ਬਾਂਦਰ ਹਾਰਿਆ ਸੈਲਫ਼ੀ `ਤੇ ਦਾਅਵੇ ਦਾ ਕੇਸ

Image copyright WILDLIFE PERSONALITIES/DAVID SLATER
ਫੋਟੋ ਕੈਪਸ਼ਨ ਬਾਂਦਰ ਵੱਲੋਂ ਲਈ ਗਈ ਸੈਲਫ਼ੀ

ਕੈਮਰੇ 'ਚ ਦੰਦ ਦਿਖਾਉਂਦੇ ਬਾਂਦਰ ਦੀ ਮਸ਼ਹੂਰ ਫ਼ੋਟੋ ਸ਼ਾਇਦ ਤੁਹਾਨੂੰ ਯਾਦ ਹੋਵੇਗੀ।

ਉਸ ਫ਼ੋਟੋ ਨੂੰ ਲੈ ਕੇ ਕਨੂੰਨੀ ਵਿਵਾਦ ਹੁਣ ਖ਼ਤਮ ਹੋ ਗਿਆ ਹੈ। ਫ਼ੋਟੋਗ੍ਰਾਫ਼ਰ ਨੇ ਇਕ ਪਸ਼ੂ ਅਧਿਕਾਰ ਸੰਗਠਨ ਨਾਲ ਚੱਲੀ ਕਰੀਬ ਦੋ ਸਾਲਾਂ ਦੀ ਕਨੂੰਨੀ ਲੜਾਈ ਜਿੱਤ ਲਈ ਹੈ।

ਇਹ ਸੈਲਫ਼ੀ ਸਾਲ 2011 'ਚ ਇੰਡੋਨੇਸ਼ਈਆ ਦੇ ਜੰਗਲ 'ਚ ਮਕਾਕ ਨਸਲ ਦੇ ਨਾਰੁਤੋ ਨਾਮੀ ਬਾਂਦਰ ਨੇ ਲਈ ਸੀ। ਬਾਂਦਰ ਨੇ ਦਰਅਸਲ ਨਿਉ ਸਾਉਥ ਵੇਲਸ ਦੇ ਵਾਸੀ ਡੇਵਿਡ ਸਲੇਟਰ ਦਾ ਕੈਮਰਾ ਚੁੱਕ ਕੇ ਸੈਲਫ਼ੀ ਲਈ ਸੀ।

ਫ਼ੈਸਲਾ ਸੁਣਾਉਂਦੇ ਹੋਏ ਅਮਰੀਕੀ ਜੱਜ ਨੇ ਕਿਹਾ ਕਿ ਕਾਪੀਰਾਇਟ ਕਨੂੰਨ ਦੇ ਤਹਿਤ ਬਾਂਦਰ ਨੂੰ ਸੈਲਫ਼ੀ ਦਾ ਹੱਕ ਨਹੀਂ ਮਿਲੇਗਾ, ਉਥੇ ਹੀ ਪਸ਼ੂ ਅਧਿਕਾਰ ਸੰਗਠਨ ਪੇਟਾ ਨੇ ਇਹ ਤਰਕ ਦਿੱਤਾ ਕਿ ਬਾਂਦਰ ਨੂੰ ਵੀ ਕੋਈ ਫ਼ਾਇਦਾ ਹੋਣਾ ਚਾਹੀਦਾ ਹੈ।

Image copyright DAVID J SLATER
ਫੋਟੋ ਕੈਪਸ਼ਨ ਡੇਵਿਡ ਸਲੇਟਰ ਸੈਲਫ਼ੀ ਤੋਂ ਹੋਣ ਵਾਲੀ ਕਮਾਈ ਦਾ 25 ਫ਼ੀਸਦੀ ਹਿੱਸਾ ਦਾਨ ਕਰਨਗੇ

ਪੇਟਾ ਦੀ ਪਟੀਸ਼ਨ ਨੂੰ ਭਾਵੇਂ ਰੱਦ ਕਰ ਦਿੱਤਾ ਗਿਆ ਪਰ ਸਲੇਟਰ ਭਵਿੱਖ ਵਿੱਚ ਬਾਂਦਰ ਦੀ ਸੈਲਫ਼ੀ ਤੋਂ ਹੋਣ ਵਾਲੀ ਕਮਾਈ ਦਾ 25 ਫ਼ੀਸਦੀ ਹਿੱਸਾ ਦਾਨ 'ਚ ਦੇਣ ਲਈ ਤਿਆਰ ਹੋ ਗਏ ਹਨ।

ਸਲੇਟਰ ਅਤੇ ਪੇਟਾ ਵੱਲੋਂ ਜਾਰੀ ਇਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਲਫ਼ੀ ਤੋਂ ਹੋਣ ਵਾਲੀ ਕਮਾਈ ਦਾ ਚੌਥਾ ਹਿੱਸਾ ਨਾਰੁਤੋ ਅਤੇ ਉਸਦੇ ਰਹਿਣ ਦੀ ਥਾਂ ਦੀ ਰੱਖਿਆ ਕਰਨ ਵਾਲੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਦਾਨ ਕਰ ਦਿੱਤਾ ਜਾਵੇਗਾ।

ਪੇਟਾ ਦੇ ਵਕੀਲ ਜੇਫ਼ ਕੇਰ ਦਾ ਕਹਿਣਾ ਹੈ ਕਿ ਇਸ ਮੁਕਦਮੇ ਰਾਹੀਂ ਕੌਮਾਂਤਰੀ ਪੱਧਰ 'ਤੇ ਪਸ਼ੂਆਂ ਦੇ ਹੱਕਾਂ ਨੂੰ ਲੈ ਕੇ ਚਰਚਾ ਹੋਈ ਸੀ। ਉਥੇ ਹੀ ਸਲੇਟਰ ਦਾ ਮੰਨਣਾ ਹੈ ਕਿ ਉਸਨੇ ਇਸ ਮੁਕੱਦਮੇ ਨੂੰ ਲੈ ਕੇ ਕਾਫ਼ੀ ਮਿਹਨਤ ਕੀਤੀ ਸੀ।