ਓਮੀਕਰੋਨ: WHO ਨੇ ਕਿਉਂ ਕਿਹਾ ਕੋਰੋਨਾਵਾਇਰਸ ਦੇ ਇਸ ਨਵੇਂ ਵੇਰੀਐਂਟ ਨੂੰ ਹਲਕੇ 'ਚ ਨਾ ਲਵੋ - ਪ੍ਰੈੱਸ ਰਿਵੀਊ

ਓਮੀਕਰੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸਭ ਤੋਂ ਪਹਿਲਾਂ ਇਹ ਵੇਰੀਐਂਟ ਦੱਖਣੀ ਅਫ਼ਰੀਕਾ ਵਿੱਚ ਪਾਇਆ ਗਿਆ ਸੀ

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਚੇਤਾਵਨੀ ਦਿੱਤੀ ਹੈ ਕਿ ਨਵਾਂ ਕਰੋਨਾਵਾਇਰਸ ਵੇਰੀਐਂਟ ਓਮੀਕਰੋਨ ਦੁਨੀਆ ਭਰ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇੱਕ ਵਾਰ ਫਿਰ ਇਹ ਸਿਹਤ ਪ੍ਰਣਾਲੀ ਨੂੰ ਬਹੁਤ ਪ੍ਰਭਾਵਿਤ ਕਰ ਸਕਦਾ ਹੈ।

ਬੀਬੀਸੀ ਆਨਲਾਈਨ ਦੀ ਖ਼ਬਰ ਮੁਤਾਬਕ, ਹੁਣ ਤੱਕ ਦੁਨੀਆ ਦੇ 77 ਦੇਸ਼ਾਂ ਵਿੱਚ ਇਸ ਨਵੇਂ ਵੇਰੀਐਂਟ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।

ਪਰ ਇੱਕ ਪ੍ਰੈਸ ਕਾਨਫਰੰਸ ਵਿੱਚ ਡਬਲਯੂਐੱਚਓ ਪ੍ਰਮੁੱਖ ਟੇਡਰੋਸ ਅਦਾਨੋਮ ਗੈਬਰੇਅਸਸ ਨੇ ਕਿਹਾ ਕਿ ਸ਼ਾਇਦ ਇਹ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਸੀ, ਜਿੱਥੇ ਇਸਦਾ ਪਤਾ ਲਗਾਉਣਾ ਅਜੇ ਬਾਕੀ ਸੀ।

ਉਨ੍ਹਾਂ ਕਿਹਾ ਕਿ ਉਹ ਚਿੰਤਤ ਸਨ ਕਿ ਇਸ ਵੇਰੀਐਂਟ ਨਾਲ ਨਜਿੱਠਣ ਲਈ ਲੋੜੀਂਦੇ ਯਤਨ ਨਹੀਂ ਕੀਤੇ ਜਾ ਰਹੇ ਸਨ।

ਉਨ੍ਹਾਂ ਕਿਹਾ, "ਯਕੀਨਨ, ਅਸੀਂ ਹੁਣ ਤੱਕ ਇਹ ਸਮਝ ਗਏ ਹਾਂ ਕਿ ਅਸੀਂ ਇਸ ਵਾਇਰਸ ਨੂੰ ਘੱਟ ਸਮਝਿਆ ਗਿਆ। ਭਾਵੇਂ ਓਮੀਕਰੋਨ ਘੱਟ ਗੰਭੀਰ ਬਿਮਾਰੀ ਦਾ ਕਾਰਨ ਬਣੇ, ਮਾਮਲਿਆਂ ਦੀ ਵੱਡੀ ਸੰਖਿਆ ਇੱਕ ਵਾਰ ਫਿਰ ਤਿਆਰ ਕੀਤੀ ਸਿਹਤ ਪ੍ਰਣਾਲੀਆਂ 'ਤੇ ਭਾਰੀ ਪੈ ਸਕਦੀ ਹੈ, ਇਸ ਲਈ ਇਸ ਨੂੰ ਹਲਕੇ ਵਿੱਚ ਨਾ ਲਿਆ ਜਾਵੇ।''

ਇਹ ਵੀ ਪੜ੍ਹੋ:

ਹੈਤੀ ਵਿੱਚ ਟੈਂਕਰ 'ਚ ਧਮਾਕਾ, 60 ਤੋਂ ਜ਼ਿਆਦਾ ਲੋਕਾਂ ਦੀ ਮੌਤ

ਕੈਰੇਬੀਅਨ ਦੇਸ਼ ਹੈਤੀ ਦੇ ਉੱਤਰੀ ਇਲਾਕੇ 'ਚ ਤੇਲ ਟੈਂਕਰ 'ਚ ਹੋਏ ਜ਼ਬਰਦਸਤ ਧਮਾਕੇ ਵਿੱਚ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਤੇਲ ਲੈ ਕੇ ਜਾ ਰਿਹਾ ਇੱਕ ਟੈਂਕਰ ਹੈਤੀ ਦੇ ਕੈਪ-ਹੈਤੀ ਸ਼ਹਿਰ ਵਿੱਚ ਹਾਦਸਾਗ੍ਰਸਤ ਹੋ ਗਿਆ। ਜਿਸ ਨਾਲ ਤੇਲ ਲੀਕ ਹੋਣ ਲੱਗਾ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਇਸ ਧਮਾਕੇ ਤੋਂ ਬਾਅਦ ਜ਼ਖਮੀਆਂ ਦਾ ਸਥਾਨਕ ਹਸਪਤਾਲਾਂ 'ਚ ਪਹੁੰਚਣ ਦਾ ਸਿਲਸਿਲਾ ਜਾਰੀ ਹੈ

ਸਥਾਨਕ ਲੋਕਾਂ ਨੇ ਲੀਕ ਹੋ ਰਹੇ ਤੇਲ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸੇ ਦੌਰਾਨ ਟੈਂਕਰ ਵਿੱਚ ਧਮਾਕਾ ਹੋ ਗਿਆ।

ਇਸ ਧਮਾਕੇ ਤੋਂ ਬਾਅਦ ਜ਼ਖਮੀਆਂ ਦਾ ਸਥਾਨਕ ਹਸਪਤਾਲਾਂ 'ਚ ਪਹੁੰਚਣ ਦਾ ਸਿਲਸਿਲਾ ਜਾਰੀ ਹੈ।

ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਹਾਦਸੇ ਤੋਂ ਬਾਅਦ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਟਵੀਟ ਵਿੱਚ ਲਿਖਿਆ ਕਿ ਇਸ ਹਾਦਸੇ ਤੋਂ ਬਾਅਦ ਪੂਰਾ ਕੈਰੇਬੀਅਨ ਦੇਸ਼ ਸੋਗ ਵਿੱਚ ਹੈ। ਉਨ੍ਹਾਂ ਨੇ ਦੇਸ਼ ਵਿੱਚ ਤਿੰਨ ਦਿਨਾਂ ਦੇ ਸੋਗ ਦਾ ਵੀ ਐਲਾਨ ਕੀਤਾ ਹੈ।

ਹੈਤੀ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਚ ਹੋਏ ਇਸ ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇੱਕ ਚਸ਼ਮਦੀਦ ਨੇ ਇਸ ਨੂੰ 'ਨਰਕ ਦਾ ਦ੍ਰਿਸ਼' ਕਿਹਾ।

ਅਗਲੇ ਛੇ ਮਹੀਨਿਆਂ ਵਿੱਚ ਆ ਸਕਦੀ ਹੈ ਬੱਚਿਆਂ ਲਈ ਕੋਵਿਡ ਵੈਕਸੀਨ

ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ 6 ਮਹੀਨਿਆਂ ਵਿੱਚ ਬੱਚਿਆਂ ਲਈ ਕੋਵਿਡ ਵੈਕਸੀਨ 'ਕੋਵਾਵੈਕਸ' ਨੂੰ ਲਾਂਚ ਕਰਨ ਦੀ ਯੋਜਨਾ ਹੈ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੁਆਰਾ ਆਯੋਜਿਤ ਇੱਕ ਵਰਚੁਅਲ ਕਾਨਫਰੰਸ ਵਿੱਚ ਅਦਾਰ ਪੂਨਾਵਾਲਾ ਨੇ ਇਹ ਜਾਣਕਾਰੀ ਦਿੱਤੀ।

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ,

ਇਹ ਵੈਕਸੀਨ 6 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਤਿਆਰ ਕੀਤੀ ਜਾ ਸਕਦੀ ਹੈ

ਇਸ ਦੌਰਾਨ ਉਨ੍ਹਾਂ ਦੱਸਿਆ ਕਿ ਟ੍ਰਾਇਲ ਨੇ ਤਿੰਨ ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਵਿੱਚ ਨੋਵਾਵੈਕਸ ਦੇ ਚੰਗੇ ਨਤੀਜੇ ਦਿਖਾਏ ਹਨ।

ਉਨ੍ਹਾਂ ਕਿਹਾ, "ਸਾਡਾ ਟੀਕਾ ਅਗਲੇ ਛੇ ਮਹੀਨਿਆਂ ਵਿੱਚ ਲਾਂਚ ਹੋ ਜਾਵੇਗਾ। ਇਸ ਦਾ ਟ੍ਰਾਇਲ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਇਸ ਦੇ ਜਿੰਨੇ ਟ੍ਰਾਇਲ ਤਿੰਨ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ 'ਤੇ ਕੀਤੇ ਗਏ ਹਨ, ਉਸ ਦੇ ਨਤੀਜੇ ਵਧੀਆ ਆਏ ਹਨ।"

ਨੋਵਾਵੈਕਸ ਵੈਕਸੀਨ ਤੋਂ ਇਲਾਵਾ ਸੀਰਮ ਇੰਸਟੀਚਿਊਟ ਆਫ ਇੰਡੀਆ ਐਸਟ੍ਰਾਜ਼ੈਨਕਾ ਅਤੇ ਸਪੁਤਨਿਕ ਟੀਕੇ ਵੀ ਬਣਾਉਂਦੀ ਹੈ।

ਐੱਸਆਈਟੀ ਨੇ ਕਿਹਾ, ਯੋਜਨਾਬੱਧ ਸੀ ਲਖੀਮਪੁਰ ਖੀਰੀ ਕਾਂਡ

3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਅਨੁਸਾਰ ਇਹ ਮਾਮਲਾ ਯੋਜਨਾਬੱਧ ਸਾਜ਼ਿਸ਼ ਦਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਐਸਆਈਟੀ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਅੱਗੇ ਇੱਕ ਅਰਜ਼ੀ ਦਾਇਰ ਕੀਤੀ ਹੈ ਜਿਸ ਵਿੱਚ 13 ਮੁਲਜ਼ਮਾਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਸਜ਼ਾ ਯੋਗ ਬਣਾਉਣ ਲਈ ਨਵੀਂਆਂ ਧਾਰਾਵਾਂ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ।

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ,

ਇਸ ਘਟਨਾ ਵਿੱਚ 4 ਕਿਸਾਨਾਂ ਅਤੇ ਇੱਕ ਸਥਾਨਕ ਪੱਤਰਕਾਰ ਸਮੇਤ ਕੁੱਲ 8 ਲੋਕ ਮਾਰੇ ਗਏ ਸਨ

ਐਸਆਈਟੀ ਦੇ ਜਾਂਚ ਅਧਿਕਾਰੀ ਵਿੱਦਿਆਰਾਮ ਦਿਵਾਕਰ ਨੇ ਆਈਪੀਸੀ ਦੀਆਂ ਧਾਰਾਵਾਂ 279, 338 ਅਤੇ 304ਏ ਦੀ ਥਾਂ ਵਾਰੰਟ ਵਿੱਚ ਨਵੀਂ ਧਾਰਾਵਾਂ ਜੋੜਨ ਲਈ ਸੀਜੇਐਮ ਦੀ ਅਦਾਲਤ ਵਿੱਚ ਪਿਛਲੇ ਹਫ਼ਤੇ ਅਰਜ਼ੀ ਦਾਇਰ ਕੀਤੀ ਸੀ।

ਆਪਣੀ ਇਸ ਅਰਜ਼ੀ ਵਿੱਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਚੰਗੀ ਤਰ੍ਹਾਂ ਯੋਜਨਾਬੱਧ ਅਤੇ ਜਾਣਬੁਝ ਕੇ ਕੀਤੀ ਗਈ ਸੀ।

ਐਸਆਈਟੀ ਨੇ ਇਸ ਮਾਮਲੇ ਵਿੱਚ ਆਸ਼ੀਸ਼ ਮਿਸ਼ਰਾ ਸਮੇਤ ਸਾਰੇ ਮੁਲਜ਼ਮਾਂ ਉੱਤੇ ਭਾਰਤੀ ਦੰਡਾਵਲੀ ਦੀਆਂ ਨਵੀਆਂ ਅਤੇ ਗੰਭੀਰ ਧਾਰਾਵਾਂ ਲਗਾਉਣ ਦਾ ਸੁਝਾਅ ਦਿੱਤਾ ਹੈ।

ਇਨ੍ਹਾਂ ਧਾਰਾਵਾਂ ਵਿੱਚ "ਲਾਪਰਵਾਹੀ ਨਾਲ ਗੱਡੀ ਚਲਾਉਣ ਕਰਕੇ ਨੁਕਸਾਨ ਪਹੁੰਚਾਉਣਾ, ਧਾਰਾ 307 (ਇਰਾਦੇ ਨਾਲ ਕਤਲ ਦਾ ਮਾਮਲਾ), ਧਾਰਾ 326 (ਹੱਤਿਆ ਦੇ ਇਰਾਦੇ ਨਾਲ ਹਥਿਆਰ ਜਾਂ ਉਪਕਰਣ ਦੁਆਰਾ ਸੱਟ ਪਹੁੰਚਾਉਣਾ), ਅਤੇ ਅਸਲਾ ਐਕਟ" ਵਰਗੀਆਂ ਧਾਰਾਵਾਂ ਸ਼ਾਮਲ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)