ਮਿਆਂਮਾਰ ਦੇ ਹਿੰਦੂ ਬਣੇ ਬੰਗਲਾਦੇਸ਼ੀ ਹਿੰਦੂਆਂ ਦੇ ਮਹਿਮਾਨ

ਫੋਟੋ ਕੈਪਸ਼ਨ ਅਨੀਤਾ ਧਰ

ਸ਼ਾਮ ਹੋਣ ਨੂੰ ਹੈ ਅਤੇ ਬੰਗਲਾਦੇਸ਼-ਮਿਆਂਮਾਰ ਸਰਹੱਦ 'ਤੇ ਵਸੇ ਇੱਕ ਪਿੰਡ ਵਿੱਚ ਲੋਕ ਖਾਣ ਦੇ ਲਈ ਹਾਂਡੀ 'ਤੇ ਨਜ਼ਰ ਲਾਈ ਬੈਠੇ ਹਨ।

ਬੱਚਿਆਂ ਦੇ ਚਿਹਰਿਆਂ 'ਤੇ ਉਤਸ਼ਾਹ ਜ਼ਿਆਦਾ ਹੈ ਕਿਉਂਕਿ ਪਹਿਲਾਂ ਖਾਣਾ ਉਨ੍ਹਾਂ ਨੂੰ ਮਿਲਣਾ ਹੈ।

ਨੇੜੇ ਇੱਕ ਨਵਾਂ ਨਲਕਾ ਲੱਗਿਆ ਹੈ, ਜਿਸ ਨਾਲ ਪਾਣੀ ਭਰਨ ਲਈ ਕਈ ਲੋਕ ਕਤਾਰ ਵਿੱਚ ਖੜ੍ਹੇ ਹਨ।

ਮਿਆਂਮਾਰ - 'ਰੋਹਿੰਗਿਆ ਹਿੰਦੂਆਂ ਦੀ ਸਮੂਹਿਕ ਕਬਰ'

ਰੋਹਿੰਗਿਆ ਨਸਲਕੁਸ਼ੀ ਦੀਆਂ ਸੈਟੇਲਾਈਟ ਤਸਵੀਰਾਂ

ਇਸ ਕਤਾਰ ਤੋਂ ਥੋੜ੍ਹਾ ਪਰੇ ਹੋ ਕੇ ਇੱਕ ਗਰਭਵਤੀ ਔਰਤ ਚੁੱਪਚਾਪ ਬੈਠੀ ਹੈ।

'ਤਿੰਨ ਦਿਨ ਭੁੱਖੇ ਰਹੇ'

ਅਨੀਤਾ ਧਰ ਦੀ ਉਮਰ ਮਹਿਜ਼ 15 ਸਾਲ ਦੀ ਹੈ, ਪਰ ਅਜਿਹਾ ਲੱਗਦਾ ਹੈ ਜਿਵੇਂ ਉਨ੍ਹਾਂ ਨੇ ਇੰਨੀ ਘੱਟ ਉਮਰ ਵਿੱਚ ਪੂਰੀ ਜ਼ਿੰਦਗੀ ਜਿਓਂ ਲਈ ਹੈ।

ਗੱਲ ਕਰਦੇ ਵਕਤ ਉਨ੍ਹਾਂ ਦਾ ਦਰਦ ਮਨ ਦੀਆਂ ਗਹਿਰਾਈਆਂ 'ਚੋ ਨਿਕਲ ਕੇ ਸਾਹਮਣੇ ਆਉਂਦਾ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਅਨੀਤਾ ਧਰ ਸਮੇਤ 500 ਰੋਹਿੰਗਿਆ ਹਿੰਦੂ ਮਿਆਂਮਾਰ ਤੋਂ ਭੱਜੇ

ਅਨੀਤਾ ਕਹਿੰਦੀ ਹੈ, "ਕਾਲੇ ਨਕਾਬ ਪਾ ਕੇ ਕੁਝ ਲੋਕ ਆਏ, ਲੁੱਟ-ਖਸੁੱਟ ਕੀਤੀ ਅਤੇ ਮੇਰੇ ਪਤੀ ਨੂੰ ਚੁੱਕ ਕੇ ਲੈ ਗਏ।

ਅਗਲੇ ਦਿਨ ਉਨ੍ਹਾਂ ਦੀ ਲਾਸ਼ ਜੰਗਲ ਵਿੱਚ ਮਿਲੀ। ਸਿਰ ਧੜ ਤੋਂ ਵੱਖ ਸੀ ਤੇ ਹੱਥ ਵੀ ਵੱਢੇ ਹੋਏ ਸੀ।

ਫੋਟੋ ਕੈਪਸ਼ਨ ਸ਼ੋਭਾ ਰੁਦਰ

ਮੇਰੀ ਕੁੱਖ ਵਿੱਚ ਬੱਚਾ ਹੋਣ ਦੇ ਬਾਵਜੂਦ ਮੈਂ ਉੱਥੋਂ ਭੱਜੀ। ਤਿੰਨ ਦਿਨ ਤੱਕ ਭੁੱਖੇ ਰਹਿ ਕੇ ਸੰਘਣੇ ਜੰਗਲਾਂ ਤੋਂ ਹੁੰਦੇ ਹੋਏ ਅਸੀਂ ਇੱਥੇ ਪਹੁੰਚੇ।''

ਅਨੀਤਾ ਦਾ ਪਤੀ ਪੇਸ਼ੇ ਤੋਂ ਹੱਜਾਮ ਸੀ ਅਤੇ 2016 ਵਿੱਚ ਹੀ ਦੋਵਾਂ ਦਾ ਵਿਆਹ ਹੋਇਆ।

ਅਨੀਤਾ ਵਾਂਗ 160 ਰੋਹਿੰਗਿਆ ਹਿੰਦੂ ਪਰਿਵਾਰ ਹਾਲ ਹੀ ਵਿੱਚ ਮਿਆਂਮਾਰ ਤੋਂ ਭੱਜ ਕੇ ਬੰਗਲਾਦੇਸ ਦੇ ਕਾਕਸ ਬਾਜ਼ਾਰ ਦੇ ਕੁਤੁਪਾਲੋਂਗ ਇਲਾਕੇ ਵਿੱਚ ਪਹੁੰਚ ਸਕੇ ਹਨ।

ਹਿੰਦੂਆਂ ਕੋਲ ਨਾਗਰਿਕਤਾ ਨਹੀਂ

ਮਿਆਂਮਾਰ ਦੇ ਰਖਾਇਨ ਸੂਬੇ ਵਿੱਚ ਰੋਹਿੰਗਿਆ ਮੁਸਲਮਾਨਾਂ ਦੇ ਇਲਾਵਾ ਹਿੰਦੂਆਂ ਦੀ ਆਬਾਦੀ ਵੀ ਰਹਿੰਦੀ ਹੈ।

ਡੇਢ ਮਹੀਨੇ ਪਹਿਲਾਂ ਕਰੀਬ 4.5 ਲੱਖ ਰੋਹਿੰਗਿਆ ਮੁਸਲਮਾਨਾਂ ਵਾਂਗ ਹਿੰਦੂ ਲੋਕ ਵੀ ਭੱਜ ਕੇ ਆਏ ਸੀ। ਹਾਲਾਂਕਿ ਅਜਿਹਾ ਪਹਿਲੀ ਵਾਰ ਹੋਇਆ ਹੈ।

ਫੋਟੋ ਕੈਪਸ਼ਨ ਮਿਆਂਮਾਰ ਤੋਂ ਭੱਜ ਕੇ ਆਏ 500 ਹਿੰਦੂ

ਸੂਬੇ ਦੇ ਰੋਹਿੰਗਿਆ ਮੁਸਲਮਾਨਾਂ ਵਾਂਗ ਹੀ ਘੱਟ ਗਿਣਤੀ ਹਿੰਦੂਆਂ ਕੋਲ ਵੀ ਨਾਗਰਿਕਤਾ ਨਹੀਂ ਹੈ।

ਮਿਆਂਮਾਰ ਤੋਂ ਭੱਜੇ 550 ਹਿੰਦੂਆਂ ਦਾ ਕਹਿਣਾ ਹੈ ਕਿ ਉਹ ਫ਼ਿਰਕੂ ਹਿੰਸਾ ਦਾ ਸ਼ਿਕਾਰ ਹੋ ਕੇ ਭੱਜੇ ਹਨ।

'ਇੱਥੋਂ ਸਾਨੂੰ ਕੋਈ ਭਜਾ ਨਹੀਂ ਰਿਹਾ'

ਸ਼ੋਭਾ ਰੁਦਰ ਵੀ ਇਨ੍ਹਾਂ ਸ਼ਰਨਾਰਥੀਆਂ ਵਿੱਚੋਂ ਇੱਕ ਹੈ ਅਤੇ ਸਿਰਫ਼ ਇਸ ਗੱਲ ਨਾਲ ਸੰਤੁਸ਼ਟ ਦਿਖੀ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਜ਼ਿੰਦਾ ਨਿਕਲ ਕੇ ਭੱਜਣ ਵਿੱਚ ਕਾਮਯਾਬ ਰਿਹਾ।

ਫੋਟੋ ਕੈਪਸ਼ਨ ਮਿਆਂਮਾਰ ਦੇ ਘੱਟ ਗਿਣਤੀ ਹਿੰਦੂ

ਸ਼ੋਭਾ ਦੱਸਦੀ ਹੈ, "ਸਾਡਾ ਖੁਸ਼ਹਾਲ ਪਰਿਵਾਰ ਸੀ। ਇੱਕ ਸ਼ਾਮ ਮੇਰੇ ਚਾਚਾ ਦੇ ਘਰ 'ਤੇ ਹਮਲਾ ਹੋਇਆ ਅਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਬਲਾਤਕਾਰ ਕਰਨ ਤੋਂ ਬਾਅਦ ਮੇਰੀ ਚਚੇਰੀ ਭੈਣ ਨੂੰ ਵੀ ਮਾਰ ਦਿੱਤਾ। ਸਾਨੂੰ ਭੱਜਣਾ ਪਿਆ ਅਤੇ ਉਹ ਸਭ ਇੰਨਾ ਦਰਦਨਾਕ ਹੈ ਕਿ ਅਸੀਂ ਕਦੇ ਵਾਪਸ ਨਹੀਂ ਜਾਵਾਂਗੇ। ਇੱਥੇ ਅਸੀਂ ਸ਼ਾਂਤੀ ਨਾਲ ਤਾਂ ਰਹਿ ਰਹੇ ਹਾਂ। ਸਾਨੂੰ ਕੋਈ ਭਜਾ ਨਹੀਂ ਰਿਹਾ।''

ਸਥਾਨਕ ਹਿੰਦੂਆਂ ਨੇ ਕੈਂਪ ਲਾਏ

ਇਸ ਸਰਹੱਦੀ ਪਿੰਡ ਵਿੱਚ 25 ਹਿੰਦੂ ਪਰਿਵਾਰ ਰਹਿੰਦੇ ਹਨ। ਜਿਨ੍ਹਾਂ ਨੇ ਅੱਗੇ ਵੱਧ ਰਹੇ ਇਨ੍ਹਾਂ ਲੋਕਾਂ ਨੂੰ ਪਨਾਹ ਦਿੱਤੀ ਹੈ।

ਹਾਲਾਂਕਿ ਸਥਾਨਕ ਘੱਟ ਗਿਣਤੀ ਹਿੰਦੂਆਂ ਆਰਥਿਕ ਹਾਲਤ ਜ਼ਿਆਦਾ ਚੰਗੀ ਨਹੀਂ, ਪਰ ਦੂਜੀਆਂ ਜਥੇਬੰਦੀਆਂ ਦੀ ਮਦਦ ਨਾਲ ਪਿੰਡ ਦੇ ਹੀ ਮੁਰਗੀ ਫਾਰਮ 'ਤੇ ਇੱਕ ਕੈਂਪ ਲਾਇਆ ਗਿਆ ਹੈ।

ਸਵੇਰੇ ਸ਼ਾਮ ਖਾਣਾ ਬਣਦਾ ਹੈ ਅਤੇ ਸਾਰਿਆਂ ਨੂੰ ਖੁਆਇਆ ਜਾਂਦਾ ਹੈ। ਕੈਂਪ ਦੇ ਚਾਰੇ ਪਾਸੇ ਬਣੇ ਘਰਾਂ ਵਿੱਚ ਔਰਤਾਂ ਤੇ ਬੱਚਿਆਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ।

ਫੋਟੋ ਕੈਪਸ਼ਨ ਬਾਬੁਲ ਦੇ ਰਿਸ਼ਤੇਦਾਰਾਂ ਨੇ ਇਨ੍ਹਾਂ ਸ਼ਰਨਾਰਥੀਆਂ ਨੂੰ ਪਨਾਹ ਦਿੱਤੀ

ਇਸੇ ਪਿੰਡ ਵਿੱਚ ਜੰਮੇ ਬਾਬੁਲ ਦੇ ਪਰਿਵਾਰ ਵਿੱਚ ਚਾਰ ਲੋਕ ਹਨ, ਉਨ੍ਹਾਂ ਨੇ ਵੀ ਪੰਜ ਸ਼ਰਨਾਰਥੀਆਂ ਨੂੰ ਆਪਣੇ ਘਰ ਵਿੱਚ ਆਸਰਾ ਦਿੱਤਾ ਹੈ।

ਬਿਗਾਨੇ ਦੇਸ ਵਿੱਚ ਆਪਣਿਆਂ ਦਾ ਸਹਾਰਾ

ਉਨ੍ਹਾਂ ਨੇ ਦੱਸਿਆ, "ਅਸੀਂ ਵੇਖਿਆ ਇਹ ਲੋਕ ਬੇਘਰ ਹਨ ਤੇ ਇਨ੍ਹਾਂ ਨੂੰ ਮਦਦ ਦੀ ਲੋੜ ਹੈ। ਮੇਰੀ ਆਪਣੀ ਕੋਈ ਜ਼ਮੀਨ ਨਹੀਂ ਕਿ ਮੈਂ ਇਨ੍ਹਾਂ ਨੂੰ ਘਰ ਬਣਾ ਕੇ ਦੇ ਸਕਾਂ। ਇਸ ਲਈ ਮੈਂ ਇਨ੍ਹਾਂ ਲੋਕਾਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਹੈ।''

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਜਦੋਂ ਤੋਂ ਮਿਆਂਮਾਰ ’ਚ ਹਿੰਸਾ ਸ਼ੁਰੂ ਹੋਈ ਹੈ ਉਸ ਵੇਲੇ ਤੋਂ 294,000 ਰੋਹਿੰਗਿਆ ਮੁਸਲਿਮ ਉੱਥੋਂ ਭੱਜੇ ਹਨ।

ਭੱਜ ਕੇ ਆਏ ਸ਼ਰਨਾਰਥੀਆਂ ਵਿੱਚ ਤਕਰੀਬਨ ਸਾਰਿਆਂ ਨੂੰ ਇੱਥੇ ਪਹੁੰਚਣ ਵਿੱਚ ਕਈ ਦਿਨ ਲੱਗੇ ਹਨ।

ਆਪਣੀ ਜਨਮ ਭੂਮੀ ਛੱਡਣ ਦੌਰਾਨ ਉਨ੍ਹਾਂ ਦੇ ਆਪਣੇ ਵਿੱਛੜ ਗਏ। ਹੁਣ, ਘੱਟੋ-ਘੱਟ ਇੱਕ ਬੇਗਾਨੇ ਦੇਸ ਵਿੱਚ ਉਨ੍ਹਾਂ ਨੂੰ ਆਪਣੇ ਜਿਹੇ ਲੋਕਾਂ ਦਾ ਸਹਾਰਾ ਤਾਂ ਮਿਲ ਗਿਆ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ