ਗ੍ਰਾਉਂਡ ਰਿਪੋਰਟ : ਬੰਗਲਾਦੇਸ਼ੀ ਕੈਂਪਾਂ 'ਚ ਕਿਵੇਂ ਰਹਿ ਰਹੇ ਰੋਹਿੰਗਿਆ?

  • ਨਿਤਿਨ ਸ਼੍ਰੀਵਾਸਤਵ
  • ਪੱਤਰਕਾਰ, ਬੰਗਲਾਦੇਸ਼ ਤੋਂ
Monsoon rain adds to the misery of the refugees.
ਤਸਵੀਰ ਕੈਪਸ਼ਨ,

ਬੰਗਲਾਦੇਸ਼ ਦੇ ਬਲੂਖੀ ਰਿਫ਼ਿਊਜੀ ਕੈਂਪ 'ਚ ਮੀਂਹ ਤੋਂ ਬਚਾਅ ਕਰਦੇ ਰੋਹਿੰਗਿਆ ਲੋਕ।

'ਉਨ੍ਹਾਂ ਨੇ ਸਾਡੇ ਬੱਚਿਆਂ ਨੂੰ ਮਾਰ ਦਿੱਤਾ। ਸਾਡੇ ਘਰ ਸਾੜ ਦਿੱਤੇ। ਔਰਤਾਂ ਨਾਲ ਬਦਸਲੂਕੀ ਕੀਤੀ। ਬੜੀ ਮੁਸ਼ਕਿਲ ਨਾਲ ਅਸੀਂ ਇੱਥੇ ਪਹੁੰਚੇ ਹਾਂ।'

ਅਜਿਹੀਆਂ ਢੇਰ ਸਾਰੀਆਂ ਕਹਾਣੀਆਂ ਇੰਨ੍ਹਾਂ ਰਾਹਤ ਕੈਂਪਾਂ 'ਚ ਹਨ। ਮਿਆਂਮਾਰ ਤੋਂ ਭੱਜ ਕੇ ਬੰਦਲਾਦੇਸ਼ ਪਹੁੰਚੇ ਰੋਹਿੰਗਿਆ ਸ਼ਰਨਾਰਥੀ ਹਾਲੇ ਵੀ ਖੌਫ਼ 'ਚ ਹਨ।

ਮਿਆਂਮਾਰ ਸਰਹੱਦ ਤੋਂ ਸਿਰਫ਼ ਛੇ ਕਿਲੋਮੀਟਰ ਦੀ ਦੂਰੀ 'ਤੇ ਬੰਗਲਾਦੇਸ਼ ਦੇ ਕੌਕਸ ਬਜ਼ਾਰ ਦੇ ਕੁਟੂਪਲੌਂਗ 'ਚ ਬਣੇ ਰਾਹਤ ਕੈਂਪਾਂ 'ਚ ਰਹਿ ਰਹੇ ਸ਼ਰਨਾਰਥੀਆਂ ਨਾਲ ਬੀਬੀਸੀ ਹਿੰਦੀ ਨੇ ਗੱਲਬਾਤ ਕੀਤੀ ਅਤੇ ਇੱਥੋਂ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ।

ਵੀਡੀਓ ਕੈਪਸ਼ਨ,

ਬੰਗਲਾਦੇਸ ਵਿੱਚ ਰੋਹਿੰਗਿਆ ਮੁਸਲਮਾਨਾਂ ਲਈ ਲੰਗਰ ਦਾ ਪ੍ਰਬੰਧ

ਔਕੜਾਂ ਝੇਲ ਪਹੁੰਚੇ ਬੰਗਲਾਦੇਸ਼

ਬੰਗਲਾਦੇਸ਼ ਸਰਕਾਰ 'ਤੇ ਕੁਝ ਕੌਮਾਂਤਰੀ ਰਾਹਤ ਸੰਸਥਾਵਾਂ ਮਦਦ ਮੁਹੱਈਆ ਕਰਵਾ ਰਹੀਆਂ ਹਨ, ਪਰ ਹਾਲਾਤ ਜ਼ਿਆਦਾ ਚੰਗੇ ਨਹੀਂ।

ਤਕਰੀਬਨ ਦੱਸ ਦਿਨ ਪਹਿਲਾਂ ਮਿਆਂਮਾਰ ਸਰਹੱਦ ਟੱਪ ਕੇ ਬੰਗਲਾਦੇਸ਼ ਪਹੁੰਚੇ ਸ਼ਾਲੌਨ ਦੱਸਦੇ ਹਨ ਕਿ ਉਨ੍ਹਾਂ ਨੂੰ ਇੱਥੇ ਤੱਕ ਪਹੁੰਚਣ ਲਈ ਕਈ ਔਕੜਾਂ ਝੱਲਨੀਆਂ ਪਈਆਂ। ਦਰਿਆ ਪਾਰ ਕਰਨਾ ਪਿਆ। ਮਿਆਂਮਾਰ 'ਚ ਉਨ੍ਹਾਂ ਦੇ ਘਰ ਸਾੜ ਦਿੱਤੇ ਗਏ, ਜਿਸ ਤੋਂ ਬਾਅਦ ਉਹ ਭੱਜਣ ਲਈ ਮਜਬੂਰ ਹੋ ਗਏ। ਬੰਗਲਾਦੇਸ਼ ਸਰਕਾਰ ਨੇ ਉਨ੍ਹਾਂ ਦਾ ਸਾਥ ਦਿੱਤਾ।

ਤਸਵੀਰ ਕੈਪਸ਼ਨ,

ਕੁਟੁਪਲੌਂਗ ਰਿਫ਼ਿਊਜੀ ਕੈਂਪ 'ਚ ਨਾਮਜ਼ਦਗੀ ਕਰਾਉਣ ਲਈ ਲਾਈਨ 'ਚ ਖੜ੍ਹੇ ਰੋਹਿੰਗਿਆ ਸ਼ਰਨਾਰਥੀ।

"ਮਿਆਂਮਾਰ ਫ਼ੌਜ ਨੇ ਬਸਤੀ ਸਾੜ ਦਿੱਤੀ"

ਇੱਕ ਹੋਰ ਸ਼ਖ਼ਸ ਪੰਜ ਦਿਨ ਪਹਿਲਾਂ ਹੀ ਅਪਣੇ ਪੂਰੇ ਪਰਿਵਾਰ ਨਾਲ ਇਸ ਕੈਂਪ 'ਚ ਪਹੁੰਚਿਆ ਹੈ। ਉਸ ਨੇ ਦੱਸਿਆ ਕਿ ਮਿਆਂਮਾਰ ਦੀ ਫੌਜ ਨੇ ਉਨ੍ਹਾਂ ਦੀ ਬਸਤੀ ਸਾੜ ਦਿੱਤੀ। ਬੱਚਿਆਂ ਨੂੰ ਮਾਰਿਆ 'ਤੇ ਔਰਤਾਂ ਨਾਲ ਬਦਸਲੂਕੀ ਕੀਤੀ।

ਬੰਗਲਾਦੇਸ਼ ਸਰਕਾਰ ਨੇ ਰਾਹਤ ਕੈਂਪਾਂ ਲਈ ਕਈ ਏਕੜ ਜ਼ਮੀਨ ਮੁਹੱਈਆ ਕਰਵਾਈ ਹੈ, ਪਰ ਇੱਥੇ ਰਹਿ ਰਹੇ ਲੋਕਾਂ ਦੀ ਹਾਲਤ ਤਰਸ ਵਾਲੀ ਹੈ। ਪੈਰਾਂ 'ਚ ਪਾਉਣ ਲਈ ਚੱਪਲ ਨਹੀਂ, ਕਪੜੇ ਵੀ ਕੌਮਾਂਤਰੀ ਰਾਹਤ ਏਜੰਸੀਆਂ ਨੇ ਦਿੱਤੇ ਹਨ।

ਤਸਵੀਰ ਕੈਪਸ਼ਨ,

ਕੁਟੁਪਲੌਂਗ ਰਿਫ਼ਿਊਜੀ ਕੈਂਪ 'ਚ ਰਾਹਤ ਸਮੱਗਰੀ ਲਈ ਜਦੋ-ਜਹਿਦ ਕਰਦੇ ਰੋਹਿੰਗਿਆ।

ਖਾਣ-ਪੀਣ ਦੀ ਕਮੀ ਤੋਂ ਜੂਝ ਰਹੇ

ਇੱਥੇ ਬਣੇ ਕੈਂਪਾਂ 'ਚ ਪਹੁੰਚਣ ਲਈ ਤੰਗ ਰਾਹਾਂ 'ਚੋਂ ਲੰਘਣਾ ਪੈਂਦਾ ਹੈ। ਕਿਆਸ ਲਾਏ ਜਾ ਰਹੇ ਹਨ ਕਿ ਤਕਰੀਬਨ ਚਾਰ ਲੱਖ ਰੋਹਿੰਗਿਆ ਮੁਸਲਮਾਨ ਸਰਹੱਦ ਪਾਰ ਕਰਕੇ ਇੱਥੇ ਪਹੁੰਚੇ ਹਨ।

ਕੈਂਪਾਂ 'ਚ ਸਿਰ ਢਕਣ ਦੀ ਥਾਂ ਤਾਂ ਹੈ, ਪਰ ਵੱਡੀ ਗਿਣਤੀ 'ਚ ਆਏ ਲੋਕਾਂ ਨੂੰ ਹਾਲੇ ਵੀ ਖਾਣ ਅਤੇ ਪੀਣ ਦੇ ਪਾਣੀ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ।

ਹਲਾਤ ਉਦੋਂ ਹੋਰ ਖਰਾਬ ਹੋ ਜਾਂਦੇ ਹਨ ਜਦੋਂ ਮੀਂਹ ਪੈਂਦਾ ਹੈ।

ਤਸਵੀਰ ਕੈਪਸ਼ਨ,

ਕੌਕਸ ਬਜ਼ਾਰ ਰਿਫ਼ਊਜੀ ਕੈਂਪ 'ਚ ਮੀਂਹ ਤੋਂ ਬਚਾਅ ਕਰਦੀ ਕੁੜੀ।

ਖਾਣੇ ਲਈ ਦੰਗੇ ਵਰਗੀ ਹਾਲਤ

ਮਿੱਟੀ ਖਿਸਕ ਜਾਂਦੀ ਹੈ, ਕੈਂਪਾਂ ਨੂੰ ਫਿਰ ਤੋਂ ਖੜ੍ਹਾ ਕਰਨਾ ਪੈਂਦਾ ਹੈ।

ਪਹਾੜਾਂ ਨੂੰ ਕੱਟ ਕੇ ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ।

ਕੌਕਸ ਬਜ਼ਾਰ ਤੋਂ ਇੱਥੇ ਪਹੁੰਚਣ ਲਈ ਦੋ ਘੰਟੇ ਲਗਦੇ ਹਨ, ਪਰ ਹਲਾਤ ਦਾ ਅੰਦਾਜ਼ਾ ਰਾਹ 'ਚ ਖੜ੍ਹੇ ਲੋਕਾਂ ਨੂੰ ਦੇਖ ਕੇ ਹੋ ਜਾਂਦਾ ਹੈ। ਜ਼ਿਆਦਾਤਰ ਲੋਕ ਪੈਸੇ ਮੰਗ ਰਹੇ ਹੁੰਦੇ ਹਨ ਜਾਂ ਖਾਣਾ। ਕਈ ਵਾਰੀ ਰਾਹਤ ਦੇ ਸਮਾਨ ਲਈ ਦੰਗੇ ਵਰਗੀ ਹਾਲਤ ਵੀ ਹੋ ਜਾਂਦੀ ਹੈ।

ਤਸਵੀਰ ਕੈਪਸ਼ਨ,

ਕੌਕਸ ਬਜ਼ਾਰ 'ਚ ਰਾਹਤ ਸਮਗਰੀ ਵੇਲੇ ਭੀੜ ਨੂੰ ਕਾਬੂ ਕੀਤਾ ਜਾ ਰਿਹਾ ਹੈ।

ਨਾਗਰਿਕਤਾ ਮਿਲਣ ਤੇ ਵਾਪਸ ਜਾਣਗੇ

ਇਮਾਨ ਹੁਸੈਨ ਨਾਮ ਦੇ ਇੱਕ ਸ਼ਖ਼ਸ ਨੇ ਦੱਸਿਆ ਕਿ ਉਹ ਲੰਬੇ ਵੇਲੇ ਤੋਂ ਭੁੱਖੇ ਹਨ। ਉਹ 14 ਲੋਕਾਂ ਨਾਲ ਸਰਹੱਦ ਪਾਰ ਕਰਕੇ ਆਏ ਹਨ।

ਮੀਨਾਰਾ ਆਪਣੇ ਪਰਿਵਾਰ ਦੇ 10 ਲੋਕਾਂ ਨਾਲ ਇੱਥੇ ਆਈ ਹੈ। ਉਨ੍ਹਾਂ ਦੀ ਗੋਦੀ 'ਚ ਇੱਕ ਛੋਟਾ ਬੱਚਾ ਹੈ, ਪਰ ਉਹ ਸੜਕ 'ਤੇ ਖੜ੍ਹੀ ਹੈ, ਤਾਕਿ ਖਾਣਾ ਮਿਲ ਜਾਏ।

ਤਸਵੀਰ ਕੈਪਸ਼ਨ,

ਬਲੂਖੀ ਰਿਫ਼ਊਜੀ ਕੈਂਪ 'ਚ ਮੀਂਹ ਦੀ ਮਾਰ ਤੋਂ ਬਚਦੇ ਰੋਹਿੰਗਿਆ।

ਮੀਨਾਰਾ ਅਤੇ ਇਮਾਨ ਹੁਸੈਨ ਵਰਗੇ ਹਜ਼ਾਰਾਂ ਲਕੋ ਹਨ, ਪਰ ਜ਼ਿਆਦਾਤਰ ਦਾ ਕਹਿਣਾ ਹੈ ਕਿ ਉਹ ਹੁਣ ਮਿਆਂਮਾਰ ਉਦੋਂ ਹੀ ਪਰਤਣਗੇ ਜਦੋਂ ਉਨ੍ਹਾਂ ਨੂੰ ਨਾਗਰਿਕਤਾ ਮਿਲੇਗੀ, ਨਹੀਂ ਤਾਂ ਉਹ ਵਾਪਸ ਨਹੀਂ ਜਾਣਗੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)