ਰਾਏਸ਼ੁਮਾਰੀ ਲੋਕਾਂ ਦਾ ਜਮਹੂਰੀ ਹੱਕ, ਜਗਮੀਤ ਦਾ ਕੈਪਟਨ ਨੂੰ ਜਵਾਬ

Jagmeet singh Image copyright Shameel

ਦਸਤਾਰਧਾਰੀ 38 ਸਾਲਾ ਸਿੱਖ ਸਿਆਸਤਦਾਨ ਜਗਮੀਤ ਸਿੰਘ ਕੈਨੇਡੀਅਨ ਰਾਜਨੀਤੀ ਦਾ ਨਵਾਂ ਚਿਹਰਾ ਹਨ। ਖੱਬੇ-ਪੱਖੀ ਵਿਚਾਰਧਾਰਕ ਝੁਕਾਅ ਵਾਲੀ ਉਨ੍ਹਾਂ ਦੀ ਨਿਊ ਡੈਮੋਕਰੈਟਿਕ ਪਾਰਟੀ ਕੈਨੇਡਾ ਦੀ ਤੀਜੇ ਨੰਬਰ ਦੀ ਵੱਡੀ ਨੈਸ਼ਨਲ ਪਾਰਟੀ ਹੈ।

ਕੁਝ ਹਫ਼ਤੇ ਪਹਿਲਾਂ ਹੋਈਆਂ ਪਾਰਟੀ ਲੀਡਰਸ਼ਿਪ ਚੋਣਾਂ ਦੌਰਾਨ ਨਵੇਂ ਪਾਰਟੀ ਆਗੂ ਚੁਣੇ ਗਏ ਜਗਮੀਤ ਸਿੰਘ ਇਸ ਪਾਰਟੀ ਦੇ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਕੌਮੀ ਪ੍ਰਧਾਨ ਹਨ।

ਮੁੱਖ ਧਾਰਾ ਦੀ ਕੌਮੀ ਸਿਅਸੀ ਪਾਰਟੀ ਦੇ ਸਰਬਉੱਚ ਅਹੁਦੇ ਉੱਤੇ ਪਹੁੰਚ ਕੇ ਬਹੁਗਿਣਤੀ ਦੀ ਦੀਵਾਰ ਨੂੰ ਤੋੜਨ ਵਾਲੇ ਜਗਮੀਤ ਸਿੰਘ ਪਹਿਲੇ ਘੱਟ ਗਿਣਤੀ ਨਾਲ ਸਬੰਧਤ ਕੌਮੀ ਆਗੂ ਹਨ।

ਟੋਰਾਂਟੋ ਦੀ ਯੌਰਕ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਕਰਨ ਤੋਂ ਬਾਅਦ ਜਲਦ ਹੀ ਜਗਮੀਤ ਸਿੰਘ ਸਿਆਸਤ ਵਿੱਚ ਆਪਣੀ ਕਿਸਮਤ ਅਜਮਾਉਣ ਨਿਕਲ ਪਏ ਸਨ।

ਉਹ ਪਿਛਲੇ ਕਈ ਸਾਲਾਂ ਤੋਂ ਓਨਟਾਰੀਓ ਸੂਬੇ ਦੀ ਪਾਰਲੀਮੈਂਟ ਦੇ ਮੈਂਬਰ ਚਲੇ ਆ ਰਹੇ ਹਨ।

'ਫਲਾਇੰਗ ਸਿੱਖ' ਮਿਲਖਾ ਸਿੰਘ ਤੋਂ ਸੁਣੋ ਤੰਦਰੁਸਤੀ ਦੇ ਨੁਸਖ਼ੇ

ਫੁੱਟ ਫੁੱਟ ਕੇ ਕਿਉਂ ਰੋਇਆ ਸਿੱਖ ਫ਼ੌਜੀ ਜਰਨੈਲ

ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ ਜਗਮੀਤ ਸਿੰਘ

'ਲੋਕਾਂ ਦੇ ਫੈਸਲੇ ਦਾ ਸਤਿਕਾਰ ਹੈ ਸਿਧਾਂਤ'

ਪੰਜਾਬ ਅਤੇ ਹੋਰ ਥਾਵਾਂ 'ਤੇ ਸਵੈ-ਨਿਰਣੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਲੀਆ ਟਿੱਪਣੀ ਬਾਰੇ ਜਗਮੀਤ ਦਾ ਕਹਿਣਾ ਹੈ ਕਿ ਲੋਕਾਂ ਦੇ ਫੈਸਲੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਲਈ ਇਹ ਸਿਧਾਂਤ ਦਾ ਸਵਾਲ ਹੈ।

ਐੱਨ.ਡੀ.ਪੀ ਦੀਆਂ ਭਾਵੇਂ ਕਈ ਕੈਨੇਡੀਅਨ ਸੂਬਿਆਂ ਵਿੱਚ ਸਰਕਾਰਾਂ ਰਹਿ ਚੁੱਕੀਆਂ ਹਨ ਪਰ ਫੈਡਰਲ ਪੱਧਰ 'ਤੇ ਕਦੇ ਵੀ ਇਹ ਪਾਰਟੀ ਸੱਤਾ ਤੱਕ ਨਹੀਂ ਪਹੁੰਚ ਸਕੀ।

ਅਜੇ ਤੱਕ ਕਿਸੇ ਵੀ ਨੈਸ਼ਨਲ ਪਾਰਟੀ ਦਾ ਆਗੂ ਕਿਸੇ ਘੱਟ-ਗਿਣਤੀ ਕੈਨੇਡੀਅਨ ਭਾਈਚਾਰੇ ਵਿੱਚੋਂ ਨਹੀਂ ਚੁਣਿਆ ਗਿਆ ਸੀ।

Image copyright jagmeet singh/facebook

ਇੱਕ ਸੂਬਾਈ ਲੀਡਰ ਤੋਂ ਸਿੱਧਾ ਪਾਰਟੀ ਦਾ ਫੈਡਰਲ ਆਗੂ ਚੁਣਿਆ ਜਾਣਾ ਜਗਮੀਤ ਸਿੰਘ ਦੇ ਸਿਆਸੀ ਕਰੀਅਰ ਵਿੱਚ ਬਹੁਤ ਵੱਡੀ ਛਾਲ ਹੈ।

ਜਗਮੀਤ ਸਿੰਘ ਨੇ ਇੱਕ ਖਾਸ ਗੱਲਬਾਤ 'ਚ ਕਈ ਅਹਿਮ ਮੁੱਦਿਆਂ ਉੱਤੇ ਚੁੱਪੀ ਤੋੜੀ -

ਐਨ ਡੀ ਪੀ ਦਾ ਫੈਡਰਲ ਆਗੂ ਚੁਣੇ ਜਾਣ ਤੋਂ ਬਾਅਦ ਤੁਹਾਡੇ ਬਾਰੇ ਇਹ ਵਿਵਾਦ ਛਿੜਿਆ ਕਿ ਤੁਸੀਂ ਕੁਝ ਸਵਾਲਾਂ ਦੇ ਸਿੱਧੇ ਜਵਾਬ ਨਹੀਂ ਦੇ ਰਹੇ

ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਮੈਂ ਬਿਲਕੁਲ ਸਿੱਧੇ ਜਵਾਬ ਦਿੱਤੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਮੁੱਖ ਆਗੂਆਂ ਨੇ ਤੁਹਾਡੀ ਉਸ ਟਿੱਪਣੀ 'ਤੇ ਕਾਫ਼ੀ ਤਿੱਖਾ ਪ੍ਰਤੀਕਰਮ ਦਿੱਤਾ ਹੈ, ਜਿਸ ਵਿੱਚ ਤੁਸੀਂ ਪੰਜਾਬ ਦੇ ਸਵੈ-ਨਿਰਣੇ ਦੇ ਹੱਕ ਦੀ ਗੱਲ ਕੀਤੀ ਸੀ। ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

ਮੇਰੀ ਲੀਡਰਸ਼ਿਪ ਮੁਹਿੰਮ ਦੌਰਾਨ ਮੈਂ ਕਿਉਬੈਕ ਸੂਬੇ ਵਿੱਚ ਗਿਆ ਸੀ। ਮੇਰਾ ਇਸ ਸੂਬੇ ਨਾਲ ਬਹੁਤ ਪ੍ਰੇਮ ਹੈ।

ਮੈਨੂੰ ਕਿਸੇ ਨੇ ਪੁੱਛਿਆ ਸੀ ਕਿ ਜੇ ਕਿਸੇ ਨਵੀਂ ਰਾਏਸ਼ੁਮਾਰੀ ਦੌਰਾਨ ਕਿਊਬੈਕ ਦੇ ਲੋਕ ਇਸ ਨੂੰ ਕੈਨੇਡਾ ਤੋਂ ਵੱਖਰਾ ਮੁਲਕ ਬਣਾਉਣ ਦੇ ਹੱਕ ਵਿੱਚ ਫ਼ੈਸਲਾ ਦਿੰਦੇ ਹਨ ਤਾਂ ਮੇਰੀ ਕੀ ਸੋਚ ਹੋਵੇਗੀ।

ਮੈਂ ਜਵਾਬ ਦਿੱਤਾ ਸੀ ਕਿ ਮੇਰੀ ਇਹ ਦਿਲੀ ਇੱਛਾ ਹੈ ਕਿ ਮੁਲਕ ਇੱਕ ਰਹੇ ਅਤੇ ਕਿਊਬੈਕ ਸਾਡੇ ਨਾਲ ਰਹੇ ਪਰ ਜੇ ਸੂਬੇ ਦੇ ਲੋਕ ਇਸ ਦੇ ਉਲਟ ਫੈਸਲਾ ਦਿੰਦੇ ਹਨ ਤਾਂ ਮੈਂ ਲੋਕਾਂ ਦੇ ਫੈਸਲੇ ਦਾ ਸਤਿਕਾਰ ਕਰਾਂਗਾ।

ਇਸੇ ਤਰ੍ਹਾਂ ਦਾ ਸਵਾਲ ਮੈਨੂੰ ਫ਼ਿਰ ਕਿਸੇ ਨੇ ਪੁੱਛਿਆ ਅਤੇ ਮੈਂ ਕਿਹਾ ਸੀ ਕਿ ਮੇਰੇ ਲਈ ਇਹ ਸਿਧਾਂਤ ਦਾ ਸਵਾਲ ਹੈ।

ਮੇਰੇ ਵਿਚਾਰਾਂ ਦੀ ਬੁਨਿਆਦ ਇਸ ਗੱਲ 'ਤੇ ਖੜ੍ਹੀ ਹੈ ਕਿ ਮੈਂ ਇਨਸਾਨੀ ਹੱਕਾਂ ਦੀ ਰਾਖੀ ਅਤੇ ਉਨ੍ਹਾਂ 'ਤੇ ਹਮੇਸ਼ਾ ਪਹਿਰਾ ਦੇਣ ਦੇ ਹੱਕ ਵਿੱਚ ਰਿਹਾ ਹਾਂ।

Image copyright JAGMEET SINGH/FACEBOOK

ਯੂ.ਐੱਨ ਨੇ ਰਾਏਸ਼ੁਮਾਰੀ ਦੇ ਅਧਿਕਾਰ ਨੂੰ ਮਨੁੱਖੀ ਅਧਿਕਾਰਾਂ ਦਾ ਬੁਨਿਆਦੀ ਅਸੂਲ ਮੰਨਦਿਆਂ ਕਿਹਾ ਹੈ ਕਿ ਇਹ ਹੱਕ ਸਭ ਨੂੰ ਹਾਸਲ ਹੋਣਾ ਚਾਹੀਦਾ ਹੈ।

ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਭਾਵੇਂ ਮੈਂ ਸਵੈ-ਨਿਰਣੇ ਦੇ ਪੱਖ ਵਿੱਚ ਹਾਂ ਪਰ ਇਸ ਅਧਿਕਾਰ ਦਾ ਸ਼ਾਂਤੀਪੂਰਨ ਤਰੀਕੇ ਨਾਲ ਇਸਤੇਮਾਲ ਕਰਨ ਦਾ ਫੈਸਲਾ ਹਰ ਖਿੱਤੇ ਦੇ ਲੋਕਾਂ ਦਾ ਆਪਣਾ ਫੈਸਲਾ ਹੁੰਦਾ ਹੈ।

ਭਾਰਤ ਨਾਲ ਤੁਹਾਡਾ ਰਿਸ਼ਤਾ ਕੁਝ ਉਲਝਿਆ ਹੋਇਆ ਹੈ। ਤੁਹਾਨੂੰ ਇੰਡੀਆ ਦਾ ਵੀਜ਼ਾ ਵੀ ਨਹੀਂ ਸੀ ਦਿੱਤਾ ਗਿਆ। ਇਹ ਸਵਾਲ ਵੀ ਉਠ ਰਿਹਾ ਹੈ ਕਿ ਜੇ ਤੁਹਾਡੀ ਪਾਰਟੀ ਕੋਲ ਮੁਲਕ ਦੀ ਸੱਤਾ ਹੋਵੇ ਤਾਂ ਤੁਹਾਡੀ ਵਿਦੇਸ਼ ਨੀਤੀ ਵਿੱਚ ਭਾਰਤ ਨਾਲ ਕਿਸ ਤਰਾਂ ਦਾ ਰਿਸ਼ਤਾ ਹੋਵੇਗਾ?

ਸਾਡੇ ਸਾਰੇ ਹੀ ਮੁਲਕਾਂ ਨਾਲ ਚੰਗੇ ਸਬੰਧ ਹੋਣੇ ਚਾਹੀਦੇ ਹਨ।

ਇੰਡੀਆ, ਪਾਕਿਸਤਾਨ, ਯੂਰਪ ਦੇ ਮੁਲਕ, ਅਫਰੀਕਾ ਦੇ ਮੁਲਕ, ਆਸਟਰੇਲੀਆ ਸਣੇ ਸਾਰੇ ਮੁਲਕਾਂ ਨਾਲ ਹੀ ਚੰਗੇ ਸਬੰਧਾਂ ਦੇ ਮੈਂ ਹੱਕ ਵਿੱਚ ਹਾਂ,

ਪਰ ਨਾਲੋ-ਨਾਲ ਜੇ ਕਿਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਸਾਨੂੰ ਨੁਕਤਾਚੀਨੀ ਕਰਨ ਦਾ ਹੱਕ ਵੀ ਹੈ।

ਭਾਵੇਂ ਬੰਗਲਾਦੇਸ਼ ਵਿੱਚ ਕੱਪੜਾ ਉਦਯੋਗ ਦੇ ਵਰਕਰਾਂ ਦੇ ਸ਼ੋਸ਼ਣ ਦਾ ਮਸਲਾ ਹੋਵੇ, ਜਾਂ ਇੰਡੀਆ ਤੇ ਚੀਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਸਲੇ ਹੋਣ, ਮੈਕਸੀਕੋ ਵਿੱਚ ਵਰਕਰਾਂ ਦੇ ਹੱਕਾਂ ਦੀ ਗੱਲ ਹੋਵੇ, ਇਨ੍ਹਾਂ ਸਾਰਿਆਂ ਮਸਲਿਆਂ ਬਾਰੇ ਸਾਨੂੰ ਗੱਲ ਕਰਨੀ ਚਾਹੀਦੀ ਹੈ।

Image copyright JAGMEET SINGH/FACEBOOK

ਮਨੁੱਖੀ ਅਧਿਕਾਰ ਅਤੇ ਵਾਤਾਵਰਨ ਜਿਹੇ ਮੁੱਦੇ ਸਾਡੇ ਸਬੰਧਾਂ ਦਾ ਅਧਾਰ ਹੋਣੇ ਚਾਹੀਦੇ ਹਨ ਪਰ ਸਾਨੂੰ ਵਰਤਣਾ ਸਾਰਿਆਂ ਨਾਲ ਚਾਹੀਦਾ ਹੈ।

ਮੈਂ ਜਦ ਵੀ ਪੰਜਾਬ ਵਿੱਚ ਗਿਆ ਤਾਂ ਰਾਜਸਥਾਨ, ਗੋਆ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵੀ ਗਿਆ। ਉੱਥੋਂ ਦੇ ਲੋਕ ਬਹੁਤ ਹੀ ਚੰਗੇ ਹਨ। ਇਨ੍ਹਾਂ ਸਾਰੇ ਲੋਕਾਂ ਨਾਲ ਅਸੀਂ ਵਰਤਾਂਗੇ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਭਾਵੇਂ ਕੋਈ ਵੀ ਸਰਕਾਰ ਹੋਵੇ, ਉਹ ਆਪਣੇ ਲੋਕਾਂ ਨਾਲ ਚੰਗਾ ਵਰਤਾਓ ਕਰੇ।

ਸਾਡੇ ਸਬੰਧ ਸਾਰੇ ਮੁਲਕਾਂ ਨਾਲ ਵਧੀਆ ਹੋਣਗੇ ਪਰ ਇਨ੍ਹਾਂ ਸਬੰਧਾਂ ਦਾ ਅਧਾਰ ਇਹ ਹੋਵੇ ਕਿ ਅਸੀਂ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰੀਏ, ਵਾਤਾਵਰਣ ਦੀ ਸੰਭਾਲ ਕਰੀਏ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਸਤਿਕਾਰ ਕਰੀਏ।

ਤੁਸੀਂ ਸਿਰਫ਼ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਮਸਲਾ ਹੀ ਚੁੱਕਦੇ ਹੋ। ਜਦੋਂ ਪਾਕਿਸਤਾਨ ਜਾਂ ਅਫ਼ਗਾਨਿਸਤਾਨ ਵਿੱਚ ਘੱਟ-ਗਿਣਤੀਆਂ ਨਾਲ ਧੱਕਾ ਹੁੰਦਾ ਹੈ ਤਾਂ ਉਸ ਬਾਰੇ ਤੁਸੀਂ ਕਦੇ ਨਹੀਂ ਬੋਲੇ।

ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਮੈਂ ਜਦੋਂ ਵੀ ਕੋਈ ਮਸਲਾ ਚੁੱਕਦਾ ਹਾਂ ਤਾਂ ਆਪਣੇ ਹਲਕੇ ਦੇ ਲੋਕਾਂ ਦੇ ਮਸਲੇ ਸਮਝ ਕੇ ਚੁੱਕਦਾ ਹਾਂ।

ਮੇਰੇ ਹਲਕੇ ਵਿੱਚ ਪੰਜਾਬ ਦੇ ਲੋਕ ਹਨ, ਇਸ ਕਰਕੇ ਮੈਂ ਉਨ੍ਹਾਂ ਦੇ ਮਸਲੇ ਚੁੱਕਦਾ ਰਿਹਾ ਹਾਂ।

Image copyright JAGMEET SINGH/FACEBOOK

ਮੇਰੇ ਹਲਕੇ ਵਿੱਚ ਗੁਜਰਾਤ ਦੇ ਲੋਕ ਹਨ ਅਤੇ ਇਸ ਕਰਕੇ ਮੈਂ ਗੁਜਰਾਤ ਵਿੱਚ ਹਿੰਸਾ ਦਾ ਮਸਲਾ ਉਠਾਇਆ।

ਮੇਰੇ ਕੋਲ ਤਮਿਲ ਲੋਕ ਆਉਂਦੇ ਹਨ ਤਾਂ ਮੈਂ ਉਨ੍ਹਾਂ ਦੇ ਮਸਲੇ ਉਠਾਉਂਦਾ ਰਿਹਾ ਹਾਂ। ਮੈਂ ਹਮੇਸ਼ਾਂ ਹੀ ਇਨਸਾਫ਼ ਦੀ ਗੱਲ ਕਰਦਾ ਰਿਹਾ ਹਾਂ।

ਸਿੱਖ ਕਾਰਕੁੰਨ ਤੋਂ ਫੈਡਰਲ ਪਾਰਟੀ ਦੇ ਸਫ਼ਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਸ ਨਾਲ ਤੁਹਾਡੀ ਸੋਚ ਵਿੱਚ ਕੀ ਤਬਦੀਲੀ ਆਈ?

ਮੈਨੂੰ ਅਸਲ ਵਿੱਚ ਬਹੁਤ ਵਧੀਆ ਟਰੇਨਿੰਗ ਮਿਲੀ ਹੈ। ਮੇਰੀ ਮਾਂ ਨੇ ਮੈਨੂੰ ਇੱਕ ਗੱਲ ਸਿਖਾਈ ਸੀ ਕਿ ਅਸੀਂ ਸਾਰੇ ਇੱਕ ਹਾਂ। ਭਾਵੇਂ ਅਸੀਂ ਕਿਸੇ ਵੀ ਧਰਮ, ਬੋਲੀ, ਦੇਸ਼, ਨਸਲ ਦੇ ਹੋਈਏ, ਅਸੀਂ ਇੱਕ ਹੀ ਹਾਂ।

ਇਸ ਸੋਚ ਨੇ ਮੈਨੂੰ ਤਿਆਰ ਕੀਤਾ। ਅੱਜ ਨੈਸ਼ਨਲ ਪੱਧਰ 'ਤੇ ਵੀ ਮੈਂ ਇਸ ਸੋਚ ਨੂੰ ਵੱਡੀ ਕਰਕੇ ਦੇਖਦਾ ਹਾਂ ਕਿ ਨਿਊਫਾਊਂਡਲੈਂਡ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆਂ ਤੱਕ ਰਹਿਣ ਵਾਲੇ ਸਾਰੇ ਕੈਨੇਡੀਅਨ ਇੱਕ ਹੀ ਹਨ। ਸਾਡੇ ਵਿੱਚ ਕੋਈ ਫਰਕ ਨਹੀਂ ਹੈ।

Image copyright jagmeet singh/facebook

ਕੁਝ ਲੋਕ ਤੁਹਾਡੇ ਬਾਰੇ ਇਹ ਕਹਿੰਦੇ ਹਨ ਕਿ ਜਦੋਂ ਵੀ ਕੈਨੇਡੀਅਨ ਸਿਆਸਤ ਦੀ ਗੱਲ ਹੁੰਦੀ ਹੈ ਤਾਂ ਤੁਸੀਂ ਖੱਬੇ-ਪੱਖੀ ਵਿਚਾਰਾਂ ਵਾਲੇ ਆਗੂ ਸਮਝੇ ਜਾਂਦੇ ਹੋ ਪਰ ਜਦੋਂ ਤੁਹਾਡੀ ਆਪਣੀ ਕਮਿਊਨਿਟੀ ਦੀ ਸਿਆਸਤ ਦੀ ਗੱਲ ਹੁੰਦੀ ਹੈ ਤਾਂ ਤੁਸੀਂ ਸੱਜੇ-ਪੱਖੀ ਕੱਟੜ ਵਿਚਾਰਾਂ ਵਾਲੇ ਲੋਕਾਂ ਨਾਲ ਹਮਦਰਦੀ ਰੱਖਦੇ ਹੋ। ਇਸ ਬਾਰੇ ਤੁਸੀਂ ਕੀ ਕਹੋਗੇ?

ਮੈਂ ਹਮੇਸ਼ਾ ਸਿਰਫ਼ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ।

ਚਾਹੇ ਐਲ ਜੀ ਬੀ ਟੀ ਕਮਿਊਨਿਟੀ ( ਸਮਲਿੰਗੀ ਆਦਿ ਲੋਕ) ਹੋਣ, ਚਾਹੇ ਔਰਤਾਂ ਦੇ ਹੱਕਾਂ ਦੀ ਗੱਲ ਹੋਵੇ, ਚਾਹੇ ਧਾਰਮਿਕ ਜਾਂ ਨਸਲੀ ਘੱਟ-ਗਿਣਤੀਆਂ ਦੇ ਹੱਕਾਂ ਦੀ ਗੱਲ ਹੋਵੇ।

ਮੈਂ ਕਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਤੋਂ ਪਿੱਛੇ ਨਹੀਂ ਹਟਿਆ।

ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ ਜਗਮੀਤ ਸਿੰਘ

'ਬੀਜੇਪੀ ਕਾਰਨਵਾਲਿਸ ਦਾ ਜਨਮ ਦਿਨ ਮਨਾਏਗੀ?'

'ਤਾਜਮਹਿਲ ਪਾਕਿਸਤਾਨ ਭੇਜ ਦਿਓ, ਅਸੀਂ ਵੀ...'

ਕੁਝ ਸਮਾਂ ਪਹਿਲਾਂ ਕਿਉਬੈਕ ਸੂਬੇ ਨੇ ਬਿਲ-62 ਪਾਸ ਕੀਤਾ ਹੈ। ਇਸ ਵਿੱਚ ਧਾਰਮਿਕ ਅਧਿਕਾਰਾਂ ਨੂੰ ਦਬਾਇਆ ਗਿਆ ਹੈ। ਮੈਂ ਉਸਦੇ ਖਿਲਾਫ਼ ਵੀ ਅਵਾਜ਼ ਉਠਾਈ।

ਐਲ ਜੀ ਬੀ ਟੀ ਕਮਿਊਨਿਟੀ, ਸਿੱਖਾਂ, ਮੁਸਲਮਾਨਾਂ, ਹਿੰਦੂਆਂ , ਤਾਮਿਲਾਂ ਆਦਿ ਜਿਸ ਕਿਸੇ ਨਾਲ ਵੀ ਕਿਤੇ ਬੇਇਨਸਾਫੀ ਹੋਈ, ਮੈਂ ਉਸਦੇ ਖ਼ਿਲਾਫ ਆਪਣੀ ਅਵਾਜ਼ ਬੁਲੰਦ ਕੀਤੀ।

ਤੁਹਾਡੀ ਨਜ਼ਰ ਵਿੱਚ ਤੁਹਾਡੀ ਜਿੱਤ ਦਾ ਮੁਲਕ ਦੀ ਸਿਆਸਤ 'ਤੇ ਕੀ ਅਸਰ ਪਵੇਗਾ?

ਮੈ ਸਮਝਦਾ ਹਾਂ ਕਿ ਇਸ ਨਾਲ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਲਈ ਨਵਾਂ ਰਾਹ ਬਣਿਆ ਹੈ। ਇਸ ਤੋਂ ਪਹਿਲਾਂ ਕਈ ਹੋਰ ਲੋਕਾਂ ਨੇ ਸਾਡੇ ਲਈ ਰਾਹ ਬਣਾਏ ਸਨ।

ਮੈਨੂੰ ਵੀ ਇਹ ਉਮੀਦ ਹੈ ਕਿ ਮੈਨੂੰ ਦੇਖ ਕੇ ਹੋਰ ਘੱਟ ਗਿਣਤੀ ਨੌਜਵਾਨਾਂ ਨੂੰ ਵੀ ਪ੍ਰੇਰਨਾ ਮਿਲੇਗੀ।

ਸਾਡੀ ਪਾਰਟੀ ਅਸਲ ਵਿੱਚ ਲੋਕਾਂ ਦੀ ਪਾਰਟੀ ਹੈ। ਗਰੀਬ ਲੋਕ ਹੋਣ ਜਾਂ ਮਿਡਲ ਕਲਾਸ, ਯੂਨੀਅਨਾਂ ਹੋਣ ਜਾਂ ਵਪਾਰ ਕਰਨ ਵਾਲੇ, ਸਾਡੀ ਪਾਰਟੀ ਸਾਰੇ ਆਮ ਲੋਕਾਂ ਦੀ ਪਾਰਟੀ ਹੈ।

ਮੇਰੀ ਮੁਹਿੰਮ ਦੇ ਚਾਰ ਵੱਡੇ ਥੰਮ ਸਨ-ਬਰਾਬਰੀ, ਵਾਤਾਵਰਣ ਦੀ ਸੰਭਾਲ, ਭਾਈਚਾਰਿਆਂ ਵਿਚਕਾਰ ਸਦਭਾਵਨਾ/ਮਿਲਾਪ ਅਤੇ ਚੋਣ ਸੁਧਾਰ।

ਇਸ ਗੱਲ ਨੂੰ ਲੈ ਕੇ ਵੀ ਸਿਆਸੀ ਮਾਹਰਾਂ ਵਿੱਚ ਉਤਸੁਕਤਾ ਹੈ ਕਿ ਤੁਹਾਡਾ ਆਰਥਿਕ ਵਿਕਾਸ ਦਾ ਮਾਡਲ ਕੀ ਹੈ?

ਪਿਛਲੇ ਸਾਲਾਂ ਦੌਰਾਨ ਜੇ ਕੈਨੇਡਾ ਤਰੱਕੀ ਕਰਦਾ ਰਿਹਾ ਹੈ ਤਾਂ ਉਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਸਿਸਟਮ ਦੀ ਬੁਨਿਆਦ ਮਜ਼ਬੂਤ ਹੈ।

ਇਸ ਵਿੱਚ ਪਿਛਲੀਆਂ ਕੰਜ਼ਰਵੇਟਿਵ ਜਾਂ ਲਿਬਰਲ ਸਰਕਾਰ ਦੁਆਰਾ ਅਪਣਾਏ ਕਿਸੇ ਇਕਨੌਮਿਕ ਮਾਡਲ ਦਾ ਕੋਈ ਯੋਗਦਾਨ ਨਹੀਂ ਹੈ।

Image copyright jagmeet singh/facebook

ਮਿਸਾਲ ਦੇ ਤੌਰ 'ਤੇ ਨੌਰਥ ਅਮੈਰਿਕਨ ਫਰੀ ਟਰੇਡ ਐਗਰੀਮੈਂਟ ( ਨੈਫਟਾ) 'ਤੇ ਜਿਸ ਤਰ੍ਹਾਂ ਗੱਲਬਾਤ ਹੋ ਰਹੀ ਹੈ, ਉਸ ਵਿੱਚ ਆਮ ਵਰਕਰਾਂ ਦੇ ਹਿੱਤਾਂ ਬਾਰੇ ਕੁਝ ਵੀ ਨਹੀਂ ਸੋਚਿਆ ਜਾਂਦਾ। ਮੈਂ ਫਰੀ ਟਰੇਡ ਨਹੀਂ, ਫੇਅਰ ਟਰੇਡ ਦੇ ਹੱਕ ਵਿੱਚ ਹਾਂ।

ਕੈਨੇਡਾ ਵਿਚ ਹੀ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਘਟਨਾ ਹੋਈ, ਜਿਸ ਨੂੰ ਕੈਨੇਡਾ ਦੀ ਸਭ ਤੋਂ ਵੱਡੀ ਅੱਤਵਾਦੀ ਹਿੰਸਾ ਦੀ ਘਟਨਾ ਕਿਹਾ ਜਾਂਦਾ ਹੈ। ਇਸ ਘਟਨਾ ਨਾਲ ਸੰਬੰਧਤ ਕੇਸ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਪੀੜ੍ਹਤ ਲੋਕਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ।

ਇਹ ਬਹੁਤ ਹੀ ਦਰਦਨਾਕ ਘਟਨਾ ਹੈ ਅਤੇ ਸਾਡਾ ਅਦਾਲਤੀ ਸਿਸਟਮ ਜਾਂ ਜਾਂਚ ਏਜੰਸੀਆਂ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਵਿੱਚ ਕਾਮਯਾਬ ਨਹੀਂ ਹੋਈਆਂ।

ਇਹ ਬਹੁਤ ਹੀ ਅਫ਼ਸੋਸਨਾਕ ਗੱਲ ਹੈ। ਇਸ ਘਟਨਾ ਦੇ ਪੀੜ੍ਹਤਾਂ ਨੂੰ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ।

ਐਨੀ ਜਾਂਚ ਪੜਤਾਲ ਵੀ ਹੋਈ ਪਰ ਸਜ਼ਾ ਕਿਸੇ ਨੂੰ ਵੀ ਨਾ ਮਿਲੀ। ਸਾਨੂੰ ਆਪਣਾ ਇਹ ਸਿਸਟਮ ਬਦਲਣਾ ਪਵੇਗਾ।

ਅਸੀਂ ਚਾਹੁੰਦੇ ਹਾਂ ਕਿ ਸਮੁੱਚੇ ਜਾਂਚ-ਪੜਤਾਲ ਸਿਸਟਮ ਵਿੱਚ ਤਬਦੀਲੀ ਲਿਆਂਦੀ ਜਾਵੇ ਤਾਂ ਜੋ ਫ਼ਿਰ ਅਜਿਹਾ ਕੁਝ ਨਾ ਹੋਵੇ।

ਕੈਨੇਡਾ ਦੀ ਇਮੀਗਰੇਸ਼ਨ ਪਾਲਿਸੀ ਬਾਰੇ ਤੁਹਾਡੇ ਵਿਚਾਰਾਂ ਨੂੰ ਲੈ ਕੇ ਵੀ ਲੋਕ ਜਾਣਨਾ ਚਾਹੁੰਦੇ ਹਨ।

ਸਾਡੇ ਮੁਲਕ ਨੇ ਇਮੀਗਰੇਸ਼ਨ ਕਾਰਨ ਹੀ ਤਰੱਕੀ ਕੀਤੀ ਹੈ। ਮੈਂ ਓਪਨ ਇਮੀਗਰੇਸ਼ਨ ਪਾਲਿਸੀ ਦੇ ਹੱਕ ਵਿੱਚ ਹਾਂ। ਕਿਸੇ ਵੀ ਕੈਨੇਡੀਅਨ ਨਾਗਰਿਕ ਜਾਂ ਪਰਮਾਨੈਂਟ ਰੈਜ਼ੀਡੈਂਟ ਨੂੰ ਇਹ ਹੱਕ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਬੁਲਾ ਸਕੇ। ਕੋਈ ਕੋਟਾ ਨਹੀਂ ਹੋਣਾ ਚਾਹੀਦਾ।

(ਇਹ ਮੁਲਾਕਾਤ ਕੈਨੇਡੀਅਨ ਮਲਟੀਕਲਚਰਲ ਚੈਨਲ 'ਔਮਨੀ' ਲਈ ਸ਼ਮੀਲ ਦੁਆਰਾ ਕੀਤੀ ਗਈ ਗੱਲਬਾਤ ਤੇ ਅਧਾਰਤ ਹੈ ਅਤੇ ਔਮਨੀ ਦੇ ਧੰਨਵਾਦ ਸਹਿਤ ਪ੍ਰਕਾਸ਼ਤ ਕੀਤੀ ਜਾ ਰਹੀ ਹੈ)

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)

ਸਬੰਧਿਤ ਵਿਸ਼ੇ