ਔਰਤ ਜੋ ਮੁਹੰਮਦ ਦੇ ਪੈਗ਼ੰਬਰ ਬਣਨ ਸਮੇਂ ਨਾਲ ਸੀ ਤੇ ਜੋ ਪਹਿਲੀ ਮੁਸਲਿਮ ਔਰਤ ਸੀ

ਮੁਸਲਮਾਨ

ਖ਼ਦੀਜਾ ਦੀ ਕਹਾਣੀ ਗ਼ੈਰ-ਮੁਸਲਿਮ ਔਰਤਾਂ ਲਈ ਵਿਸ਼ੇਸ਼ ਤੌਰ 'ਤੇ ਹੈਰਾਨੀਜਨਕ ਹੈ।

ਉਹ ਕਾਰੋਬਾਰੀ ਹੁਨਰ ਦੇ ਪੱਧਰ ਤੇ ਇੱਕ ਬਹੁਤ ਸਫ਼ਲ ਔਰਤ ਸੀ ਉਹ ਪੈਗ਼ੰਬਰ ਮੁਹੰਮਦ ਨਾਲੋਂ ਉਮਰ ਵਿੱਚ ਵੱਡੀ ਸੀ।

ਖ਼ਦੀਜਾ ਦੀ ਪੈਗ਼ੰਬਰ ਮੁਹੰਮਦ ਦੇ ਜੀਵਨ ਵਿੱਚ ਇੱਕ ਬਹੁਤ ਮਜ਼ਬੂਤ ਮੌਜੂਦਗੀ ਹੈ।

ਇਰਨੀ ਰੇਆ ਨੇ ਬੀਬੀਸੀ ਰੇਡੀਓ 4 ਲਈ ਇਸਲਾਮੀ ਵਿਦਵਾਨ ਫਾਤਿਮਾ ਬਰਕਤੁੱਲਾ ਨਾਲ ਕੁਝ ਸਮਾਂ ਪਹਿਲਾਂ ਇਕ ਵਿਸ਼ੇਸ਼ ਗੱਲਬਾਤ ਕੀਤੀ। ਫ਼ਾਤਿਮਾ ਨੇ ਹਾਲ ਹੀ ਵਿੱਚ ਖ਼ਦੀਜਾ ਉੱਤੇ ਬੱਚਿਆਂ ਲਈ ਇਕ ਕਿਤਾਬ ਲਿਖੀ ਹੈ।

ਖ਼ਦੀਜਾ ਛੇਵੀਂ ਸਦੀ ਦੇ ਮੱਧ ਵਿੱਚ ਮੱਕਾ ਵਿੱਚ ਪੈਦਾ ਹੋਈ ਸੀ। ਉਹ ਇੱਕ ਖੁਸ਼ਹਾਲ ਪਰਿਵਾਰ ਦੀ ਧੀ ਸੀ। ਉਸਨੇ ਆਪਣੇ ਪਿਤਾ ਦੇ ਕਾਰੋਬਾਰ ਨੂੰ ਅੱਗੇ ਵਧਾਉਣ ਵਿੱਚ ਬਹੁਤ ਮਦਦ ਕੀਤੀ।

ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਖ਼ਦੀਜਾ ਨੇ ਕਾਰੋਬਾਰ ਜਾਰੀ ਰੱਖਿਆ ਅਤੇ ਉਸ ਨੂੰ ਬਹੁਤ ਸਫ਼ਲਤਾ ਮਿਲੀ।

ਉਸਨੇ ਜਨਤਕ ਭਲਾਈ ਕਾਰਜਾਂ ਲਈ ਆਪਣੀ ਜਾਇਦਾਦ ਦੀ ਵਰਤੋਂ ਕੀਤੀ। ਖ਼ਦੀਜਾ ਨੇ ਮੱਕਾ ਵਿੱਚ ਵਿਧਵਾਵਾਂ, ਅਨਾਥਾਂ ਤੇ ਅਪਾਹਜ ਲੋਕਾਂ ਦੀ ਮਦਦ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

ਆਪਣੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਖ਼ਦੀਜਾ ਪੈਗ਼ੰਬਰ ਮੁਹੰਮਦ ਦੇ ਨਾਲ ਆਏ ਸਨ ।

ਖ਼ਦੀਜਾ ਦੇ ਪੈਗ਼ੰਬਰ ਨਾਲ ਸਾਥ ਨੂੰ ਇਸਲਾਮ ਵਿੱਚ ਇੱਕ ਆਦਰਸ਼ ਸੰਗ ਦੇ ਤੌਰ ਉੱਤੇ ਦੇਖਿਆ ਗਿਆ ਹੈ ।

ਪੈਗ਼ੰਬਰ ਮੁਹੰਮਦ ਨੇ ਨਾ ਸਿਰਫ਼ ਖਦੀਜਾ ਦੇ ਵਪਾਰ ਵਿੱਚ ਹੱਥ ਵਟਾਇਆ ਸਗੋਂ ਇਸ ਨੂੰ ਅੱਗੇ ਵਧਾਉਣ ਵਿੱਚ ਵੀ ਮਦਦ ਕੀਤੀ।

ਖ਼ਦੀਜਾ ਨੇ ਪੈਗ਼ੰਬਰ ਮੁਹੰਮਦ ਨੂੰ ਕਾਰੋਬਾਰ ਤੋਂ ਵੱਖ ਪੂਰੀ ਤਰ੍ਹਾਂ ਇਸਲਾਮ ਲਈ ਸਮਰਪਿਤ ਹੋਣ ਲਈ ਉਤਸ਼ਾਹਿਤ ਕੀਤਾ।

ਉਨ੍ਹਾਂ ਇਸ ਕੰਮ ਵਿੱਚ ਉਹਨਾਂ ਦੀ ਤਨ- ਮਨ- ਧਨ ਨਾਲ ਕੀਤੀ।

ਹਾਰਵਰਡ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਲੈਲਾ ਅਹਿਮਦ ਨੇ ਬੀਬੀਸੀ ਨੂੰ ਦੱਸਿਆ ਕਿ ਖ਼ਦੀਜਾ ਦੀ ਮੁਹੰਮਦ ਦੇ ਇੱਕ ਵਿਅਕਤੀ ਤੋਂ ਪੈਗ਼ੰਬਰ ਬਣਨ ਵਿੱਚ ਸਭ ਤੋਂ ਵੱਡੀ ਭੂਮਿਕਾ ਸੀ।

ਜਦੋਂ ਇਸਲਾਮ ਮੁੱਢਲੇ ਦੌਰ ਦੀਆਂ ਮੁਸ਼ਕਲਾਂ ਵਿੱਚ ਸੀ, ਤਾਂ ਖ਼ਦੀਜਾ ਦੀ ਖੁੱਲ੍ਹ-ਦਿਲੀ ਲੋਕਾਂ ਦਾ ਭਰੋਸਾ ਜਿੱਤਣ ਵਿੱਚ ਕਾਫ਼ੀ ਮਦਦਗਾਰ ਸਾਬਿਤ ਹੋਈ ।

ਅੱਜ ਸੰਸਾਰ ਵਿੱਚ ਕੁਝ ਹੀ ਮੁਸਲਿਮ ਔਰਤਾਂ ਆਗੂ ਹਨ, ਪਰ ਸ਼ੁਰੂ ਵਿੱਚ ਕਹਾਣੀ ਪੂਰੀ ਤਰ੍ਹਾਂ ਉਲਟ ਸੀ।

ਖ਼ਦੀਜਾ ਇਕ ਸ਼ਕਤੀਸ਼ਾਲੀ ਅਤੇ ਖੁੱਲ੍ਹੇ ਵਿਚਾਰ ਵਾਲੀ ਔਰਤ ਸੀ । ਉਹਨਾਂ ਵਲੋਂ ਚੁਣੇ ਗਏ ਰਾਹ ਨੇ ਦੁਨੀਆਂ ਦਾ ਇਤਿਹਾਸ ਬਦਲ ਦਿੱਤਾ।

ਲੈਲਾ ਦਾ ਕਹਿਣਾ ਹੈ, "ਖ਼ਦੀਜਾ ਕੋਲ ਬਹੁਤ ਸਾਰਾ ਧਨ ਸੀ।

ਉਹ ਪੈਗ਼ੰਬਰ ਮੁਹੰਮਦ ਨੂੰ ਪਸੰਦ ਕਰਦੀ ਸੀ ਕਿਉਂਕਿ ਉਹ ਬਹੁਤ ਈਮਾਨਦਾਰ ਵਿਅਕਤੀ ਸੀ। ਜਦੋਂ ਪੈਗੰਬਰ ਮੁਹੰਮਦ 25 ਸਾਲ ਦੇ ਸਨ ਖ਼ਦੀਜਾ ਦੀ ਉਮਰ 40 ਸਾਲ ਸੀ।

ਜਦੋਂ ਵੀ ਪੈਗ਼ੰਬਰ ਮੁਹੰਮਦ ਕਮਜ਼ੋਰ ਪਏ, ਉਹ ਖ਼ਦੀਜਾ ਹੀ ਸੀ ਜਿਸ ਨੇ ਉਨ੍ਹਾਂ ਨੂੰ ਤਾਕਤ ਦਿੱਤੀ।

ਇਹ ਇੱਕ ਇਤਿਹਾਸਕ ਤੱਥ ਹੈ ਕਿ ਖਦੀਜਾ ਵਿਸ਼ਵ ਦੀ ਪਹਿਲੀ ਔਰਤ ਸੀ ਜਿਸ ਨੇ ਮੁਸਲਿਮ ਧਰਮ ਨੂੰ ਸਵੀਕਾਰ ਕੀਤਾ ਸੀ। "

ਉਸ ਸਮੇਂ 'ਰੱਬ ਇੱਕ ਹੈ' ਦਾ ਸਿਧਾਂਤ ਅਰਬ ਵਿੱਚ ਬਹੁਤ ਵਿਵਾਦਮਈ ਸੀ, ਪਰ ਪੈਗ਼ੰਬਰ ਮੁਹੰਮਦ ਨੇ ਇਹ ਸਥਾਪਿਤ ਕੀਤਾ ਕਿ ਅੱਲ੍ਹਾ ਇੱਕ ਹੈ।

619 ਈ. ਵਿੱਚ, ਖ਼ਦੀਜਾ ਬਿਮਾਰ ਹੋ ਗਈ ਅਤੇ ਉਸਨੇ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ।

ਅੱਜ ਸੰਸਾਰ ਵਿੱਚ ਇਸਲਾਮ ਵਿੱਚ ਔਰਤਾਂ ਦੀ ਸਥਿਤੀ ਬਾਰੇ ਬਹਿਸ ਚੱਲ ਰਹੀ ਹੈ, ਪਰ ਇਸਲਾਮ ਦੇ ਉਭਾਰ ਅਤੇ ਪਸਾਰ ਵਿੱਚ ਇੱਕ ਔਰਤ ਦੀ ਮਹੱਤਵਪੂਰਣ ਭੂਮਿਕਾ ਹੈ। ਉਹ ਇੱਕ ਔਰਤ ਸੀ- ਖ਼ਦੀਜਾ।

(ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ।ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)