ਟਰੰਪ ਦੇ ਰਾਜ `ਚ ਘੱਟ ਗਿਣਤੀ ਭਾਈਚਾਰੇ 'ਚ ਅਸੁਰੱਖਿਆ ਦੀ ਭਾਵਨਾ

EFFDIGY OF PRESIDENT DONALD TRUMP BURNED AS A PROTEST AGAINST HATE CRIMES

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਨਸਲਵਾਦ ਤੇ ਹੇਟ ਕ੍ਰਾਈਮ ਦੇ ਵਿਰੋਧ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਸਾੜਦੇ ਹੋਏ

ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਸੇਨ ਬਰਨਾਰਡੀਨੋ ਵਿੱਚ ਇਕ ਖ਼ੁਦਮੁਖ਼ਤਿਆਰ `ਸੈਂਟਰ ਫਾਰ ਦਿ ਸਟੱਡੀ ਆਫ ਹੇਟ ਐਂਡ ਐਕਸਟ੍ਰੀਮਿਜ਼ਮ' ਦੇ ਅਧਿਐਨ ਅਨੁਸਾਰ 2016 ਵਿਚ ਅਮਰੀਕਾ ਦੇ ਕਈ ਵੱਡੇ ਸ਼ਹਿਰਾਂ ਵਿੱਚ ਨਸਲੀ ਹਮਲੇ 20 ਤੋਂ 62 ਫ਼ੀਸਦ ਦੀ ਦਰ ਨਾਲ ਵਧੇ ਹਨ ।

ਘਟਨਾਵਾਂ ਦੀ ਇਸ ਸੂਚੀ ਵਿੱਚ ਗੰਭੀਰ ਸਰੀਰਕ ਹਮਲਿਆਂ ਤੋਂ ਜਾਤੀਵਾਦ ਤੱਕ , ਧਾਰਮਿਕ ਸਥਾਨਾਂ ਦੀ ਬੇਅਦਬੀ ਤੋਂ ਯਹੂਦੀ ਕਬਰਸਤਾਨਾਂ ਦੇ ਅਪਮਾਨ ਤੱਕ, ਐਫ਼ਰੋ-ਅਮਰੀਕੀਆਂ `ਤੇ ਤਸ਼ੱਦਦ ਤੋਂ ਪ੍ਰਵਾਸੀਆਂ/ ਗ਼ੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਲੋਕਾਂ ਨੂੰ ਧਮਕੀਆਂ ਦੇਣਾ ਸ਼ਾਮਲ ਹੈ। ਇਸ ਤੋਂ ਇਲਾਵਾ ਮੁਸਲਮਾਨਾਂ, ਸਮਲਿੰਗੀਆਂ ਅਤੇ ਕਿੰਨਰਾਂ ਵਿਰੁੱਧ ਅਸ਼ਲੀਲਤਾ ਫੈਲਾਉਣ ਆਦਿ ਦੇ ਮਾਮਲੇ ਕਾਫ਼ੀ ਵਧੇ ਹਨ ।

ਐਂਟੀ-ਡਿਫੇਮੇਸ਼ਨ ਲੀਗ (ਏ.ਡੀ.ਐੱਲ.) ਦੀ ਰਿਪੋਰਟ ਮੁਤਾਬਕ ਸਾਲ 2017 ਦੀ ਪਹਿਲੀ ਤਿਮਾਹੀ ਵਿੱਚ ਅਜਿਹੀਆਂ ਘਟਨਾਵਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ।

ਕੁਝ ਹੋਰ ਮਾਹਿਰਾਂ ਦੀ ਰਿਪੋਰਟ ਅਨੁਸਾਰ ਸਕੂਲਾਂ ਵਿਚ ਨਫ਼ਰਤ ਭਰੀ ਬਿਰਤੀ ਵਾਲੀਆਂ ਘਟਨਾਵਾਂ ਵਿਚ 106 ਫੀਸਦ ਦਾ ਵਾਧਾ ਦਰਜ ਕੀਤਾ ਹੈ।

ਖੋਜਕਰਤਾਵਾਂ ਅਨੁਸਾਰ, ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਭੜਕਾਉ ਭਾਸ਼ਣ ਅਤੇ ਪੀੜ੍ਹਤਾਂ ਵੱਲੋਂ ਅੱਗੇ ਆਉਣਾ ਇਸ ਦੇ ਵਧਣ ਦੇ ਕਾਰਨ ਹੋ ਸਕਦੇ ਹਨ।

ਅਮਰੀਕਾ ਦੇ ਘੱਟ ਗਿਣਤੀ ਭਾਈਚਾਰਿਆਂ ਵਿਚ ਸਭ ਤੋਂ ਵੱਧ ਨਸਲੀ ਵਿਤਕਰੇ ਦੇ ਮਾਮਲੇ ਮੁਸਲਮਾਨਾਂ ਨਾਲ ਸਬੰਧਤ ਹਨ। ਇਸ ਰੁਝਾਨ ਵਿਚ 9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਤਿੱਖਾ ਵਾਧਾ ਦਰਜ ਕੀਤਾ ਗਿਆ ਹੈ।

ਐਫਬੀਆਈ ਦੇ ਅੰਕੜਿਆਂ ਅਨੁਸਾਰ, 2001 ਵਿੱਚ ਸਾਲ 2000 ਦੇ 28 ਮਾਮਲਿਆਂ ਦੀ ਤੁਲਨਾ ਵਿਚ 481 ਮਾਮਲੇ ਸਾਹਮਣੇ ਆਏ। ਹਾਲਾਂਕਿ ਸਾਲ 2002 ਤੋਂ 2014 ਵਿਚਾਲੇ ਇਹ ਅੰਕੜੇ ਕੁਝ ਜ਼ਿਆਦਾ ਤੇਜ਼ੀ ਨਾਲ ਨਹੀਂ ਵਧੇ , ਪਰ 2015 ਵਿੱਚ, ਰਾਸ਼ਟਰਪਤੀ ਚੋਣਾਂ ਦੇ ਸ਼ੁਰੂਆਤੀ ਪੜਾਅ ਦੌਰਾਨ, ਇਨ੍ਹਾਂ ਮਾਮਲਿਆਂ ਵਿਚ ਇਕ ਵਾਰ ਫਿਰ ਵਾਧਾ ਦੇਖਿਆ ਗਿਆ। ਲੇਵਿਨ ਅਨੁਸਾਰ ਇਹ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ 67% ਵੱਧ ਹੈ।

ਮੁਸਲਮਾਨਾਂ ਦੇ ਨਾਲ ਸਿੱਖ ਵੀ ਹਨ ਪੀੜਤ

ਮੁਸਲਮਾਨ ਭਾਈਚਾਰੇ ਤੋਂ ਇਲਾਵਾ ਅਮਰੀਕਾ ਦਾ ਸਿੱਖ ਭਾਈਚਾਰਾ ਵੀ ਗਲਤ ਪਛਾਣ ਅਤੇ ਵੱਖਰੀ ਦਿੱਖ ਕਾਰਨ ਅਕਸਰ ਨਸਲੀ ਹਮਲੇ ਦਾ ਸ਼ਿਕਾਰ ਹੁੰਦਾ ਆਇਆ ਹੈ। ਅਮਰੀਕਾ ਵਿਚ ਕਰੀਬ 5 ਲੱਖ ਸਿੱਖ ਰਹਿੰਦੇ ਹਨ ਅਤੇ ਪਛਾਣ ਦੀਆਂ ਗਲਤ ਧਾਰਨਾਵਾਂ ਕਰਕੇ ਉਨ੍ਹਾਂ ਨੂੰ ਮੁਸਲਮਾਨ ਸਮਝ ਲਿਆ ਜਾਂਦਾ ਹੈ। ਇਸ ਕਾਰਨ ਉਹ ਜ਼ਿਆਦਾਤਰ ਨਸਲੀ ਹਮਲੇ ਦਾ ਸ਼ਿਕਾਰ ਹੁੰਦੇ ਹਨ।

ਹਾਲਾਂਕਿ ਇਹ ਸਿਲਸਿਲਾ ਨਵਾਂ ਨਹੀਂ, ਬਲਕਿ ਇਸ ਵਿਚ 9/11 ਦੇ ਹਮਲੇ ਤੋਂ ਬਾਅਦ ਲਗਾਤਾਰ ਵਾਧਾ ਹੁੰਦਾ ਗਿਆ। ਐਰੀਜ਼ੋਨਾ ਵਿਚ ਸਿੱਖਾਂ ਦੇ ਕਤਲ ਕੀਤਾ ਗਿਆ ਅਤੇ ਓਕ ਕ੍ਰੀਕ ਦੇ ਵਿਸਕੌਂਸਿਨ ਦੇ ਇਕ ਗੁਰਦੁਆਰੇ ਵਿਚ ਕੁਝ ਹਮਲਾਵਰਾਂ ਵੱਲੋਂ ਸਿੱਖ ਸੰਗਤ `ਤੇ ਅੰਧਾ-ਧੁੰਦ ਗੋਲੀਆਂ ਚਲਾਈਆਂ ਗਈਆਂ ਸਨ । ਜਿਸ ਵਿਚ 6 ਲੋਕ ਮਾਰੇ ਗਏ ਸਨ।

ਸੈਂਟ ਪੀਟਰਸਬਰਗ ਵਿਚ ਟਾਂਪਾ ਦੇ ਨੇੜੇ ਸਮੁੰਦਰ ਕੰਢੇ ਇਕ ਵੱਡਾ ਗੁਰਦੁਆਰਾ ਸਾਹਿਬ ਹੈ, ਜਿੱਥੇ ਸਾਰੇ ਸਿੱਖ ਭਾਈਚਾਰੇ ਦੇ ਲੋਕ ਇਕੱਠੇ ਹੁੰਦੇ ਹਨ ਅਤੇ ਆਪਣੇ ਮਸਲੇ ਸਾਂਝੇ ਕਰਦੇ ਹਨ। ਆਈਟੀ ਪੇਸ਼ੇਵਰ ਸਤਪ੍ਰੀਤ ਸਿੰਘ ਦਾ ਸਵਾਲ ਹੈ, 'ਕੀ ਮੈਨੂੰ ਹੋਰ ਸਾਵਧਾਨ ਹੋਣਾ ਚਾਹੀਦਾ ਹੈ ? ਹਾਂ, ਮੈਂ ਹਾਂ। ਮੈਂ ਜਾਣਦਾ ਹਾਂ ਕਿ ਮੈਂ ਅਲੱਗ ਦਿਖਦਾ ਹਾਂ।"

ਸਤਪ੍ਰੀਤ ਵੀ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਸੀ ਪਰ ਉਹ ਆਪਣੇ ਆਪ ਨੂੰ ਬਚਾਉਣ ਵਿਚ ਕਾਮਯਾਬ ਰਿਹਾ।

ਹਾਲਾਂਕਿ ਮੁਸਲਮਾਨਾਂ ਦੇ ਨਾਲ ਨਾਲ ਸਿੱਖਾਂ ਵਿਰੁੱਧ ਹਮਲੇ ਕੁਝ ਸਾਲਾਂ ਵਿਚ ਘੱਟ ਹੋਏ ਪਰ ਮਾਹਿਰਾਂ ਦੀ ਚਿਤਾਵਨੀ ਅਨੁਸਾਰ ਇਹ ਫਿਰ ਵੱਧ ਗਏ ਹਨ।

2016 ਦੀ ਚੋਣ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਐਡਵੋਕੇਸੀ ਗਰੁੱਪ `ਸਾਊਥ ਏਸ਼ੀਅਨ ਅਮਰੀਕਨ ਲੀਡਿੰਗ ਟੂਗੇਦਰ` (SAALT) ਨੇ 200 ਤੋਂ ਵੱਧ ਘਟਨਾਵਾਂ ਦਾ ਦਸਤਾਵੇਜ ਪੇਸ਼ ਕੀਤਾ। ਸਿੰਘ ਨੇ ਕਿਹਾ, "ਇਹ ਕਾਫੀ ਚਿੰਤਾਜਨਕ ਹੈ ਕਿ 9/11 ਤੋਂ ਬਾਅਦ ਹਮਲਿਆਂ ਦਾ ਇਹ ਸਿਲਸਿਲਾ ਮੁੜ ਆਪਣੇ ਪੈਰ ਪਸਾਰ ਰਿਹਾ ਹੈ।"

ਤਸਵੀਰ ਕੈਪਸ਼ਨ,

ਅਮੀਰਕਾ ਵਿੱਚ ਹੇਟ ਕ੍ਰਾਈਮ

ਸਿੱਖਾਂ 'ਚ ਸੁਰੱਖਿਆ ਲਈ ਚਿੰਤਾ

ਸਤਪ੍ਰੀਤ ਨੇ ਆਪਣੀ ਪਤਨੀ ਹਰਦੀਪ ਖੁਰ ਨਾਲ ਉਨ੍ਹਾਂ ਇਲਾਕਿਆਂ ਵਿਚ ਜਾਣਾ ਛੱਡ ਦਿੱਤਾ ਹੈ, ਜੋ ਬਹੁਤੇ ਸੁਰੱਖਿਅਤ ਨਹੀਂ ਹਨ। ਸਤਪ੍ਰੀਤ ਦੀ ਪਤਨੀ ਹਰਦੀਪ ਕੈਨੇਡਾ ਤੋਂ ਹੈ ਅਤੇ 8 ਸਾਲ ਪਹਿਲਾਂ ਇੱਥੇ ਆਈ ਹੈ। ਉਸ ਨੇ ਆਪਣਾ ਡਰ ਜ਼ਾਹਿਰ ਕਰਦਿਆਂ ਦੱਸਿਆ, 'ਅਸੀਂ ਇਕ ਵਾਰ ਉਥੇ ਕੁਝ ਖਾਣ ਲਈ ਬਾਹਰ ਇਕ ਦੁਕਾਨ `ਤੇ ਗਏ, ਜੋ ਕਿ ਗੋਰਿਆਂ ਦਾ ਬਹੁਗਿਣਤੀ ਵਾਲਾ ਇਲਾਕਾ ਸੀ, ਪਰ ਉੱਥੇ ਜਾ ਕੇ ਮੇਰੇ ਦਿਮਾਗ ਵਿੱਚ ਇਕ ਗੱਲ ਆਈ, ਉਹ ਵੀ ਪਤਾ ਕੀ ? ਕਿ ਚਲੋ ਕਿਤੇ ਹੋਰ ਚੱਲਦੇ ਹਾਂ।"

ਇਨ੍ਹਾਂ ਨਸਲੀ ਹਮਲਿਆਂ ਤੋਂ ਬਚਣ ਲਈ ਨੌਜਵਾਨ ਪੀੜ੍ਹੀ ਨੇ ਇਕ ਕਦਮ ਅੱਗੇ ਵਧਾਇਆ, ਹਾਲਾਂਕਿ ਇਹ ਸਿੱਖ ਧਰਮ ਦੇ ਮੂਲ ਸਿਧਾਂਤਾਂ ਦੇ ਬਿਲਕੁਲ ਉਲਟ ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਆਪਣੇ ਵਾਲ ਕੱਟਣੇ ਸ਼ੁਰੂ ਕਰ ਦਿੱਤੇ ਅਤੇ ਪੱਗ ਬੰਨਣੀ ਛੱਡ ਦਿੱਤੀ ਤਾਂ ਜੋ ਵੱਖਰੇ ਨਾ ਦਿਖਣ।

ਖ਼ੈਰ, ਇਸ ਮਾਹੌਲ ਵਿਚ ਨਸਲੀ ਹਮਲਿਆਂ ਦੇ ਅੰਕੜਿਆਂ ਵਿਚ ਫੇਰਬਦਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਅਤੇ ਟਰੰਪ ਦੇ ਅਮਰੀਕਾ ਵਿੱਚ ਕੁਝ ਖ਼ਾਸ ਅਵਾਜ਼ਾਂ ਅਜਿਹੀਆਂ ਵੀ ਹਨ, ਜੋ ਇਨ੍ਹਾਂ ਅੰਕੜਿਆਂ ਦੀ ਵਧਦੀ ਧਾਰਨਾ ਨੂੰ ਰੱਦ ਕਰਦੀਆਂ ਹਨ। ਉਹ ਦਲੀਲ ਦਿੰਦੇ ਹਨ ਕਿ ਅਜਿਹੀਆਂ ਘਟਨਾਵਾਂ ਵਿਚ ਵਾਧਾ ਉਨ੍ਹਾਂ ਦੀ ਉਮੀਦਵਾਰੀ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ।