'ਮੁਹੰਮਦ ਅਲੀ ਦਾ ਮੁੱਕਾ ਪੈ ਜਾਂਦਾ ਤਾਂ ਮੈਂ ਜ਼ਿੰਦਾ ਨਾ ਹੁੰਦਾ!'

  • ਰੇਹਾਨ ਫ਼ਜ਼ਲ
  • ਬੀਬੀਸੀ ਪੱਤਰਕਾਰ, ਦਿੱਲੀ

ਇਸ ਮੁਕਾਬਲੇ ਦੀ ਨੀਂਹ ਉਸ ਵੇਲੇ ਰੱਖੀ ਗਈ ਜਦੋਂ ਮੁਹੰਮਦ ਅਲੀ ਨੇ ਹੈਵੀ ਵੇਟ ਚੈਂਪੀਅਨ ਜਾਰਜ ਫ਼ੋਰਮੈਨ ਨੂੰ ਫ਼ੋਨ ਕਰਕੇ ਚੁਣੌਤੀ ਦਿੱਤੀ।

ਉਨ੍ਹਾਂ ਕਿਹਾ, "ਜਾਰਜ ਕੀ ਤੇਰੇ ਵਿੱਚ ਮੇਰੇ ਸਾਹਮਣੇ ਰਿੰਗ ਵਿੱਚ ਉਤਰਨ ਦੀ ਹਿੰਮਤ ਹੈ?"

ਜਾਰਜ ਨੇ ਤੁਰੰਤ ਜਵਾਬ ਦਿੱਤਾ, "ਕਿਤੇ ਵੀ, ਕਿਤੇ ਵੀ ਬਸ਼ਰਤੇ ਚੰਗਾ ਪੈਸਾ ਮਿਲੇ।"

ਅਲੀ ਨੇ ਕਿਹਾ, "ਉਹ ਲੋਕ ਇੱਕ ਕਰੋੜ ਡਾਲਰ ਦੇਣ ਦੀ ਗੱਲ ਕਰ ਰਹੇ ਹਨ। ਡੋਨ ਕਿੰਗ ਕਾਨਟ੍ਰੈਕਟ ਲੈ ਕੇ ਤੁਹਾਡੇ ਕੋਲ ਆ ਰਹੇ ਹਨ। ਮੈਂ ਇਸ ਨੂੰ ਦੇਖ ਲਿਆ ਹੈ। ਤੂੰ ਵੀ ਇਸ 'ਤੇ ਦਸਤਖ਼ਤ ਕਰ ਦੇਵੀਂ, ਜੇਕਰ ਤੈਨੂੰ ਮੇਰੇ ਤੋਂ ਡਰ ਨਾ ਲੱਗ ਰਿਹਾ ਹੋਵੇ।"

ਜਾਰਜ ਨੇ ਚੀਕ ਕੇ ਕਿਹਾ, "ਮੈਂ ਤੇਰੇ ਤੋਂ ਡਰਾਂਗਾ? ਸ਼ੁਕਰ ਮਨਾ ਕਿਤੇ ਮੇਰੇ ਹੱਥੋਂ ਤੇਰਾ ਕਤਲ ਨਾ ਹੋ ਜਾਵੇ।"

ਸਵੇਰੇ 3:45 ਵਜੇ ਸ਼ੁਰੂ ਹੋਇਆ ਮੁਕਾਬਲਾ

29 ਅਕਤੂਬਰ 1974, ਮੁਹੰਮਦ ਅਲੀ ਨੇ ਜ਼ਾਏਰ ਦੀ ਰਾਜਧਾਨੀ ਕਿੰਸ਼ਾਸਾ ਦੇ 'ਟਵੈਂਟੀਅਥ ਆਫ਼ ਮੇ' ਸਟੇਡੀਅਮ ਦੀ ਰਿੰਗ ਵਿੱਚ ਕਦਮ ਰੱਖਿਆ।

ਸਟੇਡੀਅਮ ਵਿੱਚ ਬੈਠੇ ਸੱਠ ਹਜ਼ਾਰ ਦਰਸ਼ਕ ਇੱਕੋ ਸੁਰ ਵਿੱਚ ਗਰਜੇ, 'ਅਲੀ!ਅਲੀ!ਬੋਮਾਏ!'

ਮਤਲਬ ਸੀ "ਅਲੀ ਉਸ ਨੂੰ ਜਾਨੋਂ ਮਾਰ ਦਿਓ!"

ਸਮਾਂ ਸੀ ਸਵੇਰੇ 3 ਵੱਜ ਕੇ 45 ਮਿੰਟ। ਜੀ ਹਾਂ ਤੁਸੀਂ ਸਹੀ ਪੜ੍ਹਿਆ 3 ਵੱਜ ਕੇ 45 ਮਿੰਟ।

ਕੀ ਕਾਰਨ ਸੀ ਐਨੀ ਸਵੇਰੇ ਬਾਉਟ ਕਰਾਉਣ ਦੀ?

ਮੁਹੰਮਦ ਅਲੀ ਦੇ ਕਰੀਅਰ ਨੂੰ ਨੇੜੇ ਤੋਂ ਦੇਖਣ ਵਾਲੇ ਨੋਰਿਸ ਪ੍ਰੀਤਮ ਦੱਸਦੇ ਹਨ, "ਇਹ ਮੁਕਾਬਲਾ ਅਮਰੀਕਾ ਵਿੱਚ ਭਾਵੇਂ ਹੀ ਨਾ ਹੋ ਰਿਹਾ ਹੋਵੇ, ਪਰ ਉਸ ਨੂੰ ਦੇਖਣ ਵਾਲੇ ਜ਼ਿਆਦਾਤਰ ਅਮਰੀਕਾ ਵਿੱਚ ਸਨ।"

"ਅਮਰੀਕਾ ਵਿੱਚ ਜਦੋਂ ਟੈਲੀਵਿਜ਼ਨ ਦਾ ਪ੍ਰਾਈਮ ਟਾਈਮ ਸੀ, ਉਸ ਵੇਲੇ ਜ਼ਾਏਰ ਵਿੱਚ ਸਵੇਰ ਦੇ 4 ਵੱਜ ਰਹੇ ਹੁੰਦੇ ਸੀ। ਇਸ ਲਈ ਇਹ ਮੈਚ ਐਨੀ ਸਵੇਰੇ ਰੱਖਿਆ ਗਿਆ। ਇਹ ਵੱਖਰੀ ਗੱਲ ਹੈ ਕਿ ਜ਼ਾਏਰ ਦੇ ਲੋਕਾਂ 'ਤੇ ਇਸ ਦਾ ਕੋਈ ਅਸਰ ਨਹੀਂ ਪਿਆ। ''

ਇਹ ਵੀ ਪੜ੍ਹੋ

ਉਹ ਦੱਸਦੇ ਹਨ ਪੂਰਾ ਸਟੇਡੀਅਮ 60 ਹਜ਼ਾਰ ਦਰਸ਼ਕਾਂ ਨਾਲ ਭਰਿਆ ਹੋਇਆ ਸੀ।

ਫ਼ੋਰਮੈਨ ਨਾਲ ਸ਼ਬਦੀ ਜੰਗ

ਇਸ ਤੋਂ ਪਹਿਲਾਂ ਮੁਕਾਬਲਾ ਸ਼ੁਰੂ ਹੁੰਦਾ, ਅਲੀ ਨੇ ਜਾਰਜ ਫ਼ੋਰਮੈਨ ਨੂੰ ਕਿਹਾ, "ਤੂੰ ਮੇਰੇ ਬਾਰੇ ਉਦੋਂ ਤੋਂ ਸੁਣ ਰਿਹਾ ਹੈਂ ਜਦੋਂ ਤੂੰ ਬੱਚਾ ਹੁੰਦਾ ਸੀ। ਹੁਣ ਮੈਂ ਤੇਰੇ ਸਾਹਮਣੇ ਖੜ੍ਹਾ ਹਾਂ...ਤੇਰਾ ਮਾਲਕ! ਮੈਨੂੰ ਸਲਾਮ ਕਰ!"

ਉਸ ਵੇਲੇ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਅਲੀ ਫ਼ੋਰਮੈਨ ਨੂੰ ਕੀ ਕਹਿ ਰਹੇ ਹਨ।

ਲੋਕਾਂ ਨੇ ਅਲੀ ਨੂੰ ਕੁਝ ਕਹਿੰਦੇ ਜ਼ਰੂਰ ਦੇਖਿਆ ਸੀ ਅਤੇ ਉਨ੍ਹਾਂ ਦੇ ਬੁੱਲ ਜਾਰਜ ਫ਼ੋਰਮੈਨ ਦੇ ਕੰਨ ਤੋਂ ਸਿਰਫ਼ 12 ਇੰਚ ਦੂਰ ਸਨ।

ਫ਼ੋਰਮੈਨ ਦੀ ਸਮਝ ਵਿੱਚ ਹੀ ਨਹੀਂ ਆਇਆ ਕਿ ਇਸ ਦਾ ਉਹ ਕੀ ਜਵਾਬ ਦੇਣ।

ਉਨ੍ਹਾਂ ਨੇ ਅਲੀ ਦੇ ਗਲੱਵਸ ਨਾਲ ਆਪਣੇ ਗਲੱਵਸ ਟਕਰਾਏ- ਮੰਨੋ ਕਹਿ ਰਹੇ ਹੋਣ, "ਸ਼ੁਰੂ ਕਰੀਏ!"

ਉਦੋਂ ਅਲੀ ਨੇ ਆਪਣੇ ਦੋਵੇਂ ਗੁੱਟਾਂ ਨੂੰ ਸਿੱਧਾ ਕੀਤਾ। ਸਾਵਧਾਨ ਦੀ ਮੁਦਰਾ ਵਿੱਚ ਖੜ੍ਹੇ ਹੋਏ, ਅੱਖਾਂ ਬੰਦ ਕੀਤੀਆਂ ਤੇ ਅਰਦਾਸ ਕਰਨ ਲੱਗੇ।

ਰੈਫ਼ਰੀ ਦੀ ਚੇਤਾਵਨੀ

ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਅਲੀ ਨੇ ਫ਼ੋਰਮੈਨ 'ਤੇ ਇੱਕ ਤੀਰ ਚਲਾਇਆ।

ਅਲੀ ਆਪਣਾ ਮੂੰਹ ਉਨ੍ਹਾਂ ਦੇ ਕੰਨ ਕੋਲ ਲਿਜਾ ਕੇ ਬੋਲੇ, "ਅੱਜ ਇੰਨ੍ਹਾਂ ਅਫ਼ਰੀਕੀਆਂ ਦੇ ਸਾਹਮਣੇ ਤੇਰੀ ਐਨੀ ਕੁੱਟਮਾਰ ਹੋਣ ਵਾਲੀ ਹੈ ਕਿ ਤੂੰ ਪੂਰੀ ਜ਼ਿੰਦਗੀ ਯਾਦ ਰੱਖੇਂਗਾ।"

ਰੈਫ਼ਰੀ ਨੇ ਕਿਹਾ, "ਅਲੀ ਨੋ ਟਾਕਿੰਗ, ਕੋਈ ਵੀ ਬੈਲਟ ਤੋਂ ਹੇਠਾਂ ਜਾਂ ਗੁਰਦਿਆਂ 'ਤੇ ਮੁੱਕਾ ਨਹੀਂ ਮਾਰੇਗਾ।"

ਅਲੀ ਕਿੱਥੇ ਰੁਕਣ ਵਾਲੇ ਸੀ। ਫਿਰ ਬੋਲੇ, "ਮੈਂ ਇਸ ਨੂੰ ਹਰ ਥਾਂ ਮੁੱਕੇ ਲਾਊਂਗਾ ਅੱਜ ਇਸ ਨੇ ਜਾਣਾ ਹੀ ਜਾਣਾ ਹੈ।"

ਰੈਫ਼ਰੀ ਫਿਰ ਤੋਂ ਚੀਕਿਆ, "ਅਲੀ ਮੈਂ ਤੈਨੂੰ ਚੇਤਾਵਨੀ ਦਿੱਤੀ ਸੀ, ਚੁੱਪ ਰਹਿ।"

ਫ਼ੋਰਮੈਨ ਆਪਣੇ ਦੰਦ ਪੀਹ ਰਹੇ ਸੀ ਅਤੇ ਉਨ੍ਹਾਂ ਦੀਆਂ ਅੱਖਾਂ 'ਚੋਂ ਅੱਗ ਨਿਕਲ ਰਹੀ ਸੀ।

ਅਲੀ ਨੇ ਫਿਰ ਵੀ ਕੁਝ ਨਾ ਕੁਝ ਬੋਲਣਾ ਜਾਰੀ ਰੱਖਿਆ।

ਰੈਫ਼ਰੀ ਨੇ ਕਿਹਾ, "ਜੇ ਹੁਣ ਤੁਸੀਂ ਇੱਕ ਵੀ ਸ਼ਬਦ ਅੱਗੇ ਕਿਹਾ ਤਾਂ ਮੈਂ ਤੈਨੂੰ ਅਯੋਗ ਕਰਾਰ ਦੇ ਦੇਵਾਂਗਾ।"

ਅਲੀ ਨੇ ਕਿਹਾ, "ਅੱਜ ਇਹ ਇਸੇ ਤਰ੍ਹਾਂ ਬੱਚ ਸਕਦਾ ਹੈ। ਇਸ ਦਾ ਜਨਾਜ਼ਾ ਨਿਕਲਣਾ ਤੈਅ ਹੈ।"

ਇਹ ਵੀ ਪੜ੍ਹੋ:-

ਅਲੀ ਦਾ ਜਾਣਬੁਝ ਕੇ ਰੱਸਿਆਂ 'ਤੇ ਡਿੱਗਣਾ

ਘੰਟੀ ਵੱਜਦਿਆਂ ਹੀ ਪਹਿਲਾ ਮੁੱਕਾ ਅਲੀ ਨੇ ਚਲਾਇਆ ਅਤੇ ਉਨ੍ਹਾਂ ਦੇ ਸੱਜੇ ਹੱਥ ਦਾ ਪੰਚ ਫ਼ੋਰਮੈਨ ਦੇ ਮੱਥੇ ਦੇ ਵਿਚਾਲੇ ਲੱਗਿਆ।

ਰਾਊਂਡ ਖ਼ਤਮ ਹੁੰਦੇ-ਹੁੰਦੇ ਫ਼ੋਰਮੈਨ ਅਲੀ ਨੂੰ ਧੱਕੇ ਮਾਰਦੇ ਹੋਏ ਰਿੰਗ ਦੇ ਚਾਰੇ ਪਾਸੇ ਲੱਗੇ ਰੱਸਿਆਂ ਵੱਲ ਲੈ ਗਏ।

ਅਲੀ ਪਿੱਠ ਦੇ ਸਹਾਰੇ ਰੱਸਿਆਂ 'ਤੇ ਡਿੱਗ ਕੇ ਫ਼ੋਰਮੈਨ ਦੇ ਮਜ਼ਬੂਤ ਮੁੱਕਿਆਂ ਦਾ ਸਾਹਮਣਾ ਕਰਨ ਲੱਗੇ।

ਰੱਸਿਆਂ ਦੇ ਨੇੜੇ ਬੈਠੇ ਅਲੀ ਦੇ ਕੋਚ ਏਂਜੇਲੋ ਡੰਡੀ ਪੂਰੀ ਤਾਕਤ ਨਾਲ ਚੀਕੇ, "ਗੈੱਟ ਅਵੇ ਫ੍ਰੋਮ ਦੇਅਰ!"

ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਹੰਮਦ ਅਲੀ ਫ਼ੋਰਮੈਨ 'ਤੇ ਜ਼ਬਰਦਸਤ ਮਾਨਸਿਕ ਦਬਾਅ ਬਣਾ ਚੁੱਕੇ ਸੀ।

ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਪੱਤਰਕਾਰ ਸੰਮੇਲਨ ਵਿੱਚ ਡੀਂਗ ਮਾਰੀ ਸੀ, "ਮੈਂ ਐਨਾ ਤੇਜ਼ ਹਾਂ ਕਿ ਜੇ ਮੈਂ ਤੂਫਾ਼ਨ ਵਿਚਾਲੇ ਦੌੜਾਂ ਤਾਂ ਵੀ ਮੇਰੇ ਕਪੜੇ ਗਿੱਲੇ ਨਹੀਂ ਹੋਣਗੇ।''

"ਮੇਰੀ ਤੇਜ਼ੀ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਾ ਸਕਦੇ ਹੋ ਕਿ ਕੱਲ੍ਹ ਰਾਤ ਮੈਂ ਸਵਿੱਚ ਆਫ਼ ਕੀਤਾ। ਇਸ ਤੋਂ ਪਹਿਲਾਂ ਕਿ ਹਨੇਰਾ ਹੁੰਦਾ, ਮੈਂ ਆਪਣੇ ਬਿਸਤਰ 'ਤੇ ਪਹੁੰਚ ਚੁੱਕਿਆ ਸੀ।"

ਫ਼ੋਰਮੈਨ 'ਤੇ ਵਿਅੰਗ

ਇਹ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਮਿੰਟ ਤੱਕ ਅਲੀ ਨੇ ਫ਼ੋਰਮੈਨ ਨੂੰ ਇੱਕ ਸ਼ਬਦ ਵੀ ਨਹੀਂ ਕਿਹਾ, ਪਰ ਫਿਰ ਉਹ ਖ਼ੁਦ ਨੂੰ ਰੋਕ ਨਾ ਸਕੇ।

ਮੁਹੰਮਦ ਅਲੀ ਆਤਮਕਥਾ, "ਦ ਗ੍ਰੇਟੈਸਟ-ਮਾਈ ਔਨ ਸਟੋਰੀ" ਵਿੱਚ ਲਿਖਦੇ ਹਨ, "ਮੈਂ ਫ਼ੋਰਮੈਨ ਨੂੰ ਕਿਹਾ ਕਮ-ਔਨ ਚੈਂਪ! ਤੇਰੇ ਕੋਲ ਮੌਕਾ ਹੈ! ਮੈਨੂੰ ਦਿਖਾ ਤਾਂ ਸਹੀ, ਕੀ ਹੈ ਤੇਰੇ ਕੋਲ?

ਇਹ ਵੀ ਪੜ੍ਹੋ:-

ਹਾਲੇ ਤੱਕ ਤੂੰ ਕਿੰਡਰਗਾਰਟਨ ਦੇ ਬੱਚਿਆਂ 'ਤੇ ਮੁੱਕੇ ਵਰਾਉਂਦਾ ਰਿਹਾ ਹੈਂ। ਇਹ ਕਹਿੰਦੇ ਹੋਏ ਮੈਂ ਇੱਕ ਮੁੱਕਾ ਉਸ ਦੇ ਮੁੰਹ 'ਤੇ ਜੜ ਦਿੱਤਾ।

ਮੈਂ ਕਿਹਾ, 'ਆਹ ਲੈ, ਇੱਕ ਹੋਰ ਝੱਲ। ਮੈਂ ਦੱਸਿਆ ਸੀ ਕਿ ਮੈਂ ਹੁਣ ਤੱਕ ਦਾ ਸਭ ਤੋਂ ਤੇਜ਼ ਹੈਵੀ ਵੇਟ ਮੁੱਕੇਬਾਜ਼ ਹਾਂ। ਅੱਧਾ ਰਾਊਂਡ ਖ਼ਤਮ ਹੋ ਚੁੱਕਿਆ ਹੈ ਤੇ ਤੂੰ ਮੈਨੂੰ ਇੱਕ ਵੀ ਢੰਗ ਦਾ ਪੰਚ ਨਹੀਂ ਮਾਰ ਸਕਿਆ।"

ਅਲੀ ਆਪਣੇ ਪਿੱਛੇ ਆਪਣੇ ਅਸਿਸਟੈਂਟ ਕੋਚ ਬੰਡਨੀ ਬ੍ਰਾਊਨ ਦੀ ਅਵਾਜ਼ ਸਾਫ਼ ਸੁਣ ਪਾ ਰਹੇ ਸੀ, 'ਡਾਂਸ ਚੈਂਪੀਅਨ ਡਾਂਸ!'

ਕੋਚ ਏਂਜੇਲੋ ਡੰਡੀ ਵੀ ਆਪੇ ਤੋਂ ਬਾਹਰ ਹੁੰਦੇ ਜਾ ਰਹੇ ਸੀ, "ਮੂਵ ਅਲੀ ਮੂਵ। ਗੈੱਟ ਆਫ਼ ਦਾ ਰੋਪ ਚੈਂਪ।"

ਅਲੀ ਲਿਖਦੇ ਹਨ, "ਮੈਂ ਆਪਣੇ ਲੋਕਾਂ ਨੂੰ ਕਿਵੇਂ ਕਹਿੰਦਾ ਕਿ ਮੇਰਾ ਰੱਸਿਆਂ ਤੋਂ ਉੱਠਣ ਦਾ ਕੋਈ ਇਰਾਦਾ ਨਹੀਂ ਹੈ। ਰਾਊਂਡ ਖ਼ਤਮ ਹੁੰਦਿਆਂ-ਹੁੰਦਿਆਂ ਮੈਂ ਜਾਰਜ ਦੇ ਸਿਰ 'ਤੇ ਤਿੰਨ ਸਿੱਧੇ ਜੈਬ ਲਾਏ।

ਮੈਂ ਇਹ ਵੀ ਸੋਚਿਆ ਕਿ ਮੈਂ ਜਾਰਜ ਨੂੰ ਸਬਕ ਸਿਖਾਉਣ ਦਾ ਆਪਣਾ ਪ੍ਰੋਗਰਾਮ ਜਾਰੀ ਰੱਖਾਂ, ਨਹੀਂ ਤਾਂ ਇਹ ਸੋਚਣ ਲੱਗੇਗਾ ਕਿ ਇਸ ਦੇ ਮੁੱਕਿਆਂ ਨੇ ਮੇਰੀ ਬੋਲਤੀ ਬੰਦ ਕਰਵਾ ਦਿੱਤੀ ਹੈ।

ਮੈਂ ਮੁੱਕਾ ਮਾਰਦੇ ਹੋਏ ਫ਼ੋਰਮੈਨ 'ਤੇ ਵਿਅੰਗ ਕੱਸਿਆ, ਬੱਸ ਤੇਰੇ ਮੁੱਕਿਆਂ 'ਚ ਐਨੀ ਹੀ ਤਾਕਤ ਹੈ? ਕੀ ਤੂੰ ਇਸ ਤੋਂ ਜ਼ਿਆਦਾ ਤੇਜ਼ ਮਾਰ ਹੀ ਨਹੀਂ ਸਕਦਾ?"

ਰੋਪ ਏ ਡੋਪ

ਜੈਰੀ ਆਈਜ਼ਨਬਰਗ ਉਸ ਵੇਲੇ ਇੱਕ ਨੌਜਵਾਨ ਪੱਤਰਕਾਰ ਸੀ ਅਤੇ 'ਨਿਊ ਜਰਸੀ ਲੇਜ਼ਰ' ਨੇ ਉਨ੍ਹਾਂ ਨੂੰ ਇਹ ਮੁਕਾਬਲਾ ਕਵਰ ਕਰਨ ਲਈ ਕਿੰਸ਼ਾਸਾ ਭੇਜਿਆ ਸੀ।

ਆਈਜ਼ਨਬਰਗ ਨੇ ਬੀਬੀਸੀ ਨੂੰ ਦੱਸਿਆ, ''ਜਿਵੇਂ ਹੀ ਰਾਊਂਡ ਸ਼ੁਰੂ ਹੋਣ ਦੀ ਘੰਟੀ ਵੱਜੀ, ਮੁਹੰਮਦ ਅਲੀ ਤੁਰੰਤ ਰੱਸਿਆਂ ਵੱਲ ਚਲੇ ਗਏ।''

ਅਲੀ ਦੀ ਦੁਨੀਆਂ ਭਰ ਵਿੱਚ ਮਸ਼ਹੂਰ, 'ਰੋਪ ਏ ਡੋਪ' ਤਕਨੀਕ ਦੀ ਸ਼ੁਰੂਆਤ ਇੱਥੋਂ ਹੀ ਹੋਈ ਸੀ।

ਫ਼ੋਰਮੈਨ ਦੇ ਦਿਮਾਗ ਵਿੱਚ ਇਹ ਗੱਲ ਬੈਠ ਚੁੱਕੀ ਸੀ ਕਿ ਉਹ ਕਿਸੇ ਵੀ ਗਲੱਵ ਨੂੰ ਆਪਣੇ ਮੁੱਕੇ ਨਾਲ ਭੰਨ ਸਕਦੇ ਸੀ।

ਮੁੱਕੇਬਾਜ਼ੀ ਵਿੱਚ ਜੇ ਤੁਸੀਂ ਕੋਈ ਪੁਆਇੰਟ ਮਿਸ ਕਰਦੇ ਹੋ ਤਾਂ ਉਸ ਦੀ ਭਰਪਾਈ ਪੁਆਇੰਟ ਜਿੱਤਣ ਨਾਲ ਨਹੀਂ ਕੀਤੀ ਜਾ ਸਕਦੀ ਹੈ।

ਥੋੜੀ ਦੇਰ ਵਿੱਚ ਹੀ ਫ਼ੋਰਮੈਨ ਦੀਆਂ ਬਾਹਾਂ ਵਿੱਚ ਦਰਦ ਸ਼ੁਰੂ ਹੋ ਗਿਆ।

ਇਸ ਦੌਰਾਨ ਅਲੀ ਲਗਾਤਾਰ ਉਨ੍ਹਾਂ ਨਾਲ ਗੱਲ ਕਰਦੇ ਰਹੇ, ਜਿਸ ਨਾਲ ਉਨ੍ਹਾਂ ਦਾ ਗੁੱਸਾ ਹੋਰ ਭੜਕ ਗਿਆ।

ਸਟ੍ਰੇਟ ਰਾਈਟ ਦਾ ਕਮਾਲ

ਦਿਲਚਸਪ ਗੱਲ ਇਹ ਸੀ ਕਿ ਅਲੀ ਜਦੋਂ ਵੀ ਹਮਲਾ ਕਰਦੇ, ਉਹ ਹਮੇਸ਼ਾ ਸਟ੍ਰੇਟ ਰਾਈਟ ਹੀ ਮਾਰਦੇ।

ਮੰਨੇ-ਪ੍ਰਮੰਨੇ ਸਾਹਿਤਕਾਰ ਤੇ ਪੁਲਿਤਜ਼ਰ ਜੇਤੂ ਨੌਰਮਨ ਮੇਲਰ ਵੀ ਉਸ ਵੇਲੇ ਇਹ ਲੜਾਈ ਦੇਖ ਰਹੇ ਸੀ।

ਬਾਅਦ ਵਿੱਚ ਉਨ੍ਹਾਂ ਨੇ ਆਪਣੀ ਕਿਤਾਬ 'ਦ ਫਾਈਟ' ਵਿੱਚ ਇਸ ਦਾ ਜ਼ਿਕਰ ਕਰਦੇ ਹੋਏ ਲਿਖਿਆ, "ਅਲੀ ਨੇ ਪਿਛਲੇ ਸੱਤ ਸਾਲਾਂ ਵਿੱਚ ਵੀ ਐਨੇ ਪ੍ਰਭਾਵਸ਼ਾਲੀ ਮੁੱਕੇ ਨਹੀਂ ਵਰਾਏ ਸੀ। ਚੈਂਪੀਅਨ ਆਮ ਤੌਰ 'ਤੇ ਦੂਜੇ ਚੈਂਪੀਅਨਾਂ ਨੂੰ ਸੱਜੇ ਹੱਥ ਨਾਲ ਮੁੱਕੇ ਨਹੀਂ ਮਾਰਦੇ। ਘੱਟੋ-ਘੱਟ ਸ਼ੁਰੂ ਦੇ ਰਾਊਂਡ ਵਿੱਚ ਤਾਂ ਬਿਲਕੁੱਲ ਵੀ ਨਹੀਂ। ਇਹ ਸਭ ਤੋਂ ਮੁਸ਼ਕਿਲ ਤੇ ਸਭ ਤੋਂ ਖ਼ਤਰਨਾਕ 'ਪੰਚ' ਹੁੰਦਾ ਹੈ।"

ਮੁੱਕੇਬਾਜ਼ੀ ਦੇ ਮਾਹਿਰ ਮੰਨਦੇ ਹਨ ਕਿ ਸੱਜੇ ਹੱਥ ਨੂੰ ਆਪਣੇ ਟੀਚੇ ਤੱਕ ਪਹੁੰਚਾਉਣ ਵਿੱਚ ਜ਼ਿਆਦਾ ਸਮਾਂ ਲਗਦਾ ਹੈ।

ਖੱਬੇ ਹੱਥ ਦੀ ਤੁਲਨਾ ਵਿੱਚ ਘੱਟੋ-ਘੱਟ ਇੱਕ ਫੁੱਟ ਜ਼ਿਆਦਾ।

ਅਲੀ ਫ਼ੋਰਮੈਨ ਨੂੰ ਹੈਰਾਨ ਕਰਨਾ ਚਾਹੁੰਦੇ ਸੀ। ਪਿਛਲੇ ਕਈ ਸਾਲਾਂ ਵਿੱਚ ਕਿਸੇ ਨੇ ਫ਼ੋਰਮੈਨ ਨਾਲ ਅਜਿਹਾ ਵਤੀਰਾ ਨਹੀਂ ਕੀਤਾ ਸੀ।"

ਫ਼ੋਰਮੈਨ ਥਕਾਵਟ ਨਾਲ ਚੂਰ

ਮੁਹੰਮਦ ਅਲੀ ਆਤਮਕਥਾ 'ਦਿ ਗ੍ਰੇਟੈਸਟ' ਵਿੱਚ ਲਿਖਦੇ ਹਨ, "ਮੈਂ ਫ਼ੋਰਮੈਨ ਨੂੰ ਐਨੇ ਜ਼ੋਰ ਨਾਲ ਫੜਿਆ ਕਿ ਮੈਨੂੰ ਉਸ ਦੇ ਦਿਲ ਦੀਆਂ ਧੜਕਨਾਂ ਤੱਕ ਸਾਫ਼ ਸੁਣਾਈ ਦੇ ਰਹੀਆਂ ਸਨ। ਉਸ ਦੇ ਸਾਹ ਵੀ ਰੁੱਕ-ਰੁੱਕ ਕੇ ਆ ਰਹੇ ਸੀ। ਇਸ ਦਾ ਮਤਲਬ ਸੀ ਕਿ ਮੇਰੇ ਮੁੱਕੇ ਕੰਮ ਕਰ ਰਹੇ ਸੀ।"

"ਮੈਂ ਉਸ ਨੂੰ ਫੁਸਫਸਾਉਂਦੇ ਹੋਏ ਕਿਹਾ ਸੀ-'ਯੂ ਆਰ ਇੰਨ ਬਿਗ ਟ੍ਰਬਲ ਬੁਆਏ'। ਆਪਣੀਆਂ ਅੱਖਾਂ ਨੂੰ ਦੇਖ। ਫੁੱਲ ਕੇ ਕੁੱਪਾ ਹੋ ਗਈਆਂ ਹਨ। ਹਾਲੇ ਅੱਠ ਹੋਰ ਰਾਊਂਡ ਬਾਕੀ ਹਨ-ਅੱਠ ਹੋਰ। ਦੇਖ ਤੂੰ ਕਿੰਨਾ ਥੱਕ ਗਿਆ ਹੈ। ਮੈਂ ਤਾਂ ਸ਼ੁਰੂਆਤ ਵੀ ਨਹੀਂ ਕੀਤੀ ਹੈ ਅਤੇ ਤੇਰਾ ਸਾਹ ਫੁੱਲਣ ਲੱਗਾ।''

ਉਨ੍ਹਾਂ ਮੁਤਾਬਕ ਉਦੋਂ ਪਿੱਛੋਂ ਸੈਡਲਰ ਨੇ ਫ਼ੋਰਮੈਨ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕੀਤੀ।

ਆਰਚੋ ਮੂਰ ਵੀ ਚੀਕੇ, ਪਰ ਮੈਨੂੰ ਪਤਾ ਸੀ ਕਿ ਫ਼ੋਰਮੈਨ ਉਸ ਵੇਲੇ ਕਿਸੇ ਦੀ ਨਹੀਂ ਸਿਰਫ ਮੇਰੀ ਹੀ ਸੁਣ ਰਿਹਾ ਹੈ।

ਅਲੀ ਦਾ ਆਖ਼ਰੀ ਪੰਚ

ਨੌਰਮਨ ਮੇਲਰ ਆਪਣੀ ਕਿਤਾਬ 'ਦਿ ਫਾਈਟ' ਵਿੱਚ ਲਿਖਦੇ ਹਨ, "ਅਲੀ ਨੇ ਅਚਾਨਕ ਚਾਰ ਰਾਈਟਸ ਤੇ ਇੱਕ ਲੈਫ਼ਟ ਹੁੱਕ ਦੀ ਝੜੀ ਜਿਹੀ ਲਾ ਦਿੱਤੀ। ਉਨਾਂ ਦਾ ਇੱਕ ਮੁੱਕਾ ਤਾਂ ਐਨਾ ਤੇਜ਼ ਪਿਆ ਕਿ ਫ਼ੋਰਮੈਨ ਦਾ ਮੂੰਹ 90 ਡਿਗਰੀ ਦੇ ਕੌਣ 'ਤੇ ਘੁੰਮ ਗਿਆ।''

ਉਹ ਦੱਸਦੇ ਹਨ ਉਨ੍ਹਾਂ ਦੀ ਸਾਰੀ ਤਾਕਤ ਚਲੀ ਗਈ। ਉਨ੍ਹਾਂ ਦੇ ਮੁੱਕੇ ਅਲੀ ਤੱਕ ਪਹੁੰਚ ਨਹੀਂ ਪਾ ਰਹੇ ਸੀ ਅਤੇ ਉਨ੍ਹਾਂ ਦਾ ਮੂੰਹ ਬੁਰੀ ਤਰ੍ਹਾਂ ਨਾਲ ਸੁੱਜ ਗਿਆ ਸੀ।

ਜਿਵੇਂ ਹੀ ਅੱਠਵਾਂ ਰਾਊਂਡ ਖ਼ਤਮ ਹੋਣ ਨੂੰ ਆਇਆ, ਅਲੀ ਨੇ ਪੂਰੀ ਤਾਕਤ ਨਾਲ ਫ਼ੋਰਮੈਨ ਦੇ ਜਬੜੇ 'ਤੇ ਸਟ੍ਰੇਟ ਰਾਈਟ ਕੀਤਾ।

ਪੂਰੇ ਸਟੇਡੀਅਮ ਨੇ ਹੈਰਾਨ ਹੋ ਕੇ ਦੇਖਿਆ ਕਿ ਫ਼ੋਰਮੈਨ ਹੇਠਾਂ ਵੱਲ ਡਿੱਗ ਰਹੇ ਸੀ।

ਜੇਰੀ ਆਈਜ਼ਨਬਰਗ ਦੱਸਦੇ ਹਨ, "ਜਦੋਂ ਅਲੀ ਦਾ ਦੂਜਾ ਰਾਈਟ ਫ਼ੋਰਮੈਨ ਦੇ ਜਬੜੇ ਉੱਤੇ ਪਿਆ ਤਾਂ ਅਸੀਂ ਸਾਰਿਆਂ ਨੇ ਰੁਕੇ ਹੋਏ ਸਾਹਾਂ ਨਾਲ ਦੇਖਿਆ ਕਿ ਫ਼ੋਰਮੈਨ ਹਾਰ ਰਹੇ ਸੀ। ਇਸ ਤੋਂ ਪਹਿਲਾਂ ਮੈਂ ਕਿਸੇ ਨੂੰ ਸਲੋ ਮੋਸ਼ਨ ਵਿੱਚ ਹੇਠਾਂ ਡਿੱਗਦੇ ਹੋਏ ਨਹੀਂ ਦੇਖਿਆ ਸੀ।"

ਇਸ ਨੌਕ ਆਊਟ ਦਾ ਸ਼ਾਇਦ ਸਭ ਤੋਂ ਕਵਿਤਾਮਈ ਜ਼ਿਕਰ ਨੌਰਮਨ ਮੇਲਰ ਨੇ ਆਪਣੀ ਕਿਤਾਬ 'ਦ ਫਾਈਟ' ਵਿੱਚ ਕੀਤਾ ਹੈ।

ਮੇਲਰ ਲਿਖਦੇ ਹਨ, "ਆਖਰੀ ਦਿਨਾਂ ਵਿੱਚ ਫ਼ੋਰਮੈਨ ਦਾ ਚੇਹਰਾ ਉਸ ਬੱਚੇ ਤਰ੍ਹਾਂ ਹੋ ਗਿਆ, ਜਿਸ ਨੂੰ ਹੁਣ-ਹੁਣੇ ਪਾਣੀ ਨਾਲ ਧੋਇਆ ਗਿਆ ਹੋਵੇ। ਅਲੀ ਦਾ ਆਖਰੀ ਪੰਚ ਲਗਦੇ ਹੀ ਫ਼ੋਰਮੈਨ ਦੀਆਂ ਬਾਹਾਂ ਇਸ ਤਰ੍ਹਾਂ ਹੋ ਗਈਆਂ, ਜਿਵੇਂ ਹਵਾਈ ਜਹਾਜ਼ ਤੋਂ ਪੈਰਾਸ਼ੂਟ ਨਾਲ ਜੰਪ ਲਾ ਰਿਹਾ ਹੋਵੇ।"

ਇਹ ਮੁੱਕੇਬਾਜ਼ੀ ਇਤਿਹਾਸ ਦਾ ਸਭ ਤੋਂ ਵੱਡਾ ਉਲਟਫੇਰ ਸੀ। 25 ਸਾਲ ਅਤੇ 118 ਕਿੱਲੋ ਦੇ ਜਾਰਜ ਫ਼ੋਰਮੈਨ ਦੇ ਸਾਹਮਣੇ 32 ਸਾਲ ਦੇ ਮੁਹੰਮਦ ਅਲੀ ਨੂੰ ਕਿਸੇ ਨੇ ਕੋਈ ਮੌਕਾ ਨਹੀਂ ਦਿੱਤਾ ਸੀ, ਪਰ ਅਲੀ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ ਸੀ।

ਅਲੀ ਭਾਰਤ ਵੀ ਆਏ

ਇਸ ਮੁਕਾਬਲੇ ਦੇ ਬਾਅਦ ਮੁਹੰਮਦ ਅਲੀ ਤਕਰੀਬਨ ਚਾਰ ਸਾਲ ਤੱਕ ਵਿਸ਼ਵ ਹੈਵੀ ਵੇਟ ਮੁੱਕੇਬਾਜ਼ੀ ਚੈਂਪੀਅਨ ਰਹੇ।

ਉਦੋਂ ਤੱਕ ਉਨ੍ਹਾਂ ਦੀ ਤਰ੍ਹਾਂ ਪੂਰੀ ਦੁਨੀਆ ਵੀ ਮੰਨ ਚੁੱਕੀ ਸੀ ਕਿ ਮੁਹੰਮਦ ਅਲੀ ਅਸਲ ਵਿੱਚ ਮਹਾਨ ਸਨ।

ਮੁੱਕੇਬਾਜ਼ੀ ਤੋਂ ਸੰਨਿਆਸ ਲੈਣ ਤੋਂ ਬਾਅਦ ਮੁਹੰਮਦ ਅਲੀ ਭਾਰਤ ਆਏ ਸੀ।

ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਰਿਹਾਇਸ਼ 'ਤੇ ਉਨ੍ਹਾਂ ਦਾ ਸਵਾਗਤ ਕੀਤਾ ਸੀ।

ਨੌਰਿਸ ਪ੍ਰੀਤਮ ਦੱਸਦੇ ਹਨ, "ਨੈਸ਼ਨਲ ਸਟੇਡੀਅਮ ਵਿੱਚ, ਜੋ ਹੁਣ ਧਿਆਨਚੰਦ ਕਹਾਉਂਦਾ ਹੈ, ਮੁਹੰਮਦ ਅਲੀ ਦਾ ਭਾਰਤ ਦੇ ਤਤਕਾਲੀ ਹੈਵੀ ਵੇਟ ਚੈਂਪੀਅਨ ਕੌਰ ਸਿੰਘ ਦੇ ਨਾਲ ਇੱਕ ਪ੍ਰਦਰਸ਼ਨੀ ਮੈਚ ਰੱਖਿਆ ਗਿਆ ਸੀ। ਉਸ ਬਾਊਟ ਵਿੱਚ ਅਲੀ ਸਿਰਫ਼ ਆਪਣੇ ਖੱਬੇ ਹੱਥ ਦਾ ਇਸਤੇਮਾਲ ਕਰ ਰਹੇ ਸੀ।''

ਉਹ ਅੱਗੇ ਕਹਿੰਦੇ ਹਨ ਕੌਰ ਸਿੰਘ ਦੇ ਮੁੱਕੇ ਅਲੀ ਤੱਕ ਪਹੁੰਚ ਹੀ ਨਹੀਂ ਰਹੇ ਸੀ, ਕਿਉਂਕਿ ਅਲੀ ਦੇ ਹੱਥ ਬਹੁਤ ਲੰਬੇ ਸੀ।

ਮੈਂ ਵੀ ਉੱਥੇ ਮੌਜੂਦ ਸੀ। ਬਾਊਟ ਦੇ ਬਾਅਦ ਮੈਂ ਉਨ੍ਹਾਂ ਦੀ ਪਸਲੀ 'ਤੇ ਉਂਗਲੀ ਮਾਰ ਕੇ ਦੇਖੀ।

ਅਲੀ ਨੇ ਹੱਸਦੇ ਹੋਏ ਮੇਰੇ ਵੱਲ ਇੱਕ ਮੁੱਕਾ ਮਾਰਿਆ। ਜੇ ਉਹ ਮੈਨੂੰ ਪੈ ਜਾਂਦਾ ਤਾਂ ਮੈਂ ਅੱਜ ਤੁਹਾਡੇ ਸਾਹਮਣੇ ਅਲੀ ਬਾਰੇ ਗੱਲਾਂ ਨਹੀਂ ਕਰ ਰਿਹਾ ਹੁੰਦਾ।

ਇਹ ਵੀਡੀਓ ਵੀ ਦੇਖੋ

Skip YouTube post, 1
Video caption, Warning: Third party content may contain adverts

End of YouTube post, 1

Skip YouTube post, 2
Video caption, Warning: Third party content may contain adverts

End of YouTube post, 2

Skip YouTube post, 3
Video caption, Warning: Third party content may contain adverts

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)