ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਰੈਲੀ: 100ਵੇਂ ਸਥਾਪਨਾ ਦਿਵਸ ’ਤੇ ਪੰਜਾਬੀਅਤ ਤੋਂ ਅੱਗੇ ਤੁਰ ਕੇ ਕੀ ਕੋਈ ਹੋਰ ਏਜੰਡਾ ਆਵੇਗਾ

  • ਅਰਸ਼ਦੀਪ ਕੌਰ
  • ਬੀਬੀਸੀ ਪੱਤਰਕਾਰ
ਸ਼੍ਰੋਮਣੀ ਅਕਾਲੀ ਦਲ

ਤਸਵੀਰ ਸਰੋਤ, SAD

ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ਮੌਕੇ ਮੋਗਾ ਦੇ ਪਿੰਡ ਕਿੱਲੀ ਚਹਿਲਾ ਵਿਖੇ ਮੰਗਲਵਾਰ ਨੂੰ ਇੱਕ ਰੈਲੀ ਕੀਤੀ ਜਾ ਰਹੀ ਹੈ।

14 ਦਸੰਬਰ 1920 ਨੂੰ ਹੋਂਦ ਵਿੱਚ ਆਈ ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਅਤੇ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਹੈ।

ਇਸ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਸ਼ਾਮਿਲ ਹੋਣ ਦੀ ਜਾਣਕਾਰੀ ਵੀ ਪਾਰਟੀ ਵੱਲੋਂ ਦਿੱਤੀ ਗਈ ਹੈ।

ਮੰਗਲਵਾਰ ਨੂੰ ਹੋਣ ਵਾਲੀ ਇਸ ਰੈਲੀ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਚੋਣ ਪ੍ਰਚਾਰ ਦੇ ਦੂਜੇ ਗੇੜ ਦੀ ਰਸਮੀ ਸ਼ੁਰੂਆਤ ਵੀ ਕਰੇਗਾ।

ਪਹਿਲੇ ਗੇੜ ਵਿੱਚ ਸ਼ੁਰੂ ਹੋਏ 'ਸੌ ਦਿਨ ਸੌ ਹਲਕਾ' ਦੌਰਾਨ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਜਗ੍ਹਾ ਜਾ ਕੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ ਅਤੇ ਪਾਰਟੀ ਦੇ ਕਈ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਸੀ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਇਸ ਚੋਣ ਪ੍ਰਚਾਰ ਦਾ ਵੀ ਵਿਰੋਧ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਤਸਵੀਰ ਸਰੋਤ, SAD

ਸ਼੍ਰੋਮਣੀ ਅਕਾਲੀ ਦਲ ਲਈ ਕਿਉਂ ਹੈ ਇਹ ਰੈਲੀ ਅਹਿਮ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਮੋਗਾ ਦੀ ਰੈਲੀ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਸ਼ਾਂਤੀ, ਫਿਰਕੂ ਸਦਭਾਵਨਾ ਦੇ ਦੌਰ ਦੀ ਸ਼ੁਰੂਆਤ ਦਾ ਮੁੱਢ ਬੰਨ੍ਹੇਗੀ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਮੁਤਾਬਕ ਚੋਣਾਂ ਅਤੇ ਚੋਣ ਪ੍ਰਚਾਰ ਨਾਲੋਂ ਇਹ ਰੈਲੀ ਇਸ ਲਈ ਅਹਿਮ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਸਥਾਪਨਾ ਦੇ ਸੌ ਵਰ੍ਹੇ ਪੂਰੇ ਕਰਨ ਜਾ ਰਹੀ ਹੈ। ਇਸਦੇ ਨਾਲ ਹੀ ਚੋਣ ਪ੍ਰਚਾਰ ਦੇ ਦੂਸਰੇ ਗੇੜ ਦੀ ਰਸਮੀ ਸ਼ੁਰੂਆਤ ਵੀ ਪਾਰਟੀ ਕਰੇਗੀ।

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, "ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਚੋਣ ਮੁਹਿੰਮ ਦਾ ਘਾਟਾ ਵੀ ਇਹ ਰੈਲੀ ਪੂਰਾ ਕਰੇਗੀ।ਪਾਰਟੀ ਵਾਸਤੇ 'ਸੈਕਿੰਡ ਮੇਜਰ ਪੁਸ਼' ਵਜੋਂ ਇਹ ਰੈਲੀ ਕੰਮ ਕਰੇਗੀ।"

ਉਨ੍ਹਾਂ ਨੇ ਕਿਹਾ, "ਸਥਾਪਨਾ ਤੋਂ ਬਾਅਦ ਕਈ ਸੰਘਰਸ਼ਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਅਹਿਮ ਯੋਗਦਾਨ ਰਿਹਾ ਹੈ। ਪੰਜਾਬ ਦੀ ਰਾਜਨੀਤੀ ਬਾਕੀ ਸੂਬਿਆਂ ਦੀ ਰਾਜਨੀਤੀ ਤੋਂ ਵੱਖਰੀ ਹੈ ਅਤੇ ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਅਹਿਮ ਰੋਲ ਹੈ। ਚੋਣਾਂ ਜਿੱਤਣਾ ਅਹਿਮ ਨਹੀਂ ਪਰ ਪੰਜਾਬ ਦੀ ਰਾਜਨੀਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਰਹਿਣਾ ਵਧੇਰੇ ਮਹੱਤਵਪੂਰਨ ਹੈ।"

ਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੀ ਇਸ ਰੈਲੀ ਵਿੱਚ ਸ਼ਾਮਲ ਰਹਿਣਗੇ। ਉਨ੍ਹਾਂ ਦੀ ਮੌਜੂਦਗੀ ਵੀ ਆਪਣੇ ਆਪ ਵਿੱਚ ਅਹਿਮ ਰਹੇਗੀ।

ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ

ਸ਼੍ਰੋਮਣੀ ਅਕਾਲੀ ਦਲ ਲਈ ਅਹਿਮ ਰਿਹਾ ਹੈ ਮੋਗਾ

1997 ਅਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੀਆਂ ਕਈ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਉੱਪਰ ਜੇਕਰ ਝਾਤ ਮਾਰੀ ਜਾਵੇ ਤਾਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਸ਼ੁਰੁਆਤ ਮੋਗਾ ਵਿਖੇ ਰੈਲੀ ਕਰਕੇ ਹੀ ਹੋਈ ਹੈ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਲਈ ਮੋਗਾ ਦੀ ਅਹਿਮੀਅਤ ਬਾਰੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ," ਮਾਲਵਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਗੜ੍ਹ ਰਿਹਾ ਹੈ। ਇਸੇ ਨਾਲ ਹੀ ਮੋਗਾ ਦੀ ਭੂਗੋਲਿਕ ਸਥਿਤੀ ਇਸ ਨੂੰ ਬਾਕੀ ਇਲਾਕਿਆਂ ਤੋਂ ਇੱਥੇ ਪਹੁੰਚਣ ਲਈ ਆਸਾਨ ਬਣਾਉਂਦੀ ਹੈ।"

1995 ਵਿੱਚ ਪਾਰਟੀ ਦੇ 75 ਵਰ੍ਹੇ ਪੂਰੇ ਹੋਏ ਸਨ ਅਤੇ 1996 ਵਿੱਚ ਮੋਗਾ ਦੀ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀ ਕੀਤੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੇ ਸਭ ਤੋਂ ਵੱਡੇ ਇਕੱਠਾਂ ਵਿੱਚ ਸ਼ਾਮਿਲ ਹੈ।

1996 ਦੇ ਮੋਗਾ ਕਨਵੈਨਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਕ ਵਿਚਾਰਧਾਰਾ ਨੂੰ ਇੱਕ ਨਵੀਂ ਸੇਧ ਦਿੱਤੀ ਸੀ ਅਤੇ ਇਸ ਸਟੇਜ ਤੋਂ ਹੀ ਪ੍ਰਕਾਸ਼ ਸਿੰਘ ਬਾਦਲ ਨੇ 'ਪੰਜਾਬ, ਪੰਜਾਬੀ ਅਤੇ ਪੰਜਾਬੀਅਤ' ਦੀ ਗੱਲ ਕੀਤੀ ਸੀ। ਉਸ ਤੋਂ ਬਾਅਦ ਪਾਰਟੀ ਦੀ ਰਾਜਨੀਤੀ ਪੰਜਾਬੀਅਤ ਦੇ ਆਸ ਪਾਸ ਹੀ ਰਹੀ ਹੈ।

ਤਸਵੀਰ ਸਰੋਤ, SAD

1997 ਵਿੱਚ ਚੋਣਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੇ ਸਰਕਾਰ ਬਣਾਈ ਸੀ।

2002 ਵਿੱਚ ਪਾਰਟੀ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਲੁਧਿਆਣਾ ਵਿਖੇ ਰੈਲੀ ਤੋਂ ਕੀਤੀ ਅਤੇ ਜਿੱਤ ਹਾਸਲ ਨਹੀਂ ਹੋਈ।

ਕੀ ਮੋਗਾ ਰੈਲੀ ਤੋਂ ਬਾਅਦ ਪਾਰਟੀ ਦਾ ਨਵਾਂ ਪ੍ਰੋਗਰਾਮ ਆਵੇਗਾ ਸਾਹਮਣੇ?

ਜੇਕਰ ਇਤਿਹਾਸ 'ਤੇ ਝਾਤ ਮਾਰੀ ਜਾਵੇ ਤਾਂ ਅਜਿਹੀਆਂ ਰੈਲੀਆਂ, ਕਨਵੈਨਸ਼ਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਹਿਮ ਮਤੇ ਲਿਆਂਦੇ ਗਏ ਹਨ। ਇਹ ਮਤੇ ਪਾਰਟੀ ਦੀ ਭਵਿੱਖ ਦੀ ਰਣਨੀਤੀ ਨੂੰ ਨਵੀਂ ਸੇਧ ਦਿੰਦੇ ਰਹੇ ਹਨ।

ਜਗਤਾਰ ਸਿੰਘ ਨੇ ਇਸ ਬਾਰੇ ਬੀਬੀਸੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ, "1968 ਵਿੱਚ ਬਟਾਲਾ ਵਿਖੇ ਹੋਏ ਬਟਾਲਾ ਕਨਵੈਨਸ਼ਨ, 1978 ਦੇ ਲੁਧਿਆਣਾ ਕਨਵੈਨਸ਼ਨ ਤੋਂ ਬਾਅਦ ਪਾਰਟੀ ਦੇ ਨਵੇਂ ਪ੍ਰੋਗ੍ਰਾਮ ਸਾਹਮਣੇ ਆਏ ਸਨ।"

ਉਨ੍ਹਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਵਿੱਚ ਕਿਸਾਨਾਂ ਅਤੇ ਪੰਥ ਦੀ ਖ਼ਾਸ ਅਹਿਮੀਅਤ ਰਹੀ ਹੈ। ਬੇਅਦਬੀ ਦੀਆਂ ਘਟਨਾਵਾਂ ਤੇ ਖੇਤੀ ਕਾਨੂੰਨਾਂ ਤੋਂ ਬਾਅਦ ਇਹ ਇਨ੍ਹਾਂ ਦੋਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਨਾਰਾਜ਼ਗੀ ਰਹੀ ਹੈ ਤੇ ਦੂਰੀ ਵੀ ਬਣੀ ਹੈ।

1996 ਦੀ ਕਨਵੈਨਸ਼ਨ ਤੋਂ ਬਾਅਦ ਇਹ ਮਹੱਤਵਪੂਰਨ ਰੈਲੀ ਉਸ ਨਾਰਾਜ਼ਗੀ ਨੂੰ ਦੂਰ ਕਰਨ ਲਈ ਕਿੰਨੀ ਅਹਿਮ ਰਹੇਗੀ ਇਹ ਵੀ ਦੇਖਣਾ ਹੋਵੇਗਾ।

ਮੌਜੂਦਾ ਹਾਲਾਤਾਂ ਵਿੱਚ ਇਹ ਦੇਖਣਾ ਵੀ ਅਹਿਮ ਹੋਵੇਗਾ ਕਿ ਕਿੱਲੀ ਚਹਿਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਕੀ ਪਾਰਟੀ ਦੇ ਭਵਿੱਖ ਲਈ ਇੱਕ ਨਵੀਂ ਰਣਨੀਤੀ ਲੈ ਕੇ ਆਵੇਗੀ ਜਾਂ ਨਹੀਂ।

2006 ਅਤੇ 2012 ਵਿੱਚ ਵੀ ਪਾਰਟੀ ਵੱਲੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਮੋਗਾ ਵਿਖੇ ਰੈਲੀ ਕਰ ਕੇ ਹੀ ਕੀਤੀ ਗਈ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ ਜਿੱਤ ਹਾਸਿਲ ਕਰਕੇ ਸਰਕਾਰ ਵੀ ਬਣਾਈ।

ਮੋਗਾ ਵਿਖੇ ਕੀਤੀ ਗਈ ਰੈਲੀ ਤੋਂ ਬਾਅਦ ਅਕਾਲੀ ਦਲ ਹਮੇਸ਼ਾਂ ਜਿੱਤੇ, ਅਜਿਹਾ ਵੀ ਨਹੀਂ ਹੈ। 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਜਨਮਦਿਨ ਮੌਕੇ 8 ਦਸੰਬਰ, 2016 ਨੂੰ ਰੈਲੀ ਕੀਤੀ ਗਈ ਪਰ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)