ਭਾਰਤ ਦੇ ਪਹਿਲੇ 'ਚਾਈਨਾਮੈਨ' ਗੇਂਦਬਾਜ਼ ਕੁਲਦੀਪ ਨੇ ਲਈਆਂ ਮੈਥਿਊ, ਏਗਰ ਤੇ ਕਮਿੰਸ ਦੀਆਂ ਵਿਕਟਾਂ

CHINAMAN KULDEEP YADAV Image copyright JEWEL SAMAD/AFP/GETTY IMAGE

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੂਜੇ ਇੱਕ ਰੋਜ਼ਾ ਮੈਚ 'ਚ ਕੁਲਦੀਪ ਨੇ ਆਸਟ੍ਰੇਲੀਆਈ ਪਾਰੀ ਦੇ 33ਵੇਂ ਓਵਰ ਦੀ ਦੂਜੀ, ਤੀਜੀ ਅਤੇ ਚੌਥੀ ਗੇਂਦ 'ਤੇ ਲਗਾਤਾਰ ਮੈਥਿਊ ਵੇਡ, ਐਸ਼ਟਨ ਏਗਰ ਅਤੇ ਪੈਟ ਕਮਿੰਸ ਦੀਆਂ ਵਿਕਟ ਲਈਆਂ।

ਅੰਤਰਰਾਸ਼ਟਰੀ ਇੱਕ ਰੋਜ਼ਾ ਮੈਚਾਂ 'ਚ ਹੈਟ੍ਰਿਕ ਲਾਉਣ ਵਾਲੇ ਉਹ ਤੀਜੇ ਭਾਰਤੀ ਗੇਂਦਬਾਜ਼ ਹਨ। ਉਸ ਤੋਂ ਪਹਿਲਾਂ ਕਪਿਲ ਦੇਵ ਅਤੇ ਚੇਤਨ ਸ਼ਰਮਾ ਇਸ ਦਾ ਸਿਹਰਾ ਆਪਣੇ ਸਿਰ ਸਜਾ ਚੁੱਕੇ ਹਨ।

1991 'ਚ ਕਪਿਲ ਦੇਵ ਦੀ ਹੈਟ੍ਰਿਕ ਦੇ 26 ਸਾਲ ਬਾਅਦ ਕਿਸੇ ਭਾਰਤੀ ਗੇਂਦਬਾਜ਼ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ।

ਕੁਲਦੀਪ ਦੀ ਇਹ ਪਹਿਲੀ ਹੈਟ੍ਰਿਕ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸਾਲ 2014 'ਚ ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਸਕੌਟਲੈਂਡ ਦੇ ਖ਼ਿਲਾਫ਼ ਉਹ ਹੈਟ੍ਰਿਕ ਮਾਰ ਚੁੱਕੇ ਹਨ।

ਉਸ ਮੈਚ ਦੌਰਾਨ ਉਨ੍ਹਾਂ ਨੇ 10 ਓਵਰਾਂ 'ਚ 28 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ ਤੇ ਇਹ ਮੁਕਾਮ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਬਣੇ ਹਨ।

Image copyright JEWEL SAMAD/AFP/GETTY IMAGE
ਫੋਟੋ ਕੈਪਸ਼ਨ ਕੁਲਦੀਪ ਯਾਦਵ ਨੇ ਹੈਟ੍ਰਿਕ ਲਾ ਕੇ ਕੀਤਾ ਜਿੱਤ ਦਾ ਰਾਹ ਪੱਧਰਾ

ਕਿਹੋ ਜਿਹੀਆਂ ਸਨ ਉਹ 3 ਗੇਂਦਾਂ

ਇਸ ਤੋਂ ਪਹਿਲਾਂ ਕੁਝ ਚੰਗੀਆਂ ਗੇਂਦਾਂ ਦੇ ਬਾਵਜੂਦ ਕੁਲਦੀਪ ਖ਼ਰਚੀਲੇ ਰਹੇ, ਉਨ੍ਹਾਂ ਨੇ 7 ਓਵਰਾਂ 'ਚ 39 ਦੌੜਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਕੋਈ ਵੀ ਸਫ਼ਲਤਾ ਹਾਸਿਲ ਨਹੀਂ ਹੋਈ।

ਫਿਰ ਉਹ ਪਾਰੀ ਦਾ 33ਵਾਂ ਅਤੇ ਆਪਣਾ ਅਖ਼ੀਰਲਾ ਓਵਰ ਖੇਡਣ ਆਏ।

• ਓਵਰ ਦੀ ਦੂਜੀ ਗੇਂਦ ਖੱਬੇ ਹੱਥ ਦੇ ਬੱਲੇਬਾਜ਼ ਮੈਥਿਊ ਵੇਡ ਲਈ ਆਫ ਸਟੰਪ ਤੋਂ ਬਾਹਰ ਡਿੱਗੀ। ਵੇਡ ਥੋੜਾ ਜਿਹਾ ਪਿੱਛੇ ਜਾ ਕੇ ਪੂਰਾ ਬੱਲਾ ਮੋੜੇ ਬਿਨਾਂ ਕੱਟ ਮਾਰਨਾ ਚਾਹੁੰਦੇ ਸਨ। ਪਰ ਅੰਦਰਲਾ ਕਿਨਾਰਾ ਵੱਜਿਆ ਅਤੇ ਗੇਂਦ ਸਟੰਪ 'ਤੇ ਜਾ ਵੱਜੀ।

•ਇਸ ਤੋਂ ਬਾਅਦ ਖੱਬੂ ਬੱਲੇਬਾਜ਼ ਐਸ਼ਟਨ ਏਗਰ ਕਰੀਜ਼ 'ਤੇ ਆਏ ਅਤੇ ਕੁਲਦੀਪ ਨੇ ਇੱਕ ਰਵਾਇਤੀ ਲੈਗ ਬ੍ਰੇਕ ਸੁੱਟੀ, ਏਗਰ ਉਸ ਦੀ ਲੰਬਾਈ ਅਤੇ ਗਤੀ ਤੋਂ ਮਾਰ ਖਾ ਗਏ ਤੇ ਗੇਂਦ ਜਾ ਉਨ੍ਹਾਂ ਦੇ ਪੈਡ 'ਤੇ ਵੱਜੀ। ਇਹ ਬਹੁਤ ਹੀ ਸਪੱਸ਼ਟ ਐਲਬੀਡਬਲਿਊ ਸੀ।

•ਫਿਰ ਆਏ ਬੱਲੇਬਾਜ਼ ਪੈਟ ਕਮਿੰਸ ਅਤੇ ਕੁਲਦੀਪ ਨੇ ਸ਼ਾਇਦ ਹੈਟ੍ਰਿਕ ਗੇਂਦਬਾਜ਼ੀ ਕੀਤੀ, ਇਹ ਇੱਕ ਗੁਗਲੀ ਸੀ। ਗੇਂਦ ਆਫ ਸਟੰਪ ਦੇ ਬਾਹਰ ਡਿੱਗੀ ਅਤੇ ਕਮਿੰਸ ਨੇ ਰੱਖਿਆਤਮਕ ਪੈਰ ਅੱਗੇ ਵਧਾਇਆ ਤੇ ਗੇਂਦ ਬੱਲੇ ਦਾ ਕਿਨਾਰਾ ਲੈ ਕੇ ਮਹਿੰਦਰ ਸਿੰਘ ਧੋਨੀ ਦੇ ਸੁਰੱਖਿਅਤ ਦਸਤਾਨਿਆਂ 'ਚ ਚਲੀ ਗਈ।

Image copyright BCCI TWITTER
ਫੋਟੋ ਕੈਪਸ਼ਨ ਸ਼ੇਨ ਵਾਰਨ ਅਤੇ ਅਨਿਲ ਕੁੰਬਲੇ ਨਾਲ ਕੁਲਦੀਪ

ਭਾਰਤ ਦੇ ਪਹਿਲੇ 'ਚਾਈਨਾਮੈਨ' ਹਨ ਕੁਲਦੀਪ

ਕੁਲਦੀਪ ਗੇਂਦ ਨੂੰ ਖੱਬੇ ਹੱਥ ਨਾਲ ਸਪਿਨ ਕਰਦੇ ਹਨ। ਕ੍ਰਿਕੇਟ ਦੀ ਸ਼ਬਦਾਵਲੀ 'ਚ ਅਜਿਹੇ ਗੇਂਦਬਾਜ਼ਾਂ ਨੂੰ 'ਚਾਈਨਾਮੈਨ' ਕਿਹਾ ਜਾਂਦਾ ਹੈ।

ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਬ੍ਰੈਡ ਹਾਗ ਅਤੇ ਵਿਲੱਖਣ ਐਕਸ਼ਨ ਵਾਲੇ ਦੱਖਣੀ ਅਫ਼ਰੀਕਾ ਦੇ ਪਾਲ ਐਡਮਜ਼ ਮਸ਼ਹੂਰ ਚਾਈਨਾਮੈਨ ਗੇਂਦਬਾਜ਼ ਰਹੇ ਹਨ।

ਕੁਲਦੀਪ ਭਾਰਤ ਲਈ ਦੋ ਟੈਸਟ ਮੈਚ ਵੀ ਖੇਡ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਦੇ ਨਾਂ 9 ਵਿਕਟਾਂ ਹਨ। ਭਾਰਤ 'ਚ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਕੁਲਦੀਪ ਪਹਿਲੇ 'ਚਾਈਨਾਮੈਨ' ਗੇਂਦਬਾਜ਼ ਮੰਨੇ ਜਾਂਦੇ ਹਨ।

ਉਨ੍ਹਾਂ ਨੇ ਅੱਠ ਇੱਕ ਰੋਜ਼ਾ ਮੈਚਾਂ 'ਚ 13 ਅਤੇ 2 ਟੀ-20 ਮੈਚਾਂ 'ਚ ਤਿੰਨ ਵਿਕਟਾਂ ਲਈਆਂ ਹਨ। ਉਨ੍ਹਾਂ ਦਾ ਵਨ ਡੇਅ 'ਚ ਔਸਤ 20.15 ਦਾ ਹੈ।

ਉਨ੍ਹਾਂ ਨੇ ਆਪਣਾ ਪਹਿਲਾ ਇਕ ਰੋਜ਼ਾ ਮੈਚ ਇਸੇ ਸਾਲ 23 ਜੂਨ ਨੂੰ ਵੈਸਟਇੰਡੀਜ਼ ਖਿਲਾਫ਼ ਖੇਡਿਆ।

ਇੱਟਾਂ ਦਾ ਭੱਠਾ ਚਲਾਉਂਦੇ ਹਨ ਪਿਤਾ

Image copyright Reuters

ਉੱਤਰ ਪ੍ਰਦੇਸ਼ ਦੇ ਉਦਯੋਗਿਕ ਸ਼ਹਿਰ ਕਾਨਪੁਰ 'ਚ ਪੈਦਾ ਹੋਏ 22 ਸਾਲਾ ਕੁਲਦੀਪ ਯਾਦਵ ਦੇ ਪਿਤਾ ਰਾਮ ਸਿੰਘ ਯਾਦਵ ਇੱਟਾਂ ਦਾ ਭੱਠਾ ਚਲਾਉਂਦੇ ਹਨ।

ਕੁਲਦੀਪ ਸ਼ੁਰੂ 'ਚ ਤੇਜ਼ ਗੇਂਦਬਾਜ਼ ਬਣਨਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਬਚਪਨ ਦੇ ਕੋਚ ਕਪਿਲ ਪਾਂਡੇ ਨੇ ਉਨ੍ਹਾਂ ਨੂੰ 'ਚਾਈਨਾਮੈਨ' ਗੇਂਦਬਾਜ਼ ਬਣਨ ਦੀ ਸਲਾਹ ਦਿੱਤੀ ਸੀ।

ਕੁਲਦੀਪ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਖੇਡੇ ਗਏ ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਛੇ ਮੈਚਾਂ ਵਿੱਚ ਉਨ੍ਹਾਂ ਨੇ 14 ਵਿਕਟ ਹਾਸਿਲ ਕੀਤੇ।

ਸਾਲ 2012 ਦੇ ਆਈਪੀਐਲ 'ਚ ਕੁਲਦੀਪ ਮੁੰਬਈ ਇੰਡੀਅਨਜ਼ ਟੀਮ ਦਾ ਹਿੱਸਾ ਸਨ। ਪਰ ਉਨ੍ਹਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ।

ਨੈੱਟ ਪ੍ਰੈਕਟਿਸ 'ਚ ਉਨ੍ਹਾਂ ਨੂੰ ਸਚਿਨ ਤੇਂਦੁਲਕਰ ਨੂੰ ਗੇਂਦ ਸੁੱਟਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਸਚਿਨ ਨੂੰ ਆਊਟ ਕਰ ਦਿੱਤਾ।

ਇਸ ਸਮੇਂ ਕੁਲਦੀਪ ਆਈਪੀਐੱਲ 'ਚ ਕੋਲਕਾਤਾ ਨਾਈਟਰਾਈਡਰਜ਼ ਟੀਮ ਦਾ ਹਿੱਸਾ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)