#BBCinnovators: ਕੀ ਇਹ 10 ਸਾਲਾ ਬੱਚੀ ਕੂੜੇ ਦੀ ਸਮੱਸਿਆ ਦੂਰ ਕਰ ਸਕਦੀ ਹੈ?

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮਿਲੋ, ਪਾਕਿਸਤਾਨ ਦੀ ਸਭ ਤੋਂ ਛੋਟੀ ਉਮਰ ਦੀ ਸਮਾਜਿਕ ਉੱਦਮੀ ਨਾਲ

'' ਜੇਕਰ ਲੋਕ ਕੂੜਾ ਸੁੱਟਣ ਤੋਂ ਪਹਿਲਾਂ ਇੱਕ ਵਾਰ ਵੀ ਸੋਚਣ ਕੀ ਇਸ ਨਾਲ ਸਾਡੇ ਆਲੇ-ਦੁਆਲੇ ਨੂੰ ਕੀ ਨੁਕਾਸਨ ਹੋ ਸਕਦਾ ਹੈ, ਤਾਂ ਹੋ ਸਕਦਾ ਹੈ ਉਹ ਅਜਿਹਾ ਨਾ ਕਰਨ''

10 ਸਾਲਾ ਜ਼ਿਮਾਲ ਉਮਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਰਗੋਧਾ ਸ਼ਹਿਰ ਵਿੱਚ ਰਹਿੰਦੀ ਹੈ।ਉਸਨੇ ਕੂੜੇ ਦੀ ਸਮੱਸਿਆ ਨੂੰ ਦੂਰ ਕਰਨ ਲਈ ਇੱਕ ਹੱਲ ਲੱਭਿਆ ਹੈ।

ਜ਼ਿਮਾਲ ਉਮਰ ਦੀ ਇਸ ਕਾਢ ਤੋਂ ਬਾਅਦ ਉਸਨੂੰ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ 'ਸਮਾਜਿਕ ਉੱਦਮੀ' ਦੇ ਤੌਰ 'ਤੇ ਜਾਣਿਆ ਜਾਣ ਲੱਗਾ ਹੈ।

ਜ਼ਿਮਾਲ ਉਮਰ ਕੂੜੇ ਦੀ ਮੁੜ ਵਰਤੋਂ ਕਰਕੇ ਜ਼ੀਬੈਗਜ਼ ਤਿਆਰ ਕਰਦੀ ਹੈ ਤੇ ਉਸ ਨਾਲ ਹੋਣ ਵਾਲੀ ਕਮਾਈ ਨਾਲ ਗਰੀਬ ਬੱਚਿਆਂ ਦੀ ਮਦਦ ਕਰਦੀ ਹੈ।

'ਭਾਤ-ਭਾਤ' ਕਹਿੰਦੀ ਹੋਈ ਮਰ ਗਈ ਸੰਤੋਸ਼ੀ'

ਮੋਗੇ ਨੇ ਦੁਨੀਆਂ ਨੂੰ ਕਿਹੜੀ ਮਹਾਨ ਖੋਜ ਦਿੱਤੀ?

ਵਾਤਾਵਰਣ ਸੁਰੱਖਿਆ ਵਿਭਾਗ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਹਰ ਸਾਲ ਦੋ ਕਰੋੜ ਟਨ ਕੂੜਾ ਇਕੱਠਾ ਹੁੰਦਾ ਹੈ ਅਤੇ ਹਰ ਸਾਲ ਇਸ ਵਿੱਚ 2.4 ਫ਼ੀਸਦੀ ਦਾ ਵਾਧਾ ਹੋ ਰਿਹਾ ਹੈ।

ਐਨੀ ਵੱਡੀ ਮਾਤਰਾ ਵਿੱਚ ਕੂੜੇ ਨੂੰ ਸਾੜਨ ਨਾਲ ਬਦਬੂ ਫੈਲਦੀ ਹੈ ਅਤੇ ਹਵਾ ਜ਼ਹਿਰੀਲੀ ਹੋ ਜਾਂਦੀ ਹੈ।

ਜ਼ਿਮਾਲ ਕਹਿੰਦੀ ਹੈ ਪੂਰੇ ਪਾਕਿਸਤਾਨ ਵਿੱਚ ਇਹ ਸਥਿਤੀ ਤੁਸੀਂ ਦੇਖ ਸਕਦੇ ਹੋ। ਪਲਾਸਟਿਕ ਦੇ ਇਨ੍ਹਾਂ ਬੈਗਾਂ ਨੂੰ ਲੋਕ ਇਸਤੇਮਾਲ ਕਰਕੇ ਸੁੱਟ ਦਿੰਦੇ ਹਨ। ਉਹ ਇਸਦੀ ਮੁੜ ਵਰਤੋਂ ਬਾਰੇ ਸੋਚਦੇ ਵੀ ਨਹੀਂ।

ਕੂੜੇ ਦਾ ਨਿਪਟਾਰਾ ਕਰਨ ਲਈ ਪਾਕਿਸਤਾਨ ਵਿੱਚ ਲੋਕ ਕਦੇ ਕੋਈ ਤਰੀਕਾ ਨਹੀਂ ਲੱਭਦੇ। ਤਕਰੀਬਨ ਅੱਧੇ ਕੂੜੇ ਦਾ ਨਿਪਟਾਰਾ ਸਰਕਾਰ ਵੱਲੋਂ ਕਰ ਦਿੱਤਾ ਜਾਂਦਾ ਹੈ। ਕੂੜੇ ਦਾ ਨਿਪਟਾਰਾ ਕਰਨ ਲਈ ਥਾਂ ਦੀ ਘਾਟ ਹੈ।

ਕੂੜੇ ਨੂੰ ਸੁੱਟਣਾ ਅਤੇ ਇਸਨੂੰ ਸਾੜਣਾ ਇਸਦੇ ਨਿਪਟਾਰੇ ਦਾ ਸਭ ਤੋਂ ਆਮ ਤਰੀਕਾ ਹੈ। ਜੋ ਕਚਰਾ ਇੱਕਠਾ ਹੋਣ ਤੋਂ ਰਹਿ ਜਾਂਦਾ ਹੈ ਉਹ ਸਰਵਜਨਕ ਥਾਂਵਾਂ 'ਤੇ ਲੋਕਾਂ ਦੀ ਸਿਹਤ ਲਈ ਖਤਰਾ ਬਣਦੀ ਹੈ।

ਖ਼ੂਬਸੂਰਤ ਬੈਗ

ਜ਼ਿਮਾਲ ਖ਼ੁਦ ਦੇ ਤਿਆਰ ਕੀਤੇ ਜ਼ੀਬੈਗ ਦੀ ਮਦਦ ਨਾਲ ਇਸ ਸਮੱਸਿਆ ਨਾਲ ਨਿਪਟਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਚੁਗਿਰਦੇ ਦੀ ਸਫਾਈ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।

10 ਸਾਲਾ ਜ਼ਿਮਾਲ ਪੁਰਾਣੇ ਅਖ਼ਬਾਰਾਂ ਦੀ ਮਦਦ ਨਾਲ ਖ਼ੂਬਸੂਰਤ ਅਤੇ ਚਮਕੀਲੇ ਰੰਗ ਦੇ ਬੈਗ ਤਿਆਰ ਕਰਦੀ ਹੈ ਅਤੇ ਇਨ੍ਹਾਂ ਬੈਗਸ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਤੇ ਦੋਸਤਾਂ ਨੂੰ ਵੇਚਦੀ ਹੈ।

ਇਨ੍ਹਾਂ ਬੈਗਾਂ ਨੂੰ ਵੇਚ ਕੇ ਹੋਣ ਵਾਲੀ ਕਮਾਈ ਨੂੰ ਉਹ ਸਥਾਨਕ ਸਵੈ-ਸੇਵੀ ਸੰਸਥਾਵਾਂ ਨੂੰ ਦਾਨ ਕਰਦੀ ਹੈ।

ਤਿੰਨ ਸਾਲ ਪਹਿਲਾਂ ਉਸਨੇ ਕੁਝ ਬੈਗਾਂ ਤੋਂ ਸ਼ੁਰੂਆਤ ਕੀਤੀ ਸੀ ਤੇ ਹੁਣ ਉਹ ਸੈਂਕੜੇ ਬੈਗ ਵੇਚ ਚੁਕੀ ਹੈ। ਬੈਗ ਵੇਚ ਕੇ ਹੁਣ ਤੱਕ ਉਹ ਤਿੰਨ ਲੱਖ ਰੁਪਏ ਦੀ ਕਮਾਈ ਕਰ ਚੁੱਕੀ ਹੈ।

ਉਹ ਕਹਿੰਦੀ ਹੈ, "ਮੈਂ ਯੂ ਟਿਊਬ ਦੇਖ ਕੇ ਇਹ ਬੈਗ ਬਣਾਉਣੇ ਸਿੱਖੇ ਹਨ। ਸਕੂਲ ਦੀ ਪੜ੍ਹਾਈ ਅਤੇ ਇਸ ਕੰਮ ਵਿੱਚ ਇਕੱਠਾ ਧਿਆਨ ਲਗਾਉਣਾ ਮੁਸ਼ਕਿਲ ਕੰਮ ਹੈ ਇਸ ਲਈ ਮੈਂ ਇਸਨੂੰ ਹਫ਼ਤੇ ਦੀਆਂ ਛੁੱਟੀਆਂ ਜਾਂ ਦੂਜੀਆਂ ਛੁੱਟੀਆਂ ਵਿੱਚ ਆਪਣੀਆਂ ਚਚੇਰੀਆਂ ਭੈਣਾਂ ਨਾਲ ਮਿਲ ਕੇ ਬਣਾਉਂਦੀ ਹਾਂ।"

ਉਹ ਅੱਗੇ ਦੱਸਦੀ ਹੈ, " ਮੇਰੇ ਪਿਤਾ ਅਤੇ ਦਾਦਾ ਬੈਗ ਬਣਾਉਣ ਵਿੱਚ ਵਰਤੇ ਜਾਣ ਵਾਲੇ ਸਮਾਨ ਲਈ ਮੈਨੂੰ ਪੈਸੇ ਦਿੰਦੇ ਹਨ। ਜੇ ਉਹ ਮੇਰੀ ਮਦਦ ਨਾ ਕਰਦੇ ਤਾਂ ਮੇਰੇ ਲਈ ਇਹ ਕੰਮ ਔਖਾ ਹੁੰਦਾ।''

ਜ਼ਿਮਾਲ ਜਿਨ੍ਹਾਂ ਸੰਸਥਾਵਾਂ ਨੂੰ ਪੈਸੇ ਦਾਨ ਕਰਦੀ ਹੈ ਉਨ੍ਹਾਂ ਵਿੱਚੋਂ ਇੱਕ ਹੈ ਐੱਸ ਓ ਐੱਸ ਚਿਲਡ੍ਰੰਸ ਵਿਲੇਜਸ। ਇਹ ਸੰਸਥਾ ਗਰੀਬ ਅਤੇ ਬੇਸਹਾਰਾ ਬੱਚਿਆਂ ਦੀ ਮਦਦ ਕਰਦੀ ਹੈ।

ਜ਼ਿਮਾਲ ਦੱਸਦੀ ਹੈ, " ਮੈਂ ਆਪਣੀ ਕਮਾਈ ਨਾਲ ਉਹਨਾਂ ਲਈ ਵਾਟਰ ਕੂਲਰ, ਵਾਸ਼ਿੰਗ ਮਸ਼ੀਨ, ਬੈਟਰੀ, ਅਤੇ ਰੋਜ਼ਾਨਾ ਵਰਤਣ ਵਾਲੀਆਂ ਚੀਜ਼ਾਂ ਖਰੀਦਦੀ ਹਾਂ। ਉਹਨਾਂ ਦੇ ਚਿਹਰੇ 'ਤੇ ਖੁਸ਼ੀ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਦਾ ਅਤੇ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ।"

ਜ਼ਿਮਾਲ ਦੀ ਇਸ ਮੁਹਿੰਮ ਲਈ ਟੀਵੀ ਅਤੇ ਅਖ਼ਬਾਰਾਂ ਦੇ ਕਵਰੇਜ ਵਿੱਚ ਉਸ ਨੂੰ ਪਾਕਿਸਤਾਨ ਦੀ ' ਸਭ ਤੋਂ ਘੱਟ ਉਮਰ ਦੀ ਸਮਾਜਿਕ ਉੱਦਮੀ' ਕਿਹਾ ਗਿਆ ਹੈ।

ਕੌਮਾਂਤਰੀ ਇਨਾਮ

ਜ਼ਿਮਾਲ ਨੂੰ ਜ਼ੀਬੈਗ ਬਣਾਉਮ ਲਈ ਪਾਕਿਸਤਾਨ, ਸਾਉਦੀ ਅਰਬ ਅਤੇ ਅਮਰੀਕਾ ਵਿੱਚ ਕਈ ਕਈ ਇਨਾਮ ਮਿਲੇ ਹਨ। ਕੌਮਾਂਤਰੀ ਪੱਧਰ 'ਤੇ ਆਪਣੇ ਕੰਮ ਦੀ ਸ਼ਲਾਘਾ ਹੁੰਦੀ ਦੇਖ ਕੇ ਮੈਨੂ ਬਹੁਤ ਖੁਸ਼ੀ ਹੁੰਦੀ ਹੈ। ਮੈਂ ਆਪਣੇ ਮਾਪਿਆਂ ਅਤੇ ਦੇਸ਼ ਲਈ ਮਾਣ ਮਹਿਸੂਸ ਕਰਦੀ ਹਾਂ।'' ਔਨਲਾਈਨ ਵਿਕਰੀ ਨਾਲ ਉਸਨੂੰ ਹੋਰ ਵੀ ਜ਼ਿਆਦਾ ਉਤਸ਼ਾਹ ਮਿਲਿਆ ਹੈ।

ਉਹ ਕਹਿੰਦੀ ਹੈ, " ਪਾਕਿਸਤਾਨ ਵਿੱਚ ਸੋਚਿਆ ਜਾਂਦਾ ਹੈ ਕਿ ਕੁੜੀਆਂ ਆਪਣੇ ਇੱਕਲੇ ਦੇ ਦਮ 'ਤੇ ਕੰਮ ਨਹੀਂ ਕਰ ਸਕਦੀਆਂ ਪਰ ਮੈਨੂੰ ਕੋਈ ਮੁਸ਼ਕਿਲ ਨਹੀਂ ਆਈ। ਮੈਂ ਆਪਣਾ ਕੰਮ ਜਾਰੀ ਰੱਖਣਾ ਚਾਹੁੰਦੀ ਹਾਂ। ਮੈਂ ਭਵਿੱਖ ਵਿੱਚ ਇੱਕ ਕਾਰੋਬਾਰੀ ਬਣਨਾ ਚਾਹੁੰਦੀ ਹਾਂ ਅਤੇ ਆਪਣੀ ਵੈਬਸਾਇਟ ਜ਼ਰੀਏ ਜ਼ੀਬੈਗ ਦਾ ਕਾਰੋਬਾਰ ਵਧਾਉਣਾ ਚਾਹੁੰਦੀ ਹਾਂ।"

ਜ਼ਿਮਾਲ ਨੇ ਕਿਹਾ ਮੇਰਾ ਮਕਸਦ ਆਪਣੀ ਯੋਜਨਾ ਨੂੰ ਸਿਰਫ਼ ਪਾਕਿਸਤਾਨ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਫੈਲਾਉਣਾ ਹੈ।

ਕਲਸੂਮ ਲਖਾਨੀ ਇਨਵੈਸਟ ਟੂ ਇਨੋਵੇਟ ਨਾਂ ਦੀ ਸੰਸਥਾ ਦੇ ਸੰਸਥਾਪਕ ਹਨ ਜੋ ਪਾਕਿਸਤਾਨ ਵਿੱਚ ਸ਼ੁਰੂ ਹੋ ਰਹੀਆਂ ਵੱਡੀਆਂ ਕੰਪਨੀਆਂ ਨੂੰ ਫੰਡਿੰਗ ਕਰਨ ਵਿੱਚ ਮਦਦ ਕਰਦੇ ਹਨ। ਉਹ ਕਹਿੰਦੇ ਹਨ ਦੇਸ਼ ਨੂੰ ਆਪਣੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ।

ਉਹ ਕਹਿੰਦੇ ਹਨ ਸਾਡੇ ਕੋਲ ਸਮਰੱਥਾ ਹੈ ਤਾਂ ਹਮੇਸ਼ਾਂ ਸਾਨੂੰ ਇਸਦਾ ਇਸਤੇਮਾਲ ਕਰਨ ਬਾਰੇ ਸੋਚਣਾ ਚਾਹੀਦਾ ਹੈ।

" ਅਸੀਂ ਕਿਵੇਂ ਉਸ ਸਮਰੱਥਾ ਦਾ ਇਸਤੇਮਾਲ ਕਰਦੇ ਹਾਂ? ਨਾ ਸਿਰਫ ਨਵੇਂ ਲੋਕਾਂ ਨੂੰ ਮੌਕਾ ਦਿੰਦੇ ਹਾਂ ਬਲਕਿ ਉਨ੍ਹਾਂ ਨੂੰ ਵਪਾਰ ਵਧਾਉਣ ਵਿੱਚ ਵੀ ਮਦਦ ਕਰਦੇ ਹਾਂ।"

ਫੁੱਟ ਫੁੱਟ ਕੇ ਕਿਉਂ ਰੋਇਆ ਸਿੱਖ ਫ਼ੌਜੀ ਜਰਨੈਲ

ਦੋ ਸਾਲ ਕਿੱਥੇ ਲਾਪਤਾ ਰਹੀ ਪਾਕਿਸਤਾਨੀ ਪੱਤਰਕਾਰ?

ਜ਼ਿਮਾਲ ਉਮੀਦ ਕਰਦੀ ਹੈ ਕਿ ਉਨ੍ਹਾਂ ਦੀ ਸਫ਼ਲਤਾ ਚੁਗਿਰਦੇ ਪ੍ਰਤੀ ਲੋਕਾਂ ਦੀ ਸੋਚ ਬਦਲੇਗੀ।

ਇਹ ਭਵਿੱਖ ਦੀਆਂ ਪੀੜ੍ਹੀਆਂ ਲਈ ਬਹੁਤ ਜ਼ਰੂਰੀ ਹੈ ਤਾਂ ਹੀ ਉਹ ਸਾਫ਼ ਸੁਥਰੀ ਦੁਨੀਆ ਵਿੱਚ ਰਹਿ ਸਕਦੇ ਹਨ।

ਮੈਂ ਅਜਿਹੀ ਕਾਬਲੀਅਤ ਹਾਸਲ ਕਰਨਾ ਚਾਹੁੰਦੀ ਜਿੱਥੇ ਮੈਂ ਕਹਿ ਸਕਾਂ ਕਿ ਮੈਂ ਆਪਣਾ ਕਿਰਦਾਰ ਨਿਭਾ ਦਿੱਤਾ ਹੈ ਹੁਣ ਇਹ ਦੂਜਿਆਂ 'ਤੇ ਹੈ ਕਿ ਉਹ ਖ਼ੁਦ ਲਈ ਕੁਝ ਕਰਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)