ਪੰਜਾਬ ਦੇ ਇਨ੍ਹਾਂ 2 ਪਿੰਡਾਂ ਵਿੱਚ ਪਰਾਲੀ ਨੂੰ ਨਹੀਂ ਲਗਾਈ ਜਾਂਦੀ ਅੱਗ

  • ਸਰਬਜੀਤ ਸਿੰਘ ਧਾਲੀਵਾਲ
  • ਬੀਬੀਸੀ ਪੱਤਰਕਾਰ
Stubble burning

ਤਸਵੀਰ ਸਰੋਤ, Sarbjit singh dhaliwal

ਪੰਜਾਬ ਵਿੱਚ ਜਿੱਥੇ ਕਿਸਾਨ ਪਰਾਲੀ ਦਾ ਨਿਪਟਾਰਾ ਕਰਨ ਨੂੰ ਲੈ ਕੇ ਪਰੇਸ਼ਾਨ ਹਨ ਉੱਥੇ ਹੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਕੱਲਰ ਮਾਜਰੀ ਦੇ ਕਿਸਾਨ ਇਸ ਸਮੱਸਿਆ ਨੂੰ ਹੱਲ ਕਰਨ ਦਾ ਦਾਅਵਾ ਕਰਦੇ ਹਨ ਜਿਸ ਕਰਕੇ ਇਹ ਪਿੰਡ ਕੌਮੀ ਪੱਧਰ ਉੱਤੇ ਚਰਚਾ ਵਿੱਚ ਹੈ।

ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਉੱਤੇ ਲਗਾਈ ਰੋਕ ਨੂੰ ਅਮਲੀ ਰੂਪ ਦੇਣ ਲਈ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਕੱਲਰ ਮਾਜਰੀ ਪਿੰਡ ਨੂੰ 'ਅੱਗ ਮੁਕਤ' ਐਲਾਨ ਦਿੱਤਾ ਹੈ।

ਇੱਕ ਕਿਸਾਨ ਦੀ ਪਹਿਲ ਦਾ ਕ੍ਰਿਸ਼ਮਾ

ਪਿੰਡ ਦੇ ਅਗਾਂਹਵਧੂ ਕਿਸਾਨ ਬੀਰ ਦਲਵਿੰਦਰ ਸਿੰਘ ਨੇ ਪਰਾਲੀ ਨਾ ਸਾੜਨ ਦੇ ਮਾਮਲੇ 'ਚ ਮੁੱਖ ਭੂਮਿਕਾ ਨਿਭਾਈ ਹੈ।

ਬੀਰ ਦਲਵਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਸ਼ੁਰੂ ਵਿੱਚ ਉਹ ਇਕੱਲੇ ਸੀ ਪਰ ਹੌਲੀ ਹੌਲੀ ਉਸ ਨੂੰ ਦੇਖ ਪਿੰਡ ਦੇ ਬਾਕੀ ਕਿਸਾਨ ਵੀ ਉਸ ਦੇ ਰਾਹ 'ਤੇ ਤੁਰ ਪਏ।

ਵੀਡੀਓ ਕੈਪਸ਼ਨ,

ਪੰਜਾਬ ਦੇ ਇਨ੍ਹਾਂ ਪਿੰਡਾਂ ਨੇ ਲੱਭਿਆ ਪਰਾਲੀ ਨਿਪਟਾਉਣ ਦਾ ਹੱਲ

ਇਸ ਦਾ ਨਤੀਜਾ ਇਹ ਹੋਇਆ ਕਿ ਇਸ ਸਾਲ ਇਹ ਪਿੰਡ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਅੱਗ ਮੁਕਤ ਐਲਾਨਿਆ ਗਿਆ।

ਬੀਰ ਦਲਵਿੰਦਰ ਸਿੰਘ ਮੁਤਾਬਕ ਖੇਤੀਬਾੜੀ ਵਿਭਾਗ ਨੇ ਪਿੰਡ ਲਈ ਹੈਪੀ ਸੀਡਰ, ਚੌਪਰ, ਮਲਚਰ, ਪਰਾਲੀ ਨੂੰ ਨਸ਼ਟ ਕਰਨ ਵਾਲੇ ਯੰਤਰ ਯੁਕਤ ਕੰਬਾਈਨ ਅਤੇ ਬੇਲਰ ਵਰਗੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਹਨ।

ਇਹਨਾਂ ਸਾਰੀਆਂ ਮਸ਼ੀਨਾਂ ਦੀ ਮਦਦ ਨਾਲ ਕਿਸਾਨ ਪਰਾਲੀ ਦੀ ਸਮੱਸਿਆ ਦਾ ਹੱਲ ਕਰ ਰਹੇ ਹਨ।

ਤਸਵੀਰ ਸਰੋਤ, Sarbjit singh dhaliwal

ਬੀਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਪਰਾਲੀ ਨੂੰ ਅੱਗ ਲਗਾਏ ਬਿਨਾਂ ਮਸ਼ੀਨਰੀ ਦੀ ਮਦਦ ਨਾਲ ਖੇਤੀ ਕਰ ਰਿਹਾ ਹੈ ਜਿਸ ਨਾਲ ਉਸ ਦੀ ਫ਼ਸਲ ਦੇ ਝਾੜ ਵਿੱਚ ਕਾਫ਼ੀ ਵੱਧ ਹੋਇਆ ਹੈ।

ਇਸ ਤੋਂ ਇਲਾਵਾ ਖਾਦ ਤੇ ਕੀਟਨਾਸ਼ਕ ਦਵਾਈਆਂ ਦਾ ਖ਼ਰਚ ਘੱਟ ਗਿਆ ਹੈ।

ਇਸ ਮਾਮਲੇ ਵਿੱਚ ਖੇਤੀਬਾੜੀ ਵਿਭਾਗ ਨੇ ਵੀ ਪਿੰਡ ਦੇ ਕਿਸਾਨਾਂ ਦੀ ਬਾਂਹ ਫੜੀ ਅਤੇ ਪੂਰੀ ਮਸ਼ੀਨਰੀ ਮੁਫ਼ਤ ਮੁਹੱਈਆ ਕਰਵਾਈ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ।

ਕੰਬਾਈਨ ਨਾਲ ਕਟਾਈ ਕਰਵਾਉਣ ਤੋਂ ਬਾਅਦ ਕਿਸਾਨ ਹੈਪੀ ਸੀਡਰ ਰਾਹੀਂ ਸਿੱਧੀ ਕਣਕ ਦੀ ਬਿਜਾਈ ਕਰ ਰਹੇ ਹਨ।

ਤਸਵੀਰ ਸਰੋਤ, Sarbjit singh dhaliwal

ਬੀਰ ਦਲਵਿੰਦਰ ਸਿੰਘ ਅਨੁਸਾਰ ਪਰਾਲੀ ਦੇ ਖ਼ਾਤਮੇ ਲਈ ਜੋ ਮਸ਼ੀਨਰੀ ਤਿਆਰ ਕੀਤੀ ਗਈ ਹੈ ਉਹ ਮਹਿੰਗੀ ਹੈ, ਇਸ ਲਈ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ।

ਕਿਵੇਂ ਕੀਤਾ ਅਸੰਭਵ ਨੂੰ ਸੰਭਵ

ਬੀਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਪੂਰੇ ਪਿੰਡ ਵਿੱਚ ਕਰੀਬ 500 ਏਕੜ ਜ਼ਮੀਨ ਵਿੱਚ ਝੋਨੇ ਦੀ ਬਿਜਾਈ ਕੀਤੀ ਗਈ ਸੀ।

ਝੋਨੇ ਦੀ ਕਟਾਈ ਦਾ ਕੰਮ ਹੁਣ ਪੂਰਾ ਹੋ ਚੁੱਕਿਆ ਹੈ ਅਤੇ ਖੇਤੀਬਾੜੀ ਵਿਭਾਗ ਵੱਲੋਂ ਬੇਲਰ ਸਮੇਤ ਜੋ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਉਸ ਦੀ ਮਦਦ ਨਾਲ ਖੇਤਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ।

ਬੀਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਬੇਲਰ ਦੀ ਮਦਦ ਨਾਲ ਜ਼ਿਆਦਾਤਰ ਖੇਤ ਸਾਫ਼ ਕੀਤੇ ਜਾ ਰਹੇ ਹਨ।

ਇਸ ਨਾਲ ਇੱਕ ਦਿਨ ਵਿੱਚ ਲਗਭਗ 15 ਏਕੜ ਵਿਚੋਂ ਪਰਾਲੀ ਦੀਆਂ ਗੱਠਾਂ ਬਣਾਈਆਂ ਜਾ ਸਕਦੀਆਂ ਹਨ।

ਤਸਵੀਰ ਸਰੋਤ, Sarbjit singh dhaliwal

ਇਨ੍ਹਾਂ ਗੱਠਾ ਨੂੰ ਟਰਾਲੀ ਦੀ ਮਦਦ ਨਾਲ ਖੇਤ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਖ਼ਾਲੀ ਪਈ ਜ਼ਮੀਨ ਵਿੱਚ ਸੰਭਾਲਿਆ ਜਾ ਰਿਹਾ ਹੈ।

ਕੱਲਰ ਮਾਜਰੀ ਦੇ ਬਜ਼ੁਰਗ ਕਿਸਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਇਸ ਵਾਰ ਉਸ ਨੇ ਪਰਾਲੀ ਨੂੰ ਅੱਗੇ ਲਗਾਏ ਬਿਨਾਂ ਕਣਕ ਦੀ ਫਸਲ ਦੀ ਬਿਜਾਈ ਕੀਤੀ ਹੈ ਅਤੇ ਉਸਨੂੰ ਉਮੀਦ ਹੈ ਕਿ ਉਸ ਦੀ ਫਸਲ ਦਾ ਝਾੜ ਵਧੇਗਾ।

ਗੁਰਨਾਮ ਸਿੰਘ ਅਨੁਸਾਰ ਕਿਸਾਨ ਸਾਰੀ ਜ਼ਮੀਨ ਦੀ ਥਾਂ ਇੱਕ ਜਾਂ ਦੋ ਏਕੜ ਵਿੱਚ ਪਰਾਲੀ ਨੂੰ ਅੱਗ ਲਗਾਏ ਬਿਨਾਂ ਹੈਪੀ ਸੀਡਰ ਨਾਲ ਤਜ਼ਰਬੇ ਦੇ ਤੌਰ ਉਤੇ ਕਣਕ ਦੀ ਸਿੱਧੀ ਬਿਜਾਈ ਕਰਨ।

ਗੁਰਮਾਨ ਨੇ ਦੱਸਿਆ ਕਿ ਇਸ ਨਾਲ ਕਿਸਾਨਾਂ ਨੂੰ ਯਕੀਕਨ ਫਾਇਦਾ ਹੋਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਏ ਬਿਨਾਂ ਕਿਸਾਨ ਨੂੰ ਫ਼ਾਇਦਾ ਤਾਂ ਹੈ ਪਰ ਉਸ ਦਾ ਪ੍ਰਤੀ ਏਕੜ ਖ਼ਰਚਾ ਥੋੜਾ ਵੱਧ ਹੈ।

ਗੁਰਨਾਮ ਸਿੰਘ ਦਾ ਕਹਿਣਾ ਹੈ ''ਪਰਾਲੀ ਨੂੰ ਖ਼ਤਮ ਕਰਨ ਵਾਲੀ ਮਸ਼ੀਨ ਮਹਿੰਗੀ ਹੈ।

ਇਸ ਤੋਂ ਇਲਾਵਾ ਇਸ ਨੂੰ ਖਿੱਚਣ ਵਾਲਾ ਟਰੈਕਟਰ ਵੀ ਵਧੇਰਾ ਸ਼ਕਤੀਸ਼ਾਲੀ ਚਾਹੀਦਾ ਹੈ। ਜੇਕਰ ਸਰਕਾਰ ਮਦਦ ਕਰੇ ਤਾਂ ਹੀ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ।

ਤਸਵੀਰ ਸਰੋਤ, Sarbjit singh dhaliwal

ਪਿੰਡ ਦੇ ਇੱਕ ਹੋਰ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੇਲਰ ਦੀ ਮੱਦਦ ਨਾਲ ਪਰਾਲੀ ਨੂੰ ਸੰਭਾਲ ਰਿਹਾ ਹੈ।

ਇਸ ਨਾਲ ਖੇਤ ਤਾਂ ਉਸ ਦੇ ਸਾਫ਼ ਹੋ ਗਏ ਪਰ ਅੱਗੇ ਗੱਠਾਂ ਦਾ ਕੀ ਕਰਨਾ ਹੈ ਇਸ ਦਾ ਕੋਈ ਵੀ ਪ੍ਰਬੰਧ ਨਹੀਂ ਹੈ।

ਉਹਨਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਏ ਬਿਨਾਂ ਖੇਤ ਸਾਫ਼ ਕਰਨ ਲਈ ਜੋ ਮਸ਼ੀਨਰੀ ਹੈ ਉਹ ਕਾਫ਼ੀ ਮਹਿੰਗੀ ਹੈ।

ਆਮ ਕਿਸਾਨ ਦੇ ਇਹ ਬੱਸ ਦੀ ਗੱਲ ਨਹੀਂ ਹੈ। ਪਰ ਜੇਕਰ ਸਰਕਾਰ ਮਦਦ ਕਰੇ ਤਾਂ ਹੌਲੀ ਹੌਲੀ ਇਹ ਸਮੱਸਿਆ ਹੱਲ ਵੀ ਹੋ ਸਕਦੀ ਹੈ।

ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਨੂੰ ਪਤਾ ਹੈ ਕਿ ਅੱਗ ਲਗਾਉਣ ਨਾਲ ਪ੍ਰਦੂਸ਼ਣ ਹੁੰਦਾ ਹੈ ਅਤੇ ਉਸ ਦੀ ਸਿਹਤ ਖ਼ਰਾਬ ਹੁੰਦੀ ਹੈ ਪਰ ਬਾਵਜੂਦ ਇਸਦੇ ਅਜਿਹਾ ਕਰਨਾ ਉਸ ਦੀ ਮਜਬੂਰੀ ਹੈ।

ਕਨੋਈ ਪਿੰਡ ਦੇ ਕਿਸਾਨਾਂ ਨੇ ਆਪ ਹੀ ਮਾਰਿਆ ਹੰਭਲਾ

ਪਰਾਲੀ ਨੂੰ ਸੰਭਾਲਣ ਦੇ ਲਈ ਬਿਨਾਂ ਕਿਸੇ ਸਰਕਾਰੀ ਮਦਦ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਨੋਈ ਦੇ ਕਿਸਾਨਾਂ ਨੇ ਆਪ ਹੀ ਪਹਿਲ ਕਰ ਦਿੱਤੀ। ਪਿੰਡ ਦੇ ਸਰਪੰਚ ਦੀਪ ਸਿੰਘ ਨੇ ਦੱਸਿਆ ਕਿ ਪੰਚਾਇਤਾਂ ਨੇ ਬਕਾਇਦਾ ਸਰਬਸੰਮਤੀ ਨਾਲ ਮਤਾ ਪਾ ਕੇ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਅਸਲ ਵਿੱਚ ਇਸ ਪਿੰਡ ਦਾ ਇੱਕ ਕਿਸਾਨ ਜਗਦੀਪ ਸਿੰਘ ਪਿਛਲੇ 10 ਸਾਲ ਤੋਂ ਪਰਾਲੀ ਨੂੰ ਬਿਨਾ ਅੱਗ ਲਗਾਏ ਖੇਤੀ ਕਰ ਰਿਹਾ ਸੀ।

ਜਗਦੀਪ ਸਿੰਘ ਨੇ ਦੱਸਿਆ ਕਿ ਸ਼ੁਰੂ ਵਿੱਚ ਉਸ ਨੂੰ ਸਾਰੇ ਮਖ਼ੌਲ ਕਰਦੇ ਸਨ ਪਰ ਹੌਲੀ ਹੌਲੀ ਦਿੱਕਤਾਂ ਦੇ ਬਾਵਜੂਦ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਗਿਆ।

ਕੰਬਾਈਨ ਨਾਲ ਝੋਨਾ ਕਟਵਾਉਣ ਤੋਂ ਬਾਅਦ ਜਗਦੀਪ ਸਿੰਘ ਹੈਪੀ ਸੀਡਰ ਨਾਲ ਸਿੱਧੀ ਕਣਕ ਦੀ ਬਿਜਾਈ ਕਰਦਾ ਹੈ।

ਜਗਦੀਪ ਸਿੰਘ ਮੁਤਾਬਕ ਉਸ ਦੀ ਫ਼ਸਲ ਦਾ ਝਾੜ ਵੀ ਕਾਫ਼ੀ ਜ਼ਿਆਦਾ ਵੱਧ ਗਿਆ ਹੈ।

ਜਗਦੀਪ ਸਿੰਘ ਨੇ ਦੱਸਿਆ ਕਿ ਉਹ ਪਰਾਲੀ ਨੂੰ ਖੇਤ ਵਿੱਚ ਵਹਾਉਣ ਲਈ ਹੈਪੀ ਸੀਡਰ ਦੀ ਮਦਦ ਲੈਂਦਾ ਹੈ ਜਿਸ ਦੀ ਕੀਮਤ ਕਰੀਬ 1.50 ਲੱਖ ਰੁਪਏ ਹੈ ਅਤੇ ਸਰਕਾਰ ਵੱਲੋਂ ਇਸ ਉੱਤੇ 44 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ।

ਕਨੋਈ ਪਿੰਡ ਵਿੱਚ 12 ਹੈਪੀ ਸੀਡਰ ਹਨ ਜਿਸਦੀ ਮਦਦ ਨਾਲ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੇ ਝੰਜਟ ਤੋਂ ਬਚੇ ਹਨ।

ਜਗਦੀਪ ਸਿੰਘ ਮੁਤਾਬਕ ਸੰਦ ਮਹਿੰਗਾ ਹੈ ਅਤੇ ਸਬਸਿਡੀ ਲੈਣ ਦੀ ਪ੍ਰਕਿਰਿਆ ਵੀ ਕਾਫ਼ੀ ਲੰਬੀ ਹੈ।

ਤਸਵੀਰ ਸਰੋਤ, Sarbjit singh dhaliwal

ਪਿੰਡ ਦੇ ਕਿਸਾਨਾਂ ਦੀ ਦਲੀਲ ਹੈ ਕਿ 'ਸਾਡੇ ਘਰ ਨੂੰ ਅੱਗ ਲੱਗੀ ਹੈ ਤਾਂ ਬੁਝਾਉਣ ਲਈ ਉਪਰਾਲੇ ਆਪ ਕਰਨੇ ਹੋਣਗੇ'।

ਪਿੰਡ ਵਿਚ ਕਰੀਬ 150 ਕਿਸਾਨ ਪਰਿਵਾਰ ਝੋਨੇ ਦੀ ਖੇਤੀ ਕਰਦੇ ਹਨ ਅਤੇ ਸਾਰਿਆਂ ਨੇ ਪੰਜਾਬ ਦੇ ਵਾਤਾਵਰਨ ਦੀ ਰਾਖੀ ਅਤੇ ਆਪਣੀਆਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਦੀ ਸੰਭਾਲ ਲਈ ਪਰਾਲੀ ਨੂੰ ਇਸ ਵਾਰ ਅੱਗ ਨਾ ਲਾਉਣ ਦਾ ਫ਼ੈਸਲਾ ਕੀਤਾ ਹੈ।

ਖੇਤੀਬਾੜੀ ਵਿਭਾਗ ਦਾ ਤਰਕ

ਪੰਜਾਬ ਵਿਚ ਪਰਾਲੀ ਦੀ ਸਮੱਸਿਆ ਕਿੰਨੀ ਗੰਭੀਰ ਹੈ ਇਸ ਦਾ ਅੰਦਾਜ਼ਾ ਖੇਤੀਬਾੜੀ ਵਿਭਾਗ ਨੂੰ ਵੀ ਹੈ।

ਨਾਭਾ ਦੇ ਪ੍ਰਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚੋਂ ਇੱਕ ਦਮ ਪਰਾਲੀ ਦੀ ਸਮੱਸਿਆ ਖ਼ਤਮ ਹੋਣੀ ਮੁਸ਼ਕਲ ਹੈ ਕਿਉਂਕਿ ਪਰਾਲੀ ਨੂੰ ਅੱਗ ਲਗਾਉਣੀ ਕਿਸਾਨ ਦੀ ਮਜਬੂਰੀ ਹੈ।

ਉਨ੍ਹਾਂ ਦੱਸਿਆ ਕਿ ਜਿਸ ਤਰੀਕੇ ਨਾਲ ਹਰੀ ਕ੍ਰਾਂਤੀ ਆਉਣ ਵਿੱਚ ਸਮਾਂ ਲੱਗਿਆ ਸੀ ਉਸੀ ਤਰੀਕੇ ਨਾਲ ਇਸ ਲਈ ਵੀ ਬਕਾਇਦਾ ਮੁਹਿੰਮ ਛੇੜਨੀ ਹੋਵੇਗੀ ਅਤੇ ਘੱਟ ਤੋਂ ਘੱਟ ਪੰਜ-ਛੇ ਸਾਲ ਇਸ ਵਿੱਚ ਸਮਾਂ ਲੱਗੇਗਾ।

ਇਸ ਦੇ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ, ਕਿਸਾਨਾਂ ਨੂੰ ਇੱਕਜੁੱਟ ਹੋ ਕੇ ਸਾਂਝੇ ਤੌਰ ਉੱਤੇ ਮਸ਼ੀਨਰੀ ਲੈਣੀ ਹੋਵੇਗੀ ਫਿਰ ਜਾ ਕੇ ਇਹ ਸਮੱਸਿਆ ਹੱਲ ਹੋਵੇਗੀ।

ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪਰਾਲੀ ਲਈ ਪੂਰੀ ਮਸ਼ੀਨਰੀ ਦੀ ਕੀਮਤ ਕਰੀਬ ਇੱਕ ਕਰੋੜ ਹੈ ਜਿਸ ਨੂੰ ਖ਼ਰੀਦਣਾ ਇਕੱਲੇ ਕਿਸਾਨ ਲਈ ਔਖਾ ਹੈ।

ਇਸ ਲਈ ਜੇਕਰ ਪੂਰਾ ਪਿੰਡ ਜਾਂ ਫਿਰ ਦੋ ਪਿੰਡ ਇਕੱਠੇ ਹੋ ਕੇ ਮਸ਼ੀਨਰੀ ਲੈਣ ਬਾਰੇ ਯੋਜਨਾ ਬਣਾ ਕੇ ਖੇਤੀਬਾੜੀ ਵਿਭਾਗ ਕੋਲ ਅਰਜ਼ੀ ਲਾਉਂਦੇ ਹਨ ਤਾਂ ਵਿਭਾਗ ਇਸ ਉੱਤੇ 40 ਫ਼ੀਸਦ ਸਬਸਿਡੀ ਦਿੰਦਾ ਹੈ। ਅਜਿਹਾ ਕਰਨ ਨਾਲ ਹੀ ਪੰਜਾਬ ਵਿੱਚ ਪਰਾਲੀ ਦੀ ਸਮੱਸਿਆ ਦਾ ਹੱਲ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)