ਨਵਾਂ ਆਈਫੋਨ X ਕ੍ਰਾਂਤੀਕਾਰੀ ਕਿਉਂ ਨਹੀਂ ਹੈ?

iPhone ਦੀ ਦਸਵੀਂ ਵਰ੍ਹੇਗੰਢ ਮੌਕੇ ਕੈਲੀਫੋਰਨੀਆ ਵਿੱਚ ਸਟੀਵ ਜੌਬਸ ਥੀਏਟਰ 'ਚ ਵਿਸ਼ੇਸ਼ ਤੌਰ 'ਤੇ iPhone X ਲਾਂਚ ਕੀਤਾ ਗਿਆ।
ਐੱਪਲ ਦੇ ਸੀਈਓ ਟਿਮ ਕੁਕ ਦਾ ਦਾਅਵਾ ਹੈ ਕਿ iPhone ਦੇ ਪਹਿਲੇ ਲਾਂਚ ਤੋਂ ਬਾਅਦ ਇਹ ਸਭ ਤੋਂ ਵੱਡਾ ਉਛਾਲ ਹੈ।
ਇਹ iPhone ਦੇ ਇਤਿਹਾਸ 'ਚ ਸਭ ਤੋਂ ਮਹਿੰਗਾ ਫ਼ੋਨ ਹੈ। ਕੀਮਤ 999 ਅਮਰੀਕੀ ਡਾਲਰ ਰੱਖੀ ਗਈ ਹੈ, ਭਾਰਤ 'ਚ ਇਸ ਦੀ ਕੀਮਤ ਕਰੀਬ ਇੱਕ ਲੱਖ ਰੁਪਏ ਹੋਣ ਦੀ ਉਮੀਦ ਹੈ। ਜੋ ਤਕਨੀਕ ਇਸ 'ਚ ਹੈ, ਉਹ ਐੱਪਲ ਦੇ ਕਿਸੇ ਹੋਰ iPhone ਵਿੱਚ ਨਹੀਂ।
ਬੇਸ਼ੱਕ, ਐੱਪਲ ਲਈ ਉਸ ਦੀਆਂ ਐਪਲੀਕੇਸ਼ਨਸ ਕ੍ਰਾਂਤੀਕਾਰੀ ਹੋ ਸਕਦੀਆਂ ਹਨ, ਪਰ ਮੋਬਾਇਲ ਫੋਨ ਇੰਡਸਟਰੀ 'ਚ ਬਿਲਕੁਲ ਨਵੀਂ ਗੱਲ ਨਹੀਂ ਹੈ।
ਅਸੀਂ ਤੁਹਾਨੂੰ iPhone X ਦੇ ਕੁਝ ਨਵੇਂ ਫੀਚਰਸ ਦੱਸਾਂਗੇ ਜੋ ਕਿਸੇ ਵੀ ਦੂਜੇ ਸਮਾਰਟ ਫੋਨ 'ਚ ਵੀ ਮਿਲ ਸਕਦੇ ਹਨ।
ਸੈਮਸੰਗ ਨੇ ਬਣਾਈ OLED ਸਕਰੀਨ
iPhone ਦੀ ਦਿੱਖ ਵਿੱਚ ਸਭ ਤੋਂ ਵੱਡਾ ਬਦਲਾਅ 'ਹੋਮ ਬਟਨ' ਦਾ ਨਾ ਹੋਣਾ ਹੈ, ਇਸ ਦੀ ਥਾਂ 'ਤੇ OLED ਸਕਰੀਨ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਕਰੀਨ iPhone ਨੂੰ ਸਭ ਤੋਂ ਵੱਧ ਟੱਕਰ ਦੇਣ ਵਾਲੀ ਸਾਊਥ ਕੋਰੀਆ ਦੀ ਕੰਪਨੀ ਸੈਮਸੰਗ ਨੇ ਬਣਾਈ ਹੈ। ਸੈਮਸੰਗ ਇਹ ਸਕਰੀਨ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ।
ਇਸ ਦਾ ਇਸਤੇਮਾਲ ਸੈਮਸੰਗ ਗਲੈਕਸੀ S8 ਅਤੇ ਗਲੈਕਸੀ ਨੋਟ 8 ਵਿੱਚ ਹੋ ਚੁੱਕਾ ਹੈ।
ਫ਼ੇਸ ਆਈਡੀ
ਇਸ ਫੋਨ ਦੀ ਵੱਡੀ ਖ਼ਾਸੀਅਤ ਹੈ ਇਸ ਨੂੰ ਅਨਲੌਕ ਕਰਨ ਲਈ ਫੇਸ ਆਈਡੀ ਦੀ ਵਰਤੋਂ। ਇਹ ਯੂਜ਼ਰ ਦੇ ਚਿਹਰੇ ਨੂੰ ਪਛਾਣ ਕੇ ਫੋਨ ਅਨਲੌਕ ਕਰਦਾ ਹੈ। ਇਸ ਤਕਨੀਕ ਨੂੰ iPhone ਦੇ ਟਚ ਆਈਡੀ (ਫਿੰਗਰ ਪ੍ਰਿੰਟ) ਦੀ ਥਾਂ ਲਿਆਂਦਾ ਗਿਆ ਹੈ।
ਇਹ ਤਕਨੀਕ ਵੀ ਨਵੀਂ ਨਹੀਂ ਹੈ, ਸਗੋਂ ਵਿਵਾਦਿਤ ਹੈ, ਇਸ ਨੂੰ ਲੈ ਕੇ ਬਹੁਤ ਅਲੋਚਨਾ ਵੀ ਹੋਈ ਹੈ।
ਸੈਮਸੰਗ ਆਇਰਿਸ ਅਤੇ ਫੇਸ ਆਈਡੀ ਫੀਚਰ ਲੈ ਕੇ ਆਉਣ ਵਾਲੀ ਪਹਿਲੀ ਕੰਪਨੀ ਹੈ।
ਇਮੋਜੀ ਐਨੀਮੇਸ਼ਨ
ਐੱਪਲ ਨੇ ਨਵੇਂ ਆਈਫੋਨ ਵਿੱਚ ਐਨੀਮੇਟਡ ਇਮੋਜੀ ਦਾ ਫੀਚਰ ਦਿੱਤਾ ਹੈ। ਇਸ ਦਾ ਨਾਂ ਐਨੀਮੋਜੀ ਦਿੱਤਾ ਗਿਆ ਹੈ।
ਐਨੀਮੋਜੀ 3D ਤਕਨੀਕ 'ਤੇ ਅਧਾਰਿਤ ਹੈ ਅਤੇ ਚਿਹਰੇ ਦੇ ਹਾਵ-ਭਾਵ ਨੂੰ ਫੋਨ ਦੇ ਅਗਲੇ ਕੈਮਰੇ ਵਿੱਚ ਦਰਜ ਕਰਦੀ ਹੈ। ਐੱਪਲ ਦਾ ਇਹ ਫੋਨ 50 ਕਿਸਮਾਂ ਦੇ ਹਾਵ-ਭਾਵ ਪਛਾਣ ਸਕਦਾ ਹੈ।
ਐਨੀਮੇਟਡ ਇਮੋਜੀ ਵੀ ਐੱਪਲ ਦੀ ਖੋਜ ਨਹੀਂ ਹੈ। ਮਾਰਕੀਟ ਵਿੱਚ ਪਹਿਲਾਂ ਹੀ ਅਜਿਹੇ ਐਪਸ ਹਨ ਜੋ ਚਿਹਰੇ ਦੇ ਹਾਵ-ਭਾਵ ਤੋਂ ਇਮੋਜੀ ਬਣਾ ਲੈਂਦੇ ਹਨ।
ਵਾਇਰਲੈੱਸ ਚਾਰਜਿੰਗ
ਵਾਇਰਲੈੱਸ ਚਾਰਜਿੰਗ ਫੀਚਰ ਨਾਲ ਕੰਪਨੀ ਦਾਅਵਾ ਕਰਦੀ ਹੈ ਕਿ iPhone X ਪਹਿਲਾ ਅਜਿਹਾ ਫੋਨ ਹੈ ਜੋ ਬਿਨਾ ਕੇਬਲ ਦੇ ਚਾਰਜ ਹੋਵੇਗਾ।
ਹਾਲਾਂਕਿ, ਸੈਮਸੰਗ ਪਹਿਲਾਂ ਹੀ ਇਹ ਤਕਨੀਕ ਮੁਹੱਈਆ ਕਰਵਾ ਰਿਹਾ ਹੈ। ਇਸ ਤੋਂ ਇਲਾਵਾ, ਐੱਲਜੀ, ਲੈਨੋਵੋ, ਬਲੈਕਬੇਰੀ ਅਤੇ ਵਿੰਡੋਜ਼ ਫ਼ੋਨ ਦੇ ਕਈ ਮਾਡਲਾਂ ਵਿੱਚ ਇਹ ਤਕਨੀਕ ਕੰਮ ਕਰਦੀ ਹੈ।
ਬਜ਼ਾਰ 'ਚ ਇਹ ਵੀ ਹਨ ਬਦਲ
ਐੱਪਲ ਨੂੰ ਟੱਕਰ ਦੇਣ ਵਾਲੀਆਂ ਜ਼ਿਆਦਾਤਰ ਕੰਪਨੀਆਂ ਏਸ਼ੀਆ ਮਹਾਦੀਪ ਦੀਆਂ ਹੀ ਹਨ। ਸੈਮਸੰਗ ਅਤੇ ਐੱਲਜੀ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਹਨ, ਜੋ ਐੱਪਲ ਵਰਗੇ ਫੀਚਰ ਵਾਲੇ ਫੋਨ ਘੱਟ ਕੀਮਤ 'ਤੇ ਦੇ ਰਹੀਆਂ ਹਨ।
ਚੀਨੀ ਕੰਪਨੀ ਸ਼ਾਓਮੀ ਨੇ 2016 'ਚ ਸ਼ਾਓਮੀ ਮਿਕਸ ਸਮਾਰਟ ਫੋਨ ਲਾਂਚ ਕੀਤਾ। ਕੀਮਤ ਨਵੇਂ iPhone ਤੋਂ ਅੱਧੀ ਹੈ।
ਚੀਨੀ ਕੰਪਨੀ ਦਾ ਵਨਪਲੱਸ-5 ਇਸੇ ਸਾਲ ਹੀ ਜਾਰੀ ਹੋਇਆ। ਇਸ ਫੋਨ ਦੇ ਫੀਚਰ ਬਹੁਤ ਤੇਜ਼ ਹਨ ਅਤੇ ਹਾਈ ਰੈਜ਼ੋਲਿਊਸ਼ਨ ਨਾਲ ਡਬਲ ਕੈਮਰਾ ਵੀ ਹੈ। ਕੀਮਤ 600 ਡਾਲਰ ਹੈ।