ਜੰਮੂ-ਕਸ਼ਮੀਰ ਪੁਲਿਸ ਨੂੰ ਅੱਤਵਾਦੀ ਨਿਸ਼ਾਨਾ ਕਿਉਂ ਬਣਾ ਰਹੇ ਹਨ
- ਮਾਜਿਦ ਜਹਾਂਗੀਰ
- ਸ਼੍ਰੀਨਗਰ ਤੋਂ, ਬੀਬੀਸੀ ਲਈ

ਤਸਵੀਰ ਸਰੋਤ, Getty Images
ਭਾਰਤ ਸ਼ਾਸਿਤ ਕਸ਼ਮੀਰ ਵਿੱਚ ਸ਼੍ਰੀਨਗਰ ਦੇ ਜੇਵਨ ਇਲਾਕੇ 'ਚ ਇੱਕ ਅੱਤਵਾਦੀ ਹਮਲੇ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਦੋ ਜਵਾਨ ਮਾਰੇ ਗਏ ਹਨ ਜਦਕਿ 12 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ
ਇਹ ਹਮਲਾ 13 ਦਸੰਬਰ ਦੀ ਸ਼ਾਮ ਕਰੀਬ ਸੱਤ ਵਜੇ ਜੇਵਨ-ਪੰਥਾ ਚੌਂਕ ਰੋਡ ਉੱਤੇ ਹੋਇਆ। ਇਸ ਹਮਲੇ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਗਏ ਹਨ।
ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਿਸ ਦੀ ਇੱਕ ਬੱਸ ਵਿੱਚ ਸਵਾਰ ਜਵਾਨਾਂ ਉੱਤੇ ਜ਼ਬਰਦਸਤ ਫਾਇਰਿੰਗ ਕੀਤੀ।
ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕੀਤੇ ਜਾਣ ਤੋਂ ਬਾਅਦ ਇਹ ਇੱਕ ਵੱਡਾ ਅੱਤਵਾਦੀ ਹਮਲਾ ਹੈ।
ਇਹ ਵੀ ਪੜ੍ਹੋ:
ਬੇਹੱਦ ਸੁਰੱਖਿਅਤ ਮੰਨੇ ਜਾਣ ਵਾਲੇ ਇਲਾਕੇ 'ਚ ਹੋਈ ਘਟਨਾ
ਜਿਸ ਥਾਂ ਉੱਤੇ ਇਹ ਹਮਲਾ ਹੋਇਆ ਉਸ ਦੇ ਆਲੇ-ਦੁਆਲੇ ਸੁਰੱਖਿਆ ਦੀ ਸਖ਼ਤ ਨਿਗਰਾਨੀ ਰਹਿੰਦੀ ਹੈ ਅਤੇ ਇਸ ਇਲਾਕੇ ਵਿੱਚ ਕਈ ਸੁਰੱਖਿਆ ਏਜੰਸੀਆਂ ਦੇ ਕੈਂਪ ਅਤੇ ਦਫ਼ਤਰ ਵੀ ਮੌਜੂਦ ਹਨ।
ਤਸਵੀਰ ਸਰੋਤ, Getty Images
ਇਸ ਇਲਾਕੇ ਵਿੱਚ ਹਰ ਦਿਨ ਪੁਲਿਸ ਅਤੇ ਸੁਰੱਖਿਆ ਬਲਾਂ ਦੀਆਂ ਗੱਡੀਆਂ ਦਾ ਆਉਣਾ-ਜਾਣਾ ਰਹਿੰਦਾ ਹੈ। ਇਹ ਇਲਾਕਾ ਸ਼੍ਰੀਨਗਰ-ਜੰਮੂ ਕੌਮੀ ਰਾਜ ਮਾਰਗ ਨਾਲ ਲੱਗਦਾ ਹੈ।
ਸੋਮਵਾਰ ਨੂੰ ਜੇਵਨ ਇਲਾਕੇ ਦੀ ਘਟਨਾ ਤੋਂ ਪਹਿਲਾਂ ਸ਼੍ਰੀਨਗਰ ਦੇ ਰੰਗਰਾਈਟ ਇਲਾਕੇ ਵਿੱਚ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਇੱਕ ਮੁੱਠਭੇੜ ਵਿੱਚ ਮਾਰਨ ਦਾ ਦਾਅਵਾ ਕੀਤਾ ਸੀ।
ਦੋ ਦਿਨ ਪਹਿਲਾਂ ਹੀ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਇਲਾਕੇ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਦੋ ਜਵਾਨ ਇੱਕ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸਨ।
ਲੰਘੇ ਕੁਝ ਮਹੀਨਿਆਂ ਵਿੱਚ ਕਸ਼ਮੀਰ 'ਚ ਆਮ ਲੋਕਾਂ ਦੇ ਕਤਲਾਂ ਨੇ ਵੀ ਸੁਰੱਖਿਆ ਏਜੰਸੀਆਂ ਦੇ ਕੰਮ ਕਾਜ ਉੱਤੇ ਸਵਾਲ ਖੜ੍ਹੇ ਕੀਤੇ ਸਨ।
ਸ਼੍ਰੀਨਗਰ ਦੇ ਜੇਵਨ ਵਿੱਚ ਤਾਜ਼ਾ ਅੱਤਵਾਦੀ ਹਮਲੇ ਤੋਂ ਬਾਅਦ ਜਾਣਕਾਰਾਂ ਅਤੇ ਸਿਆਸੀ ਦਲਾਂ ਨੇ ਸਵਾਲ ਚੁੱਕੇ ਹਨ। ਸਿਆਸੀ ਹਲਕਿਆਂ ਨੇ ਜਿੱਥੇ ਭਾਰਤ ਸਰਕਾਰ ਦੇ ਕਸ਼ਮੀਰ 'ਚ ਹਾਲਾਤ ਠੀਕ ਹੋਣ ਦੇ ਦਾਅਵਿਆਂ ਨੂੰ ਖੋਖਲਾ ਦੱਸਿਆ ਹੈ, ਉਧਰ ਜਾਣਕਾਰ ਦੱਸਦੇ ਹਨ ਕਿ ਸੁਰੱਖਿਆ ਦੀ ਇੰਨੀ ਵੱਡੀ ਚੂਕ ਨਹੀਂ ਹੋਣੀ ਚਾਹੀਦੀ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਸਾਬਕਾ ਪੁਲਿਸ ਮੁਖੀ ਨੇ ਹਮਲੇ ਨੂੰ ਵੱਡੀ ਚੂਕ ਦੱਸਿਆ
ਜੰਮੂ-ਕਸ਼ਮੀਰ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਡਾਕਟਰ ਸ਼ੇਸ਼ ਪਾਲ ਵੈਦ ਨੇ ਬੀਬੀਸੀ ਨੂੰ ਦੱਸਿਆ ਕਿ ਇੰਨੇ ਵੱਡੇ ਸੁਰੱਖਿਆ ਇਲਾਕੇ ਵਿੱਚ ਇਸ ਤਰ੍ਹਾਂ ਦਾ ਅੱਤਵਾਦੀ ਹਮਲਾ ਨਹੀਂ ਹੋਣਾ ਚਾਹੀਦਾ ਅਤੇ ਇਸ ਹਮਲੇ ਨੂੰ ਰੋਕਿਆ ਵੀ ਜਾ ਸਕਦਾ ਸੀ।
ਤਸਵੀਰ ਸਰੋਤ, Getty Images
ਉਹ ਦੱਸਦੇ ਹਨ, ''ਇੱਕ ਤਾਂ ਇਹ ਇਲਾਕਾ ਸ਼ਹਿਰ ਦਾ ਬਾਹਰੀ ਇਲਾਕਾ ਹੈ। ਦੂਜੀ ਗੱਲ ਇਹ ਕਿ ਇਸ ਇਲਾਕੇ ਵਿੱਚ ਹਮੇਸ਼ਾ ਸੁਰੱਖਿਆ ਬਲ ਤਾਇਨਾਤ ਰਹਿੰਦੇ ਹਨ। ਇਲਾਕੇ ਦੀ ਨਿਗਰਾਨੀ ਕਰਨ ਤੋਂ ਇਲਾਵਾ ਉੱਥੋਂ ਲੰਘਣ ਵਾਲੀਆਂ ਸੁਰੱਖਿਆ ਬਲਾਂ ਦੀਆਂ ਗੱਡੀਆਂ ਲਈ ਰੋਡ ਓਪਨਿੰਗ ਪਾਰਟੀ (ਆਰਓਪੀ) ਤਾਇਨਾਤ ਰਹਿੰਦੀ ਹੈ ਅਤੇ ਗੱਡੀਆਂ 'ਤੇ ਵੀ ਨਿਗਾਹ ਰੱਖਦੀ ਹੈ।''
''ਇਸ ਇਲਾਕੇ ਵਿੱਚ ਅੱਤਵਾਦੀ ਅਜਿਹਾ ਕਰਨ ਦੀ ਕੋਸ਼ਿਸ਼ ਕਰਨ ਤਾਂ ਇਹ ਸਾਡੀ ਚੂਕ ਹੈ। ਮੈਨੂੰ ਲੱਗਦਾ ਹੈ ਕਿ ਰੋਡ ਓਪਨਿੰਗ ਪਾਰਟੀ ਲੱਗੀ ਹੋਣੀ ਚਾਹੀਦੀ ਸੀ ਅਤੇ ਏਰੀਆ ਡੋਮੀਨੇਸ਼ਨ ਵੀ ਹੋਣਾ ਚਾਹੀਦਾ ਸੀ।''
''ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦੇ ਹਮਲੇ ਨੂੰ ਰੋਕਿਆ ਜਾ ਸਕਦਾ ਸੀ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਕਿਸੇ ਦੂਰ-ਦੁਰਾਡੇ ਵਾਲੇ ਇਲਾਕੇ ਵਿੱਚ ਅਜਿਹਾ ਹਮਲਾ ਹੁੰਦਾ ਤਾਂ ਗੱਲ ਕੁਝ ਹੋਰ ਸੀ, ਪਰ ਜਿੱਥੇ ਸੁਰੱਖਿਆ ਬਲਾਂ ਦੀ ਮੌਜੂਦਗੀ ਹੈ ਉੱਥੇ ਇਸ ਤਰ੍ਹਾਂ ਦੀ ਘਟਨਾ ਨੂੰ ਟਾਲਿਆ ਜਾ ਸਕਦਾ ਸੀ।''
ਰੋਡ ਓਪਨਿੰਗ ਪਾਰਟੀ (ਆਰਓਪੀ) ਸੁਰੱਖਿਆ ਬਲਾਂ ਦੇ ਉਸ ਦਸਤੇ ਵਿੱਚ ਹੁੰਦੀ ਹੈ ਜੋ ਸੜਕ ਉੱਤੇ ਲਗਾਈ ਜਾਂਦੀ ਹੈ ਅਤੇ ਆਪਣੇ ਆਲੇ-ਦੁਆਲੇ ਦੇ ਇਲਾਕੇ ਨੂੰ ਪੂਰੀ ਨਿਗਰਾਨੀ ਵਿੱਚ ਰੱਖਦੀ ਹੈ।
ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਰੋਡ ਓਪਨਿੰਗ ਪਾਰਟੀ ਦੇ ਨਾ ਹੋਣ ਦਾ ਫਾਇਦਾ ਚੁੱਕਿਆ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਪੁਲਿਸ ਦੀ ਬੱਸ ਜਿਸ ਵੇਲੇ ਉੱਥੋਂ ਗੁਜ਼ਰੀ ਹੈ, ਉਸ ਤੋਂ ਪਹਿਲਾਂ ਹੀ ਉੱਥੋਂ ਰੋਡ ਓਪਨਿੰਗ ਪਾਰਟੀ ਆਪਣੇ ਠਿਕਾਣਿਆਂ ਉੱਤੇ ਰਵਾਨਾ ਹੋ ਚੁੱਕੀ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਇਸ ਹਮਲੇ ਵਿੱਚ ਸਭ ਤੋਂ ਵੱਡੀ ਚੂਕ ਇਹੀ ਹੋਈ ਹੈ ਕਿ ਰੋਡ ਓਪਨਿੰਗ ਪਾਰਟੀ ਨੂੰ ਜਦੋਂ ਕੱਢਿਆ ਗਿਆ, ਉਸ ਤੋਂ ਬਾਅਦ ਹਮਲਾਵਰਾਂ ਨੂੰ ਹਮਲਾ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਹਮਲੇ ਨੂੰ ਅੰਜਾਮ ਦਿੱਤਾ।
ਹਮਲੇ ਨਾਲ ਕੀ ਸੁਨੇਹਾ ਦੇਣ ਦੀ ਕੋਸ਼ਿਸ਼
ਕਸ਼ਮੀਰ ਜ਼ੋਨ ਦੇ ਇੰਸਪੈਕਟਰਰ ਜਨਰਲ ਵਿਜੈ ਕੁਮਾਰ ਨੂੰ ਬੀਬੀਸੀ ਨੇ ਹਾਈ ਸਿਕਿਓਰਿਟੀ ਜ਼ੋਨ ਵਿੱਚ ਹੋਏ ਇਸ ਹਮਲੇ ਦੇ ਹਵਾਲੇ ਨਾਲ ਵਟਸਐਪ ਉੱਤੇ ਸਵਾਲ ਭੇਜੇ ਸਨ ਪਰ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ।
ਤਸਵੀਰ ਸਰੋਤ, Getty Images
ਕਸ਼ਮੀਰ ਵਿੱਚ ਅੱਤਵਾਦੀ ਘਟਨਾਵਾਂ ਵਿੱਚ ਅਚਾਨਕ ਆਈ ਤੇਜ਼ੀ ਉੱਤੇ ਗੱਲ ਕਰਦੇ ਹੋਏ ਸ਼ੇਸ਼ ਪਾਲ ਵੈਦ ਕਹਿੰਦੇ ਹਨ ਕਿ ਇਹ ਇੱਕ ਸੋਚੀ-ਸਮਝੀ ਸਾਜਿਸ਼ ਦੇ ਤਹਿਤ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਵਿੱਚ ਊਸ ਨੈਰੇਟਿਵ ਨੂੰ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਆਰਟੀਕਲ 370 ਨੂੰ ਹਟਾਉਣ ਨਾਲ ਕਸ਼ਮੀਰ ਵਿੱਚ ਹਾਲਾਤ ਬਿਹਤਰ ਹੋਣਗੇ। ਇਸ ਨੈਰੇਟਿਵ ਨੂੰ ਖ਼ਤਮ ਕਰਨ ਲਈ 'ਉਸ ਪਾਰ ਤੋਂ ਅਜਿਹਾ ਕਰਨ ਦੇ ਮਨਸੂਬੇ ਬਣਦੇ ਹਨ।'
ਭਾਰੀ ਸੁਰੱਖਿਆ ਵਿਵਸਥਾ ਦੇ ਬਾਵਜੂਦ ਕਸ਼ਮੀਰ ਵਿੱਚ ਇਸ ਤਰ੍ਹਾਂ ਦੇ ਹਮਲੇ ਕਿਉਂ ਹੋ ਰਹੇ ਹਨ?
ਇਸ ਸਵਾਲ ਦੇ ਜਵਾਬ 'ਤੇ ਵੈਦ ਕਹਿੰਦੇ ਹਨ, ''ਬਿਲਕੁਲ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦਾ ਮਤਲਬ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਅੱਤਵਾਦੀਆਂ ਨੇ ਆਪਣੀ ਰਣਨੀਤੀ ਬਦਲੀ ਹੈ। ਸੁਰੱਖਿਆ ਦਾ ਜਾਇਜ਼ਾ ਫਿਰ ਤੋਂ ਲਿਆ ਜਾਣਾ ਚਾਹੀਦਾ ਹੈ ਕਿ ਕਮੀਂ ਕਿੱਥੇ ਰਹਿ ਗਈ।''
ਵੈਦ ਇਹ ਵੀ ਦੱਸਦੇ ਹਨ ਕਿ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਜੋ ਉਹ ਅੱਤਵਾਦ ਦੇ ਖਿਲਾਫ਼ ਅਭਿਆਨਾਂ ਵਿੱਚ ਸ਼ਾਮਲ ਨਾ ਹੋਣ।
ਵੈਦ ਦਾ ਕਹਿਣਾ ਸੀ ਕਿ ਜੰਮੂ-ਕਸ਼ਮੀਰ ਵਿੱਚ ਪੁਲਿਸ ਨੇ ਜਿਸ ਤਰ੍ਹਾਂ ਅੱਤਵਾਦ ਖਿਲਾਫ਼ ਕੰਮ ਕੀਤਾ ਹੈ, ਉਸ ਤੋਂ ਦੂਰ ਰੱਖਣ ਲਈ ਜੰਮੂ-ਕਸ਼ਮੀਰ ਦੀ ਪੁਲਿਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਤਸਵੀਰ ਸਰੋਤ, Getty Images
ਜੰਮੂ-ਕਸ਼ਮੀਰ ਦੇ ਰਾਜਨੀਤਿਕ ਦਲਾਂ ਨੇ ਹਮਲੇ ਦੀ ਨਿੰਦਾ ਕੀਤੀ ਹੈ ਪਰ ਨਾਲ ਹੀ ਕਸ਼ਮੀਰ ਵਿੱਚ ਸਰਕਾਰ ਦੇ ਠੀਕ ਹਾਲਾਤ ਦੇ ਦਾਅਵਿਆਂ ਉੱਤੇ ਸਵਾਲ ਵੀ ਖੜ੍ਹੇ ਕੀਤੇ ਹਨ।
ਪੀਡੀਪੀ ਦੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਟਵੀਟ ਕਰਕੇ ਲਿਖਿਆ ਹੈ, ''ਸ਼੍ਰੀਨਗਰ ਹਮਲੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਤੋਂ ਦੁੱਖ ਹੋਇਆ ਹੈ। ਕਸ਼ਮੀਰ ਵਿੱਚ ਹਾਲਾਤ ਠੀਕ ਹੋਣ ਦੇ ਸਰਕਾਰ ਦੇ ਖੋਖਲੇ ਦਾਅਵਿਆਂ ਤੋਂ ਮੁੜ ਪਰਦਾ ਉੱਠ ਗਿਆ ਹੈ ਅਤੇ ਗ਼ਲਤੀਆਂ ਤੋਂ ਸਬਕ ਨਹੀਂ ਸਿੱਖਿਆ ਜਾ ਰਿਹਾ ਹੈ। ਪੀੜਤ ਪਰਿਵਾਰ ਨਾਲ ਪੂਰੀ ਹਮਦਰਦੀ ਹੈ।''
ਜੰਮੂ-ਕਸ਼ਮੀਰ ਭਾਜਪਾ ਦੇ ਬੁਲਾਰੇ ਅਲਤਾਫ਼ ਠਾਕੁਰ ਨੇ ਇੱਕ ਬਿਆਨ ਵਿੱਚ ਦੱਸਿਆ ਕਿ 'ਇਹ ਹਮਲਾ ਬੁਜ਼ਦਿਲੀ ਹੈ ਅਤੇ ਰਾਤ ਦੇ ਹਨੇਰੇ ਵਿੱਚ ਪੁਲਿਸ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।'
ਇਹ ਵੀ ਪੜ੍ਹੋ:
ਇਹ ਵੀ ਦੇਖੋ: