'ਏਜੰਟ ਨੇ ਮੇਰੀ ਪਤਨੀ ਨੂੰ 3 ਲੱਖ 'ਚ ਵੇਚ ਦਿੱਤਾ'

ਜਲੰਧਰ ਦੇ ਪਿੰਡ ਗੋਰਸੀਆਂ ਦੀ ਵਸਨੀਕ ਹੈ ਪਰਮਜੀਤ

ਤਸਵੀਰ ਸਰੋਤ, Malkeet Ram

ਤਸਵੀਰ ਕੈਪਸ਼ਨ,

ਪਤਨੀ ਨੂੰ ਬਚਾਉਣ ਲਈ ਪਤੀ ਦੀ ਸਰਕਾਰ ਤੋਂ ਗੁਹਾਰ

ਜਲੰਧਰ ਦੇ ਪਿੰਡ ਗੋਰਸੀਆਂ ਦੀ ਰਹਿਣ ਵਾਲੀ ਪਰਮਜੀਤ ਕੌਰ ਦੇ ਸਾਊਦੀ ਅਰਬ 'ਚ ਫ਼ਸੇ ਹੋਣ ਦੀ ਖਬਰ ਹੈ।

ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਆਈਪੀਸੀ ਦੀ ਧਾਰਾ 420 ਤੇ ਮਨੁੱਖੀ ਤਸਕਰੀ ਵਿਰੋਧੀ ਐਕਟ ਦੀ ਧਾਰਾ 13 ਦੇ ਤਹਿਤ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪਰਿਵਾਰ ਦਾ ਇਲਜ਼ਾਮ ਹੈ ਕਿ ਟਰੈਵਲ ਏਜੰਟ ਨੇ ਪਰਮਜੀਤ ਕੌਰ ਨੂੰ ਉੱਥੇ 18000 ਰਿਆਲ ਵਿੱਚ ਵੇਚ ਦਿੱਤਾ ਹੈ।

'ਮੇਰੀ ਪਤਨੀ ਨੂੰ 3 ਲੱਖ 'ਚ ਵੇਚ ਦਿੱਤਾ'

ਪਰਮਜੀਤ ਕੌਰ ਦੇ ਪਤੀ ਮਲਕੀਤ ਰਾਮ ਨੇ ਬੀਬੀਸੀ ਨੂੰ ਫੋਨ ਤੇ ਦੱਸਿਆ,'' ਮੇਰੀ ਪਤਨੀ, ਪਿਛਲੇ 2 ਮਹੀਨੇ ਤੋਂ ਸਾਊਦੀ ਅਰਬ 'ਚ ਫ਼ਸੀ ਹੋਈ ਹੈ। ਉਹ ਉੱਥੇ ਬਹੁਤ ਤੰਗ ਪਰੇਸ਼ਾਨ ਹੈ। ਜਿਸ ਏਜੰਟ ਦੇ ਰਾਹੀਂ ਉਹ ਸਾਊਦੀ ਅਰਬ ਗਈ ਸੀ ਉਸਨੇ ਉੱਥੇ ਉਸਨੂੰ 18000 ਰਿਆਲ 'ਚ ਵੇਚ ਦਿੱਤਾ ਹੈ।

ਜਿਸ ਪਰਿਵਾਰ ਕੋਲ ਉਸਨੂੰ ਵੇਚਿਆ ਹੈ, ਉਹਨਾਂ ਵੱਲੋਂ ਉਸਨੂੰ ਬੰਦੀ ਬਣਾਇਆ ਗਿਆ ਹੈ। ਉਸ ਤੋਂ ਘਰ ਦਾ ਸਾਰਾ ਕੰਮ ਕਰਵਾਇਆ ਜਾਂਦਾ ਹੈ, ਪਰ 2 ਮਹੀਨੇ ਬੀਤ ਜਾਣ ਦੇ ਬਾਅਦ ਵੀ ਉਸਨੂੰ ਤਨਖ਼ਾਹ ਨਹੀਂ ਦਿੱਤੀ ਗਈ।

ਮਲਕੀਤ ਰਾਮ ਨੇ ਦੱਸਿਆ,'' ਮੇਰੀ ਪਤਨੀ ਨਾਲ ਮਾਰ-ਕੁੱਟ ਕੀਤੀ ਜਾਂਦੀ ਹੈ। ਉਸਦੇ ਹੱਥ ਵੀ ਖ਼ਰਾਬ ਹੋ ਗਏ ਹਨ। ਜਦੋਂ ਉਹ ਘਰ ਮਾਲਕਾਂ ਨੂੰ ਭਾਰਤ ਵਾਪਸ ਜਾਣ ਲਈ ਕਹਿੰਦੀ ਹੈ, ਤਾਂ ਉਹ ਉਸ ਤੋਂ 3 ਲੱਖ ਰੁਪਏ ਦੀ ਮੰਗ ਕਰਦੇ ਹਨ।

ਤਸਵੀਰ ਸਰੋਤ, PAL SINGH NAULI

ਤਸਵੀਰ ਕੈਪਸ਼ਨ,

ਘਰ ਦੀ ਮੰਦਹਾਲੀ ਕਰਕੇ ਸਾਊਦੀ ਅਰਬ ਗਈ ਪਰਮਜੀਤ ਕੌਰ

ਸਥਾਨਕ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਮੁਤਾਬਕ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਈਮੇਲ ਤੇ ਟਵੀਟ ਦੇ ਜ਼ਰੀਏ ਇਸ ਮਾਮਲੇ 'ਚ ਸੰਪਰਕ ਕੀਤਾ ਹੈ। ਮੰਤਰਾਲੇ ਵੱਲੋਂ ਅੰਬੈਸੀ ਨੂੰ ਪਰਮਜੀਤ ਕੌਰ ਦੀ ਦਸਤਾਵੇਜ਼ੀ ਜਾਣਕਾਰੀ ਭੇਜ ਦਿੱਤੀ ਗਈ ਹੈ।

ਏਜੰਟ ਨੂੰ ਕਾਬੂ ਕਰਨ ਲਈ ਛਾਪੇਮਾਰੀ

ਨਕੋਦਰ ਦੇ ਡੀਐਸਪੀ ਮੁਕੇਸ਼ ਕੁਮਾਰ ਨੇ ਬੀਬੀਸੀ ਨੂੰ ਦੱਸਿਆ,'' ਉਨ੍ਹਾਂ ਨੇ ਟਰੈਵਲ ਏਜੰਟ ਰੇਸ਼ਮ ਭੱਟੀ ਖਿਲਾਫ਼ ਐਫ ਆਈ ਆਰ ਦਰਜ ਕਰ ਲਈ ਹੈ। ਰਮੇਸ਼ ਭੱਟੀ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਪੁਲਿਸ ਜਲਦ ਉਸ ਨੂੰ ਕਾਬੂ ਕਰ ਲਵੇਗੀ।''

ਤਸਵੀਰ ਸਰੋਤ, MALKEET RAM

ਤਸਵੀਰ ਕੈਪਸ਼ਨ,

13 ਜੁਲਾਈ ਨੂੰ ਸਾਊਦੀ ਅਰਬ ਗਈ ਸੀ ਪਰਮਜੀਤ ਕੌਰ

ਨਹੀਂ ਦਿਖ ਰਹੀ ਆਸ ਦੀ ਕਿਰਨ

ਘਰ ਦੀ ਗਰੀਬੀ ਨੂੰ ਦੂਰ ਕਰਨ ਤੇ ਬੱਚਿਆਂ ਦੇ ਭਵਿੱਖ ਨੂੰ ਸੁਨਿਹਰਾ ਬਣਾਉਣ ਲਈ ਪਰਮਜੀਤ ਕੌਰ ਨੇ ਬਾਹਰ ਜਾਣ ਦਾ ਫੈ਼ਸਲਾ ਲਿਆ ਸੀ।

ਇਸ ਕਦਮ ਨਾਲ ਉਸਨੂੰ ਕੋਈ ਆਸ ਦੀ ਕਿਰਨ ਤਾਂ ਨਹੀਂ ਦਿਖੀ ਉਲਟਾ ਉਸਨੂੰ ਤੇ ਉਸਦੇ ਪਰਿਵਾਰ ਨੂੰ ਮੁਸੀਬਤਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ।

ਪਰਮਜੀਤ ਕੌਰ ਦੀ ਉਮਰ 39 ਸਾਲ ਹੈ। 13 ਜੁਲਾਈ 2017 ਨੂੰ ਉਹ ਟਰੈਵਲ ਏਜੰਟ ਦੇ ਭਰੋਸੇ ਸਾਊਦੀ ਅਰਬ ਗਈ ਸੀ। ਸਾਊਦੀ ਅਰਬ `ਚ ਕਿਸੇ ਪੰਜਾਬਣ ਦੇ ਫ਼ਸੇ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਹਨ।