਦਾ ਪਹਿਲਾਂ ਵਰਗਾ ਮਾਣ ਨਹੀਂ ਰਿਹਾ। ਇਹ ਬੱਚਿਆਂ ਲਈ ਖ਼ਾਸ ਕਰਕੇ ਢੁਕਵਾਂ ਨਹੀਂ ਸੀ।”

“ਔਰਤਾਂ ਅਧੀਨਗੀ ਕਿਉਂ ਮੰਨਣ? ਵਾਕਈ ਕਿਉਂ ਮੰਨਣ? ਆਖ਼ਰਕਾਰ ਔਰਤਾਂ ਦਾ ਤਰਕ ਕੁਝ ਝਿਜਕ ਤੋਂ ਬਾਅਦ ਮੰਨ ਲਿਆ ਗਿਆ।”

“ਜੋ ਚੀਜ਼ ਲੋਕਾਂ ਨੂੰ ਹੌਲੀ-ਹੌਲੀ ਸਮਝ ਆਈ ਉਹ ਇਹ ਸੀ ਕਿ ਔਰਤਾਂ ਦੀ ਮੁਕਤੀ ਨੇ ਬੱਚਿਆਂ ਉੱਪਰ ਮਾਪਿਆਂ ਦੇ ਅਧਿਕਾਰ ਨੂੰ ਨਸ਼ਟ ਕਰ ਦਿੱਤਾ। ਹੁਣ ਮਾਂ ਕੋਲ ਉਹ ਮਿਸਾਲੀ ਆਗਿਆਕਾਰਤਾ ਨਹੀਂ ਸੀ ਜੋ ਉਹ ਬੱਚਿਆਂ ਵਿੱਚ ਭਰਨਾ ਚਾਹੁੰਦੀ ਸੀ।”

"ਪਤੀ ਨੂੰ ਉਸ ਦੇ ਮੁਕਾਮ ਤੋਂ ਥੱਲੇ ਲਾਹ ਕੇ ਪਤਨੀ ਅਤੇ ਮਾਂ ਨੇ ਆਪਣੇ ਆਪ ਨੂੰ ਅਨੁਸ਼ਾਸਨ ਦੇ ਇੱਕ ਔਜ਼ਾਰ ਤੋਂ ਵਾਂਝਿਆਂ ਕਰ ਲਿਆ।"

ਸੀਬੀਐੱਸਈ ਨੇ ਕੀ ਕਿਹਾ?

ਗਿਆਰਾਂ ਦਸੰਬਰ ਨੂੰ ਹੋਏ ਇਸ ਪੇਪਰ ਬਾਰੇ ਵਿਵਾਦ ਹੋਣ ਤੋਂ ਬਾਅਦ ਬੋਰਡ ਨੇ ਪੇਪਰ ਨੂੰ ਨਜ਼ਰਸਾਨੀ ਲਈ ਮਾਹਰਾਂ ਦੇ ਪੈਨਲ ਕੋਲ ਭੇਜਿਆ ਅਤੇ ਸਵਾਲ ਨੂੰ ਪ੍ਰਸ਼ਨ ਪੱਤਰ ਵਿੱਚੋਂ ਬਾਹਰ ਕਰਨ ਦਾ ਫ਼ੈਸਲਾ ਲਿਆ ਗਿਆ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਸ਼ਿਆਮ ਭਰਦਵਾਜ ਨੇ ਕਿਹਾ ਕਿ, "ਸੀਬੀਐੱਸਈ ਦੀ ਦਸਵੀਂ ਕਲਾਸ ਦੀ ਪਹਿਲੀ ਤਿਮਾਹੀ ਦਾ 11 ਨਵੰਬਰ ਨੂੰ ਹੋਈ ਪ੍ਰੀਖਿਆ ਸੀਬੀਐੱਸਈ ਦੀਆਂ ਪੇਪਰ ਬਣਾਉਣ ਬਾਰੇ ਗਾਈਡਲਾਈਨਜ਼ ਮੁਤਾਬਕ ਨਹੀਂ ਹੈ।"

"ਇਹ ਅਤੇ ਸਟੇਕਹੋਲਡਰਾਂ ਤੋਂ ਪ੍ਰਪਤ ਫੀਡਬੈਕ ਤੋਂ ਬਾਅਦ ਮਸਲਾ ਵਿਸ਼ਾ ਮਾਹਰਾਂ ਦੀ ਕਮੇਟੀ ਨੂੰ ਭੇਜਿਆ ਗਿਆ ਸੀ। ਪੈਨਲ ਦੀਆਂ ਸਿਫ਼ਰਿਸ਼ਾਂ ਮੁਤਾਬਕ ਪੈਰ੍ਹਾ ਅਤੇ ਉਸ ਤੋਂ ਬਾਅਦ ਦੇ ਸਾਰੇ ਸਵਾਲ ਹਟਾਉਣ ਦਾ ਫ਼ੈਸਲਾ ਲਿਆ ਗਿਆ ਹੈ।"

"ਸਾਰੇ ਵਿਦਿਆਰਥੀਆਂ ਨੂੰ ਇਸ ਪੈਰ੍ਹੇ ਲਈ ਪੂਰੇ ਨੰਬਰ ਦਿੱਤੇ ਜਾਣਗੇ। ਇੱਕਰੂਪਤਾ ਕਾਇਮ ਰੱਖਣ ਲਈ ਸਾਰੇ ਸੈਟਾਂ ਲਈ ਇਸ ਸਵਾਲ ਬਦਲੇ ਸਾਰੇ ਨੰਬਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)