ਟਰੰਪ ਹਥਿਆਰਾਂ 'ਤੇ ਬੈਨ ਖਿਲਾਫ਼ ਕਿਉਂ?

  • ਐਂਥੋਨੀ ਜ਼ੁਰਕਰ
  • ਉੱਤਰ ਅਮਰੀਕਾ ਰਿਪੋਰਟਰ
ਤਸਵੀਰ ਕੈਪਸ਼ਨ,

ਮੈਂ ਹਥਿਆਰਾਂ ਉੱਤੇ ਕੰਟਰੋਲ ਰੱਖਣ ਦਾ ਵਿਰੋਧੀ ਹਾਂ - ਡੋਨਾਲਡ ਟਰੰਪ

ਡੋਨਾਲਡ ਟਰੰਪ ਦੇ ਹਥਿਆਰਾਂ ਸਬੰਧੀ ਵਿਚਾਰ ਲਾਸ ਵੇਗਾਸ ਗੋਲੀਬਾਰੀ ਦੀ ਇੱਕ ਪ੍ਰਤੀਕਿਰਿਆ ਵਜੋਂ ਅਮਰੀਕੀ ਨੀਤੀ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ ਸਮਝਣਾ ਸਹੀ ਹੋਵੇਗਾ।

ਅਮਰੀਕੀ ਸੂਬੇ ਪੈਨਸਿਲਵੇਨੀਆ ਦੇ ਸ਼ਹਿਰ ਪਿਟਸਬਰਗ ਦੇ ਇੱਕ ਯਹੂਦੀ ਮੰਦਰ ਵਿੱਚ ਇੱਕ ਬੰਦੂਕਧਾਰੀ ਨੇ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ।

ਟਰੰਪ ਦੇ ਹਥਿਆਰਾਂ ਬਾਰੇ ਬਦਲਦੇ ਵਿਚਾਰ

ਟਰੰਪ ਨੇ ਸਾਲ 2000 'ਚ ਆਪਣੀ ਕਿਤਾਬ 'ਅਮਰੀਕਾ ਵੀ ਡਿਜ਼ਰਵ' 'ਚ ਲਿਖਿਆ, "ਆਮਤੌਰ 'ਤੇ ਮੈਂ ਹਥਿਆਰਾਂ 'ਤੇ ਕੰਟਰੋਲ ਰੱਖਣ ਦਾ ਵਿਰੋਧੀ ਹਾਂ, ਪਰ ਮੈਂ ਮਾਰੂ ਹਥਿਆਰਾਂ ̓ਤੇ ਪਾਬੰਦੀ ਦਾ ਹਿਮਾਇਤੀ ਹਾਂ ਤੇ ਬੰਦੂਕ ਖਰੀਦਣ ਲਈ ਲੰਮੇ ਉਡੀਕ ਸਮੇਂ ਦੇ ਹੱਕ 'ਚ ਹਾਂ।"

ਜਦੋਂ 2012 ਵਿੱਚ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਦੌਰਾਨ 20 ਬੱਚਿਆਂ ਸਮੇਤ 26 ਜਾਨਾਂ ਗਈਆਂ ਸਨ ਤਾਂ ਉਨ੍ਹਾਂ ਨੇ ਓਬਾਮਾ ਦੇ ਹਥਿਆਰਾਂ ਉੱਤੇ ਸਖ਼ਤ ਕੰਟਰੋਲ ਦੇ ਸੱਦੇ ਦੀ ਤਾਰੀਫ਼ ਕੀਤੀ ਸੀ।

ਰਾਸ਼ਟਰਪਤੀ ਪਦ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਤੋਂ ਲੈ ਕੇ ਹੁਣ ਤੱਕ ਟਰੰਪ ਦੇ ਵਿਚਾਰ ਹਥਿਆਰਾਂ ਬਾਰੇ ਸਮੇਂ-ਸਮੇਂ ਉੱਤੇ ਬਦਲਦੇ ਰਹੇ ਹਨ।

2015 ਵਿੱਚ ਉਨ੍ਹਾਂ ਨੇ ਰਾਸ਼ਟਰਪਤੀ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਤਾਂ ਉਹ ਚੰਗੀ ਤਰ੍ਹਾਂ ਰਿਪਬਲਿਕਨ ਪਾਰਟੀ ਦੀ ਮੁੱਖ ਧਾਰਾ ਦੇ ਅਨੁਸਾਰੀ ਹੋ ਚੁੱਕੇ ਸਨ।

ਰਿਪਬਲਿਕਨ ਪਾਰਟੀ ਹਥਿਆਰ ਕੰਟਰੋਲ ਕਨੂੰਨਾਂ ਨੂੰ ਅਮਰੀਕੀ ਸੰਵਿਧਾਨ ਦੀ ਦੂਜੀ ਸੋਧ ਦੀ ਉਲੰਘਣਾ ਵਜੋਂ ਵੇਖਦੀ ਹੈ।

ਤਸਵੀਰ ਕੈਪਸ਼ਨ,

ਟਰੰਪ ਅਪ੍ਰੈਲ ਵਿੱਚ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਇੱਕ ਸਮਾਗਮ ਮੌਕੇ

ਮਿਸਾਲ ਵਜੋਂ, ਅਕਤੂਬਰ 2015 'ਚ ਇੱਕ ਬਹਿਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਸਰਕਾਰ ਵੱਲੋਂ ਪਬੰਦੀਸ਼ੁਦਾ ਥਾਵਾਂ ਜਿਵੇਂ ਸਕੂਲ, ਗਿਰਜਾ ਘਰ, ਫ਼ੌਜੀ ਅੱਡਿਆਂ ਆਦਿ 'ਤੇ ਹੈਂਡ ਗਨ ਲੈ ਕੇ ਜਾਂਦੇ ਰਹੇ ਹਨ।

ਟਰੰਪ ਅਕਸਰ ਕਹਿੰਦੇ ਰਹੇ ਹਨ ਕਿ ਜਨਤਕ ਗੋਲੀਬਾਰੀ ਦਾ ਜਵਾਬ ਵਧੇਰੇ ਲੋਕਾਂ ਨੂੰ ਹਥਿਆਰ ਬੰਦ ਕਰ ਕੇ ਦਿੱਤਾ ਜਾ ਸਕਦਾ ਹੈ।

ਐਨਆਰਏ ਦੀ ਧਿਰ

2016 ਵਿੱਚ ਟਰੰਪ ਨੇ ਨੈਸ਼ਨਲ ਰਾਈਫਲ ਐਸੋਸੀਏਸ਼ਨ (ਐਨਆਰਏ) ਦੀ ਹਿਮਾਇਤ ਹਾਸਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਉਸ ਵੇਲੇ ਤੋਂ ਹੀ ਟਰੰਪ ਨੇ ਹਥਿਆਰਾਂ ਸਬੰਧੀ ਐਸੋਸੀਏਸ਼ਨ ਦੀ ਨੀਤੀ ਨੂੰ ਆਵਾਜ਼ ਦਿੱਤੀ ਹੈ। ਐਸੋਸੀਏਸ਼ਨ ਨੇ ਟਰੰਪ ਦੀ ਰਾਸ਼ਟਰਪਤੀ ਵਜੋਂ ਦਾਵੇਦਾਰੀ ਦੀ ਹਿਮਾਇਤ ਲਈ 3 ਕਰੋੜ ਡਾਲਰ ਖਰਚ ਕੀਤੇ।

ਇਹ ਐਸੋਸੀਏਸ਼ਨ ਅਮਰੀਕਾ ਵਿੱਚ ਹਥਿਆਰਾਂ ਦੀ ਹਿਮਾਇਤ ਕਰਨ ਵਾਲੀ ਸਭ ਤੋਂ ਵੱਡੀ ਲਾਬੀ ਹੈ।

ਹਿਲੇਰੀ ਕਲਿੰਟਨ ਦਾ ਵਿਰੋਧ

ਵੋਟਾਂ ਦੌਰਾਨ ਉਹਨਾਂ ਨੇ ਹਿਲੇਰੀ ਕਲਿੰਟਨ ਦੀ ਕੱਟੜ ਹਥਿਆਰ ਕੰਟਰੋਲ ਦੀ ਹਿਮਾਇਤੀ ਵਜੋਂ ਆਲੋਚਨਾ ਕਰਕੇ ਆਪਣੇ-ਆਪ ਨੂੰ ਵਰਤਮਾਨ 5.5 ਕਰੋੜ ਹਥਿਆਰਧਾਰੀ ਅਮਰੀਕੀਆਂ ਦੇ ਹੱਕਾਂ ਦੇ ਰਾਖੇ ਵਜੋਂ ਪੇਸ਼ ਕੀਤਾ।

ਪਿੱਛਲੇ ਇੱਕ ਸਾਲ ਦੌਰਾਨ ਉਨ੍ਹਾਂ ਨੇ ਸਿਰਫ਼ ਓਰਲੈਂਡੋ ਨਾਈਟ ਕਲੱਬ ਗੋਲੀਬਾਰੀ ਸਮੇਂ ਇਹ ਲਾਈਨ ਤੋੜੀ ਅਤੇ ਦੇਸ਼ ਦੀ ਸੁਰੱਖਿਆ ਲਈ ਹਥਿਆਰਾਂ ਦੀ ਪਾਬੰਦੀ ਦੀ ਹਿਮਾਇਤ ਕੀਤੀ।

ਤਸਵੀਰ ਕੈਪਸ਼ਨ,

ਹਿਲੇਰੀ ਨੇ ਇਸ ਨਵੇਂ ਕਨੂੰਨ ਦੀ ਲਾਸ ਵੇਗਾਸ ਹਮਲੇ ਤੋਂ ਬਾਅਦ ਟਵੀਟ ਰਾਹੀਂ ਆਲੋਚਨਾ ਕੀਤੀ ਸੀ

ਅਲਬਾਮੀਆ ਦੀ ਆਪਣੀ ਹਾਲੀਆ ਰੈਲੀ ਦੌਰਾਨ ਉਨ੍ਹਾਂ ਹਿਲੇਰੀ ਬਾਰੇ ਕਿਹਾ ਕਿ ਜੇ ਹਿਲੇਰੀ ਜਿੱਤ ਜਾਂਦੀ ਤਾਂ ਅਮਰੀਕੀਆਂ ਨੂੰ ਆਪਣੇ ਹਥਿਆਰ ਜਮ੍ਹਾਂ ਕਰਾਉਣੇ ਪੈਂਦੇ।

ਕਾਂਗਰਸ ਇਸ ਵੇਲੇ ਲੋਕਾਂ ਨੂੰ ਆਪਣੇ ਹਥਿਆਰਾਂ ਲਈ ਸਾਇਲੈਂਸਰ ਖਰੀਦਣਾ ਸੌਖਾ ਕਰਨ ਵਾਲੇ ਕਨੂੰਨ ਬਾਰੇ ਵਿਚਾਰ ਰਹੀ ਹੈ।

ਹਿਲੇਰੀ ਨੇ ਇਸ ਕਨੂੰਨ ਦੀ ਲਾਸ ਵੇਗਾਸ ਹਮਲੇ ਤੋਂ ਬਾਅਦ ਟਵੀਟ ਰਾਹੀਂ ਆਲੋਚਨਾ ਕੀਤੀ ਸੀ।

ਰਾਸ਼ਟਰਪਤੀ ਇਸ ਕਨੂੰਨ ਬਾਰੇ ਹਾਲੇ ਖਾਮੋਸ਼ ਹਨ। ਇਹ ਕਨੂੰਨ ਹਾਊਸ ਆਫ਼ ਰਿਪਰੀਜ਼ੇਂਟੇਟਿਵ ਵਿੱਚ ਤਾਂ ਭਾਵੇਂ ਪਾਸ ਹੋ ਜਾਵੇ ਪਰ ਸੈਨੇਟ ਵਿੱਚ ਅਜਿਹੀ ਉਮੀਦ ਘੱਟ ਹੀ ਹੈ।

ਮੱਲ੍ਹਮ ਲਾਉਣ ਦਾ ਵ

ਟਰੰਪ ਨੂੰ 'ਅਧੁਨਿਕ ਅਮਰੀਕੀ ਇਤਿਹਾਸ ਦੀ ਇੱਕ ਸਭ ਤੋਂ ਮਾਰੂ ਜਨਤਕ ਗੋਲੀਬਾਰੀ' ਮਗਰੋਂ ਕੌਮ ਦੇ ਜ਼ਖਮਾਂ 'ਤੇ ਮੱਲ੍ਹਮ ਲਾਉਣਾ ਪਏਗਾ।

ਇਹ ਦੱਸਣਾ ਪਵੇਗਾ ਕਿ ਅਜਿਹੀਆਂ ਘਟਨਾਵਾਂ ਨੂੰ ਭਵਿੱਖ ਵਿੱਚ ਹੋਣ ਤੋਂ ਰੋਕਣ ਲਈ ਉਹ ਕੀ ਕਰਨਗੇ।

ਜਾਰਜ ਬੁਸ਼ ਲਈ ਇਹ ਘੜੀ ਅਪ੍ਰੈਲ 2007 ਵਿੱਚ ਆਈ ਸੀ ਜਦੋਂ ਵਰਜੀਨੀਆ ਕਾਲਜ ਕੈਂਪਸ ਵਿੱਚ 32 ਲੋਕਾਂ ਦੀ ਮੌਤ ਹੋਈ।

ਬਰਾਕ ਓਬਾਮਾ ਲਈ ਅਜਿਹਾ ਸਮਾਂ ਜੂਨ 2016 ਵਿੱਚ ਆਇਆ ਜਦੋਂ ਓਰਲੈਂਡੋ ਪਲੱਸ ਨਾਈਟ ਕਲੱਬ ਵਿੱਚ 49 ਲੋਕ ਮਾਰੇ ਗਏ ਸਨ।

ਓਰਲੈਂਡੋ ਹਾਦਸੇ ਮਗਰੋਂ ਓਬਾਮਾ ਨੇ ਕਿਹਾ ਸੀ, "ਇਹ ਕਤਲੇਆਮ... ਇਸ ਗੱਲ ਦੀ ਇੱਕ ਹੋਰ ਚਿਤਾਵਨੀ ਹੈ ਕਿ ਕਿਸੇ ਲਈ ਅਜਿਹੇ ਹਥਿਆਰ ਹਾਸਲ ਕਰਨਾ ਕਿੰਨਾ ਸੌਖਾ ਹੋ ਗਿਆ ਹੈ ਜਿਨ੍ਹਾਂ ਨਾਲ ਉਹ ਕਿਸੇ ਸਕੂਲ, ਕਿਸੇ ਪੂਜਾ ਦੇ ਸਥਾਨ ਵਿੱਚ, ਸਿਨੇਮਾ ਘਰ ਜਾਂ ਕਿਸੇ ਰਾਤੀਂ ਖੁਲਣ ਵਾਲੇ ਕਲੱਬ ਵਿੱਚ ਲੋਕਾਂ ਉੱਪਰ ਗੋਲੀਆਂ ਚਲਾ ਸਕਣ।"

ਜਵਾਬਦੇਹੀ ਸੌਖੀ ਨਹੀਂ

ਲਾਸ ਵੇਗਾਸ ਦੇ ਕਤਲੇਆਮ ਵਿੱਚ ਮਰਨ ਵਾਲਿਆਂ ਦੀ ਗਿਣਤੀ 59 ਜਦਕਿ ਫੱਟੜਾਂ ਦੀ ਗਿਣਤੀ 500 ਤੱਕ ਪਹੁੰਚ ਗਈ ਹੈ ਅਤੇ ਟਰੰਪ ਖਾਮੋਸ਼ ਹਨ।

ਸੋਮਵਾਰ ਨੂੰ ਹਾਦਸੇ ਮਗਰੋਂ ਆਪਣੀਆਂ 'ਨਿੱਘੀਆਂ ਹਮਦਰਦੀਆਂ' ਟਵੀਟ ਕਰਦਿਆਂ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਅਰਦਾਸਾਂ, ਮਾਤਮ, ਅਤੇ ਏਕਤਾ ਲਈ ਅਪੀਲ ਕੀਤੀ।

ਆਪਣੀ ਪ੍ਰਤੀਕਿਰਿਆ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਬੇਤਰਤੀਬੀ ਵਿੱਚ ਅਰਥਾਂ ਦੀ ਤਲਾਸ਼ ਵੇਲੇ ਉੱਤਰ ਸੌਖੇ ਨਹੀਂ ਮਿਲਦੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)