ਕੁੜੀ ਨੇ ਅੰਗ ਦਾਨ ਨਾਲ ਅੱਠ ਲੋਕਾਂ ਨੂੰ ਨਵੀਂ ਜ਼ਿੰਦਗੀ ਬਖ਼ਸ਼ੀ

ਤਸਵੀਰ ਸਰੋਤ, LAYZELL FAMILY
13 ਸਾਲ ਦੀ ਇੱਕ ਕੁੜੀ ਨੇ ਅੰਗ ਦਾਨ ਰਾਹੀਂ ਪੰਜ ਬੱਚਿਆਂ ਸਮੇਤ ਅੱਠ ਵੱਖ-ਵੱਖ ਲੋਕਾਂ ਦੀ ਮਦਦ ਕੀਤੀ ਹੈ ਜੋ ਕਿ ਇੱਕ ਰਿਕਾਰਡ ਹੈ।
ਜੈਮੀਮਾ ਲੇਜ਼ਲ ਦੀ 2012 ਵਿੱਚ ਦਿਮਾਗ਼ੀ ਬਿਮਾਰੀ(ਐਨਿਉਰਿਜ਼ਮ) ਨਾਲ ਮੌਤ ਹੋ ਗਈ ਸੀ।
ਉਹ ਇੰਗਲੈਂਡ ਦੀ ਸੌਮਰਸੈੱਟ ਕਾਊਂਟੀ ਦੀ ਰਹਿਣ ਵਾਲੀ ਸੀ।
ਉਸ ਨੇ ਆਪਣਾ ਦਿਲ, ਪਾਚਕ ਗ੍ਰੰਥੀ (ਪੈਂਕ੍ਰੀਆਸ), ਫ਼ੇਫੜੇ, ਗੁਰਦੇ, ਛੋਟੀ ਅੰਤੜੀ ਅਤੇ ਜਿਗਰ ਦਾਨ ਕੀਤਾ।
ਜੈਮੀਮਾ ਦੇ ਮਾਪਿਆਂ ਨੇ ਕਿਹਾ ਕਿ ਉਹ ਹੁਸ਼ਿਆਰ, ਦਇਆਵਾਨ ਅਤੇ ਸਿਰਜਣਾਤਮਕ ਸੀ - ਅਤੇ "ਆਪਣੀ ਵਿਰਾਸਤ 'ਤੇ ਉਸ ਨੂੰ ਬਹੁਤ ਮਾਣ ਸੀ।
ਪਾਰਟੀ ਦੀਆਂ ਤਿਆਰੀਆਂ ਦੇ ਦੌਰਾਨ ਡਿੱਗੀ
ਜੈਮੀਮਾ ਆਪਣੀ ਮਾਂ ਦੇ 38ਵੇਂ ਜਨਮ ਦਿਨ ਦੀ ਪਾਰਟੀ ਦੀਆਂ ਤਿਆਰੀਆਂ ਦੌਰਾਨ ਡਿੱਗ ਪਈ ਸੀ। ਚਾਰ ਦਿਨ ਬਾਅਦ ਬੱਚਿਆਂ ਦੇ ਬ੍ਰਿਸਟਲ ਰਾਇਲ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।
ਉਸ ਦਾ ਦਿਲ, ਛੋਟੀ ਅੰਤੜੀ, ਅਤੇ ਪੈਂਕ੍ਰੀਆਸ ਨੂੰ ਤਿੰਨ ਵੱਖ-ਵੱਖ ਲੋਕਾਂ ਦੇ ਸਰੀਰ 'ਚ ਟਰਾਂਸਪਲਾਂਟ ਕੀਤਾ ਗਿਆ, ਜਦਕਿ ਦੋ ਲੋਕਾਂ ਨੂੰ ਉਸ ਦੇ ਗੁਰਦੇ ਲਾਏ ਗਏ।
ਉਸ ਦਾ ਜਿਗਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਦੋ ਲੋਕਾਂ ਵਿੱਚ ਲਾਇਆ ਗਿਆ। ਉਸ ਦੇ ਦੋਵੇਂ ਫ਼ੇਫੜੇ ਇੱਕ ਹੋਰ ਮਰੀਜ਼ ਨੂੰ ਲਾਏ ਗਏ।
ਤਸਵੀਰ ਸਰੋਤ, Getty Images
ਜੈਮੀਮਾ ਦੀ ਮਾਂ ਸੋਫ਼ੀ ਲੇਇਜ਼ਲ (43) ਨਾਟਕ ਸਿਖਾਉਂਦੀ ਹੈ ਅਤੇ ਪਿਤਾ ਹਾਰਵੇ ਲੇਇਜ਼ਲ (49) ਬਿਲਡਿੰਗ ਫ਼ਰਮ ਦੇ ਪ੍ਰਬੰਧਕ ਨਿਰਦੇਸ਼ਕ ਹਨ।
'ਵਿਸ਼ੇਸ਼ ਅਤੇ ਵਿਲੱਖਣ'
ਉਨ੍ਹਾਂ ਨੇ ਕਿਹਾ ਕਿ ਉਹ ਜਾਣਦੇ ਸਨ ਕਿ ਜੈਮੀਮਾ ਡੋਨਰ ਬਣਨ ਲਈ ਤਿਆਰ ਸੀ। ਉਸ ਨੇ ਆਪਣੀ ਮੌਤ ਤੋਂ ਕੁੱਝ ਹਫ਼ਤੇ ਪਹਿਲਾਂ ਹੀ ਇਸ ਬਾਰੇ ਗੱਲ ਕੀਤੀ ਸੀ ਜਦੋਂ ਉਨ੍ਹਾਂ ਦੇ ਕਿਸੇ ਜਾਣਕਾਰ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ।
ਸੋਫ਼ੀ ਨੇ ਕਿਹਾ: "ਉਹ ਰਜਿਸਟਰ ਸਨ ਪਰ ਉਨ੍ਹਾਂ ਦੇ ਅੰਗ ਉਨ੍ਹਾਂ ਦੀ ਮੌਤ ਦੇ ਹਾਲਾਤ ਕਾਰਨ ਦਾਨ ਨਹੀਂ ਕੀਤੇ ਜਾ ਸਕੇ ਸਨ।''
"ਜੈਮੀਮਾ ਨੇ ਪਹਿਲਾਂ ਕਦੇ ਅੰਗ ਦਾਨ ਬਾਰੇ ਨਹੀਂ ਸੁਣਿਆ ਸੀ ਅਤੇ ਇਸ ਤੋਂ ਥੋੜ੍ਹਾ ਜਿਹਾ ਪਰੇਸ਼ਾਨ ਹੋਈ, ਪਰ ਉਹ ਇਸਦੀ ਮਹੱਤਾ ਨੂੰ ਪੂਰੀ ਤਰ੍ਹਾਂ ਸਮਝ ਗਈ ਸੀ।"
ਮਾਂ ਨੇ ਕਿਹਾ ਕਿ ਉਨ੍ਹਾਂ ਲਈ ਆਪਣੀ ਬੇਟੀ ਦੇ ਅੰਗਾਂ ਨੂੰ ਦਾਨ ਕਰਨ ਦਾ ਫ਼ੈਸਲਾ ਮੁਸ਼ਕਲ ਸੀ, ਪਰ ਮਹਿਸੂਸ ਕੀਤਾ ਕਿ ਇਹ ਸਹੀ ਸੀ।
ਜੈਮੀਮਾ ਦੇ ਪਰਿਵਾਰ ਨੇ ਅੰਗ ਦਾਨ ਨੂੰ ਉਤਸ਼ਾਹਿਤ ਕਰਨ ਲਈ ਉਸ ਦੇ ਨਾਂ 'ਤੇ ਇੱਕ ਟਰੱਸਟ ਬਣਾ ਦਿੱਤਾ ਹੈ।
"ਹਰ ਕੋਈ ਆਪਣੇ ਬੱਚੇ ਨੂੰ ਵਿਸ਼ੇਸ਼ ਅਤੇ ਵਿਲੱਖਣ ਬਣਾਉਣਾ ਚਾਹੁੰਦਾ ਹੈ ਅਤੇ ਹੋਰ ਗੱਲਾਂ ਦੇ ਨਾਲ ਸਾਨੂੰ ਇਸ ਗੱਲ 'ਤੇ ਬਹੁਤ ਮਾਣ ਹੈ।
"ਜੈਮੀਮਾ ਦੀ ਮੌਤ ਤੋਂ ਥੋੜੀ ਦੇਰ ਬਾਅਦ ਹੀ ਅਸੀਂ ਦਿਲ ਦੇ ਟਰਾਂਸਪਲਾਂਟ ਦੀ ਉਡੀਕ ਕਰਦੇ ਬੱਚਿਆਂ ਅਤੇ ਗਰੇਟ ਓਰਮੋਂਡ ਸਟਰੀਟ ਹਸਪਤਾਲ ਵਿੱਚ ਬਰਲਿਨ ਹਾਰਟਸ ਲਗਾਏ ਜਾਣ ਬਾਰੇ ਇੱਕ ਪ੍ਰੋਗਰਾਮ ਵੇਖਿਆ।
ਤਸਵੀਰ ਸਰੋਤ, LAYZELL FAMILY
"ਇਸ ਨੇ ਸਾਡੇ ਲਈ ਪੁਸ਼ਟੀ ਕੀਤੀ ਕਿ 'ਨਾਂਹ' ਕਹਿਣ ਦਾ ਭਾਵ ਅੱਠ ਹੋਰ ਲੋਕਾਂ ਨੂੰ ਜ਼ਿੰਦਗੀ ਦਾ ਮੌਕਾ ਦੇਣ ਤੋਂ ਇਨਕਾਰ ਕਰਨਾ ਹੋਵੇਗਾ।"
ਦਿਮਾਗ਼ੀ ਐਨਿਉਰਿਜ਼ਮ ਕੀ ਹੈ?
ਐਨਿਉਰਿਜ਼ਮ, ਖੂਨ ਦੀਆਂ ਨਾੜੀਆਂ ਦੀ ਕਮਜ਼ੋਰੀ ਕਾਰਨ ਨਾੜੀਆਂ ਵਿੱਚ ਇੱਕ ਸੋਜਿਸ਼ ਹੁੰਦੀ ਹੈ।
ਇਹ ਸਰੀਰ ਵਿੱਚ ਕਿਤੇ ਵੀ ਹੋ ਸਕਦੀ ਹੈ, ਪਰ ਜ਼ਿਆਦਾਤਰ ਦਿਮਾਗ਼ ਵਿੱਚ ਅਤੇ ਦਿਲ ਦੇ ਦੁਆਲੇ ਹੁੰਦੀ ਹੈ।
ਇਸ `ਚ ਫੁੱਲ ਰਹੀ ਨਾੜੀ ਦੇ ਫਟਣ ਨਾਲ ਬਹੁਤਾ ਖ਼ੂਨ ਵਗਣ ਕਰ ਕੇ ਦਿਮਾਗ਼ ਨੂੰ ਗੰਭੀਰ ਨੁਕਸਾਨ ਪਹੁੰਚਦਾ ਹੈ। ਆਮ ਤੌਰ ਤੇ ਨਤੀਜੇ ਵਜੋਂ ਮੌਤ ਜਾਂ ਗੰਭੀਰ ਅਪੰਗਤਾ ਹੁੰਦੀ ਹੈ।
ਅਕਸਰ ਨਾੜੀ ਫ਼ਟਣ ਤੋਂ ਪਹਿਲਾਂ ਸਮੱਸਿਆ ਦੇ ਕੋਈ ਸੰਕੇਤ ਨਹੀਂ ਹੁੰਦੇ। ਹਾਲੇ ਵੀ ਇਹ ਸਪੱਸ਼ਟ ਨਹੀਂ ਹੈ ਕਿ ਖ਼ੂਨ ਦੀਆਂ ਨਾੜੀਆਂ ਕਿਉਂ ਕਮਜ਼ੋਰ ਹੋ ਜਾਂਦੀਆਂ ਹਨ। ਜਿਸ ਦੀ ਵਜ੍ਹਾ ਕਰ ਕੇ ਐਨਿਉਰਿਜ਼ਮ ਵਿਕਸਿਤ ਹੁੰਦਾ ਹੈ।
ਜੈਮੀਮਾ ਦੇ ਮਾਪਿਆਂ ਨੇ ਕਿਹਾ ਕਿ ਪਰਿਵਾਰਾਂ ਲਈ ਅੰਗ ਦਾਨ ਬਾਰੇ ਗੱਲ ਕਰਨੀ ਬਹੁਤ ਮਹੱਤਵਪੂਰਨ ਸੀ।
"ਹਰ ਮਾਤਾ-ਪਿਤਾ ਦੀ ਅੰਤਰਪ੍ਰੇਰਨਾ ਤਾਂ 'ਨਾਂਹ ਕਹਿਣ ਦੀ ਹੀ ਹੁੰਦੀ ਹੈ, ਕਿਉਂਕਿ ਅਸੀਂ ਆਪਣੇ ਬੱਚੇ ਦੀ ਸੁਰੱਖਿਆ ਕਰਨ ਦੇ ਆਦੀ ਹੁੰਦੇ ਹਾਂ।
ਤਸਵੀਰ ਸਰੋਤ, Thinkstock
ਸੋਫ਼ੀ ਨੇ ਕਿਹਾ "ਜੈਮੀਮਾ ਸੁੰਦਰ, ਚੁਸਤ, ਮਜ਼ਾਕੀਆ, ਤਰਸਵਾਨ ਅਤੇ ਰਚਨਾਤਮਿਕ ਸੀ - ਅਤੇ ਸਾਨੂੰ ਲੱਗਦਾ ਹੈ ਕਿ ਉਸ ਨੂੰ ਆਪਣੀ ਵਿਰਾਸਤ 'ਤੇ ਬਹੁਤ ਮਾਣ ਹੋਵੇਗਾ।"
'ਬਹੁਤੇ ਇਨਕਾਰ ਕਰ ਦਿੰਦੇ ਹਨ'
ਸੋਫੀ, ਹਾਰਵੇ ਅਤੇ ਜੈਮੀਮਾ ਦੀ ਭੈਣ ਅਮੀਲੀਆ (17) ਹੁਣ ਜੈਮੀਮਾ ਲੇਜ਼ਲ ਟਰੱਸਟ ਨੂੰ ਚਲਾਉਂਦੇ ਹਨ।
ਜੋ ਬੁਰੀਆਂ ਦਿਮਾਗ਼ੀ ਸੱਟਾਂ ਵਾਲੇ ਨੌਜਵਾਨਾਂ ਦੀ ਮਦਦ ਕਰਦਾ ਹੈ ਅਤੇ ਅੰਗ ਦਾਨ ਨੂੰ ਵੀ ਉਤਸ਼ਾਹਿਤ ਕਰਦਾ ਹੈ।
'ਐੱਨ.ਐੱਚ.ਐੱਸ. ਬਲੱਡ ਐਂਡ ਟਰਾਂਸਪਲਾਂਟ' ਨੇ ਕਿਹਾ ਕਿ ਹਾਲੇ ਵੀ ਸੈਂਕੜੇ ਲੋਕ ਟਰਾਂਸਪਲਾਂਟ ਦੀ ਉਡੀਕ ਕਰਦੇ ਹੋਏ ਅਜਾਈਂ ਹੀ ਮਰ ਰਹੇ ਹਨ, ਕਿਉਂਕਿ ਬਹੁਤ ਸਾਰੇ ਪਰਿਵਾਰ ਅੰਗ ਦਾਨ ਲਈ ਮਨ੍ਹਾ ਕਰ ਦਿੰਦੇ ਹਨ।
ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ। ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।