ਅਮਰੀਕਾ ਤੇ ਉੱਤਰੀ ਕੋਰੀਆ ਦੀ 70 ਸਾਲ ਪੁਰਾਣੀ ਹੈ ਦੁਸ਼ਮਣੀ

  • ਗੁਲਿਏਰਮੋ ਡੀ ਔਲਮੋ
  • ਬੀਬੀਸੀ ਮੁੰਡੋ
fighter jets

ਤਸਵੀਰ ਸਰੋਤ, kaystone/getty

ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ 12 ਜੂਨ ਨੂੰ ਸਿੰਗਾਪੁਰ ਵਿੱਚ ਮੁਲਾਕਾਤ ਹੋਈ।ਪੜ੍ਹੋ ਦੋਹਾਂ ਮੁਲਕਾਂ ਵਿਚਾਲੇ ਰੰਜਿਸ਼ ਦੀ 7 ਦਹਾਕਿਆਂ ਦੀ ਪੂਰੀ ਕਹਾਣੀ।

'ਅਸੀਂ ਹਰ ਹਿੱਲਦੀ ਹੋਈ ਚੀਜ਼ 'ਤੇ ਬੰਬ ਸੁੱਟੇ।' ਇਹ ਅਮਰੀਕੀ ਵਿਦੇਸ਼ ਮੰਤਰੀ ਡਿਆਨ ਏਚਿਸਨ ਨੇ ਕਿਹਾ ਸੀ। ਉਹ ਕੋਰੀਆਈ ਜੰਗ (1950-1953) ਦੌਰਾਨ, ਉੱਤਰੀ ਕੋਰੀਆ ਬਾਰੇ ਅਮਰੀਕਾ ਦਾ ਮਕਸਦ ਦੱਸ ਰਹੇ ਸਨ।

ਪੈਂਟਾਗਨ ਦੇ ਮਾਹਰਾਂ ਨੇ ਇਸ ਨੂੰ 'ਆਪਰੇਸ਼ਨ ਸਟ੍ਰੈਂਗਲ' ਦਾ ਨਾਮ ਦਿੱਤਾ ਸੀ।

ਕਈ ਇਤਿਹਾਸਕਾਰਾਂ ਅਨੁਸਾਰ ਉੱਤਰੀ ਕੋਰੀਆ 'ਤੇ ਤਿੰਨ ਸਾਲਾਂ ਤੱਕ ਲਗਾਤਾਰ ਹਵਾਈ ਹਮਲੇ ਕੀਤੇ ਗਏ।

ਖੱਬੇਪੱਖੀ ਰੁਖ਼ ਰੱਖਣ ਵਾਲੇ ਇਸ ਦੇਸ਼ ਦੇ ਅਨੇਕਾਂ ਪਿੰਡ ਤੇ ਸ਼ਹਿਰ ਬਰਬਾਦ ਹੋ ਗਏ। ਲੱਖਾਂ ਆਮ ਲੋਕ ਮਾਰੇ ਗਏ।

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ,

ਕਿਮ ਜੋਂਗ ਉਨ ਦੇ ਦਾਦਾ ਕਿਮ ਇਲ ਸੰਗ (ਫਾਈਲ ਫੋਟੋ)

ਇਤਿਹਾਸ ਜੋ ਅਮਰੀਕਾ ਨੇ ਛੁਪਾ ਲਿਆ

ਕੋਰੀਆਈ ਰਾਜਨੀਤੀ ਅਤੇ ਇਤਿਹਾਸ ਦੇ ਜਾਣਕਾਰ ਵਾਸ਼ਿੰਗਟਨ ਦੇ ਵਿਲਸਨ ਸੈਂਟਰ ਨਾਲ ਜੁੜੇ ਹੋਏ ਜੇਮਜ਼ ਪਰਸਨ ਦਾ ਕਹਿਣਾ ਹੈ ਕਿ ਇਹ ਅਮਰੀਕੀ ਇਤਿਹਾਸ ਦਾ ਇਕ ਪੰਨਾ ਹੈ, ਜਿਸ ਬਾਰੇ ਅਮਰੀਕੀਆਂ ਨੂੰ ਬਹੁਤ ਕੁਝ ਨਹੀਂ ਦੱਸਿਆ ਗਿਆ।

ਉੱਤਰੀ ਕੋਰੀਆ ਇਸ ਨੂੰ ਕਦੇ ਵੀ ਨਹੀਂ ਭੁੱਲ ਸਕਿਆ, ਉਸ ਦੇ ਜ਼ਖਮ ਅਜੇ ਵੀ ਅੱਲ੍ਹੇ ਹਨ।

ਅਮਰੀਕਾ ਅਤੇ ਬਾਕੀ ਪੂੰਜੀਵਾਦੀ ਦੁਨੀਆਂ ਲਈ ਉੱਤਰੀ ਕੋਰੀਆ ਦੀ ਰੰਜਿਸ਼ ਦਾ ਇਹ ਵੀ ਕਾਰਨ ਹੋ ਸਕਦਾ ਹੈ।

ਤਸਵੀਰ ਸਰੋਤ, AFP/getty image

ਤਸਵੀਰ ਕੈਪਸ਼ਨ,

ਫਾਈਲ ਫੋਟੋ

ਦੱਖਣੀ ਕੋਰੀਆ ਦੀ ਖਿਲਾਫ਼ਤ

ਉੱਤਰੀ ਕੋਰੀਆ ਅਮਰੀਕਾ ਨੂੰ ਇਕ ਖ਼ਤਰੇ ਵਜੋਂ ਵੇਖਦਾ ਹੈ ਅਤੇ ਦੋਵਾਂ ਮੁਲਕਾਂ ਦੀ ਇਹ ਦੁਸ਼ਮਣੀ ਹੁਣ ਕੋਰੀਆਈ ਉੱਪ ਮਹਾਦੀਪ ਵਿਚ ਤਣਾਅ ਦਾ ਮੁੱਦਾ ਬਣ ਰਹੀ ਹੈ।

ਕੋਰੀਆਈ ਯੁੱਧ ਕਿਉਂ ਹੋਇਆ ਸੀ, ਉਸ ਦਾ ਕੀ ਕਾਰਨ ਸੀ ਅਤੇ ਇਹ ਮੁੱਦਾ ਅਜੇ ਵੀ ਅਣਸੁਲਝਿਆ ਕਿਉਂ ਹੈ?

ਇਹ 1950 ਦੀ ਗੱਲ ਹੈ, ਕੌਮਾਂਤਰੀ ਗੱਠਜੋੜ ਦੇ ਸਮਰਥਨ ਵਾਲੀ ਅਮਰੀਕੀ ਫ਼ੌਜ, ਦੱਖਣੀ ਕੋਰੀਆ ਵਿਚ ਉੱਤਰੀ ਕੋਰੀਆਈ ਫ਼ੌਜ ਦੀ ਘੁਸਪੈਠ ਖਿਲਾਫ਼ ਲੜ ਰਹੀ ਸੀ।

ਸਿਓਲ ਵਿਚ ਕਮਿਊਨਿਸਟ ਸਮਰਥਕਾਂ ਦੇ ਦਮਨ ਤੋਂ ਬਾਅਦ, ਉੱਤਰੀ ਕੋਰੀਆ ਦੇ ਨੇਤਾ ਕਿਮ ਉਲ-ਸੰਗ ਨੇ ਦੱਖਣੀ ਕੋਰੀਆ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ।

ਕਿਮ ਉਲ-ਸੰਗ ਉੱਤਰੀ ਕੋਰੀਆ ਦੇ ਵਰਤਮਾਨ ਸ਼ਾਸਕ ਕਿਮ ਜੋਂਗ ਉਨ ਦੇ ਦਾਦਾ ਸੀ।

ਤਸਵੀਰ ਸਰੋਤ, AFP/GETTY IMAGE

ਤਸਵੀਰ ਕੈਪਸ਼ਨ,

ਫਾਈਲ ਫੋਟੋ

ਯੁੱਧ ਦੀ ਤਸਵੀਰ

ਦੱਖਣੀ ਗੁਆਂਢੀ ਅਤੇ ਅਮਰੀਕਾ ਖਿਲਾਫ਼ ਉੱਤਰੀ ਕੋਰੀਆ ਦੀ ਇਸ ਕਾਰਵਾਈ ਵਿਚ ਕਿਮ ਉਲ-ਸੰਗ ਨੂੰ ਸਟਾਲਿਨ ਦਾ ਸਮਰਥਨ ਹਾਸਿਲ ਸੀ।

ਕੋਰੀਆ ਯੁੱਧ ਸ਼ੀਤ ਜੰਗ ਦਾ ਸਭ ਤੋਂ ਪਹਿਲਾ ਅਤੇ ਵੱਡਾ ਸੰਘਰਸ਼ ਸੀ।

ਯੁੱਧ ਦੇ ਪਹਿਲੇ ਪੜਾਅ 'ਚ ਅਮਰੀਕੀ ਹਵਾਈ ਹਮਲੇ ਜ਼ਿਆਦਾਤਰ ਦੱਖਣੀ ਕੋਰੀਆ ਦੇ ਫੌਜੀ ਠਿਕਾਣਿਆਂ ਅਤੇ ਸਨਅਤੀ ਕੇਂਦਰਾਂ ਤੱਕ ਸੀਮਤ ਸਨ।

ਅਚਾਨਕ ਕੁਝ ਅਜਿਹਾ ਹੋਇਆ ਕਿ ਯੁੱਧ ਦੀ ਪੂਰੀ ਤਸਵੀਰ ਹੀ ਬਦਲ ਗਈ।

ਯੁੱਧ ਸ਼ੁਰੂ ਹੋਣ ਤੋਂ ਕੁਝ ਮਹੀਨਿਆਂ ਬਾਅਦ, ਚੀਨ ਨੂੰ ਇਹ ਡਰ ਸਤਾਉਣ ਲੱਗਾ ਕਿ ਅਮਰੀਕੀ ਫ਼ੌਜ ਉਸ ਦੀ ਸਰਹੱਦ ਵੱਲ ਰੁਖ ਕਰ ਸਕਦੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਮਰੀਕੀ ਜਨਰਲ ਮੈੱਕ ਅਰਥਰ (ਫਾਈਲ ਫੋਟੋ)

ਧਰਤੀ ਸਾੜਨ ਵਾਲੀ ਨੀਤੀ

ਚੀਨ ਨੇ ਫ਼ੈਸਲਾ ਲਿਆ ਕਿ ਇਸ ਯੁੱਧ ਵਿਚ ਉਹ ਆਪਣੇ ਸਾਥੀ ਉੱਤਰੀ ਕੋਰੀਆ ਦਾ ਸਾਥ ਦੇਵੇਗਾ।

ਚੀਨੀ ਫ਼ੌਜ ਵੱਲੋਂ ਮੋਰਚਾ ਖੋਲ੍ਹਣ ਤੋਂ ਬਾਅਦ, ਅਮਰੀਕੀ ਫੌਜੀਆਂ ਨੂੰ ਜ਼ਿਆਦਾ ਨੁਕਸਾਨ ਹੋਇਆ।

ਹਾਲਾਂਕਿ ਚੀਨੀ ਸੈਨਿਕਾਂ ਕੋਲ ਚੰਗੇ ਹਥਿਆਰ ਨਹੀਂ ਸਨ ਪਰ ਉਹ ਬਹੁਤ ਵੱਡੀ ਤਾਦਾਦ ਵਿੱਚ ਸਨ।

ਪ੍ਰੋ. ਜੇਮਸ ਪਰਸਨ ਨੇ ਦੱਸਿਆ, "ਉੱਤਰੀ ਕੋਰੀਆ ਨੂੰ ਚੀਨ ਅਤੇ ਸੋਵੀਅਤ ਸੰਘ ਵੱਲੋਂ ਮਿਲ ਰਹੀ ਸਪਲਾਈ ਲਾਈਨ ਨੂੰ ਕੱਟਣਾ ਬਹੁਤ ਜ਼ਰੂਰੀ ਸੀ।"

ਇਸ ਤੋਂ ਬਾਅਦ, ਜਨਰਲ ਡਗਲਸ ਮੈੱਕ ਅਰਥਰ ਨੇ 'ਧਰਤੀ ਨੂੰ ਸਾੜ ਦੇਣ ਵਾਲੀ' ਆਪਣੀ ਯੁੱਧ ਨੀਤੀ ਲਾਗੂ ਕਰਨ ਦਾ ਫ਼ੈਸਲਾ ਲਿਆ।

ਤਸਵੀਰ ਸਰੋਤ, KEYSTONE/GETTY

ਤਸਵੀਰ ਕੈਪਸ਼ਨ,

ਫਾਈਲ ਫੋਟੋ

ਪਿੰਡਾਂ ਦੇ ਪਿੰਡ ਰਾਖ਼ ਬਣ ਗਏ

ਇਹ ਉੱਤਰ ਕੋਰੀਆ 'ਤੇ ਪੂਰੀ ਤਰ੍ਹਾਂ ਹਵਾਈ ਹਮਲੇ ਦੀ ਸ਼ੁਰੂਆਤ ਸੀ। ਉੱਤਰੀ ਕੋਰੀਆ ਦੇ ਸ਼ਹਿਰਾਂ ਅਤੇ ਪਿੰਡਾਂ 'ਤੇ ਰੋਜ਼ਾਨਾ ਅਮਰੀਕੀ ਬੰਬ ਸੁੱਟਣ ਵਾਲੇ ਜਹਾਜ਼ ਬੀ-29 ਅਤੇ ਬੀ-52 ਘੁੰਮਣ ਲੱਗੇ।

ਇਨ੍ਹਾਂ ਲੜਾਕੂ ਜਹਾਜ਼ਾਂ ਵਿਚ ਨਾਪਾਲਮ ਨਾਮ ਦਾ ਪਦਾਰਥ ਭਰਿਆ ਹੋਇਆ ਸੀ , ਜੋ ਕਿ ਇੱਕ ਕਿਸਮ ਦਾ ਜਲਣਸ਼ੀਲ ਤਰਲ ਹੁੰਦਾ ਹੈ ਅਤੇ ਇਸ ਦਾ ਇਸਤੇਮਾਲ ਯੁੱਧ ਵਿਚ ਹੁੰਦਾ ਹੈ।

ਹਾਲਾਂਕਿ ਇਸ ਨਾਲ ਜਨਰਲ ਡਗਲਸ ਬਹੁਤ ਬਦਨਾਮ ਹੋਏ, ਪਰ ਇਹ ਹਮਲੇ ਰੁਕੇ ਨਹੀਂ।

ਸਿਓਲ ਨੈਸ਼ਨਲ ਯੂਨੀਵਰਸਿਟੀ ਦੇ ਪ੍ਰੋ. ਤਾਈਵੂ ਕਿਮ ਦੱਸਦੇ ਹਨ ਕਿ ਅਮਰੀਕੀ ਕਾਰਵਾਈ ਤੋਂ ਬਾਅਦ ਉੱਤਰੀ ਕੋਰੀਆ ਦੇ ਸ਼ਹਿਰ ਅਤੇ ਪਿੰਡ ਜਲਦ ਹੀ ਮਲਬੇ ਵਿਚ ਬਦਲਣ ਲੱਗੇ।

ਤਸਵੀਰ ਸਰੋਤ, KEYSTONE / GETTY

ਤਸਵੀਰ ਕੈਪਸ਼ਨ,

ਫਾਈਲ ਫੋਟੋ

ਤਿੰਨ ਸਾਲ : 20 ਫ਼ੀਸਦੀ ਅਬਾਦੀ ਤਬਾਹ

ਸੰਘਰਸ਼ ਦੇ ਦੌਰਾਨ, ਰਣਨੀਤਕ ਏਅਰ ਕਮਾਂਡਰ ਜਨਰਲ ਕਰਟਿਸ ਲੀਮੇ ਨੇ ਦੱਸਿਆ, 'ਅਸੀਂ 20 ਫ਼ੀਸਦੀ ਅਬਾਦੀ ਨੂੰ ਤਬਾਹ ਕਰ ਦਿੱਤਾ ਸੀ।'

ਉੱਤਰੀ ਕੋਰੀਆ 'ਤੇ ਕਈ ਕਿਤਾਬਾਂ ਲਿਖ ਚੁੱਕੇ ਪੱਤਰਕਾਰ ਬਲੇਨ ਹਾਰਡੇਨ ਨੇ ਅਮਰੀਕੀ ਫੌਜੀਆਂ ਦੀ ਕਾਰਵਾਈ ਨੂੰ 'ਯੁੱਧ ਅਪਰਾਧ' ਕਰਾਰ ਦਿੱਤਾ।

ਹਾਲਾਂਕਿ ਜੇਮਜ਼ ਪਰਸਨ, ਬਲੇਨ ਹਾਰਡੇਨ ਦੀ ਦਲੀਲ ਨਾਲ ਇਤਫ਼ਾਕ ਨਹੀਂ ਰੱਖਦੇ, 'ਇਹ ਇੱਕ ਯੁੱਧ ਸੀ ਜਿਸ ਵਿੱਚ ਦੁਸ਼ਮਣਾਂ ਨੇ ਆਪਣੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ।'

ਕਿਮ ਵਰਗੇ ਖੋਜਕਾਰ ਦੱਸਦੇ ਹਨ ਕਿ ਤਿੰਨ ਸਾਲਾਂ ਵਿਚ 635,000 ਟਨ ਬੰਬ ਸੁੱਟੇ ਗਏ ਸਨ।

ਉੱਤਰੀ ਕੋਰੀਆ ਦੇ ਆਪਣੇ ਸਰਕਾਰੀ ਅੰਕੜਿਆਂ ਮੁਤਾਬਕ ਇਸ ਯੁੱਧ ਵਿਚ 5000 ਸਕੂਲ, 1000 ਹਸਪਤਾਲ ਅਤੇ ਛੇ ਲੱਖ ਘਰ ਤਬਾਹ ਹੋ ਗਏ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਫਾਈਲ ਫੋਟੋ

ਸੋਵੀਅਤ ਦਸਤਾਵੇਜ਼ : 282,000 ਲੋਕ ਮਰੇ

ਯੁੱਧ ਤੋਂ ਬਾਅਦ ਜਾਰੀ ਕੀਤੇ ਗਏ ਇਕ ਸੋਵੀਅਤ ਦਸਤਾਵੇਜ਼ ਅਨੁਸਾਰ, ਬੰਬ ਹਮਲੇ ਵਿੱਚ 282,000 ਲੋਕ ਮਾਰੇ ਗਏ ਸਨ।

ਯੁੱਧ ਵਿੱਚ ਹੋਈ ਬਰਬਾਦੀ ਦੇ ਅੰਕੜਿਆਂ ਦੀ ਪੁਸ਼ਟੀ ਕਰਨਾ ਲਗਭਗ ਅਸੰਭਵ ਹੈ, ਪਰ ਬਰਬਾਦੀ ਦੇ ਪੈਮਾਨੇ ਤੋਂ ਸ਼ਾਇਦ ਹੀ ਕੋਈ ਇਨਕਾਰ ਕਰ ਸਕੇ।

ਯੁੱਧ ਤੋਂ ਬਾਅਦ ਕੌਮਾਂਤਰੀ ਕਮਿਸ਼ਨ ਨੇ ਵੀ ਉੱਤਰੀ ਕੋਰੀਆ ਦੀ ਰਾਜਧਾਨੀ ਦਾ ਦੌਰਾ ਕੀਤਾ ਅਤੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਬੰਬ ਹਮਲੇ ਵਿਚ ਸ਼ਾਇਦ ਹੀ ਕੋਈ ਇਮਾਰਤ ਅਣਛੋਈ ਰਹਿ ਗਈ ਹੋਵੇ।

ਨਾਗਰਿਕਾਂ 'ਤੇ ਘਿਨਾਉਣਾ ਹਮਲਾ

ਇਕ ਸਮਾਂ ਅਜਿਹਾ ਵੀ ਆਇਆ ਕਿ ਜਦੋਂ ਇਹ ਡਰ ਸਤਾਉਣ ਲੱਗਾ ਕਿ ਅਮਰੀਕਾ ਅਤੇ ਸੋਵੀਅਤ ਸੰਘ ਖੁੱਲ੍ਹੇਆਮ ਪਰਮਾਣੂ ਯੁੱਧ ਨਾ ਛੇੜ ਦੇਣ।

ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਪਾਕ ਹੇਨ ਐਨ ਨੇ ਸੰਯੁਕਤ ਰਾਸ਼ਟਰ ਵਿੱਚ ਇਸ ਨੂੰ ਅਮਰੀਕੀ ਸਾਮਰਾਜਵਾਦੀਆਂ ਦਾ ਸ਼ਾਂਤੀਪੂਰਨ ਨਾਗਰਿਕਾਂ 'ਤੇ ਇਕ ਘਿਨਾਉਣਾ ਹਮਲਾ ਕਰਾਰ ਦਿੱਤਾ।

ਮੰਤਰੀ ਨੇ ਕਿਹਾ ਕਿ ਪਿਓਂਗਯਾਂਗ ਹਰ ਪਾਸਿਓਂ ਅੱਗ ਨਾਲ ਘਿਰਿਆ ਹੋਇਆ ਸੀ, ਉਸ 'ਤੇ ਘਿਨਾਉਣੇ ਤਰੀਕੇ ਨਾਲ ਬੰਬਾਰੀ ਕੀਤੀ ਗਈ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲ ਸਕਣ।

ਬਿਜਲੀ ਪਲਾਂਟਾਂ ਅਤੇ ਰੇਲਵੇ ਦੇ ਢਾਂਚੇ 'ਤੇ ਯੋਜਨਾਬੱਧ ਢੰਗ ਨਾਲ ਹਮਲਾ ਕੀਤਾ ਗਿਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਮਰੀਕੀ ਫੌਜੀ - ਫਾਈਲ ਫੋਟੋ

ਬੰਕਰ `ਚ ਲੁਕਿਆ ਹੋਇਆ ਦੇਸ਼

ਤਾਈਵੂ ਕਿਮ ਦੱਸਦੇ ਹਨ ਕਿ ਉੱਤਰ ਕੋਰੀਆ ਵਿਚ ਆਮ ਜ਼ਿੰਦਗੀ ਜੀਣਾ ਲਗਭਗ ਅਸੰਭਵ ਹੋ ਗਿਆ ਸੀ।

ਇਸ ਲਈ, ਉੱਤਰੀ ਕੋਰੀਆ ਦੇ ਅਧਿਕਾਰੀਆਂ ਨੇ ਆਪਣੇ ਬਾਜ਼ਾਰ, ਸੈਨਿਕ ਗਤੀਵਿਧੀਆਂ ਨੂੰ ਆਪਣੇ ਢੰਗ ਨਾਲ ਚਲਾਉਣ ਦਾ ਫੈਸਲਾ ਲਿਆ। ਉੱਤਰੀ ਕੋਰੀਆ ਜਲਦ ਹੀ ਇਕ ਭੂਮੀਗਤ ਦੇਸ਼ ਵਿਚ ਬਦਲ ਗਿਆ ਅਤੇ ਉੱਥੇ ਸਥਾਈ ਤੌਰ 'ਤੇ ਏਅਰਕ੍ਰਾਫਟ ਅਲਰਟ ਲਾਗੂ ਕਰ ਦਿੱਤਾ ਗਿਆ।

ਵੀਡੀਓ ਕੈਪਸ਼ਨ,

ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਬਣਾਉਣ ਦਾ ਇਤਿਹਾਸ

ਆਖ਼ਰਕਾਰ, ਲੰਮੀ ਗੱਲਬਾਤ ਤੋਂ ਬਾਅਦ 1953 ਵਿਚ ਇਕ ਸਮਝੌਤੇ 'ਤੇ ਦਸਤਖਤ ਹੋਏ।

ਅਮਰੀਕੀ ਰਾਸ਼ਟਰਪਤੀ ਟਰੂਮਨ ਨਹੀਂ ਚਾਹੁੰਦੇ ਸਨ ਕਿ ਸੰਕਟ ਉਸ ਹੱਦ ਤੱਕ ਚਲਾ ਜਾਵੇ ਕਿ ਸੋਵੀਅਤ ਸੰਘ ਨਾਲ ਕੋਈ ਸਿੱਧਾ ਟਕਰਾਅ ਹੋਵੇ।

ਯੁੱਧ ਨੇ ਉੱਤਰੀ ਕੋਰੀਆ ਨੂੰ ਬੰਕਰ ਵਿਚ ਲੁਕਿਆ ਹੋਇਆ ਦੇਸ਼ ਬਣਾ ਦਿੱਤਾ ਸੀ, 70 ਸਾਲਾਂ ਬਾਅਦ ਵੀ ਹਾਲਾਤ ਕੁਝ ਜ਼ਿਆਦਾ ਨਹੀਂ ਬਦਲੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)