ਵਿਲੱਖਣ ਖੋਜ: ਇੱਕ ਆਲੂ ਕਰ ਸਕਦਾ ਹੈ 40 ਦਿਨਾਂ ਤੱਕ ਘਰ ਨੂੰ ਰੋਸ਼ਨ

ਆਲੂ ਤੋਂ ਬਲਦਾ ਬਲਬ/ Potato Tube light
ਤਸਵੀਰ ਕੈਪਸ਼ਨ,

ਆਲੂ ਤੋਂ ਬਲਦਾ ਬਲਬ

ਇੱਕ ਆਲੂ 40 ਦਿਨਾਂ ਤੱਕ ਤੁਹਾਡੇ ਘਰ ਨੂੰ ਰੱਖ ਸਕਦਾ ਹੈ ਰੋਸ਼ਨ। ਕੀ ਬਲਬ ਜਗਾਉਣ 'ਤੇ ਘਰਾਂ ਨੂੰ ਰੋਸ਼ਨ ਕਰਨ ਲਈ ਬਿਜਲੀ ਗਰਿੱਡ ਦੀ ਥਾਂ ਆਲੂ ਦੀ ਵਰਤੋਂ ਕੀਤੀ ਜਾ ਸਕਦੀ ਹੈ?

ਵਿਗਿਆਨੀ ਰਾਬਿਨੋਵਿਚ ਤੇ ਉਨਾਂ ਦੇ ਸਹਿਯੋਗੀ ਪਿਛਲੇ ਕੁਝ ਸਾਲਾਂ ਤੋਂ ਇਸੇ ਕੰਮ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ।

ਇਹ ਸਸਤੇ ਧਾਤੂ ਦੀਆਂ ਪਲੇਟਸ, ਤਾਰਾਂ ਅਤੇ ਐਲਈਡੀ ਬਲਬ ਨੂੰ ਜੋੜ ਕੇ ਕੀਤਾ ਜਾਂਦਾ ਹੈ। ਖੋਜਕਾਰ ਦਾ ਦਾਅਵਾ ਹੈ ਕਿ ਇਹ ਤਕਨੀਕ ਦੁਨੀਆਂ ਭਰ ਦੇ ਛੋਟੇ ਪਿੰਡਾਂ ਤੇ ਕਸਬਿਆਂ ਨੂੰ ਰੌਸ਼ਨ ਕਰ ਦੇਵੇਗੀ।

ਹਿਬਰੂ ਯੂਨੀਵਰਸਟੀ ਦੇ ਖ਼ੋਜਕਾਰ ਦਾ ਦਾਆਵਾ

ਯੇਰੂਸ਼ਲਮ ਦੀ ਹਿਬਰੂ ਯੂਨੀਵਰਸਟੀ ਦੇ ਖ਼ੋਜਕਾਰ ਰਾਬਿਨੋਵਿਚ ਦਾ ਦਾਅਵਾ ਹੈ ਕਿ ਸਬਜ਼ੀ `ਚ ਇਸਤੇਮਾਲ ਹੋਣ ਵਾਲਾ ਇੱਕ ਆਲੂ 40 ਦਿਨਾਂ ਤੱਕ ਐਲਈਡੀ ਬਲਬ ਨੂੰ ਜਗਾ ਸਕਦਾ ਹੈ।

ਰਾਬਿਨੋਵਿਚ ਨੇ ਇਸਦੇ ਲਈ ਕੋਈ ਨਵਾਂ ਸਿਧਾਂਤ ਨਹੀਂ ਦਿੱਤਾ । ਉਨਾਂ ਮੁਤਾਬਕ ਇਹ ਸਿਧਾਂਤ ਹਾਈ ਸਕੂਲ ਦੀਆਂ ਕਿਤਾਬਾਂ 'ਚ ਪੜ੍ਹਾਇਆ ਜਾਂਦਾ ਹੈ ਅਤੇ ਬੈਟਰੀ ਇਸੇ ਆਧਾਰ ਉੱਤੇ ਕੰਮ ਕਰਦੀ ਹੈ।

ਇਸਦੇ ਲਈ 2 ਧਾਤੂਆਂ ਦੀ ਲੋੜ ਹੁੰਦੀ ਹੈ- ਪਹਿਲਾ ਐਨੋਡ, ਜੋ ਨੈਗੇਟਿਵ ਇਲੈਕਟ੍ਰੋਡ ਹੈ, ਜਿਵੇਂ ਕਿ ਜ਼ਿੰਕ। ਦੂਜਾ ਕੈਥੋਡ ਹੈ, ਜੋ ਕਿ ਪੌਜੀਟਿਵ ਇਲੈਕਟ੍ਰੋਡ ਹੈ, ਜਿਵੇਂ ਕਿ ਤਾਂਬਾ।

ਆਲੂ 'ਚ ਮੌਜੂਦ ਐਸਿਡ ਜ਼ਿੰਕ ਤੇ ਤਾਂਬੇ ਨਾਲ ਰਸਾਇਣਿਕ ਕਿਰਿਆ ਕਰਦਾ ਹੈ ਤੇ ਜਦੋਂ ਇਲੈਕਟ੍ਰੋਨ ਇੱਕ ਪਦਾਰਥ ਤੋਂ ਦੂਜੇ ਪਦਾਰਥ ਵੱਲ ਜਾਂਦਾ ਹੈ, ਤਾਂ ਊਰਜਾ ਪੈਦਾ ਹੁੰਦੀ ਹੈ।

ਸਾਲ 1970 ਦੀ ਹੈ ਖੋਜ

ਇਹ ਖੋਜ ਸਾਲ 1970 'ਚ ਲੁਇਗੀ ਗੇਲਵਨੀ ਨੇ ਕੀਤੀ ਸੀ। ਉਨਾਂ ਨੇ ਡੱਡੂ ਦੀਆਂ ਮਾਸਪੇਸ਼ੀਆਂ ਨੂੰ ਝਟਕੇ ਨਾਲ ਖਿੱਚਣ ਲਈ 2 ਧਾਤੂਆਂ ਨੂੰ ਡੱਡੂ ਦੇ ਪੈਰਾਂ ਨਾਲ ਬੰਨ੍ਹਿਆਂ ਸੀ।

ਐਲਕਜੇਂਡਰ ਵੋਲਟਾ ਨੇ ਨਮਕ ਦੇ ਪਾਣੀ 'ਚ ਭਿੱਜੇ ਹੋਏ ਕਾਗਜ ਦੀ ਵਰਤੋਂ ਕੀਤੀ ਸੀ।

ਇਸਤੋਂ ਇਲਾਵਾ ਕਈ ਹੋਰ ਖੋਜਾਂ 'ਚ ਧਾਤੂ ਦੀਆਂ 2 ਪਲੇਟਾਂ ਅਤੇ ਮਿੱਟੀ ਦੇ ਇੱਕ ਢੇਰ ਜਾਂ ਪਾਣੀ ਦੀ ਬਾਲਟੀ ਨਾਲ ਅਰਥ ਬੈਟਰੀਆਂ ਬਣਾਈਆਂ ਗਈਆਂ ਸਨ।

ਆਲੂ 'ਤੇ ਖੋਜ

ਸਾਲ 2010 ਵਿੱਚ ਰਾਬਿਨੋਵਿਚ ਨੇ ਇਸ ਤਕਨੀਕ ਉੱਤੇ ਕੰਮ ਕਰਨ ਦੀ ਧਾਰਨਾ ਬਣਾਈ।

ਉਨਾਂ ਨੇ ਕੈਲੀਫੋਰਨੀਆਂ ਯੂਨੀਵਰਸਿਟੀ `ਚ ਅਲੇਕਸ ਗੋਲਬਰਗ ਤੇ ਬੋਰਿਸ ਰੁਬਿੰਸਕੀ ਦੇ ਨਾਲ ਇਸ ਦਿਸ਼ਾ `ਚ ਕੰਮ ਕੀਤਾ।

ਗੋਲਡਬਰਗ ਮੁਤਾਬਿਕ ਉਨਾਂ ਨੇ ਵੱਖ-ਵੱਖ 20 ਤਰੀਕਿਆਂ ਦੇ ਨਾਲ ਆਲੂ ਦੇ ਅੰਦਰੂਨੀ ਗਤੀਰੋਧ ਦੀ ਜਾਂਚ ਕੀਤੀ। ਜਿਸ `ਚ ਪਤਾ ਲੱਗਿਆ ਕਿ ਗਰਮ ਹੋਣ ਦੇ ਨਾਲ ਆਲੂ ਦੀ ਕਿੰਨੀ ਊਰਜਾ ਨਸ਼ਟ ਹੁੰਦੀ ਹੈ।

  • ਆਲੂ ਨੂੰ 8 ਮਿੰਟ ਉਬਾਲਣ ਦੇ ਨਾਲ ਉਸਦੇ ਅੰਦਰ ਦੇ ਕਾਰਬਨਿਕ ਉੱਤਕ ਟੁੱਟਣ ਲੱਗੇ, ਗਤੀਰੋਧ ਘੱਟ ਹੋਇਆ ਤੇ ਇਲੈਕਟ੍ਰੋਨਜ਼ ਵੱਧ ਮੂਵਮੈਂਟ ਕਰਨ ਲੱਗੇ, ਜਿਸ ਨਾਲ ਊਰਜਾ ਜ਼ਿਆਦਾ ਬਣੀ।
  • ਆਲੂ ਨੂੰ 4-5 ਟੁਕੜਿਆਂ ਦੇ ਵਿੱਚ ਕੱਟ ਕੇ ਇਨ੍ਹਾਂ ਨੂੰ ਜ਼ਿੰਕ ਤੇ ਤਾਂਬੇ ਦੀਆਂ ਪਲੇਟਸ ਦੇ ਵਿਚਕਾਰ ਰੱਖਿਆ, ਜਿਸ ਨਾਲ ਇਸਦੀ ਊਰਜਾ 10 ਗੁਣਾ ਵਧ ਗਈ।
  • ਰਾਬਿਨੋਵਿਚ ਮੁਤਾਬਿਕ ਇਸਦੀ ਵੋਲਟੇਜ਼ ਘੱਟ ਹੈ, ਪਰ ਇਸ ਨਾਲ ਅਜਿਹੀ ਬੈਟਰੀ ਬਣਾਈ ਜਾ ਸਕਦੀ ਹੈ ਜੋ ਮੋਬਾਇਲ ਜਾਂ ਲੈਪਟਾਪ ਨੂੰ ਚਾਰਜ ਕਰ ਸਕੇ।
  • ਇੱਕ ਆਲੂ ਨੂੰ ਉਬਾਲਣ ਨਾਲ ਪੈਦਾ ਹੋਈ ਬਿਜਲੀ ਲਾਗਤ 9 ਡਾਲਰ ਪ੍ਰਤੀ ਕਿਲੋਵਾਟ ਘੰਟਾ ਆਈ, ਜੋ ਡੀ-ਸੈੱਲ ਬੈਟਰੀ ਤੋਂ ਲਗਭਗ 50 ਗੁਣਾ ਸਸਤੀ ਸੀ।

ਵਿਕਾਸਸ਼ੀਲ ਦੇਸ਼ ਜਿੱਥੇ ਮਿੱਟੀ ਦੇ ਤੇਲ ਦਾ ਇਸਤੇਮਾਲ ਜਿਆਦਾ ਹੁੰਦਾ ਹੈ, ਉੱਥੇ ਵੀ ਇਹ 6 ਗੁਣਾ ਸਸਤੀ ਸੀ।

ਭਾਰਤੀ ਲੀਡਰ ਆਲੂ ਬੈਟਰੀ ਤੋਂ ਬੇਖਬਰ?

ਸਾਲ 2010 ਵਿੱਚ 32.4 ਕਰੋੜ ਟਨ ਆਲੂ ਦਾ ਉਤਪਾਦ ਹੋਇਆ, ਇਹ ਦੁਨੀਆਂ ਦੇ 130 ਦੇਸ਼ਾਂ 'ਚ ਉਗਾਇਆ ਜਾਂਦਾ ਹੈ ।

ਇਸਨੂੰ ਸਟਾਰਚ ਦਾ ਸਭ ਤੋਂ ਵਧੀਆਂ ਸਰੋਤ ਮੰਨਿਆਂ ਜਾਂਦਾ ਹੈ।

ਦੁਨੀਆਂ 'ਚ 120 ਕਰੋੜ ਲੋਕ ਬਿਜਲੀ ਦੀ ਕਿੱਲਤ ਨਾਲ ਜੂਝ ਰਹੇ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਇੱਕ ਆਲੂ ਉਨ੍ਹਾਂ ਦਾ ਘਰ ਰੋਸ਼ਨ ਕਰ ਸਕਦਾ ਹੈ।

ਰਾਬਿਨੋਵਿਚ ਮੁਤਾਬਿਕ ਉਨ੍ਹਾਂ ਸੋਚਿਆਂ ਸੀ ਕਿ ਸੰਗਠਨ ਇਸ 'ਚ ਦਿਲਚਸਪੀ ਦਿਖਾਉਣਗੇ ਤੇ ਸਿਆਸਤਦਾਨ ਇਸਨੂੰ ਹੱਥੋ-ਹੱਥ ਲੈਣਗੇ।

ਪਰ ਅਜਿਹਾ ਸੋਚ ਤੋਂ ਪਰ੍ਹੇ ਹੈ ਕਿ ਕਿਉਂ ਤਿੰਨ ਸਾਲਾਂ ਪਹਿਲਾ ਹੋਈ ਇਸ ਖੋਜ ਵੱਲ ਦੁਨੀਆਂ ਦੀਆਂ ਸਰਕਾਰਾਂ, ਕੰਪਨੀਆਂ ਤੇ ਸੰਗਠਨਾਂ ਨੇ ਧਿਆਨ ਹੀ ਨਹੀਂ ਦਿੱਤਾ।

ਰਾਬਿਨੋਵਿਚ ਇਸ ਦਾ ਸਿੱਧਾ ਜਿਹਾ ਜਵਾਬ ਦਿੰਦੇ ਹਨ, ਉਹ ਸ਼ਾਇਦ ਇਸ ਬਾਰੇ ਜਾਣਦੇ ਹੀ ਨਹੀਂ ਹਨ।

(ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)