ਕਿਮ ਜੋਂਗ ਉਨ ਨੂੰ ਸਭ ਤੋਂ ਵੱਧ ਭੈਣ ’ਤੇ ਭਰੋਸਾ ਕਿਉਂ?

Kim yo jong and Kim jong un
ਤਸਵੀਰ ਕੈਪਸ਼ਨ,

ਕਿਮ ਯੋ ਜੋਂਗ ਭਰਾ ਕਿਮ ਜੋਂਗ ਉਨ ਨਾਲ ਦੌਰਿਆਂ 'ਤੇ ਦਿਖਦੀ ਰਹਿੰਦੀ ਹੈ।

ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਆਪਣੀ ਭੈਣ ਕਿਮ ਯੋ ਜੋਂਗ ਨੂੰ ਪਾਰਟੀ ਵਿੱਚ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।

ਕਿਮ ਦੀ ਛੋਟੀ ਭੈਣ ਕਿਮ ਯੋ ਜੋਂਗ ਨੂੰ ਪਾਰਟੀ ਦੇ ਪੋਲਿਤ ਬਿਊਰੋ ਦਾ ਮੈਂਬਰ ਬਣਾਇਆ ਗਿਆ ਹੈ।

ਤਿੰਨ ਸਾਲ ਪਹਿਲਾਂ ਹੀ 30 ਸਾਲਾ ਕਿਮ ਯੋ ਜੋਂਗ ਨੂੰ ਪਾਰਟੀ ਵਿੱਚ ਸੀਨੀਅਰ ਅਧਿਕਾਰੀ ਬਣਾਇਆ ਗਿਆ ਸੀ।

ਇਸ ਦੇਸ਼ ਦੀ ਸੱਤਾ 1948 ਤੋਂ ਹੀ ਕਿਮ ਪਰਿਵਾਰ ਦੇ ਹੱਥ ਵਿੱਚ ਹੈ।

ਕਿਮ ਜੋਂਗ ਉਨ ਦੇ ਪਿਤਾ ਕਿਮ ਜੋਂਗ ਇਲ ਦੀ ਦੀਆਂ ਪੰਜ ਪਤਨੀਆਂ ਸਨ, ਉਨ੍ਹਾਂ ਦੇ ਕੁੱਲ 7 ਬੱਚੇ ਹਨ।

ਕਈ ਮੌਕਿਆਂ 'ਤੇ ਭਰਾ ਨਾਲ ਨਜ਼ਰ ਆਈ

ਕਿਮ ਯੋ ਜੋਂਗ ਕਈ ਮੌਕਿਆਂ 'ਤੇ ਭਰਾ ਨਾਲ ਦੌਰਿਆਂ 'ਤੇ ਦਿਖਦੀ ਰਹੀ ਹੈ।

ਕਿਮ ਜੋਂਗ ਉਨ ਅਤੇ ਕਿਮ ਯੋ ਜੋਂਗ ਇੱਕੋ ਮਾਪਿਆਂ ਦੀ ਔਲਾਦ ਹਨ।

ਤਸਵੀਰ ਕੈਪਸ਼ਨ,

ਪਿਤਾ ਕਿਮ ਜੋਂਗ ਇੱਲ

ਤਿੰਨ ਭੈਣ-ਭਰਾਵਾਂ ਵਿੱਚ ਯੋ ਜੋਂਗ ਸਭ ਤੋਂ ਛੋਟੀ ਹੈ, ਉਨ੍ਹਾਂ ਤੋਂ ਵੱਡਾ ਇੱਕ ਭਰਾ ਹੈ ਜਿਸ ਦਾ ਨਾਮ ਕਿਮ ਜੋਂਗ ਚੋਲ ਹੈ।

ਕਿਮ ਜੋਂਗ ਉਨ ਨਾਲ ਬੇਹੱਦ ਨੇੜਤਾ

26 ਸਤੰਬਰ 1987 ਨੂੰ ਜੰਮੀ ਯੋ-ਜੋਂਗ, ਕਿਮ ਜੋਂਗ ਉਨ ਤੋਂ ਚਾਰ ਸਾਲ ਛੋਟੀ ਹੈ ਅਤੇ ਸਭ ਤੋਂ ਕਰੀਬੀ ਦੱਸੀ ਜਾਂਦੀ ਹੈ।

ਕਿਮ ਯੋ ਜੋਂਗ ਨੇ ਸਾਲ 1996 ਤੋਂ ਲੈ ਕੇ 2000 ਤੱਕ ਬਰਨ, ਸਵਿਟਜ਼ਰਲੈਂਡ ਵਿੱਚ ਪੜ੍ਹਾਈ ਕੀਤੀ।

ਕਿਹਾ ਜਾਂਦਾ ਹੈ ਕਿ ਯੋ-ਜੋਂਗ ਨੇ ਆਪਣੀ ਹੀ ਪਾਰਟੀ ਦੇ ਸਕੱਤਰ ਚੋਏ ਯੋਂਗ-ਹੇ ਦੇ ਪੁੱਤਰ ਨਾਲ ਵਿਆਹ ਕੀਤਾ ਹੈ।

ਕੀ ਕਰਦੀ ਹੈ ਯੋ ਜੋਂਗ?

ਹਾਲੇ ਤੱਕ ਜੋਂਗ ਦੀ ਜ਼ਿੰਮੇਵਾਰੀ ਆਪਣੇ ਭਰਾ ਕਿਮ ਜੋਂਗ ਉਨ ਦਾ ਅਕਸ ਬੇਹਤਰ ਬਣਾਉਣ ਦੀ ਸੀ।

ਉਸ ਨੇ ਸਾਲ 2014 ਤੋਂ ਪਾਰਟੀ ਦੇ ਪ੍ਰਚਾਰ ਮਹਿਕਮੇ ਵਿੱਚ ਮੁੱਖ ਭੁਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਸੀ।

ਉਹ ਕਿਮ ਜੋਂਗ ਉਨ ਦੀ ਸਿਆਸੀ ਸਲਾਹਕਾਰ ਦੇ ਤੌਰ 'ਤੇ ਵੀ ਕੰਮ ਕਰਦੀ ਹੈ।

ਆਪਣੇ ਭਰਾ ਦੇ ਸਫ਼ਰ ਅਤੇ ਉਸ ਦੌਰਾਨ ਲੋੜੀਂਦੇ ਸਮਾਨ ਦਾ ਸਾਰਾ ਧਿਆਨ ਖੁਦ ਯੋ ਜੋਂਗ ਰੱਖਦੀ ਹੈ।

ਤਸਵੀਰ ਕੈਪਸ਼ਨ,

ਸਾਲ 2014 ਵਿੱਚ ਕਿਮ ਜੋਂਗ ਉਨ ਨਾਲ ਚੋਣਾਂ ਵੇਲੇ ਦਿਖੀ ਸੀ ਕਿਮ ਉਨ ਜੋਂਗ

ਯੋ ਜੋਂਗ ਪਹਿਲੀ ਵਾਰੀ ਲੋਕਾਂ ਦੀਆਂ ਨਜ਼ਰਾਂ ਵਿੱਚ ਉਦੋਂ ਆਈ, ਜਦੋਂ ਸਾਲ 2012 ਵਿੱਚ ਆਪਣੇ ਪਿਤਾ ਦੇ ਅੰਤਿਮ ਸਸਕਾਰ ਮੌਕੇ ਦਿਖੀ ਸੀ।

ਅਕਤੂਬਰ 2015 ਵਿੱਚ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਕਿਮ ਜੋਂਗ ਨੇ ਯੋ ਜੋਂਗ ਨੂੰ ਪ੍ਰਚਾਰ ਮਹਿਕਮੇ 'ਚੋਂ ਹਟਾ ਦਿੱਤਾ ਹੈ ਕਿਉਂਕਿ ਉਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਸੀ।

ਯੋ ਜੋਂਗ ਨੂੰ ਕੀ ਪਸੰਦ ਹੈ?

ਯੋ ਜੋਂਗ ਨੂੰ ਮਿੱਠਾ ਬੋਲਣ ਵਾਲਾ ਦੱਸਿਆ ਜਾਂਦਾ ਹੈ। ਉਸ ਦੀ ਸ਼ਖਸੀਅਤ ਵਿੱਚ ਟੌਮ ਬੁਆਏ ਦੀ ਝਲਕ ਦਿਖਦੀ ਹੈ।

ਹਾਲਾਂਕਿ ਕੁਝ ਰਿਪੋਰਟਾਂ ਮੁਤਾਬਕ ਯੋ ਜੋਂਗ ਦੀ ਪਰਵਰਿਸ਼ ਬਹੁਤ ਰੋਕ-ਟੋਕ ਵਾਲੇ ਮਹੌਲ ਵਿੱਚ ਹੋਈ।

ਕਿਮ ਪਰਿਵਾਰ ਦੇ ਹੋਰ ਮੈਂਬਰ ਉਸ ਨਾਲ ਜ਼ਿਆਦਾ ਮੇਲ-ਜੋਲ ਵੀ ਨਹੀਂ ਰੱਖਦੇ ਸਨ ।

ਸਵਿਟਜ਼ਰਲੈਂਡ ਦੇ ਜਿਸ ਸਕੂਲ ਵਿੱਚ ਉਸ ਦੀ ਪੜ੍ਹਾਈ ਹੋਈ, ਉੱਥੋਂ ਦੇ ਅਧਿਕਾਰੀਆਂ ਮੁਤਾਬਕ ਸਕੂਲ ਵਿੱਚ ਵੀ ਯੋ ਜੋਂਗ ਜ਼ਿਆਦਾਤਰ ਸੁਰੱਖਿਆ ਮੁਲਾਜ਼ਮਾਂ ਨਾਲ ਹੀ ਘਿਰੀ ਰਹਿੰਦੀ ਸੀ।

ਹੁਣ ਇਹ ਦੇਖਣਾ ਦਿਲਚਸਪ ਰਹੇਗਾ ਕਿ ਯੋ ਜੋਂਗ ਆਪਣੇ ਭਰਾ ਨਾਲ ਕਿਵੇਂ ਮਿਲ ਕੇ ਇਸ ਵੱਡੀ ਜ਼ਿੰਮੇਵਾਰੀ ਨੂੰ ਨਿਭਾਉਂਦੀ ਹੈ ਅਤੇ ਇਸ ਦਾ ਵਿਸ਼ਵ 'ਤੇ ਕੀ ਅਸਰ ਪੈਂਦਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)