#100Women: ਕੀ ਔਰਤ ਆਗੂ ਆਮ ਔਰਤਾਂ ਦੀ ਜ਼ਿੰਦਗੀ ਬਦਲਦੀਆਂ ਹਨ?

ਬੀਬੀਸੀ ਦੀ 100 Women ਲੜੀ ਤਹਿਤ ਔਰਤਾਂ ਦੀ ਸਿਆਸੀ ਹਿੱਸੇਦਾਰੀ ਦੇ ਉਨ੍ਹਾਂ ਦੇ ਸਮਾਜਿਕ ਹਾਲਾਤ ਉੱਤੇ ਅਸਰ ਨੂੰ ਦੇਖਿਆ ਗਿਆ।
2016 ਵਿੱਚ ਡੈਮੋਕਰੇਸਟ ਦੀ ਉਮੀਦਵਾਰ ਬਣਨ 'ਤੇ ਹਿਲੇਰੀ ਕਲਿੰਟਨ ਨੇ ਕਿਹਾ, "ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਅਸੀਂ ਗਲਾਸ ਸੀਲਿੰਗ ਵਿੱਚ ਸਭ ਤੋਂ ਵੱਡੀ ਤਰੇੜ ਪਾ ਦਿੱਤੀ ਹੈ।''
"ਜੇਕਰ ਕੁੜੀਆਂ ਇੱਥੇ ਮੈਨੂੰ ਸੁਣਨ ਲਈ ਮੌਜੂਦ ਹਨ ਤਾਂ ਮੈਂ ਕਹਿਣਾ ਚਾਹੁੰਦੀ ਹਾਂ, ਕਿ ਮੈਂ ਅਮਰੀਕਾ ਦੀ ਅਗਲੀ ਰਾਸ਼ਟਰਪਤੀ ਹੋ ਸਕਦੀ ਹਾਂ ਤੇ ਉਸ ਤੋਂ ਬਾਅਦ ਤੁਸੀਂ ਵੀ ਬਣ ਸਕਦੀਆਂ ਹੋ।''
ਇੱਥੇ ਗਲਾਸ ਸੀਲਿੰਗ ਤੋਂ ਉਨ੍ਹਾਂ ਦਾ ਮਤਲਬ ਹੈ ਉਹ ਹੱਦਾਂ ਜੋ ਵਿਖਾਈ ਨਹੀਂ ਦਿੰਦੀਆਂ, ਜਿਨ੍ਹਾਂ ਬਾਰੇ ਕੋਈ ਗੱਲ ਨਹੀਂ ਕਰਦਾ, ਤੇ ਜਿਨ੍ਹਾਂ ਨੂੰ ਔਰਤਾਂ ਪਾਰ ਕਰਕੇ ਕਈ ਖਿੱਤਿਆਂ ਵਿੱਚ ਨਹੀਂ ਜਾ ਸਕਦੀਆਂ।
ਆਖ਼ਰ ਹਿਲੇਰੀ ਕਲਿੰਟਨ ਉਸ ਗਲਾਸ ਸੀਲਿੰਗ ਨੂੰ ਨਹੀਂ ਤੋੜ ਸਕੇ। ਬੀਤੇ ਦਹਾਕੇ ਵਿੱਚ ਚੋਣਾਂ ਵਿੱਚ ਜਿੱਤੀਆਂ ਔਰਤਾਂ ਦੀ ਗਿਣਤੀ ਦੁੱਗਣੀ ਹੋਈ ਹੈ, ਪਰ ਹਿਲੇਰੀ ਕਲਿੰਟਨ ਦੀ ਹਾਰ ਇਸ ਟਰੈਂਡ ਤੋਂ ਉਲਟ ਹੈ।
ਘੱਟ ਸਿਆਸੀ ਹਿੱਸੇਦਾਰੀ
ਪਿਊ ਰਿਸਰਚ ਸੈਂਟਰ ਦੀ ਸਟੱਡੀ ਮੁਤਾਬਕ ਮੌਜੂਦਾ ਇਸ ਸਮੇਂ 15 ਔਰਤਾਂ ਸੱਤਾ ਵਿੱਚ ਹਨ। ਉਨ੍ਹਾਂ ਵਿੱਚੋਂ 8 ਉਨ੍ਹਾਂ ਦੇ ਦੇਸ ਦੀਆਂ ਮੋਹਰੀ ਆਗੂਆਂ ਵਿੱਚੋਂ ਹਨ।
ਜੇਕਰ ਅਸੀਂ ਵਿਸ਼ਵ ਦੇ ਸਾਰੇ ਦੇਸਾਂ ਦੇ ਅਨੁਪਾਤ ਵਿੱਚ ਦੇਖੀਏ ਤਾਂ ਯੂ.ਐੱਨ ਦੇ 193 ਮੈਂਬਰ ਦੇਸਾਂ ਵਿੱਚ 10 ਫੀਸਦ ਤੋਂ ਘੱਟ ਦੇਸਾਂ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ।
ਇਹ ਸਾਰੀਆਂ ਔਰਤਾਂ ਬੰਧਨਾਂ ਨੂੰ ਤੋੜ ਰਹੀਆਂ ਹਨ,ਪਰ ਕੀ ਇਹ ਔਰਤਾਂ ਬਾਕੀਆਂ ਨੂੰ ਵੀ ਆਪਣੇ ਨਾਲ ਲੈ ਰਹੀਆਂ ਹਨ?
ਭਾਰਤ 'ਚ ਸਫ਼ਲ ਤਜਰਬਾ
ਭਾਰਤ ਵਿੱਚ ਸਿਆਸੀ ਕੋਟਾ ਸਿਸਟਮ ਰਾਹੀਂ ਤੁਸੀਂ ਇਸ ਬਾਰੇ ਅੰਦਾਜ਼ਾ ਲਗਾ ਸਕਦੇ ਹੋ।
ਭਾਰਤ ਵਿੱਚ ਇੱਕ ਤਜਰਬਾ ਕੀਤਾ ਗਿਆ। 1993 ਤੋਂ ਬੇਤਰਤੀਬੀ ਨਾਲ ਚੁਣੇ ਤਿੰਨਾਂ ਵਿੱਚੋਂ ਇੱਕ ਪਿੰਡ ਨੂੰ ਚੁਣਿਆ ਜਾ ਰਿਹਾ ਹੈ। ਉਸ ਚੁਣੇ ਪਿੰਡ ਦੇ ਸਰਪੰਚ ਦੇ ਅਹੁਦੇ ਨੂੰ ਔਰਤਾਂ ਲਈ ਰਾਖਵਾਂ ਕੀਤਾ ਗਿਆ ਹੈ।
2012 ਦੀ ਇੱਕ ਸਟੱਡੀ ਵਿੱਚ ਮਾਪਿਆਂ ਤੇ ਉਨ੍ਹਾਂ ਦੀ ਔਲਾਦ ਬਾਰੇ ਅਧਿਐਨ ਕਰਨ 'ਤੇ ਨਤੀਜਾ ਸਾਹਮਣੇ ਆਇਆ ਕਿ ਔਰਤ ਸਰਪੰਚ ਪਿੰਡ ਦੀਆਂ ਕੁੜੀਆਂ ਬਾਰੇ ਵੱਧ ਸੋਚਦੀਆਂ ਹਨ।
ਸਿਆਸੀ ਹਿੱਸੇਦਾਰੀ ਦਾ ਚੰਗਾ ਅਸਰ
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਦੋਂ ਆਪਣਾ ਪਹਿਲਾ ਬੱਚਾ ਚਾਹੁੰਦੇ ਹੋ, ਬੱਚਿਆਂ ਦੀ ਪੜ੍ਹਾਈ ਤੇ ਨੌਕਰੀਆਂ ਬਾਰੇ ਤੁਹਾਡੇ ਕੀ ਵਿਚਾਰ ਹਨ। ਤਾਂ ਲੋਕਾਂ ਨੇ ਆਪਣੇ ਪੁੱਤਰਾਂ ਵਾਸਤੇ ਹੀ ਜ਼ਿਆਦਾ ਇੱਛਾਵਾਂ ਪ੍ਰਗਟ ਕੀਤੀਆਂ।
ਪਰ ਜਿਸ ਪਿੰਡ ਵਿੱਚ ਦੋ ਵਾਰ ਲਗਾਤਾਰ ਔਰਤ ਆਗੂ ਨੂੰ ਚੁਣਿਆ ਗਿਆ, ਉਸ ਪਿੰਡ ਵਿੱਚ ਪੁੱਤਰ ਤੇ ਧੀਆਂ ਲਈ ਮਾਪਿਆਂ ਦੀਆਂ ਉਮੀਦਾਂ ਦਾ ਫ਼ਾਸਲਾ ਬਿਨਾਂ ਮਹਿਲਾ ਸਰਪੰਚ ਵਾਲੇ ਪਿੰਡਾਂ ਦੇ ਮੁਕਾਬਲੇ, 25 ਫ਼ੀਸਦ ਤੱਕ ਘੱਟ ਦੇਖਿਆ ਗਿਆ।
ਨੌਜਵਾਨਾਂ ਨੇ ਖੁਦ ਇਸ ਫ਼ਾਸਲੇ ਨੂੰ 32 ਫ਼ੀਸਦ ਤੱਕ ਘੱਟ ਕੀਤਾ ਹੈ। ਇਹ ਫ਼ਾਸਲਾ ਇਸ ਲਈ ਘੱਟ ਨਹੀਂ ਹੋਇਆ ਕਿ ਮੁੰਡਿਆਂ ਦੇ ਲਈ ਉਮੀਦਾਂ ਘੱਟ ਹੋਈਆਂ। ਬਲਕਿ ਮਹਿਲਾ ਸਰਪੰਚ ਹੋਣ ਕਰਕੇ ਪਿੰਡ ਦੀਆਂ ਕੁੜੀਆਂ ਦੀਆਂ ਇੱਛਾਵਾਂ ਵਧੀਆਂ ਹਨ।
ਆਮ ਔਰਤਾਂ ਲਈ ਆਦਰਸ਼
ਅਧਿਐਨਕਰਤਾਵਾਂ ਨੇ ਇਹ ਸਿੱਟਾ ਕੱਢਿਆ ਕਿ ਔਰਤ ਆਗੂ ਕੁੜੀਆਂ ਦੇ ਹਾਲਾਤ ਸੁਧਾਰਨ ਲਈ ਕੁਝ ਖ਼ਾਸ ਨਹੀਂ ਕਰ ਸਕਦੀਆਂ, ਪਰ ਉਨ੍ਹਾਂ ਔਰਤ ਆਗੂਆਂ ਦੀ ਮੌਜੂਦਗੀ ਹੀ ਕੁੜੀਆਂ ਵਾਸਤੇ ਸਿੱਖਿਆ ਦੇ ਖੇਤਰ ਵੱਲ ਅੱਗੇ ਜਾਣ ਲਈ ਚਾਨਣ ਮੁਨਾਰਾ ਬਣਦੀਆਂ ਹਨ।
2012 ਦੀ ਸਵਿਸ ਸਟੱਡੀ ਮੁਤਾਬਕ ਪ੍ਰੇਰਣਾਦਾਇਕ ਔਰਤਾਂ ਦੇ ਜੀਵਨ ਨਾਲ ਔਰਤਾਂ ਦੇ ਲੀਡਰਸ਼ਿਪ ਗੁਣਾਂ ਵਿੱਚ ਵਾਧਾ ਹੁੰਦਾ ਹੈ। ਸਟੱਡੀ ਮੁਤਾਬਕ ਇਸਦੇ ਲਈ ਦੂਰੀ ਅਹਿਮੀਅਤ ਨਹੀਂ ਰੱਖਦੀ।
ਅਧਿਐਨਕਰਤਾਵਾਂ ਵੱਲੋਂ ਇੱਕ ਤਜਰਬਾ ਕੀਤਾ ਗਿਆ ਜਿਸ ਵਿੱਚ ਕੁੜੀਆਂ ਤੇ ਮੁੰਡਿਆਂ ਨੂੰ 4 ਗਰੁੱਪਾਂ ਵਿੱਚ ਵੰਡਿਆ ਗਿਆ।
ਇੱਕ ਗਰੁੱਪ ਨੂੰ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕਲ ਦੀ ਤਸਵੀਰ ਦਿਖਾਈ ਗਈ, ਇੱਕ ਨੂੰ ਹਿਲੇਰੀ ਕਲਿੰਟਨ ਦੀ ਤਸਵੀਰ ਤੇ ਤੀਜੇ ਗਰੁੱਪ ਨੂੰ ਬਿੱਲ ਕਲਿੰਟਨ ਦੀ ਤਸਵੀਰ ਦਿਖਾਈ ਗਈ। ਚੌਥੇ ਗਰੁੱਪ ਨੂੰ ਕੋਈ ਵੀ ਤਸਵੀਰ ਨਹੀਂ ਦਿਖਾਈ ਗਈ।
ਜਿਨ੍ਹਾਂ ਕੁੜੀਆਂ ਨੂੰ ਔਰਤਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਉਨ੍ਹਾਂ ਨੇ ਜਿ਼ਆਦਾ ਦੇਰ ਤੱਕ ਬੋਲਿਆ।
ਅਤੇ ਜਿੰਨਾ ਲੰਬਾ ਉਹ ਬੋਲੇ, ਓਨੇ ਸਕਾਰਾਤਮਕ ਤਰੀਕੇ ਨਾਲ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨੂੰ ਸਮਝਿਆ।
ਸਿਆਸੀ ਭਾਗੀਦਾਰੀ ਕਰਕੇ ਬਰਾਬਰਤਾ
ਰਿਪੋਰਟ ਮੁਤਾਬਕ ਬਰਾਬਰਤਾ ਲਈ ਸਿਰਫ਼ ਔਰਤ ਆਗੂਆਂ ਦੀ ਗਿਣਤੀ ਵਧਾਉਣਾ ਹੀ ਟੀਚਾ ਨਹੀਂ। ਸਗੋਂ ਇਸ ਗਿਣਤੀ ਨੂੰ ਔਰਤਾਂ ਦੇ ਹਾਲਾਤ ਵਿੱਚ ਸੁਧਾਰ ਦਾ ਅਹਿਮ ਜ਼ਰੀਆ ਬਣਾਇਆ ਜਾ ਸਕਦਾ ਹੈ।
ਇਹ ਜਾਣਕਾਰੀ ਇਸ ਗੱਲ ਦੀ ਹਮਾਇਤ ਕਰਦੀ ਹੈ ਕਿ ਔਰਤਾਂ ਦੇ ਸਿਆਸਤ ਵਿੱਚ ਹੋਣ ਨੂੰ ਔਰਤਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਰਾਰਬਤਾ ਨਾਲ ਜੋੜਿਆ ਜਾ ਸਕਦਾ ਹੈ।
'ਦ ਵਰਲਡ ਇਕੋਨੋਮਿਕ ਫੋਰਮ' ਆਪਣੀ 'ਗਲੋਬਲ ਜੈਂਡਰ ਗੈਪ ਰਿਪੋਰਟ' ਦੀਆਂ ਚਾਰ ਮੁੱਖ ਬਿੰਦੂ ਸਿਹਤ, ਸਿੱਖਿਆ, ਅਰਥਚਾਰੇ ਵਿੱਚ ਹਿੱਸੇਦਾਰੀ ਤੇ ਸਿਆਸਤ ਵਿੱਚ ਭੂਮਿਕਾ 'ਤੇ ਆਧਾਰਿਤ ਹੈ।
2016 ਵਿੱਚ ਆਈਸਲੈਂਡ, ਫਿਨਲੈਂਡ ਤੇ ਨਾਰਵੇ ਅਜਿਹੇ ਦੇਸ਼ ਸਨ, ਜਿਨ੍ਹਾਂ ਵਿੱਚ ਲਿੰਗ ਆਧਾਰਿਤ ਪਾੜਾ ਸਭ ਤੋਂ ਘੱਟ ਸੀ। ਜੋ ਦੱਸਦਾ ਹੈ ਕਿ ਔਰਤਾਂ ਉੱਥੇ ਚੰਗਾ ਪ੍ਰਦਰਸ਼ਨ ਕਰਦੀਆਂ ਹਨ ਜਿੱਥੇ ਉਹ ਸਿਆਸੀ ਪ੍ਰਤੀਨਿਧੀ ਦੀ ਭੂਮਿਕਾ ਵਿੱਚ ਹਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)