ਸ਼੍ਰੀਨਗਰ ਜੇਵਨ ਹਮਲਾ˸ 'ਅੱਬੂ ਨੂੰ ਮਿਲਣ ਲਈ ਇੰਤਜ਼ਾਰ ਕਰ ਰਹੀ ਸੀ ਪਰ ਉਹ ਆਏ ਕਫਨ ਵਿੱਚ'
- ਮਾਜਿਦ ਜਹਾਂਗੀਰ
- ਰਾਮਬਣ ਤੋਂ ਬੀਬੀਸੀ ਲਈ

ਤਸਵੀਰ ਸਰੋਤ, Majid Jahangir/BBC
ਗੁਲਾਮ ਹੁਸੈਨ ਬਟ ਦੀ ਧੀ ਦਾ ਰੋ-ਰੋ ਕੇ ਬੁਰਾ ਹਾਲ ਹੈ
"ਮੈਂ ਤਾਂ ਆਪਣੇ ਅੱਬੂ ਦਾ ਇੰਤਜ਼ਾਰ ਕਰ ਰਹੀ ਸੀ ਕਿ ਉਹ ਆਉਣਗੇ ਤਾਂ ਉਨ੍ਹਾਂ ਨਾਲ ਮੁਲਾਕਾਤ ਹੋਵੇਗੀ ਪਰ ਉਹ ਆਏ ਪਰ ਕਫ਼ਨ 'ਚ।"
"ਹੁਣ ਕਿਸੇ ਨੂੰ ਗਲੇ ਲਗਾ ਲਓ, ਆਪਣੇ ਪੋਤਰਿਆਂ ਨੂੰ ਜ਼ੋਰ ਨਾਲ ਗਲੇ ਲਗਾਉਣ ਬਾਰੇ ਮੈਨੂੰ ਫੋਨ 'ਤੇ ਕੁਝ ਦਿਨ ਪਹਿਲਾਂ ਦੱਸ ਰਹੇ ਸਨ। ਪਰ ਉਹ ਤਾਂ ਲਾਸ਼ ਦੀ ਸ਼ਕਲ ਵਿੱਚ ਪਹੁੰਚ ਗਏ ਹਨ।"
ਇਹ ਸ਼ਬਦ 25 ਸਾਲਾ ਔਰਤ ਜੁਬੈਦਾ ਦੇ ਹਨ, ਜਿਨ੍ਹਾਂ ਦੇ ਪਿਤਾ ਗੁਲਾਮ ਹੁਸੈਨ ਬਟ ਸੋਮਵਾਰ ਨੂੰ ਸ਼੍ਰੀਨਗਰ ਵਿੱਚ ਅੱਤਵਾਦੀ ਹਮਲੇ ਵਿੱਚ ਮਾਰੇ ਗਏ।
ਸ਼੍ਰੀਨਗਰ ਤੋਂ ਕਰੀਬ 140 ਕਿਲੋਮੀਟਰ ਦੂਰ ਜ਼ਿਲ੍ਹਾ ਰਾਮਬਣ ਦੇ ਬ੍ਰਥੰਡ ਪਿੰਡਾਂ ਦੀਆਂ ਖੂਬਸੂਰਤ ਵਾਦੀਆਂ ਨਾਲ ਘਿਰੇ ਗੁਲਾਮ ਹੁਸੈਨ ਦੇ ਘਰ ਦੀਆਂ ਕੰਧਾਂ ਤੋਂ ਪਰਿਵਾਰ ਵਾਲਿਆਂ ਦੀਆਂ ਸਿਸਕੀਆਂ, ਦਰਦ ਅਤੇ ਹੰਝੂ ਟਕਰਾ ਕੇ ਉਨ੍ਹਾਂ ਨੂੰ ਜਖ਼ਮੀ ਕਰ ਰਹੇ ਸਨ।
ਤਿਰੰਗੇ ਵਿੱਚ ਲਿਪਟੀ ਆਈ ਲਾਸ਼
ਗੁਲਾਮ ਹੁਸੈਨ ਦੇ ਦੋ ਮੰਜ਼ਿਲਾਂ ਮਕਾਨ ਅੰਦਰ ਅਤੇ ਬਾਹਰ ਰਿਸ਼ਤੇਦਾਰਾਂ, ਗੁਆਂਢੀਆਂ ਅਤੇ ਦੋਸਤਾਂ ਦੀ ਭੀੜ ਲੱਗੀ ਹੋਈ ਹੈ।
ਤਸਵੀਰ ਸਰੋਤ, Majid Jahangir/BBC
ਤਿਰੰਗੇ ਵਿੱਚ ਲਿਪਟੀ ਗੁਲਾਮ ਹੁਸੈਨ ਦੀ ਲਾਸ਼ ਨੂੰ ਲੋਕਾਂ ਦੀ ਇੱਕ ਵੱਡੀ ਗਿਣਤੀ ਦੇਖਣ ਆ ਰਹੀ ਸੀ ਅਤੇ ਭਿੱਜੀਆਂ ਅੱਖਾਂ ਨਾਲ ਲੋਕ ਉਨ੍ਹਾਂ ਨੂੰ ਅਲਵਿਦਾ ਆਖ ਰਹੇ ਸਨ।
ਕਮਰੇ ਦੇ ਇੱਕ ਕੋਨੇ ਵਿੱਚ ਸਿਮਟੀ ਬੈਠੀ ਜੁਬੈਦਾ ਦੱਸਦੀ ਹੈ, "ਇਹ ਕਸ਼ਮੀਰ ਵਿੱਚ ਹਾਲਾਤ ਖ਼ਰਾਬ ਕਿਉਂ ਰਹਿੰਦੇ ਹਨ। ਜਦੋਂ ਵੀ ਕੋਈ ਖ਼ਬਰ ਸੁਣੇ ਹਾਂ ਤਾਂ ਉਹ ਕਸ਼ਮੀਰ ਦੇ ਖਰਾਬ ਹਾਲਾਤ ਦੀ ਖ਼ਬਰ ਹੁੰਦੀ ਹੈ।"
"ਅਸੀਂ ਤਾਂ ਇਨਸਾਫ਼ ਚਾਹੁੰਦੇ ਹਾਂ। ਦੁੱਖ ਵਿੱਚ ਡੁੱਬੀਆਂ ਖ਼ਬਰਾਂ ਤਾਂ ਕਸ਼ਮੀਰ ਤੋਂ ਆਉਂਦੀਆਂ ਹਨ। ਪੂਰੇ ਹਿੰਦੁਸਤਾਨ ਦੀ ਸੁਰੱਖਿਆ ਕਸ਼ਮੀਰ ਵਿੱਚ ਡਿਊਟੀ ਹੈ ਅਤੇ ਸਾਡੇ ਪਾਪਾ ਵੀ ਕਸ਼ਮੀਰ ਵਿੱਚ ਡਿਊਟੀ 'ਤੇ ਸਨ ਅਤੇ ਉਨ੍ਹਾਂ ਨੂੰ ਮਾਰਿਆ ਗਿਆ।"
"ਇਸ ਕਸ਼ਮੀਰ ਨੇ ਦੁਨੀਆਂ ਨੂੰ ਖਾਧਾ ਪਰ ਇਸ ਨੂੰ ਕਿਸੇ ਨਹੀਂ ਖਾਧਾ। ਜਦੋਂ ਕੋਈ ਕਸ਼ਮੀਰ ਵਿੱਚ ਮਰ ਜਾਂਦਾ ਸੀ ਤਾਂ ਅਸੀਂ ਕਹਿੰਦੇ ਸੀ ਕਿ ਹੁਣ ਉਸ ਦੇ ਪਰਿਵਾਰ ਵਾਲਿਆਂ ਦਾ ਕੀ ਹੋਵੇਗਾ।"
ਤਸਵੀਰ ਸਰੋਤ, MOHSIN ALTAF
ਇਸ ਬੱਸ ਉੱਤੇ ਹਮਲਾ ਹੋਇਆ ਸੀ
"ਪਰ ਸਾਨੂੰ ਕੀ ਪਤਾ ਸੀ ਕਿ ਸਾਡੇ ਪਾਪਾ ਵੀ ਕਸ਼ਮੀਰ ਵਿੱਚ ਹੀ ਮਾਰੇ ਜਾਣਗੇ। ਹੁਣ ਆਪਣੇ ਪਾਪਾ ਨੂੰ ਅਸੀਂ ਕਿੱਥੇ ਦੇਖ ਸਕਾਂਗੇ। ਅਸੀਂ ਤਾਂ ਇਨਸਾਫ਼ ਚਾਹੁੰਦੇ ਹਾਂ।"
370 ਹਟਣ ਤੋਂ ਬਾਅਦ ਸਭ ਤੋਂ ਵੱਡਾ ਅੱਤਵਾਦੀ ਹਮਲਾ
ਸੋਮਵਾਰ ਨੂੰ ਸ਼੍ਰੀਨਗਰ ਦੇ ਜੇਵਨ ਵਿੱਚ ਤਿੰਨ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਿਸ ਦੀ ਇੱਕ ਬੱਸ 'ਤੇ ਹਮਲਾ ਕੀਤਾ, ਜਿਸ ਵਿੱਚ ਪੁਲਿਸ ਦੇ ਤਿੰਨ ਜਵਾਨ ਮਾਰੇ ਗਏ ਅਤੇ ਜਦ ਕਿ 11 ਹੋਰ ਜ਼ਖ਼ਮੀ ਹੋਏ ਹਨ।
ਪੁਲਿਸ ਮੁਤਾਬਕ, ਜਿਸ ਬੱਸ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ, ਉਸ ਬੱਸ ਵਿੱਚ ਪੁਲਿਸ ਦੇ 25 ਜਵਾਨ ਸਵਾਰ ਸਨ। ਇਹ ਬੱਸ ਜੇਵਨ ਤੋਂ ਪੰਥਾ-ਚੌਂਕ ਵੱਲ ਜਾ ਰਹੀ ਸੀ।
ਤਸਵੀਰ ਸਰੋਤ, Majid Jahangir/BBC
ਗੁਲਾਮ ਹੁਸੈਨ ਦੀ ਧੀ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ
ਹਮਲੇ ਵਾਲੀ ਥਾਂ ਤੋਂ ਉਨ੍ਹਾਂ ਦਾ ਬੇਸ ਕੈਂਪ ਮਹਿਜ਼ ਤਿੰਨ ਕਿਲੋਮੀਟਰ ਦੂਰ ਹੈ। ਜਿਸ ਇਲਾਕੇ ਵਿੱਚ ਇਹ ਹਮਲਾ ਕੀਤਾ ਗਿਆ ਇਸ ਇਲਾਕੇ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਕਈ ਕੈਂਪ ਅਤੇ ਦਫ਼ਤਰ ਸਥਿਤ ਹਨ।
ਪੁਲਿਸ ਨੇ ਇਹ ਵੀ ਦੱਸਿਆ ਕਿ ਅੱਤਵਾਦੀ ਪੁਲਿਸ ਬੱਸ ਅੰਦਰ ਦਾਖ਼ਲ ਹੋਣ ਦੀ ਫ਼ਿਰਾਕ ਵਿੱਚ ਸਨ ਅਤੇ ਪੁਲਿਸ ਜਵਾਨਾਂ ਕੋਲੋਂ ਹਥਿਆਰ ਖੋਹਣਾ ਚਾਹੁੰਦੇ ਸਨ।
ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਜੈਸ਼ ਮੁਹੰਮਦ ਦੇ ਆਫਸ਼ੂਟ ਸੰਗਠਨ ਕਸ਼ਮੀਰ ਟਿਗਰਸ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ।
ਆਰਟੀਕਲ 370 ਹਟਾਉਣ ਅਤੇ ਪੁਲਵਾਮਾ ਹਮਲੇ ਤੋਂ ਬਾਅਦ ਅਜੇ ਤੱਕ ਦਾ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ।
ਇਹ ਵੀ ਪੜ੍ਹੋ-
ਤਿੰਨ ਸਾਲਾ ਵਿੱਚ ਹੋਣਾ ਸੀ ਰਿਟਾਇਰਮੈਂਟ
ਗੁਲਾਮ ਹੁਸੈਨ ਬੀਤੇ ਪੈਂਤੀ ਸਾਲਾ ਤੋਂ ਪੁਲਿਸ ਵਿੱਚ ਨੌਕਰੀ ਕਰ ਰਹੇ ਸਨ ਅਤੇ ਅਜੇ ਅਸਿਸਟੈਂਟ ਸਬ-ਇੰਸਪੈਕਟਰ ਦੇ ਅਹੁਦੇ 'ਤੇ ਸਨ। ਉਹ ਸਾਲ 2024 ਵਿੱਚ ਰਿਟਾਇਰ ਹੋਣ ਵਾਲੇ ਸਨ।
ਗੁਲਾਮ ਹੁਸੈਨ ਦੇ ਛੋਟੇ ਬੇਟੇ ਸ਼ਾਹਿਦ ਨੇ ਜਦੋਂ ਆਪਣੇ ਪਿਤਾ ਦੀ ਲਾਸ਼ ਵਾਲਾ ਤਾਬੂਤ ਦੇਖਿਆ ਤਾਂ ਉਹ ਕੰਬ ਰਹੇ ਸਨ।
ਆਪਣੇ ਪਿਤਾ ਨੂੰ ਕਫ਼ਨ ਵਿੱਚ ਲਿਪਟਿਆ ਦੇਖ ਉਹ ਜ਼ਮੀਨ 'ਤੇ ਡਿੱਗ ਗਏ।
ਤਸਵੀਰ ਸਰੋਤ, Majid Jahangir/BBC
ਗੁਲਾਮ ਹੁਸੈਨ ਦੀ ਪਤਨੀ ਸ਼ਰੀਫਾ ਸਦਮੇ ਵਿੱਚ ਹਨ
ਉਹ ਸਿਰਫ਼ ਚੀਕ ਰਹੇ ਸਨ ਅਤੇ ਉਨ੍ਹਾਂ ਦੇ ਆਸੇ-ਪਾਸੇ ਵਾਲੇ ਲੋਕ ਉਨ੍ਹਾਂ ਨੂੰ ਪਾਣੀ ਪਿਆ ਰਹੇ ਸਨ। ਉਨ੍ਹਾਂ ਕੋਲੋਂ ਗੱਲ ਵੀ ਨਹੀਂ ਹੋ ਰਹੀ ਸੀ ਜਿਵੇਂ ਉਨ੍ਹਾਂ ਦੀ ਸਾਰੀ ਦੁਨੀਆਂ ਲੁਟ ਗਈ ਹੋਵੇ।
ਗੁਲਾਮ ਹੁਸੈਨ ਦੀ ਪਤਨੀ ਸ਼ਰੀਫ਼ਾ ਕਮਰੇ ਵਿੱਚ ਔਰਤਾਂ ਵਿਚਾਲੇ ਕਿਸੇ ਡੂੰਘੀ ਸੋਚ ਵਿੱਚ ਡੁੱਬੀ ਹੋਈ ਸੀ ਅਤੇ ਆਪਣੀ ਦੁਨੀਆਂ ਉਜੜਨ ਦਾ ਮਾਤਮ ਉਨ੍ਹਾਂ ਦੀਆਂ ਅੱਖਾਂ ਅਤੇ ਉਨ੍ਹਾਂ ਦੇ ਸੁੱਕੇ ਬੁੱਲ ਬਿਆਂ ਕਰ ਰਹੇ ਸਨ।
ਸ਼ਰੀਫ਼ਾ ਦੀਆਂ ਅੱਖਾਂ ਵਿੱਚ ਜਿਵੇਂ ਹੰਝੂ ਰੁਕ ਗਏ ਸਨ ਅਤੇ ਸ਼ਾਇਦ ਆਪਣੇ ਬੱਚਿਆਂ ਨੂੰ ਹੌਂਸਲਾ ਦੇਣ ਲਈ ਉਹ ਅੰਦਰ ਹੀ ਅੰਦਰ ਮਰ ਰਹੀ ਸੀ।
'ਦੇਸ਼ ਲਈ ਜਾਨ ਦੇਣ ਦਾ ਸ਼ੁਕਰ'
ਹੁਸੈਨ ਦੇ ਵੱਡੇ ਭਰਾ ਗੁਲਾਮ ਹਸਨ ਬਟ ਆਪਣੇ ਭਰਾ ਦੇ ਜਾਣ ਤੋਂ ਬਾਅਦ ਇਕੱਲੈ ਪੈ ਗਏ ਹਨ।
ਉਹ ਦੱਸਦੇ ਹਨ, "ਮੇਰਾ ਭਰਾ ਅਤੇ ਮੈਂ ਬੀਤੇ 50 ਸਾਲਾਂ ਤੋਂ ਇਕੱਠੇ ਰਹਿੰਦੇ ਸੀ। ਚਾਰ ਮਹੀਨੇ ਪਹਿਲਾ ਅਸੀਂ ਵੱਖ-ਵੱਖ ਰਹਿਣ ਲੱਗੇ। ਪਰ ਹੁਣ ਮੈਨੂੰ ਇਕੱਲਾ ਛੱਡ ਗਏ।"
"ਹੁਣ ਇਸ ਗੱਲ 'ਤੇ ਇਤਮਿਨਾਨ ਹੈ ਕਿ ਉਹ ਦੇਸ਼ ਦੇ ਬਹਾਦੁਰ ਸਿਪਾਹੀ ਮੰਨੇ ਜਾਣਗੇ। ਜੇਕਰ ਉਹ ਭੱਜਦੇ ਤਾਂ ਗੱਦਾਰ ਅਖਵਾਉਂਦੇ। ਸ਼ੁਕਰ ਹੈ ਦੇਸ਼ ਲਈ ਉਨ੍ਹਾਂ ਦੇ ਜਾਨ ਦਿੱਤੀ।"
ਇਹ ਪੁੱਛਣ 'ਤੇ ਕਿ ਕਸ਼ਮੀਰ ਵਿੱਚ ਡਿਊਟੀ ਦੇਣ ਨਾਲ ਤੁਸੀਂ ਕਿੰਨੇ ਕੁ ਚਿੰਤਤ ਰਹਿੰਦੇ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਉਹ ਬੋਲੇ, "ਇਹ ਤਾਂ ਸਾਨੂੰ ਪਤਾ ਹੈ ਕਿ ਜਿਸ ਨੇ ਬੈਲਟ ਪਾਈ ਹੈ ਅਤੇ ਬੰਦੂਕ ਚੁੱਕੀ ਹੈ। ਉਸ ਨੂੰ ਗੋਲੀ ਦਾ ਸਾਹਮਣਾ ਕਰਨਾ ਪੈਂਦਾ ਹੈ।"
"ਜਦੋਂ ਵੀ ਅਸੀਂ ਸੁਣਦੇ ਸੀ ਕਿ ਕਸ਼ਮੀਰ ਵਿੱਚ ਐਨਕਾਉਂਟਰ ਹੋ ਰਿਹਾ ਹੈ ਤਾਂ ਸਾਡੀ ਨਬਜ਼ ਢਿੱਲੀ ਪੈ ਜਾਂਦੀ। ਕਸ਼ਮੀਰ ਵਿੱਚ ਡਿਊਟੀ ਕਰਨਾ ਬਹੁਤ ਮੁਸ਼ਕਲ ਹੈ।"
ਗੁਲਾਮ ਹੁਸੈਨ ਆਪਣੇ ਪਿੱਛੇ ਬੱਚੇ ਅਤੇ ਪਤਨੀ ਛੱਡ ਗਏ ਹਨ। ਉਨ੍ਹਾਂ ਦਾ ਬੇਟਾ ਭਾਰਤੀ ਫੌਜ ਵਿੱਚ ਹੈ।
ਜੰਮੂ-ਕਸ਼ਮੀਰ ਦੇ ਸਿਆਸੀ ਦਲਾਂ ਨੇ ਜੇਵਨ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਪੀੜਤ ਪਰਿਵਾਰ ਵਾਲਿਆਂ ਦੇ ਨਾਲ ਸੋਗ ਜ਼ਾਹਿਰ ਕੀਤਾ।
ਇਹ ਵੀ ਪੜ੍ਹੋ:
ਇਹ ਵੀ ਦੇਖੋ: