ਭਾਰਤੀ ਫੌਜੀ ਦੀ 30 ਸਾਲਾਂ ਬਾਅਦ ਸ੍ਰੀ ਲੰਕਾ ਵਾਪਸੀ

ਸੇਵਾ ਮੁਕਤ ਮੇਜਰ ਜਨਰਲ ਸ਼ਿਓਨਾਨ ਸਿੰਘ 30 ਸਾਲਾਂ ਬਾਅਦ ਸ੍ਰੀ ਲੰਕਾ ਪਰਤੇ
ਫੋਟੋ ਕੈਪਸ਼ਨ ਸੇਵਾ ਮੁਕਤ ਮੇਜਰ ਜਨਰਲ ਸ਼ਿਓਨਾਨ ਸਿੰਘ 30 ਸਾਲਾਂ ਬਾਅਦ ਸ੍ਰੀ ਲੰਕਾ ਪਰਤੇ

1987 'ਚ ਬਾਗੀ ਤਮਿਲ ਟਾਈਗਰਜ਼ ਵੱਲੋਂ ਕੀਤੀ ਗਈ ਗੋਲੀਬੰਦੀ 'ਤੇ ਨਜ਼ਰ ਰੱਖਣ ਲਈ ਭਾਰਤੀ ਫੌਜ ਨੂੰ ਸ਼ਾਂਤੀ ਸੈਨਾ ਵਜੋਂ ਸ੍ਰੀ ਲੰਕਾ ਭੇਜਿਆ ਗਿਆ ਸੀ।

ਅਮਨ-ਸ਼ਾਂਤੀ ਦੀ ਬਹਾਲੀ ਲਈ ਕੀਤੀ ਗਈ ਇਹ ਕੋਸ਼ਿਸ਼ ਜਲਦ ਹੀ ਜੰਗੀ ਹਾਲਾਤ ਤੇ ਮਨੁੱਖੀ ਅਧਿਕਾਰ ਉਲੰਘਣਾ ਦੇ ਇਲਜ਼ਾਮਾਂ ਵਿੱਚ ਬਦਲ ਗਈ ।

ਬੀਬੀਸੀ ਪੱਤਰਕਾਰ ਵਿਨੀਤ ਖਰੇ ਨੇ 30 ਸਾਲਾਂ ਬਾਅਦ ਸੇਵਾਮੁਕਤ ਮੇਜਰ ਜਨਰਲ ਸ਼ਿਓਨਾਨ ਸਿੰਘ ਨਾਲ ਗੱਲਬਾਤ ਕੀਤੀ ਅਤੇ ਇਸ ਫੌਜੀ ਮੁਹਿੰਮ ਦੇ ਸਾਬਕਾ ਮੁਖੀ ਨੂੰ ਮਿਲਕੇ ਲਾਮ ਦੇ ਪਲ਼ਾਂ ਨੂੰ ਮੁੜ ਸਿਰਜਿਆ।

ਜਾਫ਼ਨਾ ਵਿੱਚ ਯਾਦਾਂ ਹੋਈਆਂ ਤਾਜ਼ਾ

ਜਾਫ਼ਨਾ ਦੇ ਪਲੱਈ ਹਵਾਈ ਅੱਡੇ ਦੀ ਵੱਡੀ ਤੇ ਹਰੀ ਪੱਟੀ ਉੱਤੇ ਸਰਸਰੀ ਨਜ਼ਰ ਮਾਰਦਿਆਂ ਜਨਰਲ ਨੇ ਕਿਹਾ, "ਮੈਂ ਨਹੀਂ ਸੋਚਿਆ ਸੀ ਕਿ ਇੱਥੇ ਕਦੇ ਵਾਪਸ ਆਵਾਂਗਾ।"

"ਕੁਝ ਹੀ ਦੂਰੀ 'ਤੇ ਸ੍ਰੀਲੰਕਨ ਫੌਜ ਦੇ ਕਮਾਂਡੋ ਸਾਡੇ 'ਤੇ ਨਜ਼ਰ ਰੱਖ ਰਹੇ ਸਨ।"

"ਇਹ ਥਾਂ ਹੁਣ ਬਦਲੀ-ਬਦਲੀ ਜਾਪਦੀ ਹੈ। ਨਵੇਂ ਗੇਟ, ਤਾਰਾਂ ਅਤੇ ਨਵੀਆਂ ਉਸਾਰੀਆਂ ਹੋ ਗਈਆਂ ਹਨ।"

ਫੋਟੋ ਕੈਪਸ਼ਨ ਸ੍ਰੀ ਲੰਕਾ ਵਿੱਚ ਭਾਰਤੀ ਫ਼ੌਜੀਆਂ ਦੀ ਯਾਦਗਾਰ

ਤਾਰ ਦੇ ਪਾਰ ਜਨਰਲ ਉਸ ਥਾਂ ਨੂੰ ਵੇਖ ਰਹੇ ਸਨ ਜਿੱਥੇ ਜੁਲਾਈ 1987 ਵਿੱਚ ਜਹਾਜ਼ ਨੇ ਉਨ੍ਹਾਂ ਅਤੇ ਸੈਂਕੜੇ ਹੋਰ ਫੌਜੀਆਂ ਨੂੰ ਉਤਾਰਿਆ ਸੀ।

'ਭਾਰਤੀ ਸ਼ਾਂਤੀ ਸੈਨਾ' ਇੱਥੇ ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ (LTTE) ਦੇ ਹਥਿਆਰ ਛੁਡਾਉਣ ਅਤੇ ਸ੍ਰੀ ਲੰਕਾ ਵਿੱਚ ਸ਼ਾਂਤੀ ਬਹਾਲੀ ਲਈ ਆਈ ਸੀ।

ਪਰ ਭਾਰਤੀ ਫੌਜ ਲਿੱਟੇ ਨਾਲ ਕੁਝ ਇਵੇਂ ਉਲਝੀ ਕਿ ਆਪਣੇ 1200 ਜਵਾਨ ਗੁਆ ਬੈਠੀ।

Image copyright Surender Sangwan
ਫੋਟੋ ਕੈਪਸ਼ਨ 1987 ਵਿੱਚ ਜਦੋਂ ਸ਼ਿਓਨਾਨ ਸਿੰਘ ਸ੍ਰੀ ਲੰਕਾ ਗਏ ਤਾਂ ਉਹ ਫੌਜ ਵਿੱਚ ਮੇਜਰ ਸੀ

ਉਨ੍ਹਾਂ ਸ਼ਹੀਦਾਂ ਦੀ ਯਾਦਗਾਰ ਵੀ ਏਅਰਬੇਸ ਉੱਤੇ ਬਣਾਈ ਗਈ ਹੈ।

ਸੇਵਾਮੁਕਤ ਜਨਰਲ ਸ਼ਿਓਨਾਨ ਸਿੰਘ ਨੇ 32 ਮਹੀਨਿਆਂ ਲਈ ਉਸ ਮਿਸ਼ਨ ਦੀ ਅਗਵਾਈ ਕੀਤੀ ਸੀ।

ਯਾਦ ਤਾਜ਼ਾ ਕਰਦਿਆਂ ਜਨਰਲ ਨੇ ਕਿਹਾ, "ਜਦੋਂ ਅਸੀਂ ਪਹੁੰਚੇ, ਸ੍ਰੀ ਲੰਕਨ ਫੌਜੀਆਂ ਨੇ ਆਪਣੇ ਹਥਿਆਰ ਸੁੱਟ ਦਿੱਤੇ, ਇਹ ਸੋਚਕੇ ਕਿ ਅਸੀਂ ਹਮਲਾ ਕਰਾਂਗੇ"

"ਅਸੀਂ ਉਨ੍ਹਾਂ ਨਾਲ ਹੱਥ ਮਿਲਾਇਆ ਅਤੇ ਦੱਸਿਆ ਕਿ ਅਸੀਂ ਸ਼ਾਂਤੀ ਮਿਸ਼ਨ 'ਤੇ ਹਾਂ।

ਜਨਰਲ ਨੇ ਦੱਸਿਆ ਕਿ ਭਾਰਤੀ ਫੌਜ ਨੂੰ ਸੰਭਾਵੀਂ ਖ਼ਤਰਿਆਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ, ਨਾ ਹੀ ਕੋਈ ਨਕਸ਼ਾ ਜਾਂ ਫਿਰ ਅਗਾਊਂ ਗੁਪਤ ਜਾਣਕਾਰੀਆਂ ਮੁਹੱਈਆ ਕਰਵਾਈ ਗਈ ਸੀ।

'ਭਾਰਤ-ਚੀਨ ਸਰਹੱਦ ਪਾਰ ਕਰਨਾ ਸੌਖਾ'

ਜਦੋਂ ਪਾਕਿਸਤਾਨੀ ਜੇਲ੍ਹ 'ਚੋਂ ਭੱਜੇ ਭਾਰਤੀ ਪਾਇਲਟ

ਰੱਖਿਅਕ ਵਜੋਂ ਦੇਖਿਆ ਗਿਆ

1987 ਵਿੱਚ ਐੱਨ ਪਰਮੇਸਵਰਨ ਯੂਨੀਵਰਸਿਟੀ ਦਾ ਵਿਦਿਆਰਥੀ ਸੀ।

ਉਸ ਨੇ ਦੱਸਿਆ ਕਿ ਜਦੋਂ ਭਾਰਤੀ ਫੌਜ ਆਈ ਤਾਂ ਤਮਿਲ ਲੋਕਾਂ ਨੇ ਸੋਚਿਆ ਕਿ ਇਹ ਸਾਡੇ ਰੱਖਿਅਕ ਹਨ।

ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਲੋਕਾਂ ਨੂੰ ਲੱਗਿਆ ਕਿ ਭਾਰਤੀ ਫੌਜ ਸ੍ਰੀਲੰਕਨ ਫੌਜ ਤੋਂ ਆਜ਼ਾਦੀ ਦੁਆਏਗੀ।

ਉੱਤਰੀ ਸ੍ਰੀਲੰਕਾ ਦਾ ਘੱਟ ਗਿਣਤੀ ਤਮਿਲ ਭਾਈਚਾਰਾ 'ਸਿੰਗਾਲਾ' ਸਮਾਜ ਤੋਂ ਅਲੱਗ ਥਲੱਗ ਮਹਿਸੂਸ ਕਰਦਾ ਸੀ।

ਫੋਟੋ ਕੈਪਸ਼ਨ ਤਮਿਲ ਲੋਕਾਂ ਨੇ ਸੋਚਿਆ ਭਾਰਤੀ ਫੌਜ ਉਨ੍ਹਾਂ ਨੂੰ ਬਚਾਉਣ ਲਈ ਆਈ ਹੈ

ਸ੍ਰੀਲੰਕਾ ਨੇ ਇੱਕ ਨਵਾਂ ਐਕਟ ਪਾਸ ਕਰਕੇ 'ਸਿੰਗਾਲੀ' ਨੂੰ ਸ੍ਰੀਲੰਕਾ ਦੀ ਸਰਕਾਰੀ ਭਾਸ਼ਾ ਬਣਾ ਦਿੱਤਾ ਸੀ।

ਇਸ ਨਾਲ ਸਰਕਾਰੀ ਨੌਕਰੀ ਕਰ ਰਹੇ ਤਮਿਲ ਮੁਲਾਜ਼ਮਾਂ ਨੂੰ ਨੌਕਰੀ ਖੁਸਣ ਦਾ ਖ਼ਤਰਾ ਮਹਿਸੂਸ ਹੋਣ ਲੱਗਾ।

ਭਾਰਤ ਨਾਲ ਫੌਜੀ ਸਮਝੌਤਾ

ਤਮਿਲ ਲੋਕਾਂ ਖ਼ਿਲਾਫ਼ ਹਿੰਸਕ ਵਾਰਦਾਤਾਂ ਵੀ ਹੋ ਰਹੀਆਂ ਸਨ। 1983 ਵਿੱਚ 3000 ਤਮਿਲਾਂ ਨੂੰ ਮੁਲ਼ਕ ਭਰ 'ਚ ਦੰਗਿਆਂ ਦੌਰਾਨ ਮਾਰ ਦਿੱਤਾ ਗਿਆ ਸੀ।

ਇਸ ਦਾ ਅਸਰ ਭਾਰਤ ਵਿੱਚ ਬੈਠੇ ਤਮਿਲ ਲੋਕਾਂ 'ਤੇ ਵੀ ਹੋ ਰਿਹਾ ਸੀ ਜੋ ਲ਼ਿੱਟੇ ਦੇ ਆਜ਼ਾਦ ਮੁਲਕ ਦੇ ਸੁਪਨੇ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਸਨ।

ਇਹੀ ਕਾਰਨ ਹੈ ਕਿ ਉਸ ਸਮੇਂ ਦੇ ਭਾਰਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਜੇ ਆਰ ਜਯਾਵਰਧਨੇ ਦਰਮਿਆਨ ਫੌਜ ਨੂੰ ਭੇਜਣ ਦਾ ਸਮਝੌਤਾ ਹੋਇਆ ਸੀ।

Image copyright Surender Sangwan
ਫੋਟੋ ਕੈਪਸ਼ਨ ਭਾਰਤੀ ਫ਼ੌਜੀਆਂ ਵੱਲੋਂ ਇਲੈਕਟ੍ਰੋਨਿਕਸ ਆਈਟਮਸ ਖਰੀਦਣ ਦੀਆਂ ਕਈ ਕਹਾਣੀਆਂ ਮਸ਼ਹੂਰ ਹਨ

ਸ੍ਰੀ ਲੰਕਾ 'ਚ ਸਰਕਾਰ ਦੇ ਅੰਦਰ ਤੇ ਬਾਹਰ ਬਹੁਤ ਸਾਰੇ ਲੋਕ ਇਸ ਗੱਲੋਂ ਨਰਾਜ਼ ਸਨ ਕਿ ਇੱਕ ਵੱਡਾ ਮੁਲਕ ਛੋਟੇ ਗੁਆਂਢੀ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇ ਰਿਹਾ ਸੀ।

ਭਾਰਤੀ ਫੌਜੀਆਂ ਕੋਲ ਹਲਕੇ ਹਥਿਆਰ

ਹੌਲ਼ੀ-ਹੌਲ਼ੀ ਭਾਰਤੀ ਫੌਜ ਨੇ ਉੱਤਰ ਵਿੱਚ ਸ੍ਰੀ ਲੰਕਨ ਫੌਜੀ ਦਸਤਿਆਂ ਦੀ ਥਾਂ ਲੈ ਲਈ।

ਕਈ ਭਾਰਤੀ ਫੌਜੀਆਂ ਨੂੰ ਲੱਗਦਾ ਸੀ ਕਿ ਸ਼ਾਂਤੀ ਮਿਸ਼ਨ ਤਮਿਲ ਲੋਕਾਂ ਦੀ ਮਦਦ ਕਰੇਗਾ। ਉਸ ਵੇਲੇ ਜੰਗ ਉਨ੍ਹਾਂ ਦੇ ਖ਼ਿਆਲ 'ਚ ਵੀ ਨਹੀਂ ਸੀ।

ਉੱਥੇ ਭਾਰਤੀ ਫੌਜੀਆਂ ਦੀਆਂ ਦੁਕਾਨਾਂ 'ਤੇ ਖਰੀਦੋ-ਫ਼ਰੋਖ਼ਤ ਕਰਦਿਆਂ ਦੀਆਂ ਵੀ ਕਈ ਕਹਾਣੀਆਂ ਹਨ।

ਸਸਤੀਆਂ ਇਲੈਟ੍ਰੋਨਿਕਸ ਆਈਟਮਾਂ ਹਰ ਭਾਰਤੀ ਨੂੰ ਆਕਰਸ਼ਿਤ ਕਰਦੀਆਂ ਸਨ।

"ਤੋਪਖਾਨਾ ਯੂਨਿਟ ਸਣੇ ਸਾਡੀਆਂ ਕਈ ਯੂਨਿਟਾਂ ਬਿਨਾਂ ਹਥਿਆਰਾਂ ਦੇ ਹੀ ਆਈਆਂ ਸਨ।

ਉਨ੍ਹਾਂ ਮੁਤਾਬਕ ਸ਼ਾਂਤੀ ਮਿਸ਼ਨ ਲਈ ਗੋਲਾ-ਬਾਰੂਦ ਦੀ ਜੰਗੀ ਹਾਲਾਤ ਵਾਂਗ ਜ਼ਰੂਰਤ ਨਹੀਂ ਸੀ।''

Image copyright Surender Sangwan
ਫੋਟੋ ਕੈਪਸ਼ਨ ਭਾਰਤੀ ਫ਼ੌਜੀ ਲੜਾਈ ਲਈ ਤਿਆਰ ਨਹੀਂ ਸੀ

ਸ਼ੁਰੂਆਤ ਵਿੱਚ ਲਿੱਟੇ ਅਤੇ ਸ਼ਾਂਤੀ ਸੈਨਾ ਵਿਚਾਲੇ ਰਿਸ਼ਤੇ ਵਧੀਆ ਸਨ, ਕਿਉਂਕਿ ਭਾਰਤੀ ਏਜੰਸੀਆਂ ਨੇ ਲਿੱਟੇ ਬਾਗੀਆਂ ਨੂੰ ਕਈ ਸਾਲ ਤੱਕ ਸਿਖਲਾਈ ਦਿੱਤੀ ਸੀ।

ਜਨਰਲ ਨੇ ਦੱਸਿਆ, "ਉਨ੍ਹਾਂ 'ਚੋਂ ਕਈ ਸਾਨੂੰ ਜਾਣਦੇ ਸੀ ਕਿਉਂਕਿ ਅਸੀਂ ਉਹਨਾਂ ਨੂੰ ਸਿਖਲਾਈ ਦੇ ਚੁੱਕੇ ਸੀ। ਉਨ੍ਹਾਂ ਦੇ ਆਦਮੀ ਸਾਡੀ ਮਿਲਟਰੀ ਪੋਸਟਾਂ 'ਤੇ ਆਉਂਦੇ ਸਨ।''

ਜਨਰਲ ਮੁਤਾਬਕ ਬਾਅਦ ਵਿੱਚ ਉਨ੍ਹਾਂ 'ਤੇ ਹੋਏ ਹਮਲੇ ਦੌਰਾਨ ਇਹ ਜਾਣਕਾਰੀਆਂ ਉਨ੍ਹਾਂ ਦੇ ਕੰਮ ਆਈਆਂ।

ਐੱਲਟੀਟੀਈ ਬਾਗੀਆਂ ਕੋਲ ਨਵੇਂ ਆਧੁਨਿਕ ਹਥਿਆਰ ਅਤੇ ਸੰਚਾਰ ਦੇ ਯੰਤਰ ਵੀ ਸਨ।

ਜਨਰਲ ਨੇ ਕਿਹਾ, "ਉਹਨਾਂ ਦੇ ਹਥਿਆਰ ਸਾਡੇ ਤੋਂ ਵੱਧ ਆਧੁਨਿਕ ਸਨ। ਅਸੀਂ ਉਹਨਾਂ ਤੋਂ ਆਪਣੇ ਹਥਿਆਰ ਲੁਕਾਉਂਦੇ ਸੀ ਤਾਕਿ ਸਾਡਾ ਮਜ਼ਾਕ ਨਾ ਬਣੇ।"

"ਜਿੱਥੇ ਸਾਡੇ ਰੇਡੀਓ ਸੈੱਟਾਂ ਦੀ ਰੇਂਜ 10-15 ਕਿਲੋਮੀਟਰ ਸੀ, ਉਹਨਾਂ ਦੀ 40-45 ਕਿਲੋਮੀਟਰ ਸੀ।"

ਲੜਾਈ ਵਿੱਚ ਘਿਰੇ

ਪਰ ਮਾਮਲਾ ਉਦੋਂ ਵਿਗੜ ਗਿਆ ਜਦੋਂ ਲਿੱਟੇ ਨੇ ਹਥਿਆਰ ਸੁੱਟਣ ਤੋਂ ਇਨਕਾਰ ਕਰ ਦਿੱਤਾ।

ਸ਼ਾਂਤੀ ਸੇਨਾ ਨੂੰ ਲਿੱਟੇ ਖ਼ਿਲਾਫ਼ ਗੁਰੀਲਾ ਯੁੱਧ 'ਚ ਉਲਝਣਾ ਅਤੇ ਅਕਤੂਬਰ 1987 ਵਿੱਚ ਉਨ੍ਹਾਂ ਦੇ ਗੜ੍ਹ ਜਾਫ਼ਨਾ ਉੱਤੇ ਕਬਜ਼ਾ ਕਰਨ ਦੇ ਲਈ ਮੁਹਿੰਮ ਵਿੱਢਣੀ ਪਈ।

ਲੜਾਈ ਜਾਫ਼ਨਾ ਯੂਨੀਵਰਸਿਟੀ ਦੇ ਮੈਦਾਨ ਤੋਂ ਸ਼ੁਰੂ ਹੋਈ। ਜਿਹੜਾ ਸਾਂਤੀ ਸੇਨਾ ਦੇ ਪੱਲਈ ਏਅਰਬੇਸ ਹੈੱਡਕਵਾਟਰ ਤੋਂ ਕੁਝ ਕਿਲੋਮੀਟਰ ਦੂਰ ਸੀ।

ਮੇਜਰ ਸ਼ਿਓਨਾਨ ਅਤੇ ਉਨ੍ਹਾਂ ਦੇ ਜਵਾਨਾਂ ਨੂੰ ਬਾਗੀਆਂ ਦਾ ਸਫ਼ਾਇਆ ਕਰਨ ਦਾ ਕੰਮ ਸੌਂਪਿਆ ਗਿਆ ਸੀ।

ਫੋਟੋ ਕੈਪਸ਼ਨ ਭਾਰਤੀ ਫੌਜੀਆਂ ਨੇ ਹਮਲੇ ਦੀ ਸ਼ੁਰੂਆਤ ਜਾਫ਼ਨਾ ਯੂਨੀਵਰਸਿਟੀ ਤੋਂ ਕੀਤੀ

ਜਿਹੜਾ ਉਨ੍ਹਾਂ ਨੂੰ ਕਰਨਾ ਪਿਆ। ਇਹ ਗ੍ਰਾਊਂਡ ਅੱਜ ਖੇਡਾਂ ਦੀਆਂ ਹਰ ਤਰ੍ਹਾਂ ਦਾ ਸਹੂਲਤਾਂ ਵਾਲਾ ਹਰਿਆ-ਭਰਿਆ ਮੈਦਾਨ ਬਣ ਗਿਆ ਹੈ।

ਆਲੇ-ਦੁਆਲੇ ਨਜ਼ਰ ਘੁਮਾਉਂਦੇ ਸ਼ਿਓਨਾਨ ਸਿੰਘ ਬੋਲੇ, "ਤੀਹ ਸਾਲ ਪਹਿਲਾਂ ਇਹ ਜੰਗਲ ਵਰਗਾ ਲੱਗਦਾ ਸੀ। ਇੱਥੇ ਵੱਡੇ-ਵੱਡੇ ਰੁੱਖ ਅਤੇ ਸੰਘਣੀਆਂ ਝਾੜੀਆਂ ਖੜੀਆਂ ਸੀ।''

ਲਿੱਟੇ ਕੋਲ ਸ਼ਾਂਤੀ ਸੇਨਾ ਦੇ ਹਮਲੇ ਦੀ ਪਹਿਲਾਂ ਜਾਣਕਾਰੀ ਸੀ। ਅਤੇ ਉਨ੍ਹਾਂ ਨੇ ਤਿੰਨ ਪਾਸਿਆਂ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ।

ਕੁਝ ਦੂਰੀ ਉੱਤੇ ਇੱਕ ਇਮਾਰਤ ਵੱਲ ਇਸ਼ਾਰਾ ਕਰਦਿਆਂ ਸ਼ਿਓਨਾਨ ਨੇ ਕਿਹਾ, "ਉਸ ਇਮਾਰਤ ਦੀ ਪਾਣੀ ਦੀ ਟੈਂਕੀ ਦੇ ਪਿਛਿਓਂ ਸਾਡੇ ਉੱਤੇ ਫਾਇਰਿੰਗ ਕੀਤੀ ਗਈ।''

Image copyright Surender Sangwan
ਫੋਟੋ ਕੈਪਸ਼ਨ ਐੱਲਟੀਟੀਈ ਨੇ ਭਾਰਤੀ ਫ਼ੌਜੀਆਂ 'ਤੇ ਕਈ ਭਿਆਨਕ ਹਮਲੇ ਕੀਤੇ

ਲਿੱਟੇ ਦੀ ਜ਼ਬਰਦਸਤ ਫਾਇਰਿੰਗ ਦਾ ਭਾਰਤੀ ਫੌਜ ਨੇ ਵੀ ਜਵਾਬ ਦਿੱਤਾ। ਮੇਜਰ ਸਿੰਘ ਅਤੇ ਉਨ੍ਹਾਂ ਦੇ ਜਵਾਨ ਲੇਨ ਦੇ ਨੇੜੇ ਪਹੁੰਚ ਗਏ।

ਉਹ ਘਰਾਂ ਵਿੱਚ ਦਾਖ਼ਿਲ ਹੋ ਗਏ। ਉਨ੍ਹਾਂ ਵਸ਼ਿੰਦਿਆਂ ਨੂੰ ਅੰਦਰ ਤਾਲ਼ਾ ਲਗਾ ਕੇ ਆਪ ਪੋਜ਼ੀਸ਼ਨਾਂ ਲੈ ਲਈਆਂ।

ਅਗਲੇ 24 ਘੰਟਿਆਂ ਤੱਕ ਜੰਗ ਜਾਰੀ ਰਹੀ। ਸ਼ਾਂਤੀ ਸੇਨਾ ਨੇ ਆਪਣੇ 36 ਜਵਾਨਾਂ ਦੀ ਜਾਨ ਗੁਆਈ।

ਕਈ ਯਾਦਗਾਰਾਂ ਅਜੇ ਵੀ ਮੌਜੂਦ

ਜਿਸ ਜਗ੍ਹਾ ਸਭ ਤੋਂ ਵੱਧ ਫੌਜੀ ਮਰੇ ਸਨ, ਉਸ ਵੱਲ ਇਸ਼ਾਰਾ ਕਰਦਿਆਂ ਮੇਜਰ ਜਨਰਲ ਸਿੰਘ ਨੇ ਕਿਹਾ, "ਸਭ ਤੋਂ ਪਹਿਲਾਂ ਮੇਰਾ ਜਵਾਨ ਮਰਿਆ ਉਹ ਲਕਸ਼ਮੀ ਚੰਦ ਸੀ।"

ਉਨ੍ਹਾਂ ਅੱਗੇ ਕਿਹਾ, "ਲੰਕਾ ਦੀ ਫੌਜ ਸਾਡੀ ਹੈਲੀਕਾਪਟਰ ਫਾਇਰਿੰਗ ਨਾਲ ਮਦਦ ਕਰ ਰਹੀ ਸੀ। ਜਿਸ ਘਰ ਵਿੱਚ ਅਸੀਂ ਮੋਰਚਾ ਸੰਭਾਲਿਆ ਸੀ, ਉਸ ਉੱਤੇ ਇੱਕ ਬੰਬ ਡਿੱਗਿਆ ਅਤੇ ਉਮੇਸ਼ ਪਾਂਡੇ ਮਾਰੇ ਗਏ।''

"ਗੰਗਾ ਰਾਮ ਦੀਆਂ ਲੱਤਾਂ ਉੱਡ ਗਈਆਂ ਅਤੇ ਉਹ ਵੱਧ ਖੂਨ ਵਹਿਣ ਕਰਕੇ ਉਸਦੀ ਵੀ ਮੌਤ ਹੋ ਗਈ।''

ਇੱਥੇ ਸਾਨੂੰ ਇੱਕ ਅਜਿਹਾ ਗੇਟ ਮਿਲ ਗਿਆ ਜਿਹੜਾ ਗੋਲੀਆਂ ਨਾਲ ਛਣਿਆ ਹੋਇਆ ਸੀ ਅਤੇ ਉਸ ਜੰਗ ਦੀ ਗਵਾਹੀ ਭਰਦਾ ਸੀ।

ਮੇਜਰ ਜਨਰਲ ਦੀਆਂ ਯਾਦਾਂ ਦੇ ਸਹਾਰੇ ਅਸੀਂ ਜਾਫ਼ਨਾ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਘੁੰਮ ਕੇ ਉਸ ਮਾਹੌਲ ਦੀ ਸਿਰਜਣਾ ਕੀਤੀ।

ਇਸ ਖੇਤਰ ਦਾ ਭੂਗੋਲ, ਲਿੱਟੇ ਆਗੂਆਂ ਅਤੇ ਗਰੁੱਪਾਂ ਦੇ ਨਾਮ ਤੇ ਹੋਰ ਘਟਨਾਵਾਂ ਦੀ ਯਾਦ ਉਨ੍ਹਾਂ ਦੇ ਦਿਮਾਗ ਵਿੱਚ ਅਜੇ ਵੀ ਤਰੋ ਤਾਜ਼ਾ ਸੀ।

ਉਨ੍ਹਾਂ ਨੇ ਆਪਣੇ ਪੁਰਾਣੇ ਸਾਥੀਆਂ ਨਾਲ ਯਾਦਾਂ ਸਾਂਝੀਆਂ ਕਰਨ ਲਈ ਕੁਝ ਤਸਵੀਰਾਂ ਖਿੱਚੀਆਂ ਤੇ ਵੀਡੀਓ ਬਣਾਈ।

ਇਹ ਕੁਝ ਹੈ ਜਿਸ ਉੱਤੇ ਸਾਨੂੰ 30 ਸਾਲ ਪਹਿਲਾਂ ਧਿਆਨ ਕੇਂਦਰਿਤ ਕਰਨਾ ਚਾਹੀਦਾ ਸੀ।

ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਭਾਰਤੀ ਫੌਜੀ ਦੀ ਮੌਜੂਦਗੀ ਦਾ ਇੱਕ ਕਾਲ਼ਾ ਪੱਖ ਵੀ ਹੈ। ਭਾਰਤੀ ਫੌਜ ਉੱਤੇ ਸ਼੍ਰੀ ਲੰਕਾ ਵਿੱਚ ਕਤਲੋ-ਗਾਰਦ, ਤਸ਼ੱਦਦ ਅਤੇ ਬਲਾਤਕਾਰ ਕਰਨ ਵਰਗੇ ਗੰਭੀਰ ਇਲਜ਼ਾਮ ਲੱਗੇ ਸਨ।

ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਅਕਤੂਬਰ 1987 ਵਿੱਚ ਜਾਫ਼ਨਾ ਦੇ ਮੁੱਖ ਹਸਪਤਾਲ ਵਿੱਚ ਜੋ ਕੁਝ ਹੋਇਆ ਸੀ, ਉਹ ਬਹੁਤ ਹੀ ਭਿਆਨਕ ਅਤੇ ਲੂ ਕੰਡੇ ਖੜ੍ਹੇ ਕਰਨ ਵਾਲਾ ਹੈ।

ਫੋਟੋ ਕੈਪਸ਼ਨ ਜਾਫ਼ਨਾ ਹਸਪਤਾਲ ਦੇ ਹਮਲੇ ਵਿੱਚ 60 ਲੋਕਾਂ ਦੀ ਮੌਤ ਹੋਈ ਸੀ

ਤਮਿਲ ਅਧਿਕਾਰ ਕਾਰਕੁਨਾਂ ਦਾ ਕਹਿਣ ਸੀ ਫੌਜ ਉੱਤੇ ਪਹਿਲਾਂ ਲਿੱਟੇ ਦੇ ਚਾਰ-ਪੰਜ ਬੰਦਿਆਂ ਵੱਲੋਂ ਹਸਪਤਾਲ ਦੇ ਅੰਦਰੋਂ ਫਾਇਰਿੰਗ ਕੀਤੀ ਗਈ, ਜੋ ਭੜਕਾਹਟ ਪੈਦਾ ਕਰਨ ਦਾ ਇੱਕ ਰਵਾਇਤੀ ਤਰੀਕਾ ਸੀ।

ਕੁਝ ਲੋਕਾਂ ਦਾ ਕਹਿਣਾ ਸੀ ਕਿ ਭਾਰਤੀ ਫੌਜੀਆਂ ਨੂੰ ਅਜਿਹਿਆਂ ਹਮਲਿਆਂ ਤੋਂ ਬਾਅਦ ਲੋਕਾਂ ਵਿੱਚ ਜਾ ਲੁਕਦੇ ਲਿੱਟਿਆਂ ਨੂੰ ਪਛਾਣਨ ਵਿੱਚ ਜੱਦੋ ਜਹਿਦ ਕਰਨੀ ਪੈਂਦੀ ਸੀ।

ਇਲਜ਼ਾਮ ਇਹ ਹੈ ਕਿ ਸ਼ਾਂਤੀ ਸੇਨਾ ਦੇ ਜਵਾਨਾਂ ਨੇ ਅਜਿਹੀ ਭਾਰੀ ਜਵਾਬੀ ਕਾਰਵਾਈ ਕੀਤੀ ਕਿ ਇਸ ਵਿੱਚ 60 ਡਾਕਟਰ, ਨਰਸਾਂ ਤੇ ਮਰੀਜ਼ ਮਾਰੇ ਗਏ।

ਮ੍ਰਿਤਕਾਂ ਦੀਆਂ ਤਸਵੀਰਾਂ ਹਸਪਤਾਲ ਦੀ ਦੀਵਾਰ 'ਤੇ ਲਗਾਈਆਂ ਗਈਆਂ ਸਨ।

ਫੋਟੋ ਕੈਪਸ਼ਨ ਏ ਦੇਵੇਨਦਰਮ ਜਾਫ਼ਨਾ ਹਸਪਤਾਲ ਵਿੱਚ ਕੰਮ ਕਰਦਾ ਸੀ

ਅਸੀਂ ਏ ਦੇਵੇਂਦਰਮ ਨੂੰ ਮਿਲੇ ਜੋ ਉਸ ਦਿਨ ਹਸਪਤਾਲ ਵਿੱਚ ਡਿਊਟੀ 'ਤੇ ਸੀ।

"ਇੱਕ ਤੰਗ ਜਿਹੇ ਕੋਰੀਡੋਰ ਵੱਲ ਇਸ਼ਾਰਾ ਕਰਦਿਆਂ ਉਸ ਨੇ ਕਿਹਾ ਕਿ ਮੈਂ ਭੱਜ ਗਿਆ ਤੇ 24 ਘੰਟੇ ਆਪਣੇ ਆਪ ਨੂੰ ਕਮਰੇ ਵਿੱਚ ਲੁਕੋਈ ਰੱਖਿਆ।

"ਮੈਂ ਗੋਲੀਆਂ ਚੱਲਣ ਅਤੇ ਸਟਾਫ਼ ਦੇ ਚੀਕ-ਚਿਹਾੜੇ ਨੂੰ ਸੁਣ ਸਕਦਾ ਸੀ। ਇਨ੍ਹਾਂ ਵਿੱਚੋਂ ਜ਼ਖਮੀ ਪਾਣੀ ਮੰਗ ਰਹੇ ਸੀ। ਪਰ ਉਨ੍ਹਾਂ ਨੂੰ ਮਾਰਿਆ ਵੀ ਜਾ ਰਿਹਾ ਸੀ।''

"ਮੈਂ ਕੁਝ ਬੰਦੇ ਦੇਖੇ, ਇਹ ਸਿੱਖ ਸਨ। ਪੱਗਾਂ ਵਾਲੇ ਭਾਰਤੀ ਫੌਜ ਦੀ ਵਰਦੀ ਵਿੱਚ।''

ਆਪਣੇ ਕੁਝ ਸਾਥੀਆਂ ਦੀ ਉਸ ਦਿਨ ਹੋਈ ਮੌਤ ਨੂੰ ਯਾਦ ਕਰਦਿਆਂ-ਕਰਦਿਆਂ ਉਹ ਰੌਣ ਲੱਗ ਪਿਆ।

ਲਾਸ਼ਾਂ ਹੇਠ ਲੁਕਣਾ

ਘਟਨਾ ਤੋਂ ਤਿੰਨ ਦਿਨ ਬਾਅਦ ਹਸਪਤਾਲ ਪਹੁੰਚੇ ਇੱਕ ਡਾਕਟਰ ਗਣੇਸ਼ ਮੂਰਥੀ ਨਾਲ ਗੱਲ ਹੋਈ।

ਉਸਨੇ ਦੱਸਿਆ, "ਮੈਂ ਜਦੋਂ ਹਸਪਤਾਲ ਦੇ ਅੰਦਰ ਆਇਆ ਤਾਂ ਇੱਥੇ ਲਹੂ ਦੀ ਬਦਬੂ ਆ ਰਹੀ ਸੀ। ਗੋਲੀਬਾਰੀ ਵਿੱਚ ਬਚੇ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਲਾਸ਼ਾਂ ਵਿੱਚ ਪੈ ਕੇ ਜਾਨ ਬਚਾਈ।

"ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਉਹ ਕੁਝ ਬੋਲੇ ਜਾਂ ਕੋਈ ਹਿਲ-ਜੁਲ ਕੀਤੀ ਤਾਂ ਉਹ ਮਾਰ ਦਿੱਤੇ ਜਾਣਗੇ।''

ਫੋਟੋ ਕੈਪਸ਼ਨ ਡਾ. ਗਨੇਸ਼ਮੂਰਥੀ ਮੁਤਾਬਕ ਹਸਪਤਾਲ ਵਿੱਚ ਖੂਨ ਦੀ ਬਦਬੋ ਫੈਲੀ ਸੀ

ਡਾਕਟਰ ਗਣੇਸ਼ ਮੂਰਥੀ ਮੁਤਾਬਕ ਇੱਕ ਬੱਚਿਆਂ ਦਾ ਡਾਕਟਰ ਜਿਹੜਾ ਲੋਕਾਂ ਦੀ ਮਦਦ ਕਰਦਾ ਸੀ, ਉਹ ਉਸ ਦਿਨ ਮਾਰਿਆ ਗਿਆ ਸੀ।

ਉਸਨੇ ਦੱਸਿਆ ਕਿ ਇੱਕ ਮਹਿਲਾ ਡਾਕਟਰ ਜੋ ਸ਼ਾਂਤੀ ਸੇਨਾ ਨਾਲ ਬਤੌਰ ਡਾਕਟਰ ਆਈ ਸੀ ਉਸਨੇ ਅਗਲੇ ਦਿਨ ਲੁਕੇ ਹੋਏ ਲਿੱਟਿਆਂ ਨੂੰ ਬਾਹਰ ਨਿਕਲਣ ਦੀ ਅਪੀਲ ਕੀਤੀ ਸੀ।

"ਇਹ ਬਹੁਤ ਮੰਦਭਾਗਾ ਸੀ"

ਸਿਓਨਾਨ ਸਿੰਘ ਇਹ ਸਾਰੇ ਬਿਆਨ ਚੁੱਪ-ਚਾਪ ਸੁਣ ਰਹੇ ਸੀ।

ਮ੍ਰਿਤਕ ਵਿਅਕਤੀਆਂ ਦੀਆਂ ਫੋਟੋਆਂ ਵਾਲੀ ਦੀਵਾਰ ਅੱਗੇ ਖੜ੍ਹੇ ਮੇਜਰ ਜਨਰਲ ਸਿੰਘ ਨੇ ਕਿਹਾ, "ਮੈਨੂੰ ਇਸ ਘਟਨਾ ਬਾਰੇ ਨਹੀਂ ਪਤਾ ਸੀ।''

ਉਨ੍ਹਾਂ ਅੱਗੇ ਕਿਹਾ, "ਇਸ ਤਰ੍ਹਾਂ ਲੱਗਦਾ ਸੀ ਕਿ ਇਸ ਘਟਨਾ ਦੀ ਜਾਣਕਾਰੀ ਨੂੰ ਦਬਾ ਦਿੱਤਾ ਗਿਆ ਸੀ ਅਤੇ ਉੱਪਰਲੇ ਲੋਕਾਂ ਨੂੰ ਇਸ ਬਾਰੇ ਨਹੀਂ ਦੱਸਿਆ ਗਿਆ।''

"ਮੈਂ ਸਿਰਫ਼ ਇਹ ਕਹਿ ਸਕਦਾ ਹਾਂ ਕਿ ਜੋ ਕੁਝ ਹੋਇਆ ਉਹ ਬਹੁਤ ਬੁਰਾ ਸੀ। ਜਦੋਂ ਸ਼ਾਂਤੀ ਸੇਨਾ ਉੱਤੇ ਗੋਲੀਬਾਰੀ ਕੀਤੀ ਜਾਂਦੀ ਸੀ ਤਾਂ ਉਹ ਇਹ ਨਹੀਂ ਦੇਖਦੇ ਸੀ ਕਿ ਕਿਸ ਉੱਤੇ ਫਾਇਰਿੰਗ ਕਰ ਰਹੇ ਸਨ।''

"ਇਹ ਬਹੁਤ ਮੰਦਭਾਗਾ ਸੀ। ਪਰ ਜਿੱਥੇ ਵੀ ਫੌਜੀ ਆਪਰੇਸ਼ਨ ਹੁੰਦੇ ਹਨ, ਉੱਥੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।''

ਸ਼ਰਮਸਾਰ ਘਰ ਵਾਪਸੀ

ਭਾਰਤੀ ਫੌਜ ਇੱਥੇ 29 ਮਹੀਨੇ ਫਸੀ ਰਹੀ। ਪਰ ਜਿਵੇਂ ਨੁਕਸਾਨ ਵੱਧਦਾ ਗਿਆ ਤਾਂ ਘਰ ਵਾਪਸੀ ਹੋਈ। ਸਥਾਨਕ ਲੋਕਾਂ ਵਿੱਚ ਫੌਜ ਦੀ ਦਿੱਖ ਨੂੰ ਧੱਬਾ ਲੱਗਾ।

ਜਾਫ਼ਨਾ ਦੇ ਤਮਿਲ ਅਖ਼ਬਾਰ ਉਥਾਈਨ ਦੇ ਸੰਪਾਦਕ ਟੀ. ਪਰਮਾਨਾਥਨ ਨੇ ਕਿਹਾ, "ਸਾਰਿਆਂ ਨੇ ਉਨ੍ਹਾਂ ਦੇ ਰਵੱਈਏ ਦਾ ਬਹੁਤ ਬੁਰਾ ਮਨਾਇਆ। ਉਨ੍ਹਾਂ ਨੇ ਸਾਨੂੰ ਸਿਖਾ ਦਿੱਤਾ ਸੀ ਕਿ ਫੌਜ, ਫੌਜ ਹੀ ਹੁੰਦੀ ਹੈ। ਪੂਰੀ ਦੁਨੀਆਂ ਵਿੱਚ ਕੋਈ ਫ਼ਰਕ ਨਹੀਂ ਹੈ।''

ਫੋਟੋ ਕੈਪਸ਼ਨ ਸ਼ਿਓਨਾਨ ਸਿੰਘ ਤੇ ਏ ਦੇਵੇਨਦਰਮ ਨੂੰ ਚੰਗੇ ਭਵਿੱਖ ਦੀ ਉਮੀਦ ਹੈ

ਸ਼ਿਓਨਾਨ ਸਿੰਘ ਕਹਿੰਦੇ ਹਨ ਕਿ, ਸਾਡਾ ਮਿਸ਼ਨ ਕਿਸੇ ਸਿਆਸੀ ਸੋਚ ਜਾਂ ਫੌਜੀ ਮਕਸਦ ਤੋਂ ਪਰੇ ਸੀ।

1991 ਵਿੱਚ ਇਹ ਮੁਹਿੰਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦਾ ਕਾਰਨ ਬਣੀ।

30 ਸਾਲ ਗੁਜ਼ਰ ਚੁੱਕੇ ਹਨ, ਸੇਵਾ ਮੁਕਤ ਮੇਜਰ ਜਨਰਲ ਸ਼ਿਓਨਾਨ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੁੰ ਖੁਸ਼ੀ ਹੈ ਕਿ ਜਾਫ਼ਨਾ ਵਿੱਚ ਸ਼ਾਂਤੀ ਪਰਤ ਆਈ ਹੈ।

ਪਰ ਉਹ ਨਾਲ ਹੀ ਆਸ ਵੀ ਕਰਦੇ ਹਨ ਕਿ ਕੋਲੰਬੋ ਸਰਕਾਰ ਯੁੱਧ ਦੇ ਜ਼ਖ਼ਮਾਂ ਨੂੰ ਭਰਨ ਲਈ ਕੋਈ ਉਚੇਚੇ ਕਦਮ ਚੁੱਕੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)